Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਰਹੇ ਸੰਘਰਸ਼ਮਈ ਯੋਧੇ ਭਾਈ ਦਇਆ ਸਿੰਘ ਲਾਹੌਰੀਆ ਦੀ ਸਿਹਤਯਾਬੀ ਲਈ ਆਉ ਅਰਦਾਸ ਕਰੀਏ!

Posted on October 4th, 2014


- ਲਵਸ਼ਿੰਦਰ ਸਿੰਘ ਡੱਲੇਵਾਲ

0044-79004-33428

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਚਲਾਈ ਹੋਈ ਦਮਦਮੀ ਟਕਸਾਲ ਦੇ ਜਥੇਦਾਰ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲਿਆਂ ਦੀ ਕਤਾਰ ਬਹੁਤ ਲੰਬੀ ਹੈ। ਹਜ਼ਾਰਾਂ ਸਿੱਖਾਂ ਨੇ ਇਸ ਸੰਘਰਸ਼ ਵਿੱਚ ਆਪਣੇ ਆਖਰੀ ਸੁਆਸ ਭੇਂਟ ਕਰ ਦਿੱਤੇ,ਉੱਥੇ ਹਜ਼ਾਰਾਂ ਸਿੱਖਾਂ ਨੇ ਸੰਘਰਸ਼ ਲੜਦਿਆਂ ਪੁਲਿਸ ਦਾ ਅਕਿਹ ਅਤੇ ਅਸਿਹ ਤਸ਼ੱਦਦ ਝੱਲਿਆ, ਜੇਹਲਾਂ ਕੱਟੀਆਂ ਅਤੇ ਵਿਦੇਸ਼ਾਂ ਵਿੱਚ ਵਸਦੇ ਅਨੇਕਾਂ ਸਿੱਖ  ਇਸ ਕਰਕੇ ਅੱਜ ਤਾਈਂ ਜਲਾਵਤਨੀ ਕੱਟ ਰਹੇ ਹਨ ਕਿ ਉਹਨਾਂ ਨੇ ਪੰਜਾਬ ਵਿੱਚ ਵਸਦੇ ਆਪਣੇ ਸਿੱਖ ਭਰਾਵਾਂ ਤੇ ਹੋ ਰਹੇ ਜ਼ੁਲਮ ਨੂੰ ਨਾ ਸਹਾਰਿਆ ਅਤੇ ਉਹਨਾਂ ਤੇ ਹੋ ਰਹੇ ਜ਼ੁਲਮਾਂ ਖਿਲਾਫ ਅਵਾਜ ਬੁਲੰਦ ਕੀਤੀ, ਸ਼ਹੀਦ ਸਿੰਘਾਂ ਦੇ ਪਰਿਵਾਰਾਂ ਅਤੇ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਉਹਨਾਂ ਵਲੋਂ ਲਈ ਗਈ ਅਤੇ ਲਈ ਜਾ ਰਹੀ ਸਾਰ ਨੂੰ ਭਾਰਤ ਸਰਕਾਰ ਬਰਦਾਸ਼ਤ  ਨਾ ਕਰ ਸਕੀ। 

