Posted on June 7th, 2014

- ਪ੍ਰਭਸ਼ਰਨਦੀਪ ਸਿੰਘ
ਆਕਸਫੋਰਡ ਯੂਨੀਵਰਸਿਟੀ
ਛੇ ਜੂਨ ਨੂੰ ਭਾਰਤੀ ਫੌਜਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਅਨੇਕ ਹੋਰ ਗੁਰਧਾਮਾਂ ਉੱਤੇ ਕੀਤੇ ਹਮਲੇ ਨੂੰ ਤੀਹ ਸਾਲ ਬੀਤ ਜਾਣ 'ਤੇ ਹੋਏ ਸ਼ਹੀਦੀ ਸਮਾਗਮ ਦੀ ਸਮਾਪਤੀ ਤੋਂ ਬਾਅਦ ਟਕਰਾਅ ਵਾਲ਼ੇ ਹਾਲਾਤ ਪੈਦਾ ਹੋ ਗਏ। ਭਾਰਤੀ ਮੀਡੀਏ ਨੇ ਇਸ ਖਬਰ ਨੂੰ ਚੰਗੀ ਤਰਾਂ ਉਛਾਲ਼ ਕੇ ਪੇਸ਼ ਕੀਤਾ। ਸਿੱਖਾਂ ਦੇ ਬਹੁਤੇ ਹਲਕਿਆਂ ਨੇ ਇਸ ਮੰਦਭਾਗੇ ਵਰਤਾਰੇ 'ਤੇ ਅਫਸੋਸ ਜ਼ਾਹਰ ਕਰਦਿਆਂ ਇਸ ਦੀ ਨਿਖੇਧੀ ਕੀਤੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਜਿਹੀਆਂ ਘਟਨਾਵਾਂ ਕਿਸੇ ਵੀ ਹਾਲਤ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜਾਂ ਕਿਸੇ ਹੋਰ ਗੁਰਦੁਆਰਾ ਸਾਹਿਬ ਵਿੱਚ ਨਹੀਂ ਵਾਪਰਨੀਆਂ ਚਾਹੀਦੀਆਂ। ਪਰ ਕਿਸੇ ਵਿਅਕਤੀ, ਜਥੇਬੰਦੀ, ਜਾਂ ਸਮੁੱਚੇ ਸਿੱਖਾਂ ਸਿਰ ਇਸਦੀ ਜ਼ਿੰਮੇਵਾਰੀ ਮੜ੍ਹਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਜਾਨਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਅਸਲ ਵਿੱਚ ਉੱਥੇ ਹੋਇਆ ਕੀ। ਮੌਕੇ 'ਤੇ ਹਾਜ਼ਰ ਬੰਦਿਆਂ ਨਾਲ਼ ਗੱਲਬਾਤ ਤੋਂ ਬਾਅਦ ਹਾਸਲ ਵੇਰਵੇ ਸਾਰੀ ਸਥਿਤੀ ਨੂੰ ਅਸਲੋਂ ਹੀ ਵੱਖਰੇ ਸੰਦਰਭ ਵਿੱਚ ਪੇਸ਼ ਕਰਦੇ ਹਨ।
ਭਾਵੇਂ ਕਿ ਛੇ ਜੂਨ ਦਾ ਸ਼ਹੀਦੀ ਸਮਾਗਮ ਲਗਾਤਾਰ ਕਈ ਸਾਲਾਂ ਤੋਂ ਹੁੰਦਾ ਆ ਰਿਹਾ ਹੈ ਪਰ ਇਸ ਵਾਰ ਸੰਗਤਾਂ ਨੇ ਪਹਿਲਾਂ ਦੇ ਮੁਕਾਬਲੇ ਬਹੁਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਗਿਣਤੀ ਦੇ ਨਾਲ਼-ਨਾਲ਼ ਲੋਕਾਂ ਅੰਦਰਲੇ ਰੋਹ ਤੇ ਰੋਸ ਦੀ ਤੀਖਣਤਾ ਵੀ ਵਧੇਰੇ ਸ਼ਿੱਦਤ ਭਰੀ ਸੀ। ਇਹ ਰੋਹ ਤੇ ਰੋਸ ਇੱਕ ਤੀਬਰ ਜਲਾਲ ਨਾਲ਼ ਭਰਪੂਰ ਸੀ ਜੋ ਖਾਲਸੇ ਦੀ ਜ਼ੁਲਮ ਨੂੰ ਮੂਲੋਂ-ਮੁੱਢੋਂ ਨਕਾਰਨ, ਤੇ ਜ਼ਾਲਮ ਮੂਹਰੇ ਚੱਟਾਨ ਵਾਂਗ ਡਟ ਜਾਣ ਵਾਲ਼ੀ ਅਵਸਥਾ ਨੂੰ ਰੂਪਮਾਨ ਕਰਦਾ ਹੈ। ਨਾਅਰੇ ਨੌਜੁਆਨਾਂ ਦੀਆਂ ਹਿੱਕਾਂ ਪਾੜ-ਪਾੜ ਆਪਮੁਹਾਰੇ ਗੂੰਜ ਰਹੇ ਸਨ। ਜੋਸ਼ ਤੇ ਜਲਾਲ ਦੇ ਨਾਲ਼-ਨਾਲ਼ ਇਹ ਨਾਅਰੇ ਪੰਜਾਬ ਦੇ ਸਿੱਖਾਂ ਅੰਦਰੋਂ ਉੱਭਰ ਕੇ ਸਾਹਮਣੇ ਆ ਰਹੀ ਸਿਆਸੀ ਸਪੱਸ਼ਟਤਾ ਦੇ ਵੀ ਲਖਾਇਕ ਹਨ। 'ਖਾਲਿਸਤਾਨ ਜ਼ਿੰਦਾਬਾਦ' ਅਤੇ ਖਾਸ ਤੌਰ 'ਤੇ 'ਇੰਡੀਆ ਗੋ ਬੈਕ' ਵਰਗੇ ਨਾਅਰੇ ਇਸ ਸਬੰਧ ਵਿੱਚ ਜ਼ਿਕਰਯੋਗ ਹਨ। ਇਹ ਨਾਅਰੇ ਲਾਉਣ ਵਾਲ਼ੇ ਕਿਸੇ ਇੱਕ ਇਲਾਕੇ, ਜਥੇਬੰਦੀ ਜਾਂ ਉਮਰ-ਵਰਗ ਨਾਲ਼ ਸਬੰਧਤ ਨਹੀਂ ਸਨ। ਇਹਨਾਂ ਦੀ ਅਗਵਾਈ ਕਰਨ ਵਾਲਾ ਜਾਂ ਇਹਨਾਂ ਨੂੰ ਉਤਸ਼ਾਹਿਤ ਕਰਨ ਵਾਲ਼ਾ ਵੀ ਕੋਈ ਨਹੀਂ ਸੀ। ਇਹ ਤਾਂ ਸਿੱਖ ਮਨ ਅੰਦਰ ਪੈਦਾ ਹੋਈ ਅਹਿਸਾਸ ਦੀ ਸਪੱਸ਼ਟਤਾ ਹੈ ਜੋ ਕੱਲ਼੍ਹ ਦੇ ਸਮਾਗਮ ਤੋਂ ਬਹੁਤ ਪਹਿਲਾਂ ਹੀ ਠੋਸ ਸਿਆਸੀ ਸਪੱਸ਼ਟਤਾ ਵਿੱਚ ਰੂਪਾਂਤਰਿਤ ਹੋ ਚੁੱਕੀ ਹੈ। ਅਜਿਹੀ ਸਪੱਸ਼ਟਤਾ ਸਦਕਾ ਉੱਥੇ ਹਾਜ਼ਰ ਲੋਕ ਹਿੰਦੁਸਤਾਨ ਦੀ ਸਿਆਸੀ ਸਥਾਪਤੀ ਦੇ ਨਾਲ਼-ਨਾਲ਼ ਸਿੱਖ ਸੰਸਥਾਵਾਂ ਅਤੇ ਸਿਆਸੀ ਧੜਿਆਂ 'ਤੇ ਕਾਬਜ਼ ਧਿਰ ਨੂੰ ਵੰਗਾਰ ਰਹੇ ਸਨ। ਲੋਕ ਇਸ ਧਿਰ ਨਾਲ਼ ਸਬੰਧਤ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਿੰਦੁਸਤਾਨ ਦੀ ਹੱਥਠੋਕੀ ਤੇ ਸਿੱਖ ਦੁਸ਼ਮਣ ਧਿਰ ਵਜੋਂ ਨਕਾਰ ਰਹੇ ਸਨ। ਹਿੰਦੁਸਤਾਨ ਦੀ ਸਥਾਪਤੀ ਅਤੇ ਉਹਨਾਂ ਲਈ ਕੰਮ ਕਰਦੇ ਪੰਜਾਬ ਅੰਦਰਲੇ ਭਾੜੇ ਦੇ ਟੱਟੂਆਂ ਨੇ ਇਸ ਵਰਤਾਰੇ ਨੂੰ ਕੋਈ ਕੁਢੱਬੀ ਰੰਗਤ ਦੇਣੀ ਹੀ ਸੀ। ਕਿਉਂਕਿ ਇਹ ਸਭ ਕੁੱਝ ਉਹਨਾਂ ਨੂੰ ਮੂਲੋਂ-ਮੁੱਢੋਂ ਚੁਣੌਤੀ ਦੇ ਰਿਹਾ ਸੀ।
