Posted on July 24th, 2014

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਬਜਟ ਤੋਂ ਵੱਧ ਡਰੱਗ ਸਮੱਗਲਿੰਗ ਦੇ ਮੁੱਦੇ ‘ਤੇ ਚਰਚਾ ਹੋਈ, ਜਿਸ ਦੌਰਾਨ ਵਿਰੋਧੀ ਧਿਰ ਕਾਂਗਰਸ ਦੇ ਨੇਤਾ ਸੁਨੀਲ ਜਾਖੜ ਨੇ ਇਕ ਵਾਰ ਫਿਰ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਇਸ ਮਾਮਲੇ ‘ਚ ਕਲੀਨ ਚਿੱਟ ਦੇ ਦਿੱਤੀ।
ਗਿੱਦੜਬਾਹਾ ਤੋਂ ਚੁਣੇ ਗਏ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦਾ ਨਾਮ ਵੀ ਨਸ਼ਾ ਸਮੱਗਲਿੰਗ ਦੇ ਮਾਮਲੇ ‘ਚ ਆਉਣ ਨਾਲ ਕਾਂਗਰਸ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਸਰਕਾਰ ਤੇ ਮਜੀਠੀਆ ਖਿਲਾਫ਼ ਇਸ ਮੁੱਦੇ ‘ਤੇ ਖੋਲ੍ਹਿਆ ਗਿਆ ਮੋਰਚਾ ਹੁਣ ਇਕਦਮ ਠੰਡਾ ਪੈ ਗਿਆ ਹੈ। ਅਕਾਲੀ ਦਲ ਖਾਸ ਤੌਰ ‘ਤੇ ਮਜੀਠੀਆ ਨੂੰ ਇਹ ਕਹਿਣ ਦਾ ਮੌਕਾ ਮਿਲ ਗਿਆ ਕਿ ਕਾਂਗਰਸ ਨੂੰ ਇਸ ਨਾਜ਼ੁਕ ਮੁੱਦੇ ‘ਤੇ ਡਬਲ ਸਟੈਂਡ ਨਹੀਂ ਅਪਣਾਉਣਾ ਚਾਹੀਦਾ ਤੇ ਜੇਕਰ ਰਾਜਾ ਵੜਿੰਗ ਖਿਲਾਫ਼ ਪ੍ਰਚਾਰ ਗਲਤ ਹੈ ਤਾਂ ਉਨ੍ਹਾਂ ਦੇ ਖਿਲਾਫ਼ ਵੀ ਪਿਛਲੇ ਛੇ ਮਹੀਨਿਆਂ ਤੋਂ ਚੱਲ ਰਿਹਾ ਬੇਬੁਨਿਆਦ ਅਤੇ ਇਕਤਰਫਾ ਪ੍ਰਚਾਰ ਗਲਤ ਹੈ।
ਜਾਖੜ ਦਾ ਇਹ ਸਟੈਂਡ ਸੀ ਕਿ ਉਨ੍ਹਾਂ ਨੇ ਪਹਿਲਾਂ ਵੀ ਜ਼ੋਰ ਦੇ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਮਜੀਠੀਆ ਨਸ਼ਾ ਸਮੱਗਲਿੰਗ ਜਿਹੇ ਮਾਮਲੇ ‘ਚ ਸ਼ਾਮਲ ਨਹੀਂ ਹੋ ਸਕਦੇ। ਉਨ੍ਹਾਂ ਦਾ ਹੁਣ ਵੀ ਇਹੀ ਮੰਨਣਾ ਹੈ, ਹਾਲਾਂਕਿ ਕਾਂਗਰਸ ਪਾਰਟੀ ਦੇ ਅੰਦਰ ਤੇ ਬਾਹਰ ਉਨ੍ਹਾਂ ਨੂੰ ਆਪਣੇ ਇਸ ਬਿਆਨ ਲਈ ਨੁਕਤਾਚੀਨੀ ਦਾ ਸ਼ਿਕਾਰ ਹੋਣਾ ਪਿਆ ਹੈ। ਇਥੋਂ ਤਕ ਕਿ ਕਈਆਂ ਨੇ ਤਾਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਸ਼ਾਇਦ ਸਰਕਾਰ ਨਾਲ ਅੰਦਰ ਖਾਤੇ ਮਿਲੇ ਹੋਏ ਹਨ। ਜਾਖੜ ਦੇ ਇਸ ਬਿਆਨ ਦਾ ਸਰਕਾਰੀ ਬੈਂਚਾਂ ‘ਤੇ ਬੈਠੇ ਅਕਾਲੀਆਂ ਖਾਸ ਤੌਰ ‘ਤੇ ਮਜੀਠੀਆ ਨੇ ਮੇਜ਼ ਥਪਥਪਾ ਕੇ ਸਵਾਗਤ ਕੀਤਾ।
ਮਜੀਠੀਆ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਹਮੇਸ਼ਾ ਹੀ ਜਾਖੜ ਨੂੰ ਇੱਜ਼ਤ ਦੀ ਨਜ਼ਰ ਨਾਲ ਦੇਖਿਆ ਹੈ ਕਿਉਂਕਿ ਉਹ ਇਕ ਇਮਾਨਦਾਰ ਤੇ ਗੈਰਤਮੰਦ ਸਿਆਸਤਦਾਨ ਹਨ ਤੇ ਸੱਚ ਨੂੰ ਸੱਚ ਕਹਿਣ ਤੋਂ ਨਹੀਂ ਝਿਜਕਦੇ। ਹੁਣ ਤਕ ਕਾਂਗਰਸ ਪਾਰਟੀ ਇਸ ਮੁੱਦੇ ‘ਤੇ ਦੋਹਰੇ ਮਾਪਦੰਡ ਅਪਣਾਈ ਹੋਈ ਸੀ ਤੇ ਉਨ੍ਹਾਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਡਰੱਗ ਸਮੱਗਲਿੰਗ ਦੇ ਮੁੱਦੇ ‘ਤੇ ਇਕਤਰਫ਼ਾ ਤੇ ਬੇਬੁਨਿਆਦ ਪ੍ਰਚਾਰ ਦਾ ਸ਼ਿਕਾਰ ਹੋਣਾ ਪੈ ਰਿਹਾ ਸੀ। ਹੁਣ ਕਿਉਂਕਿ ਵੜਿੰਗ ਦਾ ਨਾਮ ਵੀ ਇਸ ਸਿਲਸਿਲੇ ‘ਚ ਆਉਣ ਲੱਗਾ ਹੈ ਤੇ ਕਾਂਗਰਸ ਨੂੰ ਆਪਣੇ ਡਬਲ ਸਟੈਂਡ ਛੱਡਣ ਲਈ ਮਜਬੂਰ ਹੋਣਾ ਪਿਆ ਹੈ, ਜਿਸ ਦੀ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ। ਰਾਜਾ ਵੜਿੰਗ ਦੀਆਂ ਅੱਖਾਂ ‘ਚ ਦੋ ਦਿਨਾਂ ‘ਚ ਹੀ ਹੰਝੂ ਆ ਗਏ ਜਦ ਕਿ ਉਨ੍ਹਾਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਇਹ ਸਥਿਤੀ ਝੱਲਣੀ ਪੈ ਰਹੀ ਹੈ।