ਅੱਜ ਅਨੇਕਾਂ ਸਿੰਘ ਦੋ-ਦੋ ਦਹਾਕੇ ਤੋਂ ਜ਼ਿਆਦਾ ਸਮਾਂ ਉਮਰ ਕੈਦ ਦੀ ਸਜ਼ਾ ਅਧੀਨ ਭਾਰਤੀ ਜੇਹਲਾਂ ਵਿੱਚ ਗੁਜ਼ਾਰ ਚੁੱਕੇ ਹਨ। ਭਾਈ ਦਇਆ ਸਿੰਘ ਲਾਹੌਰੀਆ ਪਿਛਲੇ 19 ਸਾਲ ਤੋਂ ਜੇਹਲਾਂ ਵਿੱਚ ਬੰਦ ਹੈ। ਭਾਈ ਦਇਆ ਸਿੰਘ ਲਾਹੌਰੀਆ ਦਾ ਜਨਮ ਸ. ਕਿਰਪਾਲ ਸਿਘ ਦੇ ਘਰੇ ਪਿੰਡ ਕਸਬਾ ਭਰਾਲ, ਥਾਣਾ ਮਲੇਰਕੋਟਲਾ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਭਾਈ ਲਾਹੌਰੀਆ ਨੇ ਮੱਢਲੀ ਵਿਦਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਅਤੇ ਦਸਵੀਂ ਪਾਸ ਕਰਨ ਮਗਰੋਂ ਕਾਲਜ ਵਿੱਚ ਦਾਖਲਾ ਲੈ ਲਿਆ। ਚਾਰ ਅਗਸਤ 1982 ਨੂੰ ਸ੍ਰ਼ੋਮਣੀ ਅਕਾਲੀ ਦਲ ਵਲੋਂ ਧਰਮ ਯੁੱਧ ਮੋਰਚਾ ਅਰੰਭ ਕੀਤਾ ਗਿਆ। ਇਸ ਸਮੇਂ ਦੁਨੀਆਂ ਭਰ ਦੇ ਸਿੱਖਾਂ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਅਗੰਮੀ ਸਖਸ਼ੀਅਤ, ਨਿਰਭੈ ਸਰੂਪ, ਨਿਰਵੈਰ ਸੁਭਾਅ ਅਤੇ ਕੌਮਪ੍ਰਸਤੀ ਦੇ ਚਰਚੇ ਪੂਰੇ ਜ਼ੋਰਾਂ 'ਤੇ ਸਨ ਅਤੇ ਸੰਤ ਜੀ ਸਿੱਖ ਨੌਜਵਾਨਾਂ ਦੇ ਬਹੁਤ ਹੀ ਹਰਮਨ ਪਿਆਰੇ ਧਾਰਮਿਕ ਅਤੇ ਇਨਕਲਾਬੀ ਆਗੂ ਬਣ ਚੁੱਕੇ ਸਨ। ਇੱਕ ਤਰਾਂ ਨਾਲ ਸੰਤ ਜੀ ਨੂੰ ਨੌਜਵਾਨ ਆਪਣੇ ਦਿਲਾਂ ਦੀ ਧੜਕਣ ਵਾਂਗ ਕਬੂਲ ਕਰ ਚੁੱਕੇ ਸਨ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਦਾ ਸੰਤਾਂ ਨਾਲ ਬਹੁਤ ਹੀ ਪਿਆਰ ਸੀ। ਸੰਤਾਂ ਵਲੋਂ ਧਰਮ ਅਤੇ ਕੁਰਬਾਨੀ ਦੇ ਰੰਗ ਵਿੱਚ ਰੰਗੇ ਗਏ ਇਸ ਅਦੁੱਤੀ ਵਰਤਾਰੇ ਦਾ ਅਸਰ ਹੋਰਨਾਂ ਨੌਜਵਾਨਾਂ ਵਾਂਗ ਭਾਈ ਦਇਆ ਸਿੰਘ ਲਾਹੌਰੀਆ 'ਤੇ ਹੋਣਾ ਵੀ ਕੁਦਰਤੀ ਸੀ ਕਿਉਂ ਕਿ ਭਾਈ ਲਹੌਰੀਆ ਦਾ ਪਰਿਵਾਰ ਸਿੱਖ ਵਿਚਾਰਧਾਰਾ ਨੂੰ ਪੂਰੀ ਤਰਾਂ ਸਮਰਪਤ ਸੀ। 

