Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦਿੱਲੀ ਸੰਸਾਰ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ

Posted on July 11th, 2014



ਸੰਯੁਕਤ ਰਾਸ਼ਟਰ- ਟੋਕੀਓ ਤੋਂ ਮਗਰੋਂ ਦਿੱਲੀ, ਵਿਸ਼ਵ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਬਣ ਗਿਆ ਹੈ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ 1990 ਤੋਂ ਮਗਰੋਂ ਹੁਣ 2014 ’ਚ ਇਸ ਦੀ ਆਬਾਦੀ ਢਾਈ ਕਰੋੜ ਪੁੱਜ ਚੁੱਕੀ ਹੈ।
ਵਿਸ਼ਵ ਦੇ ਸ਼ਹਿਰੀਕਰਨ ਬਾਰੇ 2014 ਦੀ ਜਾਰੀ ਕੀਤੀ ਗਈ ਰਿਪੋਰਟ ਵਿੱਚ ਕੱਲ੍ਹ ਕਿਹਾ ਗਿਆ ਕਿ 2050 ਤੱਕ ਭਾਰਤ ਵਿੱਚ ਸ਼ਹਿਰੀ ਵਸੋਂ ਦੀ ਆਬਾਦੀ ਚੀਨ ਦੀ ਸ਼ਹਿਰੀ ਵਸੋਂ ਨਾਲੋਂ ਟੱਪ ਜਾਏਗੀ। ਦਿੱਲੀ ਦਾ ਆਬਾਦੀ ਪੱਖੋਂ ਦੂਜੇ ਵੱਡੇ ਸ਼ਹਿਰ ਦਾ ਰੁਤਬਾ 2030 ਤੱਕ ਵੀ ਘੱਟੋ-ਘੱਟ ਜਾਰੀ ਰਹੇਗਾ, ਜਦੋਂਕਿ ਇਸ ਦੀ ਆਬਾਦੀ ਵਧ ਕੇ 3 ਕਰੋੜ 60 ਲੱਖ ਹੋਣ ਦੀ ਸੰਭਾਵਨਾ ਹੈ। ਸੰਯੁਕਤ ਰਾਸ਼ਟਰ ਦੀ ਰੈਂਕਿੰਗ ਵਿੱਚ 2014 ਵਿੱਚ ਟੋਕੀਓ ਵਿਸ਼ਵ ਦਾ ਸਭ ਤੋਂ ਵੱਧ ਆਬਾਦੀ ਵਾਲਾ (3 ਕਰੋੜ 80 ਲੱਖ) ਸ਼ਹਿਰ ਬਣ ਗਿਆ ਹੈ। ਭਾਵੇਂ ਇਸ ਦੀ ਆਬਾਦੀ ਹੇਠਾਂ ਵੱਲ ਸਰਕਣ ਦੇ ਸੰਕੇਤ ਹਨ, ਫਿਰ ਵੀ 2030 ਤੱਕ ਇਹ ਵਿਸ਼ਵ ਦਾ ਸਭ ਤੋਂ ਵੱਧ ਆਬਾਦੀ ਵਾਲਾ (3 ਕਰੋੜ 70 ਲੱਖ) ਸ਼ਹਿਰ ਰਹੇਗਾ। ਟੋਕੀਓ ਤੇ ਦਿੱਲੀ ਮਗਰੋਂ ਸ਼ੰਘਾਈ ਦਾ ਨੰਬਰ ਹੈ ਜਿੱਥੇ ਆਬਾਦੀ 2 ਕਰੋੜ 30 ਲੱਖ ਹੈ ਅਤੇ ਮੈਕਸਿਕੋ ਸਿਟੀ, ਮੁੰਬਈ ਤੇ ਸਾਓ ਪੋਲੋ ਦੀ ਆਬਾਦੀ (2014 ਵਿੱਚ) 2 ਕਰੋੜ 10 ਲੱਖ ਦਰਜ ਕੀਤੀ ਗਈ ਹੈ।
ਰਿਪੋਰਟ ਅਨੁਸਾਰ 2014 ਤੋਂ 2050 ਤੱਕ ਵਿਸ਼ਵ ਭਰ ਵਿੱਚ ਸ਼ਹਿਰਾਂ ਦਾ ਵਿਸਥਾਰ ਸਭ ਤੋਂ ਵੱਧ ਭਾਰਤ, ਚੀਨ ਤੇ ਨਾਈਜੀਰੀਆ ’ਚ ਹੋਏਗਾ।  2050 ਤੱਕ ਭਾਰਤ ਦੇ ਸ਼ਹਿਰਾਂ ਦੀ ਆਬਾਦੀ 40 ਕਰੋੜ 40 ਲੱਖ ਹੋਰ ਵਧ ਕੇ 81.40 ਕਰੋੜ ਹੋ ਜਾਏਗੀ ਜਦਕਿ ਚੀਨ ਦੀ 29 ਕਰੋੜ 20 ਲੱਖ ਵੱਧ ਹੋ ਜਾਏਗੀ। ਭਾਰਤ ਦੀ ਇਸ ਵੇਲੇ ਸ਼ਹਿਰੀ ਆਬਾਦੀ 41 ਕਰੋੜ ਹੈ। ਭਾਰਤ ਤੇ ਚੀਨ ਵਿੱਚ ਵਿਸ਼ਵ ਦੀ ਸ਼ਹਿਰੀ ਆਬਾਦੀ ਦਾ 70 ਫੀਸਦੀ ਲੋਕ ਵਸਦੇ ਹਨ। ਇਸ ਵੇਲੇ ਵਿਸ਼ਵ ਦੀ 54 ਫੀਸਦੀ ਆਬਾਦੀ ਸ਼ਹਿਰਾਂ ’ਚ ਵਸ ਰਹੀ ਹੈ ਤੇ 2050 ਤੱਕ ਇਹ 66 ਫੀਸਦੀ ਹੋ ਜਾਣ ਦੇ ਆਸਾਰ ਹਨ।
ਵਿਸ਼ਵ ਭਰ ਵਿੱਚ 3.4 ਅਰਬ ਲੋਕ ਪਿੰਡਾਂ ਵਿੱਚ ਰਹਿੰਦੇ ਹਨ।  2020 ਮਗਰੋਂ ਵਿਸ਼ਵ ਦੀ ਪੇਂਡੂ ਆਬਾਦੀ ਘਟਣੀ ਸ਼ੁਰੂ ਹੋ ਜਾਏਗੀ। ਇਸ ਵੇਲੇ ਭਾਰਤ ਦੇ ਪਿੰਡਾਂ ਵਿੱਚ 85.70 ਕਰੋੜ ਲੋਕ ਹਨ ਜਦਕਿ ਚੀਨ ’ਚ 63.70 ਕਰੋੜ ਹਨ।
2050 ਤੱਕ ਭਾਰਤ ਦੇ ਅਹਿਮਦਾਬਾਦ, ਬੰਗਲੌਰ, ਚੇਨਈ ਤੇ ਹੈਦਰਾਬਾਦ ਮੈਗਾ ਸ਼ਹਿਰਾਂ ਵਿੱਚ ਤਬਦੀਲ ਹੋ ਜਾਣਗੇ।
ਇਸ ਵੇਲੇ ਵਿਸ਼ਵ ਭਰ ’ਚ 28 ਮੈਗਾਸਿਟੀ ਹਨ ਜਿਨ੍ਹਾਂ ’ਚ ਵਿਸ਼ਵ ਦੀ 12 ਫੀਸਦੀ ਆਬਾਦੀ ਵਸਦੀ ਹੈ। ਰਿਪੋਰਟ ਅਨੁਸਾਰ ਆਉਂਦੇ ਸਮਿਆਂ ਵਿੱਚ ਸ਼ਹਿਰਾਂ ਦੇ ਯੋਜਨਾਬੱਧ ਵਿਕਾਸ ਦੀ ਵੱਡੀ ਲੋੜ ਪਏਗੀ।



Archive

RECENT STORIES