ਸਥਿਤੀ ਦਾ ਦੂਜਾ ਪਹਿਲੂ ਹੈ ਕਿ ਲੋਕ ਜੂਨ ਚੁਰਾਸੀ ਦੇ ਸਾਕਿਆਂ ਵਿੱਚ ਸ਼ਾਮਲ ਕਿਸ ਪ੍ਰੇਰਨਾ ਨਾਲ਼ ਹੁੰਦੇ ਹਨ ਤੇ ਉੱਥੇ ਜਾ ਕੇ ਕਿਸ ਕਿਸਮ ਦੀ ਨਿਰਾਸਤਾ 'ਚੋਂ ਲੰਘਣ ਲਈ ਮਜਬੂਰ ਹੁੰਦੇ ਹਨ। ਲੋਕ ਜੂਨ ਚੁਰਾਸੀ ਦੇ ਖੂਨੀ ਸਾਕਿਆਂ ਦਾ ਅਕਹਿ ਤੇ ਅਸਹਿ ਦਰਦ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਇਕੱਤਰ ਹੁੰਦੇ ਹਨ। ਸਦੀਆਂ ਤੱਕ ਨਾ ਭੁਲਾਏ ਜਾ ਸਕਣ ਵਾਲ਼ੇ ਅਪਮਾਨ ਦੀ ਵੇਦਨਾ ਸਾਂਝੀ ਕਰਨ ਲਈ ਸਿੱਖ ਪ੍ਰਭੂਸੱਤਾ ਦੇ ਕੇਂਦਰੀ ਸਥਾਨ 'ਤੇ ਹਾਜ਼ਰ ਹੁੰਦੇ ਹਨ। ਸਪੱਸ਼ਟ ਹੈ ਲੋਕ ਇਹ ਆਸ ਲੈ ਕੇ ਜਾਂਦੇ ਹਨ ਕਿ ਪੰਥ ਦੇ ਆਗੂ, ਖਾਸ ਤੌਰ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਦੇ ਅਹਿਸਾਸ ਦੀ ਨੁਮਾਇੰਦਗੀ ਕਰਨਗੇ, ਉਹਨਾਂ ਨੂੰ ਕਿਸੇ ਠੋਸ ਸਿਆਸੀ ਪ੍ਰੋਗਰਾਮ ਦੇ ਰੂਪ ਵਿੱਚ ਭਵਿੱਖ ਲਈ ਕੋਈ ਸੇਧ ਦੇਣਗੇ, ਤੇ ਪੰਥ ਦੇ ਅਹਿਸਾਸ ਦੀ ਤਾਕਤ ਨੂੰ ਹਕੀਕਤ ਵਿੱਚ ਰੂਪਮਾਨ ਕਰਨ ਲਈ ਸਰਗਰਮ ਭੁਮਿਕਾ ਨਿਭਾਉਣ ਵਾਸਤੇ ਅੱਗੇ ਆਉਣਗੇ। ਪਰ ਉੱਥੇ ਅਜਿਹਾ ਕੁੱਝ ਵੀ ਨਹੀਂ ਵਾਪਰਦਾ। ਹੋਰ ਤਾਂ ਹੋਰ ਸ਼ਹੀਦੀ ਸਮਾਗਮ ਹੀ ਇਸ ਤਰੀਕੇ ਨਾਲ਼ ਉਲੀਕਿਆ ਜਾਂਦਾ ਹੈ ਕਿ ਹਾਜ਼ਰ ਸੰਗਤਾਂ ਦੀ ਉਸ ਵਿੱਚ ਸ਼ਮੂਲੀਅਤ ਨਾਂਹ ਦੇ ਬਰਾਬਰ ਹੁੰਦੀ ਹੈ। ਮਿਸਾਲ ਵਜੋਂ ਇਸ ਵਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੰਗਤ ਦੇ ਬਹਿਣ ਲਈ ਕੋਈ ਬੰਦੋਬਸਤ ਨਹੀਂ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਐਨ ਨਾਲ਼ ਗਿਣਤੀ ਦੀਆਂ ਚਾਰ ਕੁ ਦਰੀਆਂ ਵਿਛੀਆਂ ਸਨ। ਬਾਕਾਇਦਾ ਪੰਡਾਲ ਨਹੀਂ ਸਜਾਇਆ ਗਿਆ, ਇਸ ਲਈ ਸਪੀਕਰਾਂ ਆਦਿਕ ਦਾ ਕੋਈ ਬੰਦੋਬਸਤ ਨਹੀਂ ਸੀ। ਚਾਹੀਦਾ ਤਾਂ ਇਹ ਸੀ ਕਿ ਪੰਡਾਲ ਵਿੱਚ ਦੂਰ ਤੱਕ ਸੰਗਤਾਂ ਦੇ ਬਹਿਣ ਦਾ ਬੰਦੋਬਸਤ ਹੁੰਦਾ ਤੇ ਇਸ ਵਿੱਚ ਜਗ੍ਹਾ-ਜਗ੍ਹਾ ਤੇ ਘੱਟ ਆਵਾਜ਼ ਵਾਲ਼ੇ ਛੋਟੇ-ਛੋਟੇ ਸਪੀਕਰ ਲਏ ਜਾਂਦੇ ਜਿਹਨਾਂ ਦੀ ਆਵਾਜ਼ ਬਾਹਰ ਪਰਕਰਮਾ ਵੱਲ ਨਾ ਜਾਂਦੀ ਪਰ ਸਮਾਗਮ ਵਿੱਚ ਸ਼ਾਮਲ ਸੰਗਤ ਬੁਲਾਰਿਆਂ ਨੂੰ ਸੁਣਨ ਦੇ ਸਮਰੱਥ ਹੁੰਦੀ। ਪਰ ਇੱਥੇ ਤਾਂ ਕਿਸੇ ਬੁਲਾਰੇ ਨੂੰ ਸੰਗਤਾਂ ਨੂੰ ਸੰਬੋਧਨ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਆਪਣੇ ਵਿਚਾਰ ਰੱਖੇ ਜਿਹਨਾਂ ਦਾ ਛੇ ਜੂਨ ਦੇ ਸ਼ਹੀਦੀ ਸਮਾਗਮ ਨਾਲ਼ ਕੋਈ ਖਾਸ ਸਬੰਧ ਨਹੀਂ ਸੀ। ਇਸ ਲਈ ਸ਼ਹੀਦੀ ਸਮਾਗਮ ਵਿੱਚ ਸ਼ਾਮਲ ਹੋਣ ਗਏ ਸਿੱਖ ਅਸਲ ਵਿੱਚ ਕਿਸੇ ਸਮਾਗਮ ਵਿੱਚ ਸ਼ਾਮਲ ਹੋਏ ਬਗੈਰ ਹੀ ਘਰਾਂ ਨੂੰ ਮੁੜ ਆਉਂਦੇ ਹਨ। ਕਿਸੇ ਆਸ ਜਾਂ ਸੁਨੇਹੇ ਦੀ ਬਜਾਏ ਡੂੰਘੀ ਨਿਰਾਸਤਾ ਲੈ ਕੇ ਮੁੜਦੇ ਹਨ। ਵਰ੍ਹਿਆਂ ਤੋਂ ਇਹੀ ਚੱਲਦਾ ਆ ਰਿਹਾ। ਹਰ ਵਾਰ ਸਿੱਖਾਂ ਦੇ ਸਭ ਤੋਂ ਸੁੱਚੇ ਅਹਿਸਾਸਾਂ ਦੀ ਪੂਰੇ ਨਿਰਦਈਪੁਣੇ ਨਾਲ਼ ਬੇਕਦਰੀ ਕੀਤੀ ਜਾਂਦੀ ਹੈ। ਸਿੱਖ ਆਪਣੇ ਕੇਂਦਰੀ ਅਸਥਾਨ ਤੋਂ ਦੁਸ਼ਵਾਰ ਹੋ ਕੇ ਮੁੜਦੇ ਹਨ। ਸਿੱਖ ਪ੍ਰਭੂਸੱਤਾ ਦੇ ਕੇਂਦਰ ਦੇ ਨੁਮਾਇੰਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਦੇ ਪ੍ਰਭੂਸੱਤਾ ਦਾ ਅਹਿਸਾਸ ਰੱਖਣ ਦਾ ਵੀ ਸਬੂਤ ਨਹੀਂ ਦਿੱਤਾ। ਇਸ ਸ਼ਹੀਦੀ ਸਮਾਗਮ ਦੀ ਅਗਵਾਈ ਕਰਨ ਵਾਲ਼ੇ ਇਸ ਨੂੰ ਇੱਕ ਕਾਰਵਾਈ ਤੋਂ ਵੱਧ ਕੁੱਝ ਨਹੀਂ ਸਮਝਦੇ। ਉਹ ਸਿਰਫ ਸਿੱਖਾਂ ਦੇ ਰੋਹ ਦਾ ਸ਼ਿਕਾਰ ਹੋਣ ਦੇ ਡਰੋਂ ਸ਼ਰਮੋ-ਕੁਸ਼ਰਮੀ ਇਹ ਸਮਾਗਮ ਕਰਦੇ ਹਨ ਤੇ ਇਸ ਨੂੰ ਮਹੱਤਵਹੀਣ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ। ਇਹਨਾਂ ਨੂੰ ਤਾਂ ਆਪਣੇ ਦਿੱਲੀ ਬੈਠੇ ਮਾਲਕਾਂ ਵਾਂਗ ਇਹੀ ਲੱਗਦਾ ਸੀ ਕਿ ਹੌਲੀ-ਹੌਲੀ ਸਿੱਖਾਂ ਅੰਦਰੋਂ ਇਸ ਦਰਦ ਦੀ ਯਾਦ ਹੀ ਮਿਟਾ ਦੇਣਗੇ। ਪਰ ਹੋਇਆ ਇਸ ਦੇ ਐਨ ਉਲ਼ਟ। ਵਰ੍ਹਿਆਂ ਦੀ ਦੁਸ਼ਵਾਰੀ ਇਸ ਵਾਰ ਸੰਗਤਾਂ ਦੇ ਰੋਹ ਦੇ ਰੂਪ ਵਿੱਚ ਸਾਹਮਣੇ ਆਈ। ਚੁਰਾਸੀ ਦੇ ਸਾਕਿਆਂ ਦੀ ਯਾਦ ਫਿੱਕੀ ਪੈਣ ਦੀ ਬਜਾਏ ਹੋਰ ਤੀਖਣ ਹੋਈ।
ਸ੍ਰੀ ਅਕਾਲ ਤਖਤ ਸਾਹਿਬ 'ਤੇ ਚੱਲ ਰਹੇ ਸ਼ਹੀਦੀ ਸਮਾਗਮ ਤੋਂ ਬਾਹਰ ਰੱਖੀਆਂ ਗਈਆਂ ਸੰਗਤਾਂ ਆਪਣਾ ਰੋਸ ਬਾਹਰੋਂ ਹੀ ਜਤਾ ਰਹੀਆਂ ਸਨ। ਸੰਗਤਾਂ ਅੰਦਰਲਾ ਰੋਹ ਥੰਮ੍ਹਿਆਂ ਨਹੀਂ ਸੀ ਜਾ ਰਿਹਾ। ਸਮਾਗਮ ਸਮਾਪਤ ਹੋਇਆ, ਅਰਦਾਸ ਹੋਈ। ਪਿਛਲੇ ਵਰ੍ਹੇ ਵੈਰਾਗ ਭਰਪੂਰ ਅਰਦਾਸ ਨਾਲ਼ ਹਰ ਅੱਖ ਨੂੰ ਸੱਜਲ ਕਰ ਜਾਣ ਵਾਲ਼ੇ ਅਰਦਾਸੀਏ ਸਿੰਘ ਨੂੰ ਐਤਕੀਂ ਲਾਂਭੇ ਕਰ ਦਿੱਤਾ ਗਿਆ। ਸਮਾਪਤੀ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੇ ਹੇਠਾਂ ਆ ਕੇ ਸੰਗਤਾਂ ਨੂੰ ਸੰਬੋਧਨ ਕਰਨ ਦੀ ਕੋਸ਼ਿਸ਼ ਕੀਤੀ। ਲੋਕ ਮਾਨ ਨੂੰ ਸੁਣਨਾ ਚਾਹੁੰਦੇ ਸੀ ਕਿਉਂਕਿ ਸਮਾਗਮ ਵਿੱਚ ਉਹਨਾਂ ਦੀ ਇਹੀ ਇੱਕ ਸ਼ਮੂਲੀਅਤ ਹੋਣੀ ਸੀ। ਮਾਨ ਦਾ ਸਪੀਕਰ ਕੰਮ ਨਹੀਂ ਸੀ ਕਰ ਰਿਹਾ। ਆਵਾਜ਼ਾਂ ਆਉਣ ਲੱਗੀਆਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਇਕ ਲਿਆਂਦਾ ਜਾਵੇ। ਸਿਮਰਨਜੀਤ ਸਿੰਘ ਮਾਨ ਨੇ ਕਿਸੇ ਨੂੰ ਨਹੀਂ ਕਿਹਾ ਪਰ ਚਾਰ-ਪੰਜ ਜਣੇ ਆਪ-ਮੁਹਾਰੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਮਾਇਕ ਲੈਣ ਚਲੇ ਗਏ। ਪ੍ਰਬੰਧਕਾਂ ਨੇ ਬੇਰੁਖੀ ਨਾਲ਼ ਨਾਂਹ ਕਰ ਦਿੱਤੀ। ਇਸ ਜ਼ਿਆਦਤੀ ਦਾ ਵਿਰੋਧ ਕਰਨ 'ਤੇ ਟਾਸਕ ਫੋਰਸ ਦੇ ਗੁੰਡੇ ਬਦਸਲੂਕੀ 'ਤੇ ਉੱਤਰ ਆਏ ਤੇ ਨੌਜੁਆਨਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸਦੇ ਪ੍ਰਤੀਕਰਮ ਵਜੋਂ ਜੋ ਹੋਇਆ ਉਹ ਸਭ ਦੇ ਸਾਹਮਣੇ ਹੈ। ਵੇਖਣ ਵਾਲੀ ਗੱਲ ਹੈ ਅਸਲੀ ਮੁੱਦੇ ਵੱਲ ਆਉਣ ਵਿੱਚ ਕਿਸੇ ਦੀ ਦਿਲਚਸਪੀ, ਖਾਹਮਖਾਹ ਮਾਨ ਸਿਰ ਭਾਂਡਾ ਭੰਨੀ ਜਾ ਰਹੇ ਹਨ। ਅਸਲ ਮੁੱਦਾ ਤਾਂ ਇਹ ਹੈ ਕਿ ਸਿੱਖਾਂ ਦੀ ਜੂਨ ਚੁਰਾਸੀ ਦੇ ਸ਼ਹੀਦੀ ਸਮਾਗਮ ਵਿੱਚ ਭਰਵੀਂ ਤੇ ਜੋਸ਼ ਭਰਪੂਰ ਸ਼ਮੂਲੀਅਤ ਭਾਰਤੀ ਹਕੂਮਤ ਤੇ ਉਸਦੇ ਕਰਿੰਦਿਆਂ ਨੂੰ ਭਾਉਂਦੀ ਨਹੀਂ ਸੀ। ਉਹਨਾਂ ਨੇ ਕਿਸੇ ਵੀ ਹੀਲੇ ਕੋਈ ਨਾ ਕੋਈ ਕੋਝੀ ਹਰਕਤ ਕਰਨੀ ਹੀ ਸੀ। ਜਿਵੇਂ ਸਵੇਰ ਤੋਂ ਹੀ ਟਾਸਕ ਫੋਰਸ ਨਾਲ਼ ਸਬੰਧਤ ਬੰਦੇ ਭੜਕਾਹਟ ਵਾਲ਼ੀਆਂ ਹਰਕਤਾਂ ਕਰ ਰਹੇ ਸਨ। ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਵਿੱਚ ਮੁਰਦਾਬਾਦ ਦੇ ਅਵਾਜ਼ੇ ਕੱਸਣ ਤੋਂ ਬਿਨਾਂ ਇਹ ਬੰਦੇ ਸਮਾਗਮ ਵਿੱਚ ਸ਼ਾਮਲ ਸੰਗਤ ਨੂੰ ਸਿੱਧਿਆਂ ਹੀ ਖਿਝਾਉਣ ਵਾਲ਼ੀਆਂ ਗੱਲਾਂ ਵੀ ਕਰ ਰਹੇ ਸਨ। ਮਾਇਕ ਵਾਲ਼ੀ ਗੱਲ ਨੇ ਟਾਸਕ ਫੋਰਸ ਵਾਲ਼ਿਆਂ ਨੂੰ ਮੌਕਾ ਦੇ ਦਿੱਤਾ ਤੇ ਨਾਲ਼ ਲੱਗਦੇ ਹੀ ਉਹਨਾਂ ਆਪਣੀ ਅੋਕਾਤ ਵਿਖਾ ਦਿੱਤੀ।