ਸੰਤਾਂ ਵਲੋਂ ਸਿੱਖਾਂ ਨਾਲ ਭਾਰਤ ਸਰਕਾਰ ਵਲੋਂ ਕੀਤੇ ਜਾ ਰਹੇ ਵਿਤਕਰਿਆਂ ਬਾਰੇ ਵਿਸਥਾਰ ਸਹਿਤ ਜਦੋਂ ਭਾਈ ਦਇਆ ਸਿੰਘ ਨੇ ਜਾਣਿਆ ਤਾਂ ਉਸ ਨੂੰ ਸਿੱਖ ਕੌਮ ਭਾਰਤ ਵਿੱਚ ਪੂਰੀ ਤਰਾਂ ਬ੍ਰਾਹਮਣਵਾਦ ਦੀ ਗੁਲਾਮੀ ਦੇ ਜੂਲੇ ਵਿੱਚ ਜਕੜੀ ਪ੍ਰਤੀਤ ਹੋਈ। ਇਸ ਕੌਮੀ ਗੁਲਾਮੀ ਨੂੰ ਗਲੋਂ ਲਾਹੁਣ ਲਈ ਸਾਲ 1982 ਦੇ ਅਖੀਰ ਵਿੱਚ ਭਾਈ ਦਇਆ ਸਿੰਘ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਸ਼ਮੂਲੀਅਤ ਕਰ ਲਈ, ਜੋ ਕਿ ਉਸ ਵਕਤ ਸਿੱਖ ਨੌਜਵਾਨਾਂ ਦੀ ਸ਼ਕਤੀਸਾਲੀ ਜਥੇਬੰਦੀ ਸੀ ,ਅਤੇ ਭਾਰਤ ਵਿੱਚ ਇੱਕ ਵਿਦਿਆਰਥੀ ਜਥੇਬੰਦੀ ਵਜੋਂ ਰਜਿਸਟਰਡ ਜਥੇਬੰਦੀ ਸੀ। ਭਾਈ ਦਇਆ ਸਿੰਘ ਨੇ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਖਿਲਾਫ ਅਵਾਜ਼ ਬੁਲੰਦ ਕਰਨ ਲਈ ਨੌਜਵਾਨਾਂ ਨੂੰ ਫੈਡਰੇਸ਼ਨ ਵਿੱਚ ਭਰਤੀ ਕਰਨ ਦਾ ਕਾਰਜ ਬੜੀ ਲਗਨ ਨਾਲ ਕੀਤਾ ਅਤੇ 1983 ਭਾਈ ਦਇਆ ਸਿੰਘ ਨੂੰ ਸੰਗਰੂਰ ਜ਼ਿਲ੍ਹੇ ਦਾ ਮੀਤ ਪ੍ਰਧਾਨ ਚੁਣ ਲਿਆ ਗਿਆ। ਬਤੌਰ ਮੀਤ ਪ੍ਰਧਾਨ ਭਾਈ ਦਇਆ ਸਿੰਘ ਨੇ ਦਿਨ ਰਾਤ ਸਿੱਖੀ ਦਾ ਪ੍ਰਚਾਰ ਕੀਤਾ।

