Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਖ਼ਾਲਿਸਤਾਨੀ ਨੇਤਾ ਗੰਗਾ ਸਿੰਘ ਢਿੱਲੋਂ ਦਾ ਵਾਸ਼ਿੰਗਟਨ ’ਚ ਦੇਹਾਂਤ

Posted on September 25th, 2014



ਅੰਮ੍ਰਿਤਸਰ- ਖ਼ਾਲਿਸਤਾਨੀ ਨੇਤਾ ਤੇ ਸਿਧਾਂਤਾਕਾਰ ਗੰਗਾ ਸਿੰਘ ਢਿੱਲੋਂ ਦਾ ਅਮਰੀਕਾ ਵਿੱਚ ਬੀਤੇ ਦਿਨ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ’ਤੇ ਦਲ ਖ਼ਾਲਸਾ ਜਥੇਬੰਦੀ ਨੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਪਾਰਟੀ ਆਗੂ ਸਤਨਾਮ ਸਿੰਘ ਅਤੇ ਕੰਵਰਪਾਲ ਸਿੰਘ ਨੇ ਸੁਨੇਹੇ ਵਿੱਚ ਆਖਿਆ ਕਿ ਅਮਰੀਕਾ ਵਾਸੀ ਗੰਗਾ ਸਿੰਘ ਢਿੱਲੋਂ ਨਨਕਾਣਾ ਸਾਹਿਬ ਫਾਊਂਡੇਸ਼ਨ ਦੇ ਚੇਅਰਮੈਨ ਵੀ ਸਨ। ਇਹ ਸਵੈ ਸੇਵੀ ਸੰਸਥਾ ਪਾਕਿਸਤਾਨ ਵਿੱਚ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਬਣਾਈ ਗਈ ਹੈ।

ਢਿੱਲੋਂ ਬਾਰੇ ਗੱਲ ਕਰਦਿਆਂ ਸਿੱਖ ਆਗੂਆਂ ਨੇ ਆਖਿਆ ਕਿ ਉਨ੍ਹਾਂ ਆਖਰੀ ਸਾਹ 24 ਸਤੰਬਰ ਨੂੰ ਵਾਸ਼ਿੰਗਟਨ ਡੀ.ਸੀ. ਸਥਿਤ ਆਪਣੇ ਘਰ ਵਿੱਚ ਲਏ। ਮ੍ਰਿਤਕ ਦੇਹ ਦਾ ਸਸਕਾਰ 27 ਸਤੰਬਰ ਸਨਿੱਚਰਵਾਰ ਨੂੰ ਵਾਸ਼ਿੰਗਟਨ ਵਿੱਚ ਹੋਵੇਗਾ। ਉਹ 86 ਵਰ੍ਹਿਆਂ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਡਾਕਟਰ ਜਗਜੀਤ ਸਿੰਘ ਚੌਹਾਨ ਅਤੇ ਗਜਿੰਦਰ ਸਿੰਘ ਵਾਂਗ ਗੰਗਾ ਸਿੰਘ ਢਿੱਲੋਂ ਵੀ 1970-80ਵੇਂ ਵਿੱਚ ਸਿੱਖ ਲਹਿਰ ਨਾਲ ਜੁੜੇ ਹੋਏ ਸਨ। ਉਹ ਵੱਖਰੇ ਸਿੱਖ ਰਾਜ ਦੇ ਸਮਰਥਕ ਸਨ ਅਤੇ ਉਨ੍ਹਾਂ ਦੀ ਪਾਕਿਸਤਾਨ ਦੇ ਮਰਹੂਮ ਰਾਸ਼ਟਰਪਤੀ ਜ਼ਿਆ ਉਲ ਹੱਕ ਤੇ ਸਾਬਕਾ ਗ੍ਰਹਿ ਮੰਤਰੀ ਚੌਧਰੀ ਸੁਜਾਤ ਹੁਸੈਨ ਨਾਲ ਕਾਫੀ ਨੇੜਤਾ ਸੀ। 

ਦੋਵਾਂ ਆਗੂਆਂ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਭਾਰਤੀ ਹਵਾਈ ਜਹਾਜ਼ ਅਗਵਾ ਕਰਨ ਵਾਲੇ ਸਿੱਖ ਆਗੂਆਂ ਦੀ ਪਾਕਿਸਤਾਨ ਜੇਲ੍ਹ ਦੌਰਾਨ ਵੀ ਮਦਦ ਕੀਤੀ ਸੀ। ਉਸ ਵੇਲੇ ਪਾਕਿਸਤਾਨੀ ਸਰਕਾਰ ਨੇ ਜਹਾਜ਼ ਦੇ ਸਿੱਖ ਅਗਵਾਕਾਰਾਂ ਨੂੰ ਆਖਿਆ ਸੀ ਕਿ ਉਹ ਪਾਕਿਸਤਾਨ ਦੀ ਧਰਤੀ ਛੱਡ ਦੇਣ ਪਰ ਸ੍ਰੀ ਢਿੱਲੋਂ ਨੇ ਉਸ ਵੇਲੇ ਵੀ ਅਹਿਮ ਰੋਲ ਨਿਭਾਇਆ ਸੀ। ਉਨ੍ਹਾਂ ਆਖਿਆ ਕਿ ਗੰਗਾ ਸਿੰਘ ਢਿੱਲੋਂ ਉਨ੍ਹਾਂ ਵਿਅਕਤੀਆਂ ਦੇ ਨਾਵਾਂ ਦੀ ਸੂਚੀ ਵਿੱਚ ਸ਼ਾਮਲ ਸਨ, ਜਿਨ੍ਹਾਂ ਦੇ ਭਾਰਤ ਵਿੱਚ ਦਾਖ਼ਲੇ ’ਤੇ ਰੋਕ ਲੱਗੀ ਹੋਈ ਹੈ। ਉਨ੍ਹਾਂ 80ਵੇਂ ਦੇ ਦਹਾਕੇ ਵਿੱਚ ਭਾਰਤ ਛੱਡ ਦਿੱਤਾ ਸੀ ਅਤੇ ਮੁੜ ਵਾਪਸ ਨਹੀਂ ਆਏ। ਉਹ ਪਾਕਿਸਤਾਨ ਵਿੱਚ ਆਉਂਦੇ ਜਾਂਦੇ ਰਹਿੰਦੇ ਸਨ।



Archive

RECENT STORIES