Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੰਘ ਸਾਹਿਬਾਨ ਨੇ ਪਾਵਨ ਸਰੂਪ ਵਿਦੇਸ਼ ਭੇਜਣ ਬਾਰੇ ਸਿੱਖ ਸੰਗਤਾਂ ਤੋਂ ਮੰਗੀ ਰਾਏ

Posted on June 15th, 2014

ਗੁਰੂ ਸਾਹਿਬਾਨ ਦੀਆਂ ਕਾਲਪਨਿਕ ਫੋਟੋਆਂ ਬੰਦ ਕਰਨ ਬਾਰੇ ਵੀ ਸਮੂਹ ਸਿੱਖ ਸੰਗਤ ਕੋਲੋਂ ਸੁਝਾਅ ਮੰਗੇ 

ਅੰਮ੍ਰਿਤਸਰ- ਪੰਜ ਸਿੰਘ ਸਾਹਿਬਾਨ ਨੇ ਕੰਟੇਨਰਾਂ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਿਦੇਸ਼ ਭੇਜਣ ਦੇ ਮਾਮਲੇ 'ਤੇ ਨਜ਼ਰਸਾਨੀ ਕਰਦਿਆਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ, ਸਭਾ ਸੁਸਾਇਟੀਆਂ ਤੇ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਲਿਖਤੀ ਰੂਪ ਵਿਚ ਇਸ ਸਬੰਧੀ ਆਪਣੇ ਸੁਝਾਅ ਭੇਜਣ ਤਾਂ ਜੋ ਪਾਵਨ ਸਰੂਪ ਵਿਦੇਸ਼ ਭੇਜਣ ਸਬੰਧੀ ਸਰਬ ਸਾਂਝੀ ਰਾਏ ਕਾਇਮ ਕੀਤੀ ਜਾ ਸਕੇ। 

ਪੰਜ ਸਿੰਘ ਸਾਹਿਬਾਨ ਦੀ ਇਹ ਇਕੱਤਰਤਾ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਹੋਈ। ਇਕੱਤਰਤਾ ਦੇ ਵੇਰਵੇ ਜਾਰੀ ਕਰਦਿਆਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਇਕੱਤਰਤਾ ਵਿਚ ਪਾਵਨ ਸਰੂਪ ਵਿਦੇਸ਼ ਭੇਜਣ ਦੇ ਸਬੰਧ ਵਿੱਚ ਸਿੱਖ ਜਥੇਬੰਦੀਆਂ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ ਇਸ ਮਾਮਲੇ ਬਾਰੇ ਸਰਬ ਸਾਂਝੀ ਰਾਏ ਕਾਇਮ ਕੀਤੀ ਜਾਵੇ। ਇਸੇ ਲਈ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ, ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀ, ਸਭਾ ਸੁਸਾਇਟੀਆਂ ਅਤੇ ਸਮੂਹ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਬੰਧ ਵਿਚ ਆਪੋ ਆਪਣੀ ਰਾਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫਤਰ ਵਿਖੇ ਭੇਜਣ ਕਿ ਪਾਵਨ ਸਰੂਪ ਕਿਸ ਢੰਗ ਤਰੀਕੇ ਨਾਲ ਵਿਦੇਸ਼ ਭੇਜੇ ਜਾਣੇ ਚਾਹੀਦੇ ਹਨ। ਪਿਛਲੇ ਦਿਨੀਂ ਦਿੱਲੀ ਵਿਚ ਇਸ ਸਬੰਧੀ ਇਕ ਕੰਨਟੇਨਰ ਉਸ ਵੇਲੇ ਕਾਬੂ ਕੀਤਾ ਗਿਆ ਸੀ, ਜਦੋਂ ਉਸ ਵਿੱਚ  ਪਾਵਨ ਸਰੂਪ ਲੱਦ ਕੇ ਵਿਦੇਸ਼ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ। ਕਈ ਜਥੇਬੰਦੀਆਂ ਦੇ ਕਾਰਕੁੰਨਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਆਪਣਾ ਅਸਤੀਫ਼ਾ ਦੇਣ। 

ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜ ਸਿੰਘ ਸਾਹਿਬਾਨ ਵਲੋਂ ਵਿਸ਼ੇਸ਼ ਕੰਟੇਨਰ, ਜਿਸ ਵਿਚ ਪਾਵਨ ਸਰੂਪਾਂ ਨੂੰ ਅਦਬ ਸਤਿਕਾਰ ਨਾਲ ਰੱਖਣ ਦਾ ਪ੍ਰਬੰਧ ਹੋਵੇ, ਰਾਹੀਂ ਪਾਵਨ ਸਰੂਪ ਵਿਦੇਸ਼ ਭੇਜਣ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਹੁਣ ਇਸ ਮਾਮਲੇ 'ਤੇ ਮੁੜ ਨਜ਼ਰਸਾਨੀ ਕੀਤੀ ਗਈ ਹੈ ਅਤੇ ਨਵੇਂ ਸਿਰੇ ਤੋਂ ਪਾਵਨ ਸਰੂਪ ਵਿਦੇਸ਼ ਭੇਜਣ ਦਾ ਮਾਮਲਾ ਵਿਚਾਰਿਆ ਜਾ ਰਿਹਾ ਹੈ।

ਇਸ ਦੌਰਾਨ ਗੁਰੂ ਸਾਹਿਬਾਨ ਦੀਆਂ ਕਾਲਪਨਿਕ ਫੋਟੋਆਂ ਬੰਦ ਕਰਨ ਬਾਰੇ ਆਏ ਸੰਗਤਾਂ ਦੇ ਸੁਝਾਵਾਂ ਬਾਰੇ ਉਨ੍ਹਾਂ ਆਖਿਆ ਕਿ ਇਸ ਸਬੰਧ ਵਿਚ ਵੀ ਸਮੂਹ ਸਿੱਖ ਸੰਗਤ ਕੋਲੋਂ ਸੁਝਾਅ ਮੰਗੇ ਗਏ ਹਨ ਕਿ ਇਸ ਸਬੰਧ ਵਿਚ ਕੀ ਕਰਨਾ ਚਾਹੀਦਾ ਹੈ।

ਇਕੱਤਰਤਾ ਵਿਚ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਇਲਾਵਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਗ੍ਰੰਥੀ ਗਿਆਨੀ ਸੁਖਜਿੰਦਰ ਸਿੰਘ ਸ਼ਾਮਲ ਸਨ।



Archive

RECENT STORIES