ਜੂਨ 1984 ਦੌਰਾਨ ਸਿੱਖ ਤਵਾਰੀਖ ਵਿੱਚ ਤੀਸਰਾ ਘੱਲੂਘਾਰਾ ਵਾਪਰ ਗਿਆ। ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ 'ਤੇ ਭਾਰਤੀ ਫੌਜ ਨੇ ਟੈਂਕਾਂ ਅਤੇ ਤੋਪਾਂ ਨਾਲ ਸ੍ਰੀ ਦਰਬਾਰ ਸਾਹਿਬ  ਤੇ ਅੱਤ ਵਹਿਸ਼ੀ ਹਮਲਾ ਕਰ ਦਿੱਤਾ। ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਵਲੋਂ ਚਲਾਈ ਹੋਈ ਸਤਿਕਾਰਯੋਗ ਦਮਦਮੀ ਟਕਸਾਲ ਦੇ ਜਥੇਦਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਜੀ, ਜਨਰਲ ਸ਼ੁਬੇਗ  ਸਿੰਘ ਜੀ, ਭਾਈ ਰਾਮ ਸਿੰਘ ਜੀ ਜਥੇਦਾਰ, ਬਾਬਾ ਠਾਰਾ ਸਿੰਘ ਜੀ ਸਮੇਤ ਅਨੇਕਾਂ ਸਿੰਘ ਆਖਰੀ ਦਮ ਤੱਕ ਭਾਰਤੀ ਫੌਜ ਨਾਲ ਜੂਝਦੇ ਹੋਏ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਗਏ। ਭਾਰਤੀ ਫੌਜ ਨੇ ਆਪਣੀ ਅਖੌਤੀ ਬਹਾਦਰੀ ਦਾ ਪ੍ਰਗਟਾਵਾ ਕਰਨ ਲਈ ਅਣਗਿਣਤ ਨਿਰਦੋਸ਼ ਸਿੱਖਾਂ ਨੂੰ ਹੱਥ ਬੰਨ੍ਹ ਬੰਨ੍ਹ ਕੇ ਗੋਲੀਆਂ ਨਾਲ ਭੁੰਨ ਦਿੱਤਾ,ਸਿੱਖ ਰੈਫਰੈਂਸ ਲਾਇਬਰੇਰੀ ਨੂੰ ਅੱਗ ਲਗਾ ਕੇ ਭਾਰਤੀ ਫੌਜ ਨੇ ਸਾੜ ਦਿੱਤਾ। ਇਸ ਖੂਨੀ ਘੱਲੂਘਾਰੇ ਨਾਲ ਭਾਈ ਦਇਆ ਸਿੰਘ ਬਹੁਤ ਦੁਖੀ ਹੋਇਆ। ਹੁਣ ਉਸਨੂੰ ਆਪਣੀ ਜਿੰਦਗੀ ਇੱਕ ਬੋਝ ਜਿਹਾ ਜਾਪਣ ਲੱਗ ਪਈ। ਉਸ ਨੇ ਇੱਕ ਹੀ ਨਿਸ਼ਾਨਾ ਮਿੱਥ ਲਿਆ ਕਿ ਮੈਂ ਆਪਣਾ ਜੀਵਨ ਗੁਰੂ ਪੰਥ ਨੂੰ ਪੂਰੀ ਤਰਾਂ ਅਰਪਣ ਕਰਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਵਲੋਂ ਵਿੱਢੇ ਕਾਰਜ ਵਿੱਚ ਯੋਗਦਾਨ ਪਾਉਣਾ ਹੈ। 