ਇਸ ਸਭ ਕੁੱਝ ਲਈ ਸਿਮਰਨਜੀਤ ਸਿੰਘ ਮਾਨ ਨੂੰ ਦੋਸ਼ੀ ਠਹਿਰਾਉਣ ਦਾ ਤਾਂ ਕੋਈ ਆਧਾਰ ਹੀ ਨਹੀਂ, ਮਾਇਕ ਲੈਣ ਗਏ ਨੌਜੁਆਨਾਂ ਨੂੰ ਵੀ ਕੋਈ ਦੋਸ਼ ਨਹੀਂ ਦਿੱਤਾ ਜਾ ਸਕਦਾ। ਦੋਸ਼ੀ ਤਾਂ ਸ਼ਹੀਦੀ ਸਮਾਗਮ ਨੂੰ ਮਹਿਜ਼ ਕਾਰਵਾਈ ਬਣਾਉਣ ਵਾਲ਼ੇ ਹਨ। ਇਹ ਸਮਾਗਮ ਵਿਉਂਤਿਆ ਹੀ ਇਸ ਤਰਾਂ ਜਾਂਦਾ ਹੈ ਕਿ ਪੰਥਕ ਧਿਰਾਂ ਤਾਂ ਕੀ ਪੰਥਕ ਸੁਰ ਵੀ ਹਾਸ਼ੀਏ 'ਤੇ ਧੱਕ ਦਿੱਤੀ ਜਾਂਦੀ ਹੈ। ਪੰਥਕ ਅਹਿਸਾਸ ਦੀ ਨੁਮਇੰਦਗੀ ਕਰਨ ਵਾਲ਼ੀ ਆਵਾਜ਼ ਹੀ ਉੱਠਣ ਨਹੀਂ ਦਿੱਤੀ ਜਾਂਦੀ। ਆਪਣੇ ਅਹਿਸਾਸ ਨਾਲ਼ ਹੁੰਦੇ ਅਜਿਹੇ ਖਿਲਵਾੜ ਦਾ ਵਿਰੋਧ ਸਿੱਖ ਕਿਉਂ ਨਹੀਂ ਕਰਨਗੇ? ਸਾਡੀਆਂ ਆਪਣੀਆਂ ਸੰਸਥਾਵਾਂ ਵਿੱਚ ਪੰਥਕ ਸਰੋਕਾਰਾਂ ਅਤੇ ਮੁੱਦਿਆਂ ਨੂੰ ਹਾਸ਼ੀਏ 'ਤੇ ਧੱਕਣ ਨੂੰ ਬਰਦਾਸ਼ਤ ਕਰਨ ਦੀ ਕੀ ਤੁਕ ਬਣਦੀ ਹੈ? ਸ਼੍ਰੋਮਣੀ ਕਮੇਟੀ ਅਤੇ ਇਸ 'ਤੇ ਕਾਬਜ਼ ਬਾਦਲ ਦਲੀਏ ਇਸ ਸਭ ਕੁੱਝ ਲਈ ਜ਼ਿੰਮੇਵਾਰ ਹਨ। ਜਿਹੜੇ ਗੁੰਡਿਆਂ ਨੂੰ ਇਹਨਾਂ ਨੇ ਟਾਸਕ ਫੋਰਸ ਵਿੱਚ ਭਰਤੀ ਕੀਤਾ ਹੈ ਉਹ ਸਮਾਜ ਦੇ ਸਭ ਤੋਂ ਨਖਿੱਧ ਅਤੇ ਨਿੱਘਰੇ ਹੋਏ ਅਨਸਰ ਹਨ। ਅਜਿਹੇ ਅਨਸਰਾਂ ਨੂੰ ਭਰਤੀ ਕਰਨ ਤੋਂ ਹੀ ਇਹਨਾਂ ਦੇ ਮਨਸੂਬੇ ਜ਼ਾਹਰ ਹੁੰਦੇ ਹਨ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਸ ਸਭ ਕੁੱਝ ਨੂੰ ਵੇਖ ਕੇ ਅੱਖਾਂ ਮੀਟਣ ਨੂੰ ਜਾਇਜ਼ ਨਹੀਂ ਠਹਿਰਾ ਸਕਦੇ। ਵੱਡੀ ਪਦਵੀ ਦੀਆਂ ਜ਼ਿੰਮੇਵਾਰੀਆਂ ਵੀ ਵੱਡੀਆਂ ਹੁੰਦੀਆਂ ਹਨ। ਜੇ ਕਿਸੇ ਵਿੱਚ ਬਣਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਸਮਰੱਥਾ ਨਹੀਂ ਤਾਂ ਅਜਿਹੇ ਅਹੁਦੇ ਤੇ ਬਹਿਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇ ਚੌਧਰ ਦੀ ਭੁੱਖ ਹੈ ਤਾਂ ਉਸ ਨੂੰ ਪੂਰੀ ਕਰਨ ਦੇ ਹੋਰ ਤਰੀਕੇ ਲੱਭਣੇ ਚਾਹੀਦੇ ਹਨ।
