Posted on August 5th, 2014

ਇਸਾਈ ਧਰਮ ਵਿੱਚ ਲੋਕ-ਸੇਵਾ ਲਈ ਜੋ ਮਾਣ-ਮਹੱਤਤਾ ਦਾ ਸਥਾਨ ਮਦਰ ਟੈਰੇਸਾ ਨੂੰ ਮਿਲਿਆ ਹੈ, ਉਹੋ ਸਥਾਨ ਸਿੱਖ ਧਰਮ ਵਿੱਚ ਭਗਤ ਪੂਰਨ ਸਿੰਘ ਨੂੰ ਹਾਸਲ ਹੈ। ਭਗਤ ਜੀ ਦਾ ਨਾਂ ਅਮਨ-ਸ਼ਾਂਤੀ ਦੇ ਮਸੀਹਾ ਵਜੋਂ ‘ਨੋਬੇਲ ਸ਼ਾਂਤੀ ਪੁਰਸਕਾਰ’ ਲਈ ਨਾਮਜ਼ਦ ਹੋ ਚੁੱਕਾ ਸੀ ਪਰ ਉਨ੍ਹਾਂ ਨੂੰ ਇਹ ਪੁਰਸਕਾਰ ਨਾ ਮਿਲਣ ’ਤੇ ਜਿੱਥੇ ਦੁਖੀ-ਮਜ਼ਲੂਮਾਂ ਨੂੰ ਦੁੱਖ ਹੋਇਆ ਉੱਥੇ ਹੀ ‘ਨੋਬੇਲ ਪੁਰਸਕਾਰ ਕਮੇਟੀ’ ਨੇ ਵੀ ਇਸ ’ਤੇ ਨਿਰਾਸ਼ਤਾ ਦਾ ਪ੍ਰਗਟਾਵਾ ਕੀਤਾ। ਭਗਤ ਪੂਰਨ ਸਿੰਘ ਦੀ ਜੀਵਨ-ਗਾਥਾ ਆਪਣੇ ਮੰਤਵ ਪ੍ਰਤੀ ਦ੍ਰਿੜ੍ਹਤਾ, ਸਿੱਖ ਗੁਰੂਆਂ ਵਿੱਚ ਅਥਾਹ ਵਿਸ਼ਵਾਸ ਅਤੇ ਦੀਨ-ਦੁਖੀਆਂ ਲਈ ਬੇਰੋਕ ਪਿਆਰ ਅਤੇ ਦਰਦ ਦਾ ਅਮੁੱਕ ਪ੍ਰਤੀਕ ਹੈ।
ਭਗਤ ਪੂਰਨ ਸਿੰਘ ਦਾ ਜਨਮ 4 ਜੂਨ, 1904 ਨੂੰ ਲੁਧਿਆਣਾ ਦੇ ਪਿੰਡ ਰਾਜੇਵਾਲ ਵਿੱਚ ਹੋਇਆ। ਭਗਤ ਪੂਰਨ ਸਿੰਘ ਦੇ ਪਿਤਾ ਜੀ ਸ਼ਿੱਬੂ ਮੱਲ ਅਤੇ ਮਾਤਾ ਮਹਿਤਾਬ ਕੌਰ ਦਾ ਉਹ ਇਕਲੌਤਾ ਪੁੱਤਰ ਸੀ। ਘਰੋਗੀ ਹਾਲਤ ਤਸੱਲੀਬਖ਼ਸ਼ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਨਾ ਕਦੀ ਨੌਕਰੀ ਕਰਨ ਬਾਰੇ ਸੋਚਿਆ ਅਤੇ ਨਾ ਕਦੀ ਵਿਆਹ ਕਰਾਉਣ ਵੱਲ ਧਿਆਨ ਕੀਤਾ। ਭਗਤ ਜੀ ਆਪਣੀਆਂ ਲਿਖਤਾਂ ਵਿੱਚ ਦੱਸਦੇ ਹਨ ਕਿ ਅਜਿਹਾ ਪ੍ਰਣ ਉਨ੍ਹਾਂ ਆਪਣੀ ਮਾਤਾ ਨਾਲ ਛੋਟੀ ਉਮਰੇ ਹੀ ਲੈ ਲਿਆ ਸੀ। ਮਨੁੱਖਤਾ ਦੀ ਸੇਵਾ ਵਿੱਚ ਭਰਪੂਰ ਲਗਨ ਅਤੇ ਦੁੱਖਾਂ ਕਸ਼ਟਾਂ ਨੂੰ ਸਹਾਰਨ ਦੀ ਸਮਰੱਥਾ ਦਾ ਸਾਰਾ ਮਾਣ ਉਹ ਆਪਣੀ ਮਾਤਾ ਨੂੰ ਦਿੰਦੇ ਹਨ ਜਿਨ੍ਹਾਂ ਨੇ ਬਚਪਨ ਵਿੱਚ ਹੀ ਉਨ੍ਹਾਂ ਵਿੱਚ ਅਜਿਹੇ ਸੰਸਕਾਰ ਭਰ ਦਿੱਤੇ ਕਿ ਭਗਤ ਜੀ ਤਨ-ਮਨ ਤੋਂ ਗ਼ਰੀਬਾਂ-ਅਨਾਥਾਂ ਦੀ ਸੇਵਾ ਪ੍ਰਤੀ ਉਮਰ ਭਰ ਲਈ ਸਮਰਪਿਤ ਹੋ ਗਏ। ਛੋਟੀ ਉਮਰ ਤੋਂ ਹੀ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿੱਚ ਆਮ ਸੰਗਤ ਦੀ ਸੇਵਾ ਕਰਦਿਆਂ ਉਹ ਲਾਵਾਰਸ, ਲੂਲ੍ਹੇ-ਲੰਗੜੇ ਅਤੇ ਬੇ-ਸਹਾਰਾ ਲਾਚਾਰਗੀ ਦੇ ਮਾਰੇ ਵਿਅਕਤੀਆਂ ਦਾ ਦਿਲੋਂ ਹਮਦਰਦ ਬਣ ਗਿਆ ਸੀ। ਕਿਸੇ ਰਸਮੀ ਪੜ੍ਹਾਈ ਨੂੰ ਪੂਰਾ ਕਰਨ ਦੀ ਥਾਂ ਉਨ੍ਹਾਂ ਆਪਣਾ ਧਿਆਨ ਬੇ-ਸਹਾਰਾ ਮਰੀਜ਼ਾਂ ਵੱਲ ਲਗਾਇਆ। ਇਹ ਕਾਰਜ ਕਰਦਿਆਂ ਉਨ੍ਹਾਂ ਨੂੰ ਆਪਣੀ ਭੁੱਖ-ਪਿਆਸ ਜਾਂ ਕਿਸੇ ਸੁੱਖ ਆਰਾਮ ਦਾ ਖ਼ਿਆਲ ਤਕ ਨਹੀਂ ਰਹਿੰਦਾ ਸੀ।
ਉਹ ਆਪ ਲਿਖਦੇ ਹਨ ਕਿ ਦੇਸ਼ ਦੀ ਵੰਡ ਵੇਲੇ ਜਦ ਉਹ ਲਾਹੌਰ ਤੋਂ ਅੰਮ੍ਰਿਤਸਰ ਪਹੁੰਚੇ ਤਾਂ ਉਨ੍ਹਾਂ ਦੀ ਜੇਬ ਵਿੱਚ ਇੱਕ ਰੁਪਿਆ ਅਤੇ ਪੰਜ ਆਨੇ ਸਨ ਅਤੇ ਉਨ੍ਹਾਂ ਦਾ ‘ਪਿਆਰਾ’ ਲੂਲ੍ਹਾ ਜ਼ਰੂਰ ਉਨ੍ਹਾਂ ਦੇ ਕੰਧਾੜੇ ਸਵਾਰ ਸੀ। ਗੁਰੂ ਕੀ ਨਗਰੀ ਵਿੱਚ ਆ ਕੇ ਉਨ੍ਹਾਂ ਨੇ ਆਪਣੇ ਮੁੱਢਲੇ ਦਿਨ ਸੜਕਾਂ ਕਿਨਾਰੇ, ਖ਼ਸਤਾ ਇਮਾਰਤਾਂ ਹੇਠ ਅਤੇ ਰੇਲਵੇ ਦੇ ਯਾਰਡ ਵਿੱਚ ਬਿਤਾਏ। ਖ਼ਾਲਸਾ ਕਾਲਜ ਦੇ ਰਫ਼ਿਊਜੀ ਕੈਂਪ ਵਿੱਚ ਉਨ੍ਹਾਂ ਨੇ ਵਿਸ਼ੇਸ਼ ਯੋਗਦਾਨ ਪਾਇਆ।
ਭਗਤ ਜੀ ਸਿੱਖ ਧਰਮ ਪ੍ਰਤੀ ਕਿਵੇਂ ਸਮਰਪਿਤ ਹੋਏ, ਇਸ ਬਾਰੇ ਉਹ ਆਪ ਵਾਕਿਆ ਬਿਆਨ ਕਰਦੇ ਹਨ ਕਿ ਜੁਆਨੀ ਵੇਲੇ ਉਹ ਪੈਦਲ ਹੀ ਪਿੰਡੋ-ਪਿੰਡ ਪਹੁੰਚ ਜਾਂਦੇ ਸਨ। ਇੱਕ ਰਾਤ ਉਨ੍ਹਾਂ ਨੂੰ ਕਿਸੇ ਮੰਦਰ ਵਿੱਚ ਠਹਿਰਨਾ ਪਿਆ। ਮੰਦਰ ਦੇ ਪੁਜਾਰੀ ਨੇ ਭਗਤ ਜੀ ਨੂੰ ਮੰਦਰ ਦੀ ਸਫ਼ਾਈ ਕਰਨ ਲਈ ਕਿਹਾ। ਇਸ ਪਿੱਛੋਂ ਉਹ ਪੁਜਾਰੀ ਆਪਣੀ ਰੋਟੀ ਪਾ ਕੇ ਖਾਣ ਲੱਗ ਪਿਆ ਪਰ ਭਗਤ ਜੀ ਦਾ ਕੋਈ ਧਿਆਨ ਨਾ ਕੀਤਾ। ਅਗਲੇ ਦਿਨ ਉਹ ਇੱਕ ਗੁਰਦੁਆਰੇ ਵਿੱਚ ਰੁਕੇ। ਗੁਰਦੁਆਰੇ ਦੇ ਭਾਈ ਜੀ ਨੇ ਭਗਤ ਜੀ ਨੂੰ ਨਾ ਕੇਵਲ ਪਰਸ਼ਾਦਾ ਛਕਾਇਆ ਸਗੋਂ ਦੁੱਧ ਦਾ ਗਲਾਸ ਵੀ ਦਿੱਤਾ ਅਤੇ ਰਾਤ ਆਰਾਮ ਕਰਨ ਲਈ ਮੰਜਾ ਬਿਸਤਰਾ ਵੀ ਦਿੱਤਾ। ਉਸ ਦਿਨ ਤੋਂ ਭਗਤ ਜੀ ਤਨ-ਮਨ ਤੋਂ ਗੁਰੂ ਖ਼ਾਲਸਾ ਦੇ ਭਗਤ ਬਣ ਗਏ।
ਭਗਤ ਪੂਰਨ ਸਿੰਘ ਨੇ ਮਨੁੱਖਤਾ ਦੇ ਦਰਦ ਨੂੰ ਡੂੰਘਾਈ ਅਤੇ ਸੁਹਿਰਦਤਾ ਨਾਲ ਸੋਚਿਆ। ਉਨ੍ਹਾਂ ਨੇ ਪਿੰਗਲਵਾੜਾ ਦੀ ਸਥਾਪਨਾ ਵਾਸਤੇ ਅੰਮ੍ਰਿਤਸਰ ਸ਼ਹਿਰ ਨੂੰ ਤਰਜੀਹ ਦਿੱਤੀ ਕਿਉਂਕਿ ਇੱਕ ਤਾਂ ਇੱਥੇ ਸਰਕਾਰੀ ਹਸਪਤਾਲ ਸਨ ਜਿੱਥੇ ਉਹ ਆਸਾਨੀ ਨਾਲ ਬੀਮਾਰਾਂ ਦਾ ਇਲਾਜ ਕਰਵਾ ਸਕਦੇ ਸਨ ਤੇ ਦੂਜਾ ਇਹ ਸ਼ਹਿਰ ‘ਗੁਰੂ ਦੀ ਨਗਰੀ’ ਹੋਣ ਸਦਕਾ ਸੰਗਤਾਂ ਇੱਥੇ ਆਮ ਆਉਂਦੀਆ ਸਨ ਅਤੇ ਦੀਨ ਦੁਖੀਆਂ ਦੀ ਮਦਦ ਲਈ ਹਰ ਪ੍ਰਕਾਰ ਦੀ ਸਹਾਇਤਾ ਦਿੰਦੀਆਂ ਸਨ ਜੋ ਅੱਜ ਵੀ ਜਾਰੀ ਹੈ। ਕਾਫ਼ੀ ਸਮਾਂ ਤਾਂ ਇਹ ਸੰਸਥਾ ਅਣਗੌਲੀ ਹੀ ਚੱਲਦੀ ਰਹੀ ਪਰ 6 ਮਾਰਚ 1957 ਨੂੰ ‘ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ’ ਦੇ ਰੂਪ ਵਿੱਚ ਰਜਿਸਟਰ ਹੋ ਗਈ। ਇਸ ਨਾਲ ਜਿੱਥੇ ਭਗਤ ਜੀ ਦੀਆਂ ਘਾਲਾਂ ਨੂੰ ਬੂਰ ਪਿਆ ਉੱਥੇ ਉਨ੍ਹਾਂ ਦੀਆਂ ਸੇਵਾਵਾਂ ਦੀ ਮਾਨਤਾ ਹੋਣੀ ਵੀ ਸ਼ੁਰੂ ਹੋ ਗਈ। ਸੰਸਥਾ ਵਿਚ ਆਉਣ ਵਾਲੇ ਅਪੰਗ, ਅਪਾਹਜ, ਲੂਲ੍ਹੇ-ਲੰਗੜੇ, ਬੇ-ਸਹਾਰਾ ਅਤੇ ਪਾਗਲਪਨ ਦੇ ਸ਼ਿਕਾਰ ਵੀ ਇੱਥੇ ਸ਼ਰਨ ਲੈਣ ਲੱਗ ਪਏ। ਇਹ ਸਿਲਸਿਲਾ ਅੱਜ ਵੀ ਨਿਰੰਤਰ ਜਾਰੀ ਹੈ। ਇਸ ਮੰਤਵ ਦੀ ਪੂਰਤੀ ਹਿੱਤ ਭਗਤ ਜੀ ਕਈ ਤਰ੍ਹਾਂ ਦੇ ਪੈਂਫਲਿਟ ਅਤੇ ਇਸ਼ਤਿਹਾਰ ਲਿਖ ਕੇ ਲੋਕਾਂ ਨੂੰ ਦੇਸ਼-ਵਿਦੇਸ਼ ਵਿੱਚ ਬਿਨਾਂ ਕਿਸੇ ਕੀਮਤ ਦੇ ਵੰਡਦੇ ਰਹੇ ਅਤੇ ਉਨ੍ਹਾਂ ਦੇ ਇਸ ਉੱਦਮ ਨੂੰ ਉਨ੍ਹਾਂ ਦੇ ਪੈਰੋਕਾਰ ਅੱਜ ਵੀ ਜਾਰੀ ਰੱਖ ਰਹੇ ਹਨ। ਵਿਸ਼ੇਸ਼ਤਾ ਇਸ ਗੱਲ ਵਿੱਚ ਹੈ ਕਿ ਭਗਤ ਜੀ ਜ਼ਿੰਦਗੀ ਦੇ ਹਰ ਪਹਿਲੂ, ਸਮਾਜਿਕ, ਆਰਥਿਕ, ਧਾਰਮਿਕ, ਸਿਆਸੀ ਅਤੇ ਵਾਤਾਵਰਨ ਬਾਰੇ ਗਿਆਨ ਪ੍ਰਾਪਤੀ ਲਈ ਜਗਤ ਪ੍ਰਸਿੱਧ ਲੇਖਕਾਂ ਦੀਆਂ ਕਿਤਾਬਾਂ ਪੜ੍ਹਦੇ ਅਤੇ ਫਿਰ ਆਪ ਲਿਖਤਾਂ ਲਿਖਦੇ। ਉਨ੍ਹਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਕਿਤਾਬਾਂ ਦੇ ਰੂਪ ਵਿੱਚ ਬਿਨਾਂ ਕਿਸੇ ਕੀਮਤ ’ਤੇ ਦਾਨੀਆਂ, ਸ਼ਰਧਾਲੂਆਂ ਨੂੰ ਦਿੱਤੀਆਂ ਜਾਂਦੀਆਂ ਹਨ ਅਤੇ ਅੱਜ-ਕੱਲ੍ਹ ਉਨ੍ਹਾਂ ਕਿਤਾਬਾਂ ਦਾ ਅੰਗਰੇਜ਼ੀ ਅਤੇ ਹੋਰ ਵਿਦੇਸ਼ੀ ਜ਼ੁਬਾਨਾਂ ਵਿੱਚ ਉਲੱਥਾ ਕਰਵਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਗਤ ਜੀ ਦੀ ਅਜਿਹੀ ਘਾਲਣਾ ਦੇ ਸਨਮਾਨ ਵਜੋਂ ਉਨ੍ਹਾਂ ਨੂੰ ਅਨੇਕਾਂ ਪੁਰਸਕਾਰ ਵੀ ਮਿਲੇ ਹਨ। 1979 ਵਿੱਚ ਉਨ੍ਹਾਂ ਨੂੰ ‘ਪਦਮਸ਼੍ਰੀ ਪੁਰਸਕਾਰ’ ਦਿੱਤਾ ਗਿਆ ਜੋ ਉਨ੍ਹਾਂ ਨੇ 1984 ਵਿੱਚ ਹਰਿਮੰਦਰ ਸਾਹਿਬ ’ਤੇ ਹਮਲਾ ਹੋਣ ਦੇ ਰੋਸ ਵਜੋਂ ਵਾਪਸ ਕਰ ਦਿੱਤਾ ਸੀ।
5 ਅਗਸਤ 1992 ਦਾ ਦਿਨ ਭਗਤ ਜੀ ਦੀ ਸੰਸਾਰਕ ਯਾਤਰਾ ਦਾ ਆਖਰੀ ਦਿਨ ਸੀ। ਭਗਤ ਜੀ ਨੇ ਸਿੱਖ ਗੁਰੂਆਂ ਦੇ ਪਾਏ ਪੂਰਨਿਆਂ ’ਤੇ ਚੱਲਦਿਆਂ ਮਨੁੱਖਤਾ ਪ੍ਰਤੀ ਸਮਰਪਿਤ ਸਿੱਖ ਹੋਣ ਦਾ ਪ੍ਰਮਾਣ ਪੇਸ਼ ਕੀਤਾ ਹੈ।
- ਜੋਗਿੰਦਰ ਸਿੰਘ ਜੋਗੀ

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026