Posted on October 17th, 2014

ਸਰੀ (ਗੁਰਪ੍ਰੀਤ ਸਿੰਘ ਸਹੋਤਾ) - ਸਰਹੱਦੋਂ ਪਾਰ ਅਮਰੀਕਾ ਤੋਂ ਹਵਾ ਤਰੰਗਾਂ ਰਾਹੀਂ ਬੀ. ਸੀ. ਦੇ ਕਈ ਸ਼ਹਿਰਾਂ 'ਚ ਚੱਲਦੇ 1110 ਏ. ਐਮ., 1550 ਏ. ਐਮ. ਅਤੇ 1600 ਏ. ਐਮ. ਰੇਡੀਓ ਸਟੇਸ਼ਨਾਂ ਦਾ ਭਵਿੱਖ ਡਾਵਾਂਡੋਲ ਹੁੰਦਾ ਦਿਖਾਈ ਦੇ ਰਿਹਾ ਹੈ। ਇਨ੍ਹਾਂ ਵਿੱਚੋਂ 1550 ਏ. ਐਮ. ਤੇ 1600 ਏ. ਐਮ. ਕਾਫੀ ਮਕਬੂਲ ਹਨ ਪਰ ਹੁਣ ਕੈਨੇਡਾ 'ਚ ਦੂਰਸੰਚਾਰ, ਟੀ. ਵੀ. ਅਤੇ ਰੇਡੀਓ ਨਾਲ ਸਬੰਧਿਤ ਮਹਿਕਮੇ ਸੀ. ਆਰ. ਟੀ. ਸੀ. (ਕੈਨੇਡੀਅਨ ਰੇਡੀਓ-ਟੈਲੀਵਿਯਨ ਐਂਡ ਟੈਲੀਕਮਿਊਨੀਕੇਸ਼ਨਜ਼ ਕਮਿਸ਼ਨ) ਨੇ ਇਨ੍ਹਾਂ ਦੀ ਨਕੇਲ ਕੱਸ ਦਿੱਤੀ ਹੈ।
ਸੀ. ਆਰ. ਟੀ. ਸੀ. ਦਾ ਕਹਿਣਾ ਹੈ ਕਿ ਇਹ ਰੇਡੀਓ ਗੈਰ-ਕਾਨੂੰਨੀ ਤੌਰ 'ਤੇ ਚੱਲਦਿਆਂ ਹੋਇਆਂ ਕੈਨੇਡੀਅਨ ਆਰਥਿਕਤਾ ਨੂੰ ਵੱਡੀ ਸੱਟ ਮਾਰ ਰਹੇ ਹਨ। ਇਸ ਸਬੰਧੀ ਉਕਤ ਤਿੰਨਾਂ ਰੇਡੀਓ ਸਟੇਸ਼ਨਾਂ ਦੇ ਸੰਚਾਲਕਾਂ ਨੂੰ ਸੀ. ਆਰ. ਟੀ. ਸੀ. ਵਲੋਂ ਕੁਝ ਮਹੀਨੇ ਪਹਿਲਾਂ ਨੋਟਿਸ ਜਾਰੀ ਕਰਕੇ ਮੋਹਲਤ ਦਿੱਤੀ ਗਈ ਸੀ ਕਿ ਮਿੱਥੇ ਸਮੇਂ 'ਚ ਉਕਤ ਸੰਚਾਲਕ ਸਾਬਤ ਕਰਨ ਕਿ ਕੈਨੇਡਾ 'ਚ ਗੈਰ-ਕਾਨੂੰਨੀ ਤਰੀਕੇ ਨਾਲ ਚੱਲਦੇ ਉਕਤ ਰੇਡੀਓ ਬੰਦ ਕਿਉਂ ਨਾ ਕੀਤੇ ਜਾਣ?