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਸਰਕਾਰ ਨੇ ਪਬੰਦੀ ਲਗਾਈ ਹੋਈ ਸੀ, ਇਸ ਕਰਕੇ ਭਾਈ ਦਇਆ ਸਿੰਘ ਲਈ ਕਾਰਜ ਕਠਿਨ ਸੀ। ਭਾਈ ਦਇਆ ਸਿੰਘ ਦਾ ਦੁਚਿੱਤੀ ਅਤੇ ਬੇਚੈਨੀ ਵਿੱਚ ਸਮਾਂ ਬਤੀਤ ਹੋ ਰਿਹਾ ਸੀ ਕਿ ਅਪਰੈਲ 1985 ਨੂੰ ਪੰਜਾਬ ਦੇ ਗਵਰਨਰ ਨੇ ਫੈਡਰੇਸ਼ਨ ਤੋਂ ਪਬੰਦੀ ਹਟਾ ਦਿੱਤੀ। ਹੁਣ ਭਾਈ ਦਇਆ ਸਿੰਘ ਬੀ. ਏ. ਦੇ ਆਖਰੀ ਸਾਲ ਵਿੱਚ ਪੜ੍ਹਾਈ ਕਰ ਰਿਹਾ ਸੀ। ਪਬੰਦੀ ਹਟਣ ਤੋਂ ਬਾਅਦ ਭਾਈ ਦਇਆ ਸਿੰਘ ਨੂੰ ਸੰਗਰੂਰ ਜਿਲ੍ਹੇ ਦਾ ਪ੍ਰਧਾਨ ਥਾਪ ਦਿੱਤਾ ਗਿਆ। ਇਸ ਸਮੇਂ ਪੁਲਿਸ ਦੀਆਂ ਨਿਗਾਹਾਂ ਵੀ ਭਾਈ ਦਇਆ ਸਿੰਘ ਦਾ ਪਿੱਛਾ ਕਰ ਰਹੀਆਂ ਸਨ ਕਿਉਂ ਕਿ 27 ਮਾਰਚ 1984 ਨੂੰ ਜਦੋਂ ਉਸ ਨੂੰ ਪੁਲੀਸ ਨੇ ਗ੍ਰਿਫਤਾਰ ਕੀਤਾ ਸੀ ਤਾਂ ਨੌਂ ਮਹੀਨੇ ਪਟਿਆਲਾ ਜੇਹਲ ਵਿੱਚ ਬੰਦ ਕਰੀ ਰੱਖਿਆ। ਇਸ ਤੋਂ ਬਾਅਦ ਭਾਈ ਦਇਆ ਸਿੰਘ ਕੁੱਝ ਸਮਾਂ ਘਰ ਰਿਹਾ ਸੀ ਪਰ ਅਕਤੂਬਰ  1985 ਵਿੱਚ ਜਦੋਂ ਪੁਲੀਸ ਨੇ ਛਾਪੇ ਮਾਰਨੇ ਸ਼ੁਰੂ ਕੀਤੇ ਤਾਂ ਭਾਈ ਦਇਆ ਸਿੰਘ ਫੇਰ ਘਰੋਂ ਭੱਜ ਗਿਆ। ਰੂਪੋਸ਼ ਰਹਿੰਦਿਆਂ ਭਾਈ ਦਇਆ ਸਿੰਘ ਨੇ ਕੌਮ ਦੀ ਮਹਾਨ ਸੇਵਾ ਕੀਤੀ। ਇਸੇ ਦੌਰਾਨ 20 ਅਗਸਤ 1987 ਨੂੰ ਭਾਈ ਦਇਆ ਸਿੰਘ ਦਾ ਅਨੰਦ ਕਾਰਜ ਬੀਬੀ ਕਮਲਜੀਤ ਕੌਰ ਨਾਲ ਹੋ ਗਿਆ। ਭਾਈ ਦਇਆ ਸਿੰਘ ਨੂੰ 25 ਮਾਰਚ 1988 ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬੀਬੀ ਕਮਲਜੀਤ ਕੌਰ ਨੂੰ ਮਈ 1988 ਨੂੰ ਉਦੋਂ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਗਏ ਅਤੇ ਉਸੇ ਦਿਨ ਹੀ ਬਲੈਕ ਥੰਡਰ ਸ਼ੁਰੂ ਹੋ ਗਿਆ। ਪੁਲੀਸ ਨੇ ਬੀਬੀ ਕਮਲਜੀਤ ਕੌਰ ਨੂੰ ਗ੍ਰਿਫਤਾਰ ਕਰਕੇ ਜੇਹਲ ਭੇਜ ਦਿੱਤਾ। ਦੂਜੇ ਪਾਸੇ ਭਾਈ ਦਇਆ ਸਿੰਘ 'ਤੇ ਇਸ ਵਾਰ ਪੁਲੀਸ ਨੇ ਬਹੁਤ ਹੀ ਜਿਆਦਾ ਤਸ਼ੱਦਦ ਕੀਤਾ। ਕਾਫੀ ਸਮਾਂ ਗੈਰ ਕਨੂੰਨੀ ਹਿਰਾਸਤ ਰੱਖਣ ਤੋਂ ਬਾਅਦ ਅਦਾਲਤ ਵਿੱਚ  ਪੇਸ਼ ਕੀਤਾ ਗਿਆ ਅਤੇ 12 ਕੇਸ ਦਰਜ ਕਰਕੇ ਸਕਿਉਰਟੀ ਜੇਹਲ ਨਾਭਾ ਵਿੱਚ ਬੰਦ ਕਰ ਦਿੱਤਾ ਗਿਆ। 