ਭਾਵੇਂ ਕਿ ਇਸ ਸਭ ਕੁੱਝ ਲਈ ਬਾਦਲ ਦਲੀਆਂ ਦਾ ਉਹ ਲਾਣਾ ਜ਼ਿੰਮੇਵਾਰ ਹੈ ਜੋ ਆਰਐਸਐਸ, ਭਾਰਤੀ ਜਨਤਾ ਪਾਰਟੀ, ਅਤੇ ਭਾਰਤ ਸਰਕਾਰ ਦੀਆਂ ਖੁਫੀਆ ਏਜੰਸੀਆਂ ਨੂੰ ਪੁੱਛੇ ਬਗੈਰ ਕਦੇ ਪੈਰ ਨਹੀਂ ਪੁੱਟਦਾ, ਪਰ ਫਿਰ ਵੀ ਪੰਥਕ ਧਿਰਾਂ ਨੂੰ ਅਜਿਹੀ ਮੰਦਭਾਗੀ ਘਟਨਾ ਦੀ ਜ਼ਿੰਮੇਵਾਰੀ ਜ਼ਰੂਰ ਕਬੂਲਣੀ ਚਾਹੀਦੀ ਹੈ। ਜੋਸ਼ ਤੋਂ ਪਹਿਲਾਂ ਜ਼ਬਤ ਜ਼ਿਆਦਾ ਜ਼ਰੂਰੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਤਿਕਾਰ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ। ਮੰਨਿਆਂ ਕਿ ਸਾਡੇ ਕੋਲ ਸ਼੍ਰੋਮਣੀ ਕਮੇਟੀ ਦੇ ਵਿਰੋਧ ਦਾ ਜਾਇਜ਼ ਆਧਾਰ ਹੈ, ਇਸ ਦਾ ਮਤਲਬ ਇਹ ਨਹੀਂ ਕਿ ਬਿਨਾਂ ਸੋਚੇ ਸਮਝੇ ਅਗਲਿਆਂ ਦੇ ਜਾਲ ਵਿੱਚ ਜਾ ਫਸੋ ਤੇ ਨਮੋਸ਼ੀ ਵਾਲ਼ੀ ਹਾਲਤ ਪੈਦਾ ਕਰ ਦਿਓ। ਪੰਥਕ ਧਿਰਾਂ ਨੂੰ ਜ਼ਰਾ ਕੁ ਟਿਕਵੀਂ ਅਤੇ ਸੰਜੀਦਾ ਸਿਆਸੀ ਸਰਗਰਮੀ ਦੀ ਅਹਿਮੀਅਤ ਸਮਝਣ ਦੀ ਲੋੜ ਹੈ। ਮਸਲੇ ਜਿੰਨੇ ਮਰਜ਼ੀ ਜਾਇਜ਼ ਹੋਣ, ਹਰ ਮਸਲੇ ਦਾ ਤੱਤ-ਭੜੱਤਾ ਹੱਲ ਨਹੀਂ ਹੁੰਦਾ। ਕਈ ਵਾਰ ਸਬਰ ਦੇ ਵੱਡੇ ਘੁੱਟ ਵੀ ਭਰਨੇ ਪੈਂਦੇ ਹਨ। ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲ਼ਿਆਂ ਨੇ ਜੇ ਵੱਡਾ ਜ਼ਾਬਤਾ ਨਾ ਵਿਖਾਇਆ ਹੁੰਦਾ ਤਾਂ ਚੁਰਾਸੀ ਦੇ ਹਮਲੇ ਤੋਂ ਪਹਿਲਾਂ ਹੀ ਸ੍ਰੀ ਗੁਰੂ ਨਾਨਕ ਨਿਵਾਸ ਵਿੱਚ ਸਿੱਖਾਂ ਦਾ ਆਪਸੀ ਖੂਨ-ਖਰਾਬਾ ਹੋ ਜਾਣਾ ਸੀ। ਸਿਰਫ ਸਹੀ ਹੋਣਾ ਕਾਫੀ ਨਹੀਂ, ਇਸ ਵੇਲ਼ੇ ਜ਼ਿੰਮੇਵਾਰ ਹੋਣ ਦੀ ਜ਼ਿਆਦਾ ਲੋੜ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026