ਜਾਖੜ ਦਾ ਵਿਚਾਰ ਸੀ ਕਿ ਜਿਸ ਢੰਗ ਨਾਲ ਪੁਲਸ ਦੀ ਹਿਰਾਸਤ ‘ਚ ਡਰੱਗ ਲਾਰਡ ਜਗਦੀਸ਼ ਭੋਲਾ ਤੋਂ ਮੀਡੀਆ ਨੂੰ ਬੁਲਾ ਕੇ ਮਜੀਠੀਆ ਖਿਲਾਫ਼ ਬਿਆਨ ਦਿਵਾਇਆ ਗਿਆ, ਉਸ ਤੋਂ ਸਾਫ਼ ਹੈ ਕਿ ਕੋਈ ਸਰਕਾਰ ‘ਚ ਹੀ ਉਨ੍ਹਾਂ ਖਿਲਾਫ਼ ਕੰਮ ਕਰ ਰਿਹਾ ਹੈ। ਇਹ ਆਦਮੀ ਕੌਣ ਹੈ, ਇਸ ਦਾ ਪਤਾ ਲਗਾਉਣਾ ਮੰਤਰੀ ਦਾ ਕੰਮ ਹੈ ਪਰ ਇਸ ਦੇ ਨਾਲ ਹੀ ਮਾਨਸਾ ਦੇ ਐੱਸ. ਐੱਸ. ਪੀ. ਵਲੋਂ ਇਕ ਪ੍ਰੈੱਸ ਕਾਨਫਰੰਸ ਕਰਕੇ ਰਾਜਾ ਵੜਿੰਗ ਨੂੰ ਡਰੱਗ ਸਮੱਗਲਰ ਗੁਰਲਾਲ ਸਿੰਘ ਦੇ ਅਖੌਤੀ ਬਿਆਨ ਦੇ ਆਧਾਰ ‘ਤੇ ਬੁਲਾ ਕੇ ਪੁੱਛਗਿੱਛ ਕਰਨ ਦੀ ਗੱਲ ਕਹਿਣਾ ਸਰਾਸਰ ਗਲਤ ਹੈ। ਐੱਸ. ਐੱਸ. ਪੀ. ਨੂੰ ਕਿਸ ਨੇ ਪ੍ਰੈੱਸ ਕਾਨਫਰੰਸ ਕਰਨ ਦੀ ਇਜਾਜ਼ਤ ਦਿੱਤੀ ਤੇ ਜੇਕਰ ਉਨ੍ਹਾਂ ਇਹ ਕੰਮ ਖੁਦ ਕੀਤਾ ਹੈ ਤਾਂ ਉਸਦੇ ਖਿਲਾਫ਼ ਸਰਕਾਰ ਕੀ ਕਾਰਵਾਈ ਕਰ ਰਹੀ ਹੈ, ਇਸ ਦੀ ਜਾਣਕਾਰੀ ਸਭ ਨੂੰ ਦਿੱਤੀ ਜਾਣੀ ਚਾਹੀਦੀ ਹੈ।
ਕਾਂਗਰਸ ਦੁਚਿੱਤੀ ‘ਚ : ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਵਲੋਂ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਸਮੱਗਲਿੰਗ ਦੇ ਮਾਮਲੇ ‘ਚ ਇਕ ਵਾਰ ਫਿਰ ਕਲੀਨ ਚਿੱਟ ਦੇਣ ‘ਤੇ ਕਾਂਗਰਸ ਪਾਰਟੀ ‘ਚ ਦੁਚਿੱਤੀ ਦੀ ਸਥਿਤੀ ਪਾਈ ਜਾ ਰਹੀ ਹੈ। ਇਕ ਪਾਸੇ ਤਾਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਸਾਰੇ ਸੂਬੇ ਵਿਚ ਰਾਜਾ ਵੜਿੰਗ ਦੇ ਮੁੱਦੇ ‘ਤੇ ਧਰਨੇ ਲਾ ਰਹੇ ਹਨ ਤੇ ਮਜੀਠੀਆ ਨੂੰ ਬਚਾਉਣ ਲਈ ਸਰਕਾਰ ਤੇ ਵੜਿੰਗ ਨੂੰ ਇਕ ਸਾਜ਼ਿਸ਼ ਤਹਿਤ ਨਸ਼ਾ ਸਮੱਗਲਿੰਗ ਦੇ ਮਾਮਲੇ ‘ਚ ਫਸਾਉਣ ਦੇ ਦੋਸ਼ ਲਗਾ ਰਹੇ ਹਨ ਤੇ ਦੂਸਰੇ ਪਾਸੇ ਵਿਧਾਇਕ ਦਲ ਦੇ ਨੇਤਾ ਇਸ ਮੁੱਦੇ ‘ਤੇ ਗੋਲਮੋਲ ਗੱਲ ਕਹਿ ਕੇ ਸਰਕਾਰ ਤੇ ਮਜੀਠੀਆ ਦਾ ਬਚਾਅ ਕਰ ਰਹੇ ਹਨ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026