ਇਸ ਸਮੇਂ ਅਸੀ ਨਾਭਾ ਜੇਹਲ ਵਿੱਚ ਇਕੱਠੇ ਇੱਕ ਨੰਬਰ ਬੈਰਕ ਵਿੱਚ ਕਾਫੀ ਸਮਾਂ ਬਤੀਤ ਕੀਤਾ। ਭਾਈ ਦਇਆ ਸਿੰਘ ਵਿੱਚ ਜਿੱਥੇ ਅੱਜ ਵੀ ਉਹੀ ਦ੍ਰਿੜਤਾ, ਉਹੀ ਕੌਮੀ ਜਜ਼ਬਾ ਕਾਇਮ ਹੈ, ਉੱਥੇ ਉਸੇ ਹਸਮੁੱਖ ਸੁਭਾਅ ਦਾ ਧਾਰਨੀ ਹੈ। ਭਾਵੇਂ ਕਿ ਉਸ ਵਕਤ ਨਾਭਾ ਅਤੇ ਸੰਗਰੂਰ ਦੀਆਂ ਸਕਿਉਰਟੀ ਜੇਹਲਾਂ ਵਿੱਚ ਸਿੰਘਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਅਤੇ ਹਰ ਦਿਨ ਬੜੀ ਤੇਜ਼ੀ ਨਾਲ ਬਤੀਤ ਹੁੰਦਾ ਪ੍ਰਤੀਤ ਹੋਇਆ ਕਰਦਾ ਸੀ। ਪਰ ਭਾਈ ਦਇਆ ਸਿੰਘ ਨੇ ਪੰਜਾਬ ਤੋਂ ਬਾਹਰਲੀਆਂ ਜੇਹਲਾਂ ਵਿੱਚ ਲੰਬਾ ਸਮਾਂ ਬਹੁਤ ਹੀ ਇਕੱਲਤਾ ਵਿੱਚ ਗ਼ੁਜਾਰਿਆ। ਇਸ ਵਕਤ ਉਸਨੇ ਦਿਨ ਦਾ ਜ਼ਿਆਦਾ ਵਕਤ ਗੁਰਬਾਣੀ ਅਤੇ ਵਾਹਿਗੁਰੂ  ਗੁਰਮੰਤਰ ਦਾ ਜਾਪ ਕਰਦਿਆਂ ਬਤੀਤ ਕੀਤਾ। 

