Posted on September 28th, 2014

ਲੁਧਿਆਣਾ (ਜਗਰੂਪ ਸਿੰਘ ਜਰਖੜ) ਵੱਖ-ਵੱਖ ਖੇਤਰਾਂ ਵਿੱਚ ਵੱਡਾ ਨਾਮਣਾ ਖੱਟਣ ਵਾਲੇ ਜਲੰਧਰ ਦੂਰਦਰਸ਼ਨ ਦੇ ਚਰਚਿੱਤ ਨਿਊਜ਼ ਰੀਡਰ, ਖੇਡ ਪ੍ਰਮੋਟਰ ਅਤੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਇਲੈਕਟਰੋਨਿਕ ਵਿਭਾਗ ਮੁਖੀ ਪ੍ਰੋ. ਕੰਵਲਜੀਤ ਸਿੰਘ ਢੁੱਡੀਕੇ, ਜੋ ਕਿ ਕੈਨੇਡਾ ਦੇ ਕਈ ਰੇਡੀਓ ਸਟੇਸ਼ਨਾਂ 'ਤੇ ਪੰਜਾਬ ਤੋਂ ਖਬਰਾਂ ਦਿਆ ਕਰਦੇ ਸਨ, ਸਥਾਨਕ ਦਿਆਨੰਦ ਹਸਪਤਾਲ ਲੁਧਿਆਣਾ ਵਿਖੇ ਅਕਾਲ ਚਲਾਣਾ ਕਰ ਗਏ। ਉਹ 50 ਵਰ੍ਹਿਆਂ ਦੇ ਸਨ। ਉਹ ਆਪਣੇ ਪਿੱਛੇ ਬੇਟਾ ਹਰਨੂਰ ਸਿੰਘ, ਬੇਟੀ ਅੰਮ੍ਰਿਤ ਕੌਰ ਅਤੇ ਪਤਨੀ ਜਸਪਾਲ ਕੌਰ ਨੂੰ ਛੱਡ ਗਏ ਹਨ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪੰਜਾਬੀ ਜ਼ਬਾਨ ਬਾਰੇ ਉਹ ਹਮੇਸ਼ਾ ਫਿਕਰਮੰਦ ਰਹਿੰਦੇ ਸਨ ਤੇ ਸ਼ੁੱਧ ਪੰਜਾਬੀ ਬੋਲਦਿਆਂ ਨਵੀਂ ਪੀੜ੍ਹੀ ਨੂੰ ਨਵੇਂ ਲਫਜ਼ ਸਿਖਾ ਜਾਂਦੇ ਸਨ।
ਸਵ : ਪ੍ਰੋ. ਕੰਵਲਜੀਤ ਸਿੰਘ ਢੁੱਡੀਕੇ ਦਾ ਅੰਤਿਮ ਸੰਸਕਾਰ 1 ਅਕਤੂਬਰ ਦਿਨ ਬੁੱਧਵਾਰ ਨੂੰ ਸ਼ਮਸ਼ਾਨਘਾਟ ਨੇੜੇ ਦਾਣਾ ਮੰਡੀ ਅਰੋੜਾ ਪੈਲੇਸ ਲੁਧਿਆਣਾ ਵਿਖੇ 12 ਵਜੇ ਹੋਵੇਗਾ।
ਪ੍ਰੋ. ਕੰਵਲਜੀਤ ਸਿੰਘ ਨੇ 1988 ਤੋਂ ਗੁਰੂ ਨਾਨਕ ਦੇਵ ਇੰਜਨੀਰਿੰਗ ਕਾਲਜ ਲੁਧਿਆਣਾ ਵਿਖੇ ਬਤੌਰ ਲੈਕਚਰਾਰ ਸੇਵਾ ਸ਼ੁਰੂ ਕੀਤੀ ਅਤੇ 1989 ਤੋਂ ਉਹ ਜਲੰਧਰ ਦੂਰਦਰਸ਼ਨ ਦੇ ਬਤੌਰ ਨਿਊਜ਼ ਰੀਡਰ ਖ਼ਬਰਾਂ ਪੜ੍ਹ ਰਹੇ ਸਨ। ਇਸ ਤੋਂ ਇਲਾਵਾ ਕੈਨੇਡਾ ਵਿਖੇ ਵੱਖ-ਵੱਖ ਰੇਡੀਓ ਸਟੇਸ਼ਨ 'ਤੇ ਉਨ੍ਹਾਂ ਦੀਆਂ ਪੜ੍ਹੀਆਂ ਜਾਂਦੀਆਂ ਖ਼ਬਰਾਂ ਪੰਜਾਬੀ ਭਾਈਚਾਰੇ ਵਿੱਚ ਮਕਬੂਲ ਸਨ।
