Posted on September 26th, 2014

<p> 'ਪੰਜਾਬੀ ਪ੍ਰੈਸ ਕਲੱਬ ਆਫ ਬੀ. ਸੀ.' ਨਾਲ ਵਿਸ਼ੇਸ਼ ਮਿਲਣੀ ਮੌਕੇ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਵੈਨਕੂਵਰ ਦੀ ਨਾਮਵਰ ਸ਼ਖਸੀਅਤ ਕਸ਼ਮੀਰ ਸਿੰਘ ਧਾਲੀਵਾਲ<br></p>
ਪ੍ਰਵਾਸੀ ਪੰਜਾਬੀ ਪੰਜਾਬ ਦੀ ਮਾੜੀ ਹਾਲਤ ਲਈ ਵਧੇਰੇ ਚਿੰਤਤ
ਸਰੀ (ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ/ ਗੁਰਪ੍ਰੀਤ ਸਿੰਘ ਸਹੋਤਾ) -ਕੈਨੇਡਾ ਦੀ ਫੇਰੀ ਦੌਰਾਨ 'ਪੰਜਾਬੀ ਪ੍ਰੈਸ ਕਲੱਬ ਆਫ ਬੀ. ਸੀ.' ਨਾਲ ਵਿਸ਼ੇਸ਼ ਮਿਲਣੀ ਮੌਕੇ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੰਨਿਆ ਕਿ ਪੰਜਾਬ ਦੀ ਮਾੜੀ ਹਾਲਤ ਬਾਰੇ ਵਿਦੇਸ਼ਾਂ 'ਚ ਬੈਠੇ ਪੰਜਾਬੀ ਵਧੇਰੇ ਚਿੰਤਤ ਹਨ। ਉਨ੍ਹਾਂ ਪੰਜਾਬ ਅੰਦਰ ਫੈਲੇ ਨਸ਼ਿਆਂ ਦੇ ਕੋਹੜ, ਭ੍ਰਿਸ਼ਟਾਚਾਰ, ਪਰਿਵਾਰਵਾਦ ਦੀ ਸਿਆਸਤ, ਅਮਨ-ਕਾਨੂੰਨ ਦੀ ਵਿਗੜੀ ਸਥਿਤੀ ਅਤੇ ਸਿਹਤ ਸੇਵਾਵਾਂ ਦੇ ਨਿੱਜੀਕਰਨ ਸਬੰਧੀ ਤੱਥਾਂ ਸਹਿਤ ਵਿਚਾਰ ਸਾਂਝੇ ਕੀਤੇ।
ਪ੍ਰੈਸ ਸੰਮੇਲਨ ਦੌਰਾਨ ਸ. ਖਹਿਰਾ ਨੇ ਸਵੀਕਾਰ ਕੀਤਾ ਕਿ ਨਸ਼ਿਆਂ ਦੇ ਵੱਡੇ ਤਸਕਰਾਂ ਖਿਲਾਫ ਮੋਰਚਾਬੰਦੀ ਸਫਲ ਨਾ ਹੋਣ ਪਿੱਛੇ ਅਕਾਲੀ-ਭਾਜਪਾ ਸਰਕਾਰ ਦੇ ਨਾਲ-ਨਾਲ ਉਨ੍ਹਾਂ ਦੀ ਆਪਣੀ ਪਾਰਟੀ ਕਾਂਗਰਸ ਵਿਚਲੀ ਆਪਸੀ ਫੁੱਟ ਵੀ ਜ਼ਿੰਮੇਵਾਰ ਹੈ। ਆਪਣੇ ਪਰਿਵਾਰਕ ਅਕਾਲੀ ਪਿਛੋਕੜ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜਨ ਦਾ ਕਾਰਨ ਪੁੱਛਣ 'ਤੇ ਸਾਬਕਾ ਵਿਧਾਇਕ ਨੇ ਕਿਹਾ ਕਿ ਇਸ ਵਾਸਤੇ ਅਕਾਲੀ ਦਲ 'ਤੇ ਵਿਸ਼ੇਸ਼ ਵਰਗ ਦਾ ਕਬਜ਼ਾ ਅਤੇ ਪੁਰਾਤਨ ਵਿਰਾਸਤੀ ਪੱਖਾਂ ਦਾ ਪਤਨ ਜ਼ਿੰਮੇਵਾਰ ਹਨ। ਦਿਲਚਸਪ ਗੱਲ ਇਹ ਸੀ ਕਿ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਲੀਡਰਸ਼ਿਪ ਦੀਆਂ ਜੇਲ੍ਹ ਯਾਤਰਾਵਾਂ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਝੂਠ ਬੋਲਦੇ ਹਨ ਕਿ ਉਨ੍ਹਾਂ ਦੇ ਪਿਤਾ ਨੇ ਸਭ ਤੋਂ ਵੱਧ ਜੇਲ੍ਹਾਂ ਕੱਟੀਆਂ ਹਨ, ਜਦਕਿ ਅਸਲੀਅਤ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ਉਨ੍ਹਾਂ ਦੇ ਪਿਤਾ ਸ. ਸੁਖਜਿੰਦਰ ਸਿੰਘ ਸਭ ਤੋਂ ਵੱਧ ਜੇਲ੍ਹਾਂ 'ਚ ਰਹੇ ਹਨ।