ਖੈਰ 19 ਦਸੰਬਰ 1989 ਨੂੰ ਕੁੱਝ ਕੇਸਾਂ ਵਿੱਚੋਂ ਜ਼ਮਾਨਤਾਂ ਅਤੇ ਕੁੱਝ ਕੇਸ ਖਾਰਜ ਹੋਣ ਕਰਕੇ ਰਿਹਾਅ ਕਰ ਦਿੱਤਾ ਗਿਆ ਪਰ ਪੁਲਿਸ ਨੇ ਭਾਈ ਦਇਆ ਸਿੰਘ ਦਾ ਪਿੱਛਾ ਨਾ ਛੱਡਿਆ। 17 ਜੂਨ 1990 ਬਠਿੰਡਾ ਤੋਂ ਫੇਰ ਗ੍ਰਿਫਤਾਰ ਕਰ ਲਿਆ ਗਿਆ ਅਤੇ ਭਾਰੀ ਤਸ਼ੱਦਦ ਮਗਰੋਂ  ਸੰਗਰੂਰ ਜੇਹਲ ਵਿੱਚ ਬੰਦ ਕਰ ਦਿੱਤਾ ਗਿਆ, ਜਿੱਥੋਂ ਮਾਰਚ 1991 ਨੂੰ ਰਿਹਾਈ ਹੋਈ। ਇਸ ਸਮੇਂ ਉਸ ਦੀ ਧਰਮ ਸਪੁਤਨੀ ਬੀਬੀ ਕਮਲਜੀਤ ਕੌਰ ਵੀ ਕਾਫੀ ਸਮਾਂ ਜੇਹਲ ਵਿੱਚ ਗੁਜ਼ਾਰ ਚੁੱਕੀ ਸੀ। ਅਖੀਰ ਭਾਈ ਦਇਆ ਸਿੰਘ ਨੇ ਆਪਣੇ ਸਾਥੀ ਸਿੰਘਾਂ ਦੀ ਸਲਾਹ ਮੰਨ ਕੇ ਵਿਦੇਸ਼ ਜਾਣ ਜਾਣ ਫੈਸਲਾ ਕਰ ਲਿਆ ਅਤੇ 3 ਅਗਸਤ 1995 ਨੂੰ ਆਪਣੀ ਧਰਮ ਸੁਪਤਨੀ ਬੀਬੀ ਕਮਲਜੀਤ ਕੌਰ ਨਾਲ ਅਮਰੀਕਾ ਪੁੱਜ ਗਏ, ਜਿੱਥੇ ਮਿਨੀਐਪਲਸ ਹਵਾਈ ਅੱਡੇ 'ਤੇ ਉਤਰਦੇ ਵਕਤ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋ ਕੇਸਾਂ ਵਿੱਚ 17 ਜਨਵਰੀ 1997 ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕਰ ਦਿੱਤਾ ਗਿਆ। ਭਾਰਤ ਵਾਪਸੀ 'ਤੇ ਦੋ ਮਹੀਨੇ ਪੁਲੀਸ ਰਿਮਾਂਡ  ਚੱਲਿਆ। ਮਨਿੰਦਰਜੀਤ ਬਿੱਟਾ 'ਤੇ ਕਾਤਲਾਨਾ ਹਮਲਾ ਕਰਨ ਅਤੇ ਰਜਿੰਦਰ ਮਿਰਧਾ, ਪੁੱਤਰ ਰਾਮ ਨਿਵਾਸ ਮਿਰਧਾ ਐਕਸ ਯੂਨੀਅਨ ਮਨਿਸਟਰ ਇੰਡੀਆ ਨੂੰ ਅਗਵਾ ਕਰਨ ਦਾ ਕੇਸ ਚਲਾਇਆ ਗਿਆ। ਬਿੱਟਾ 'ਤੇ ਕਾਤਲਾਨਾ ਹਮਲਾ ਕਰਨ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰ ਦਿੱਤਾ ਗਿਆ ਪਰ ਮਿਰਧਾ ਕੇਸ ਵਿੱਚ ਉਮਰ ਕੈਦ ਹੋ ਗਈ ਅਤੇ ਉਹਨਾਂ ਦੀ ਧਰਮਸੁਪਤਨੀ ਬੀਬੀ ਕਲਮਜੀਤ ਕੌਰ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ। ਜਦੋਂ ਇਹਨਾਂ ਦੋਹਾਂ ਨੂੰ ਭਾਰਤ ਵਾਪਸ ਭੇਜਿਆ ਗਿਆ ਸੀ ਤਾਂ ਇਹ ਹਾਵਾਲਗੀ 1931 ਦੀ ਕਾਮਨਵੈਲਥ ਸੰਧੀ ਅਧੀਨ ਹੋਈ ਸੀ ਪਰ ਭਾਰਤ ਲਿਆ ਕੇ 364 ਕਿੱਡਨੈਪ ਏ .ਆਈ. ਪੀ .ਸੀ ਦੀ ਧਾਰਾ ਲਗਾ ਗਈ ਅਤੇ ਦੋ ਕੇਸਾਂ ਵਿੱਚ ਹਵਾਲਗੀ ਹੋਣ ਦੇ ਬਾਵਜੂਦ ਭਾਰਤ ਲਿਆ ਕੇ ਨੌਂ ਕੇਸ ਹੋਰ ਪਾ ਦਿੱਤੇ ਗਏ, ਜਿਹਨਾਂ ਵਿੱਚ ਹਾਵਾਲਗੀ ਨਹੀਂ ਹੋਈ ਸੀ । 