ਉਹ ਇੱਕ ਵਧੀਆ ਖੇਡ ਪ੍ਰਮੋਟਰ ਵੀ ਸਨ। ਜਰਖੜ ਖੇਡਾਂ ਨਾਲ ਪਿਛਲੇ 20 ਸਾਲ ਤੋਂ ਬਤੌਰ ਜਨਰਲ ਸਕੱਤਰ ਜੁੜੇ ਹੋਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪਰਵਾਸ ਬਾਰੇ ਕਈ ਕਿਤਾਬਾਂ ਲਿਖੀਆਂ। ਫੋਟੋ ਕਲਾਕਾਰੀ ਅਤੇ ਕਵਿਤਾਵਾਂ ਲਿਖਣ ਅਤੇ ਪੇਟਿੰਗ ਵਿੱਚ ਵੀ ਉਨ੍ਹਾਂ ਦਾ ਵੱਡਾ ਯੋਗਦਾਨ ਸੀ। ਫੋਟੋ ਕਲਾਕਾਰੀ ਦੇ ਖੇਤਰ ਵਿੱਚ ਉਨ੍ਹਾਂ ਨੂੰ 130 ਦੇ ਕਰੀਬ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਐਵਾਰਡ ਹਾਸਲ ਹੋਏ। 1997 ਵਿੱਚ ਉਨ੍ਹਾਂ ਨੂੰ ਪੰਜਾਬ ਸਟੇਟ ਲਲਿਤ ਕਲਾ ਅਕੈਡਮੀ ਐਵਾਰਡ, ਸਰਵੋਤਮ ਨਾਗਰਿਕ ਦਾ ਐਵਾਰਡ ਅਤੇ ਉਨ੍ਹਾਂ ਦੀਆਂ ਉਮਰ ਭਰ ਦੀਆਂ ਪ੍ਰਾਪਤੀਆਂ ਬਾਰੇ ਖੇਡ ਪ੍ਰਮੋਟਰ ਦੇ ਐਵਾਰਡ ਅਤੇ ਹੋਰ ਅਨੇਕਾ ਐਵਾਰਡਾਂ ਨਾਲ ਸਨਮਾਨਿਆ ਗਿਆ। ਉਨ੍ਹਾਂ ਦਾ ਲੜੀਵਾਰ ਕਾਲਮ ਤੜਕੇ ਵਾਲੇ ਚੌਲ ਵੀ ਚਰਚਾ ਦਾ ਵਿਸ਼ਾ ਬਣਿਆ।
ਪ੍ਰੋ. ਕੰਵਲਜੀਤ ਸਿੰਘ ਢੁੱਡੀਕੇ ਦੀ ਬੇਵਕਤੀ ਮੌਤ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ, ਉੱਘੇ ਲੇਖਕ ਜਸਵੰਤ ਸਿੰਘ ਕੰਵਲ ਢੁੱਡੀਕੇ, ਜਗਦੇਵ ਸਿੰਘ ਜੱਸੋਵਾਲ, ਪਰਗਟ ਸਿੰਘ ਗਰੇਵਾਲ ਪ੍ਰਧਾਨ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ, ਸ਼੍ਰੋਮਣੀ ਕਵੀ ਸੁਰਜੀਤ ਪਾਤਰ, ਪ੍ਰੋ. ਗੁਰਭਜਨ ਗਿੱਲ, ਡਾ. ਗੁਰਇਕਬਾਲ ਸਿੰਘ, ਗੁਰੂ ਨਾਨਕ ਦੇਵ ਇੰਜਨੀਰਿੰਗ ਕਾਲਜ ਦੇ ਡਾਇਰੈਕਟਰ ਐਸ.ਐਸ. ਸੈਣੀ, ਡਾ. ਹਰੀ ਸਿੰਘ, ਰਣਜੋਧ ਸਿੰਘ ਜੀ.ਐਸ.ਆਟੋ, ਇੰਜ. ਪਰਮਜੀਤ ਸਿੰਘ ਧਾਲੀਵਾਲ, ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਜਸਵੰਤ ਜਫ਼ਰ ਆਦਿ ਹੋਰ ਉੱਘੀਆਂ ਸਖ਼ਸ਼ੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਅਤੇ ਉਨ੍ਹਾਂ ਦੀ ਮੌਤ ਨੂੰ ਵੱਖ-ਵੱਖ ਖੇਤਰਾਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026