Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਾਉਪੁਰ ਦੇ ਦੋ ਦਲਿਤ ਪਰਿਵਾਰਾਂ ਨੇ ਕੰਮ ਨਾ ਮਿਲਣ ਕਾਰਨ ਪਿੰਡ ਛੱਡਿਆ

Posted on June 10th, 2014

<p>ਪਿੰਡ ਹੋਤੀਪੁਰ ਦੇ ਪੰਚਾਇਤ ਘਰ ਵਿੱਚ ਬੈਠਾ ਪਿੰਡ ਛੱਡ ਕੇ ਗਿਆ ਬਾਉਪੁਰ ਦਾ ਦਲਿਤ ਪਰਿਵਾਰ<br></p>



ਬਾਉਪੁਰ (ਸੰਗਰੂਰ)/ ਗੁਰਦੀਪ ਸਿੰਘ ਲਾਲੀ- ਪੰਜਾਬ-ਹਰਿਆਣਾ ਦੀ ਹੱਦ ’ਤੇ ਪੈਂਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਾਉਪੁਰ ਵਿੱਚ ਦਲਿਤਾਂ ਦੇ ਸਮਾਜਿਕ ਬਾਈਕਾਟ ਦਾ ਮਾਮਲਾ ਗੰਭੀਰ ਮੋੜ ਲੈ ਗਿਆ ਹੈ। ਪਿੰਡ ਵਿੱਚ ਕੋਈ ਕੰਮ ਨਾ ਮਿਲਣ ਕਾਰਨ ਆਰਥਿਕ ਤੌਰ ’ਤੇ ਤੰਗ ਹੋਏ ਦੋ ਦਲਿਤ ਪਰਿਵਾਰ ਪਿੰਡ ਛੱਡ ਕੇ ਚਲੇ ਗਏ ਹਨ। ਦੋਵੇਂ ਪਰਿਵਾਰ ਆਪਣਾ ਸਾਮਾਨ ਟਰੈਕਟਰ-ਟਰਾਲੀਆਂ ਵਿੱਚ ਭਰ ਕੇ ਪਿੰਡ ਤੋਂ ਚਲੇ ਗਏ ਹਨ। ਇਨ੍ਹਾਂ ਪਰਿਵਾਰਾਂ ਦੇ ਘਰਾਂ ਨੂੰ ਤਾਲੇ ਲੱਗੇ ਹੋਏ ਹਨ।

ਪੱਤਰਕਾਰ ਵੱਲੋਂ ਪਿੰਡ ਦਾ ਦੌਰਾ ਕੀਤਾ ਗਿਆ ਤਾਂ ਦਲਿਤ ਭਾਈਚਾਰੇ ਨਾਲ ਸਬੰਧਤ ਸੁਭਾਸ਼ ਪੁੱਤਰ ਪ੍ਰੇਮਾ ਦੇ ਘਰ ਨੂੰ ਤਾਲਾ ਲਟਕ ਰਿਹਾ ਸੀ। ਸੁਭਾਸ਼ ਦੇ ਛੋਟੇ ਭਰਾ ਸੋਨੂੰ ਨੇ ਦੱਸਿਆ ਕਿ ਜਿਸ ਦਿਨ ਤੋਂ ਦਲਿਤ ਭਾਈਚਾਰੇ ਦਾ ਸਮਾਜਿਕ ਬਾਈਕਾਟ ਹੋਇਆ ਹੈ, ਉਸ ਦਿਨ ਤੋਂ ਉਨ੍ਹਾਂ ਨੂੰ ਪਿੰਡ ਵਿੱਚ ਕੋਈ ਕੰਮ ਨਹੀਂ ਮਿਲਿਆ, ਜਿਸ ਕਰਕੇ ਉਸਦਾ ਭਰਾ ਸੁਭਾਸ਼, ਆਪਣੀ ਪਤਨੀ ਤੇ ਤਿੰਨ ਬੱਚਿਆਂ ਸਮੇਤ ਪਿੰਡ ਛੱਡ ਗਿਆ ਹੈ। ਉਸਨੇ ਦੱਸਿਆ ਕਿ ਪਿੰਡ ਵਿੱਚ ਕੰਮ ਨਾ ਮਿਲਣ ਕਾਰਨ ਉਹ ਵੀ ਪਿੰਡ ਬਨਾਰਸੀ ਵਿੱਚ ਮਜ਼ਦੂਰੀ ਕਰਦਾ ਹੈ। ਇਸ ਤੋਂ ਇਲਾਵਾ ਪਰਿਵਾਰ ਸਮੇਤ ਪਿੰਡ ਛੱਡ ਕੇ ਗਏ ਥੰਬੂ ਰਾਮ ਪੁੱਤਰ ਬਰਖੂ ਰਾਮ ਦੇ ਘਰ ਦਾ ਦਰਵਾਜ਼ਾ ਵੀ ਬੰਦ ਪਿਆ ਸੀ। ਪਿੰਡ ਵਿੱਚ ਮੌਜੂਦ ਪੰਚ ਕ੍ਰਿਸ਼ਨ ਕੁਮਾਰ, ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਸਕੱਤਰ ਰਾਜ ਕੁਮਾਰ, ਆਦਿ ਧਰਮ ਸਮਾਜ ਦੇ ਆਗੂ ਰਾਜਪਾਲ ਅਤੇ ਹੋਰ ਲੋਕਾਂ ਨੇ ਦਾਅਵਾ ਕੀਤਾ ਕਿ ਪਿੰਡ ਵਿੱਚ ਮਜ਼ਦੂਰੀ ਨਾ ਮਿਲਣ ਕਾਰਨ ਹੀ ਇਹ ਪਰਿਵਾਰ ਪਿੰਡ ਛੱਡਣ ਲਈ ਮਜਬੂਰ ਹੋਏ ਹਨ। ਬਾਉਪੁਰ ਵਾਸੀਆਂ ਨੇ ਦੱਸਿਆ ਕਿ ਪਿੰਡ ਛੱਡ ਕੇ  ਗਏ ਦੋਵੇਂ ਪਰਿਵਾਰ ਪਿੰਡ ਹੋਤੀਪੁਰ ਚਲੇ ਗਏ ਹਨ।

ਕਰੀਬ 12 ਕਿਲੋਮੀਟਰ ਦੂਰ ਘੱਗਰ ਦਰਿਆ ਨਾਲ ਲੱਗਦੇ ਪਿੰਡ ਹੋਤੀਪੁਰ ਜਾ ਕੇ ਦੇਖਿਆ ਤਾਂ ਦੋਵੇਂ ਪਰਿਵਾਰ ਖਾਲੀ ਪਏ ਪਿੰਡ ਦੇ ਪੰਚਾਇਤ ਘਰ ਵਿੱਚ ਸ਼ਰਨ ਲੈ ਕੇ ਬੈਠੇ ਸਨ। ਸੁਭਾਸ਼ ਨੇ ਦੱਸਿਆ ਕਿ ਪਿਛਲੇ 25 ਦਿਨਾਂ ਤੋਂ ਪਿੰਡ ਵਿੱਚ ਕੋਈ ਕੰਮ ਨਹੀਂ ਮਿਲਿਆ ਸੀ, ਜਿਸ ਕਰਕੇ ਭੁੱਖੇ ਮਰਨ ਵਾਲੀ ਸਥਿਤੀ ਪੈਦਾ ਹੋ ਗਈ ਸੀ। ਉਨ੍ਹਾਂ ਕੋਲ ਪਿੰਡ ਛੱਡਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਬਚਿਆ। ਹੋਤੀਪੁਰ ਵਿੱਚ ਹੀ ਮੌਜੂਦ ਸੁਭਾਸ਼ ਦੇ ਭਰਾ ਰਾਮਭੁਜ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਤੋਂ ਪਹਿਲਾਂ ਕਦੇ ਪਿੰਡ ਨਹੀਂ ਛੱਡਿਆ ਸੀ ਪ੍ਰੰਤੂ ਪੈਦਾ ਹੋਏ ਹਾਲਾਤ ਨੇ ਉਨ੍ਹਾਂ ਨੂੰ ਆਪਣਾ ਘਰ ਬਾਰ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਭੁੱਖੇ ਮਰਨ ਨਾਲੋਂ ਤਾਂ ਪਿੰਡ ਛੱਡਣਾ ਹੀ ਬੇਹਤਰ ਹੈ।  ਥੰਬੂ ਰਾਮ ਵੀ ਪਰਿਵਾਰ ਸਮੇਤ ਹੋਤੀਪੁਰ ਦੇ ਪੰਚਾਇਤ ਘਰ ਵਿੱਚ ਠਹਿਰਿਆ ਹੋਇਆ ਹੈ। ਪਿੰਡ ਛੱਡਣ ਵਾਲੇ ਇਨ੍ਹਾਂ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਮਨਰੇਗਾ ਸਕੀਮ ਤਹਿਤ ਜਾਬ ਕਾਰਡ ਨਹੀਂ ਬਣਿਆ ਹੋਇਆ। ਇਨ੍ਹਾਂ ਪਰਿਵਾਰਾਂ ਨੇ ਪ੍ਰਸ਼ਾਸਨ ਦੇ ਇਸ ਦਾਅਵੇ ਨੂੰ ਰੱਦ ਕੀਤਾ ਕਿ ਉਹ ਪਹਿਲਾਂ ਵੀ ਕੰਮ ਲਈ ਪਿੰਡੋਂ ਚਲੇ ਜਾਂਦੇ ਸੀ। ਉਨ੍ਹਾਂ ਕਿਹਾ ਕਿ ਉਹ ਪਹਿਲੀ ਵਾਰ ਪਰਿਵਾਰਾਂ ਸਮੇਤ ਪਿੰਡ ਛੱਡਣ ਲਈ ਮਜਬੂਰ ਹੋਏ ਹਨ।  

ਓਧਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਮਾਮਲੇ ਦਾ ਗੰਭੀਰ ਨੋਟਿਸ ਲੈਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ ਹੈ। ਪਿੰਡ ਬਾਉਪੁਰ ਵਿੱਚ ਮਨਰੇਗਾ ਸਕੀਮ ਤਹਿਤ ਟੋਭੇ ਦੀ ਪੁਟਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ, ਜਿਸ ’ਤੇ ਸੈਂਕੜੇ ਮਜ਼ਦੂਰ ਕੰਮ ’ਤੇ ਲੱਗੇ ਹੋਏ ਹਨ। ਪਿੰਡ ਵਿਚ ਦਲਿਤ ਅਤੇ ਜਨਰਲ ਵਰਗ ਦੇ ਵਿਅਕਤੀਆਂ ਦੀ 11 ਮੈਂਬਰੀ ਸਾਂਝੀ ਕਮੇਟੀ ਬਣਾਈ ਗਈ ਹੈ, ਜਿਸਦੀ ਸਕੂਲ ਵਿੱਚ ਮੀਟਿੰਗ ਚੱਲ ਰਹੀ ਸੀ। ਰੋਜ਼ਾਨਾ ਮੀਟਿੰਗ ਕਰਵਾਉਣ ਦੀ ਜ਼ਿੰਮੇਵਾਰੀ ਪੰਚਾਇਤ ਸਕੱਤਰ ਪ੍ਰਿਥਵੀ ਸਿੰਘ ਅਤੇ ਪਟਵਾਰੀ ਰਣਜੀਤ ਸਿੰਘ ਨੂੰ ਸੌਂਪੀ ਗਈ ਹੈ, ਜੋ ਮੀਟਿੰਗ ਰਿਪੋਰਟ ਜਾਂਚ ਕਮੇਟੀ ਨੂੰ ਸੌਂਪਣਗੇ। ਪਿੰਡ ਵਿੱਚ ਐਸ.ਐਚ.ਓ. ਖਨੌਰੀ ਵਿਜੇ ਕੁਮਾਰ ਦੀ ਅਗਵਾਈ ਹੇਠ 25 ਪੁਲੀਸ ਮੁਲਾਜ਼ਮ ਦਿਨ ਰਾਤ ਡਿਊਟੀ ’ਤੇ ਤਾਇਨਾਤ ਕੀਤੇ ਹੋਏ ਹਨ।


ਦੋ ਦਲਿਤ ਪਰਿਵਾਰਾਂ ਵੱਲੋਂ ਪਿੰਡ ਛੱਡ ਕੇ ਚਲੇ ਜਾਣ ਬਾਰੇ ਜਾਂਚ ਕਮੇਟੀ ਦੇ ਚੇਅਰਮੈਨ ਅਤੇ ਐਸਡੀਐਮ ਮੂਣਕ ਬਖਤਾਵਰ ਸਿੰਘ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਬਾਰੇ ਤਸਦੀਕ ਕਰਵਾਈ ਗਈ ਹੈ। ਇਹ ਪਰਿਵਾਰ ਪਿਛਲੇ ਸਾਲ ਵੀ ਕੰਮ ਲਈ ਪਿੰਡੋਂ ਚਲੇ ਗਏ ਸੀ, ਫਿਰ ਵਾਪਸ ਆ ਗਏ ਸਨ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਨਰੇਗਾ ਤਹਿਤ ਦਲਿਤ ਪਰਿਵਾਰਾਂ ਨੂੰ ਕੰਮ ਦਿੱਤਾ ਗਿਆ ਹੈ ਅਤੇ ਕੰਮ ਏਨਾ ਹੈ ਕਿ ਇਹ ਸਾਲ ਭਰ ਖਤਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜਾਬ ਕਾਰਡ ਲਈ ਅਰਜ਼ੀ ਦਿੱਤੇ ਜਾਣ ’ਤੇ ਤੁਰੰਤ ਕਾਰਵਾਈ ਹੋਵੇਗੀ।



Archive

RECENT STORIES