ਜਦੋਂ ਭਾਰਤ ਹਾਵਲਾਗੀ ਹੋਈ ਤਾਂ ਉਸ ਅਨੁਸਾਰ ਨਾ ਤਾਂ ਪੁਲਿਸ ਤਸ਼ੱਦਦ ਕਰ ਸਕਦੀ ਸੀ ਅਤੇ ਨਾ ਹੀ ੋਈ ਹੋਰ ਕੇਸ ਪਾਇਆ ਜਾ ਸਕਦਾ ਸੀ ਪਰ ਭਾਈ ਦਇਆ ਸਿੰਘ 'ਤੇ ਪੁਲਿਸ ਰਿਮਾਂਡ ਵਿੱਚ ਤਸ਼ੱਦਦ ਵੀ ਕੀਤਾ ਗਿਆ ਅਤੇ ਨੌਂ ਹੋਰ ਕੇਸ ਵੀ ਪਾਏ ਗਏ। ਮਿਰਧਾ ਅਗਵਾ ਕੇਸ ਵਿੱਚ ਭਾਈ ਦਇਆ ਸਿੰਘ ਨੂੰ ਉਮਰ ਕੈਦ ਅਤੇ ਬੀਬੀ ਕਮਲਜੀਤ ਕੌਰ ਨੂੰ ਸੱਤ ਸਾਲ  ਕੈਦ ਦੀ ਸਜ਼ਾ ਸੁਣਾਈ ਗਈ ਸੀ। 19 ਸਾਲ ਲਗਾਤਾਰ ਜੇਹਲਾਂ ਵਿੱਚ ਗੁਜ਼ਾਰਨ ਮਗਰੋਂ ਅਜੇ ਵੀ ਕੋਈ ਆਸ ਨਹੀਂ ਕਿ ਕਦੋਂ ਸਾਡਾ ਬਹੁਤ ਹੀ ਪਿਆਰਾ ਦੋਸਤ ਵੀਰ ਰਿਹਾਅ ਹੋਵੇਗਾ ਜਦਕਿ 14 ਸਾਲ ਬਾਅਦ ਆਮ ਤੌਰ 'ਤੇ ਉਮਰ ਕੈਦੀ ਦੀ ਰਿਹਾਈ ਨਕਸ਼ਾ ਪਾਸ ਹੋਣ 'ਤੇ ਹੋ ਹੀ ਜਾਂਦੀ ਹੈ ਜਦ ਕਿ ਦਸੰਬਰ 1978 ਤੋਂ ਪਹਿਲਾਂ ਉਮਰ ਕੈਦੀ ਦੀ ਰਿਹਾਈ ਸੱਤ ਸਾਲ ਬਾਅਦ ਨਕਸ਼ਾ ਪਾਸ ਹੋਣ 'ਤੇ ਹੋ ਜਾਂਦੀ ਸੀ। ਪਰ ਸਿੱਖ ਭਾਵੇਂ ਭਾਈ ਲਾਲ ਸਿੰਘ ਅਕਾਲਗੜ ਵਾਂਗ ਢਾਈ ਦਹਾਕੇ ਵੀ ਜੇਹਲ ਵਿੱਚ ਗੁਜ਼ਾਰ ਦੇਣ ਉਹਨਾਂ ਦੀ ਰਿਹਾਈ ਨਹੀਂ ਹੁੰਦੀ ਕਿਉਂਕਿ ਭਾਰਤੀ ਕਨੂੰਨ ਇੱਕ ਹੈ ਪਰ ਇਸਦਾ ਸਿੱਖਾਂ ਪ੍ਰਤੀ ਰਵੱਈਆ ਹੋਰ ਹੈ ਅਤੇ ਹਿੰਦੂਆਂ ਪ੍ਰਤੀ ਰਵੱਈਆ ਹੋਰ ਹੈ। ਇਸ ਦਾ ਕਾਰਨ ਇੱਕੋ ਇੱਕ ਹੈ ਕਿ ਸਿੱਖ ਭਾਰਤ ਵਿੱਚ ਗੁਲਾਮ ਹਨ ਅਤੇ ਸਿੱਖਾਂ ਨੂੰ ਇਸ ਗੁਲਾਮੀਂ ਨੂੰ ਪੂਰੀ ਤਰਾਂ ਅਹਿਸਾਸ ਕਰਕੇ ਕੌਮੀ ਅਜਾਦੀ ਹਿੱਤ ਚੱਲ ਰਹੇ ਅਜ਼ਾਦ ਸਿੱਖ ਰਾਜ ਖਾਸਿਲਤਾਨ ਲਈ ਸੰਘਰਸ਼ ਕਰ ਰਹੇ ਕਾਫਲੇ ਦੇ ਹਮਸਫਰ ਬਣਨ ਦੀ ਲੋੜ ਹੈ। 

ਭਾਈ ਦਇਆ ਸਿੰਘ ਲਾਹੌਰੀਆ ਦੀ ਸਹਿਤ ਅੱਜ ਕੱਲ੍ਹ ਬੜੀ ਨਾਸਾਜ਼ ਹੈ। ਉਹ ਦੀਨ ਦਿਆਲ ਹਸਪਤਾਲ ਦਿੱਲੀ ਵਿੱਚ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਿਹਾ ਹੈ। 

ਆਉ! ਭਾਈ ਦਇਆ ਸਿੰਘ ਲਹੌਰੀਆ ਦੀ ਸਿਹਤਯਾਬੀ, ਚੜ੍ਹਦੀ ਕਲਾ ਅਤੇ ਬੰਦ ਖਲਾਸੀ ਲਈ ਅਰਦਾਸ ਕਰੀਏ। 



Archive

RECENT STORIES