ਖਹਿਰਾ ਨੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਪੰਜਾਬ 'ਚ ਹਰ ਸਾਲ 5000 ਮਨੁੱਖੀ ਜਾਨਾਂ ਸੜਕ ਹਾਦਸਿਆਂ ਦੀ ਭੇਟ ਚੜ ਜਾਂਦੀਆਂ ਹਨ ਪਰ ਸਰਕਾਰ ਚਾਹੇ ਅਕਾਲੀਆਂ ਦੀ ਹੋਵੇ ਜਾਂ ਕਾਂਗਰਸ ਦੀ, ਕਿਸੇ ਦਾ ਵੀ ਇਸ ਪਾਸੇ ਧਿਆਨ ਨਹੀਂ। ਸਿਆਸਤਦਾਨਾਂ ਦੀ ਦੌੜ ਸਿਰਫ ਇਹੀ ਹੈ ਕਿ ਕੁਰਸੀ ਕਿਵੇਂ ਲੈਣੀ ਹੈ ਅਤੇ ਫਿਰ ਇਸ ਨੂੰ ਆਪਣੇ ਥੱਲੇ ਕਿਵੇਂ ਰੱਖਣਾ ਹੈ। ਲੋਕਾਂ ਦੇ ਮਸਲੇ ਸਿਆਸਦਾਨਾਂ ਨੂੰ ਤਾਂ ਭੁੱਲੇ ਹੀ ਸਨ, ਹੁਣ ਲੋਕਾਂ ਨੂੰ ਵੀ ਭੁੱਲ ਗਏ ਜਾਪਦੇ ਹਨ, ਉਹ ਵੀ ਚੋਣਾਂ 'ਚ ਆਪਣੀ ਵੋਟ ਦਾ ਵੱਧ ਤੋਂ ਵੱਧ ਮੁੱਲ ਵੱਟਣ ਦੀ ਤਾਕ 'ਚ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁਫਤ ਬਿਜਲੀ-ਰਾਸ਼ਨ ਦੇ ਕੇ ਮਾਨਸਿਕ ਤੌਰ 'ਤੇ ਗੁਲਾਮ ਬਣਾਇਆ ਜਾ ਰਿਹਾ ਹੈ ਤਾਂ ਕਿ ਵੋਟ ਬੈਂਕ ਨੂੰ ਕਾਇਮ ਰੱਖਿਆ ਜਾ ਸਕੇ। ਅਜਿਹੇ 'ਚ ਆਮ ਲੋਕ ਹੀ ਨਹੀਂ ਬਲਕਿ ਪੜ੍ਹੇ-ਲਿਖੇ ਲੋਕ ਵੀ ਸਿਆਸਤ ਤੋਂ ਕਿਨਾਰਾ ਕਰ ਰਹੇ ਹਨ ਕਿਉਂਕਿ ਪੰਚੀ-ਸਰਪੰਚੀ ਤੋਂ ਲੈ ਕੇ ਵਿਧਾਇਕ, ਐਮ. ਪੀ. ਦੀ ਚੋਣ 'ਤੇ ਲੱਖਾਂ-ਕਰੋੜਾਂ ਰੁਪਏ ਦਾ ਖਰਚਾ ਹੋਣਾ ਆਮ ਗੱਲ ਬਣ ਗਈ ਹੈ, ਜੋ ਕਿ ਸਿਰਫ ਬਾਹੂਬਲੀ ਅਤੇ ਅਮੀਰ ਲੋਕਾਂ ਦੇ ਵੱਸ ਦੀ ਗੱਲ ਹੈ।
ਆਮ ਆਦਮੀ ਪਾਰਟੀ 'ਚ ਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਗੱਲ ਵਿਚਾਰੀ ਜ਼ਰੂਰ ਸੀ ਪਰ ਜਾਣ ਦਾ ਵਿਚਾਰ ਕੋਈ ਨਹੀਂ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਬਾਦਲ ਨੇ ਖੁਦ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਕਾਂਗਰਸ ਨਹੀਂ ਛੱਡਣੀ ਚਾਹੀਦੀ। ਉਨ੍ਹਾਂ ਮੰਨਿਆ ਕਿ ਪੰਜਾਬ 'ਚ ਨਵੀਂ ਪਾਰਟੀ ਦੇ ਪੈਰ ਲੱਗਣੇ ਬਹੁਤ ਔਖੇ ਹਨ ਕਿਉਂਕਿ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਦਾ ਜਾਲ ਪਿੰਡ ਅਤੇ ਮੁਹੱਲਾ ਪੱਧਰ ਤੱਕ ਫੈਲਿਆ ਹੋਇਆ ਹੈ।
ਪ੍ਰਵਾਸੀਆਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪੰਜਾਬ ਬੈਠੇ ਲੋਕਾਂ ਨੂੰ ਜਾਗਰੂਕ ਕਰਨ 'ਚ ਮੋਹਰੀ ਰੋਲ ਨਿਭਾਉਣ। ਆਮ ਆਦਮੀ ਪਾਰਟੀ ਦਾ ਉਭਾਰ ਪ੍ਰਵਾਸੀਆਂ ਦੀ ਜਾਗਰੂਕਤਾ ਅਤੇ ਹੰਭਲੇ ਨਾਲ ਹੀ ਹੋ ਸਕਿਆ ਹੈ। ਪੰਜਾਬ ਦੇ ਹੋਰ ਲੋਕ ਵੀ ਪ੍ਰਵਾਸੀਆਂ ਦੇ ਉੱਦਮ ਨਾਲ ਜਾਗ ਸਕਦੇ ਹਨ।
ਜਾਪਦਾ ਹੈ ਕਿ ਪੰਜਾਬ ਤੋਂ ਆਉਣ ਵਾਲੇ ਹਰ ਸਿਆਸਤਦਾਨ, ਬੁੱਧੀਜੀਵੀ ਅਤੇ ਲੇਖਕ ਦੀ ਟੇਕ ਹੁਣ ਪ੍ਰਵਾਸੀਆਂ 'ਤੇ ਹੀ ਹੈ ਕਿ ਇਹੀ ਪੰਜਾਬ 'ਚ ਕੋਈ ਸੁਧਾਰ ਲਿਆ ਸਕਦੇ ਹਨ। ਪਰ ਹੁਣ ਜਦਕਿ ਸਰਕਾਰਾਂ ਜਾਗਰੂਕਤਾ ਫੈਲਾ ਰਹੇ ਪ੍ਰਵਾਸੀਆਂ ਨੂੰ ਹੀ ਦੇਸ਼-ਵਿਰੋਧੀ ਕਾਰਵਾਈਆਂ ਕਰਦੇ ਦੱਸ ਕੇ ਕਾਨੂੰਨੀ ਸ਼ਿਕੰਜੇ 'ਚ ਫਸਾਉਣ ਦੇ ਯਤਨ ਕਰ ਰਹੀਆਂ ਹਨ ਤਾਂ ਅਜਿਹੀ ਹਾਲਤ 'ਚ ਪ੍ਰਵਾਸੀ ਕੀ ਕਰ ਲੈਣਗੇ?
ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਦੇ ਮੇਜ਼ਬਾਨ ਕਸ਼ਮੀਰ ਸਿੰਘ ਧਾਲੀਵਾਲ ਨੇ ਬੀ. ਸੀ. ਦੇ ਪੰਜਾਬੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਕਿ ਉਹ 28 ਸਤੰਬਰ ਦਿਨ ਐਤਵਾਰ ਬਾਅਦ ਦੁਪਹਿਰ 3 ਵਜੇ ਸਰੀ ਦੇ ਆਰੀਆ ਬੈਂਕੁਇਟ ਹਾਲ ਵਿਖੇ ਪੁੱਜਣ। ਇਸ ਮੌਕੇ ਉਹ ਖਹਿਰਾ ਨਾਲ ਮਿਲ ਕੇ ਗੱਲਬਾਤ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ ਸਵੇਰੇ 11 ਵਜੇ ਉਹ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਨਤਮਸਤਕ ਹੋਣਗੇ ਜਦਕਿ ਇੱਕ ਦਿਨ ਪਹਿਲਾਂ ਸ਼ਨਿਚਰਵਾਰ 27 ਸਤੰਬਰ ਨੂੰ ਐਬਟਸਫੋਰਡ ਵਿਖੇ ਉਹ ਵਿਰਾਸਤੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦਿਆਂ ਗਿਆਨ ਸਵੀਟ ਸ਼ਾਪ ਵਿਖੇ ਐਬਟਸਫੋਰਡ ਦੇ ਪੰਜਾਬੀਆਂ ਨੂੰ ਮਿਲਣਗੇ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026