ਇਸ ਸਬੰਧੀ ਸੁਣਵਾਈ ਇਸ ਹਫਤੇ ਕਿਊਬੈੱਕ ਵਿਖੇ ਹੋਈ। 1110 ਏ. ਐਮ. ਤੇ 1550 ਏ. ਐਮ. ਦੇ ਸੰਚਾਲਕਾਂ ਵਲੋਂ ਤਾਂ ਸੀ. ਆਰ. ਟੀ. ਸੀ. ਨਾਲ ਸਮਝੌਤਾ ਕਰ ਲਿਆ ਦੱਸਿਆ ਗਿਆ ਹੈ ਪਰ 1600 ਏ. ਐਮ. ਦੇ ਸੰਚਾਲਕਾਂ ਨੇ ਵੱਸ ਨਾ ਚਲਦਾ ਦੇਖ ਕੇ ਹੁਣ ਕਾਰੋਬਾਰ ਸਮੇਟਣ ਲਈ 120 ਦਿਨਾਂ ਦੀ ਮੋਹਲਤ ਮੰਗੀ ਹੈ।
ਦੱਸਣਯੋਗ ਹੈ ਕਿ 'ਸ਼ੇਰੇ ਪੰਜਾਬ ਰੇਡੀਓ' ਦੇ ਨਾਮ ਹੇਠ 1550 ਏ. ਐਮ. ਰੇਡੀਓ ਚਲਾਉਂਦੇ ਰਹੇ ਬਾਧ ਪਰਿਵਾਰ ਦੇ ਮੈਂਬਰਾਂ ਨੂੰ ਸੀ. ਆਰ. ਟੀ. ਸੀ. ਵਲੋਂ ਸਰੀ ਵਿਖੇ ਚੱਲਣ ਵਾਲਾ ਇੱਕ ਨਵਾਂ ਅੰਗਰੇਜ਼ੀ ਰੇਡੀਓ '107.7 ਐਫ. ਐਮ.' ਦਿੱਤਾ ਗਿਆ ਹੈ, ਜਿਸ 'ਤੇ ਸਿਰਫ ਤੇ ਸਿਰਫ ਅੰਗਰੇਜ਼ੀ ਪ੍ਰੋਗਰਾਮ ਹੀ ਚੱਲ ਸਕੇਗਾ। ਇਸ ਐਫ. ਐਮ. ਸਟੇਸ਼ਨ ਦੀ ਸੁਣਵਾਈ ਮੌਕੇ 'ਸ਼ੇਰੇ ਪੰਜਾਬ ਰੇਡੀਓ' ਦੇ ਮਾਲਕਾਂ ਦੇ '107.7 ਐਫ. ਐਮ.' ਦੇ ਬਿਨੈਕਰਤਾਵਾਂ ਨਾਲ ਸਬੰਧਾਂ ਦਾ ਰੇੜਕਾ ਵੱਡੀ ਚਰਚਾ ਦਾ ਵਿਸ਼ਾ ਬਣਿਆ ਸੀ। ਸਮਝਿਆ ਜਾਂਦਾ ਹੈ ਕਿ ਸੀ. ਆਰ. ਟੀ. ਸੀ. '107.7 ਐਫ. ਐਮ.' ਦੇ ਕੇ ਬਾਧ ਪਰਿਵਾਰ ਤੋਂ ਇਹ ਵਾਅਦਾ ਲੈਣ ਦੇ ਰੌਂਅ 'ਚ ਸੀ ਕਿ ਉਹ 1550 ਏ. ਐਮ. ਨਾਲੋਂ ਆਪਣਾ ਨਾਤਾ ਤੋੜ ਲੈਣਗੇ। ਹੁਣ ਅਜਿਹਾ ਹੀ ਹੋਇਆ ਹੈ। ਬਾਧ ਪਰਿਵਾਰ ਨੇ 1550 ਏ. ਐਮ. ਨਾਲੋਂ ਨਾਤਾ ਤੋੜ ਕੇ 'ਸ਼ੇਰੇ ਪੰਜਾਬ ਰੇਡੀਓ' ਦਾ ਨਾਮ 1550 ਏ. ਐਮ. ਨਾਲੋਂ ਹਟਾ ਲਿਆ ਹੈ। 1550 ਏ. ਐਮ. ਦੇ ਅਮਰੀਕਾ 'ਚ ਮਾਲਕ ਸ. ਖੇਲਾ ਹਨ, ਜੋ ਕਿ ਬਾਧ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਜਦਕਿ 1550 ਏ. ਐਮ. ਦੇ ਟਾਵਰ ਬਾਧ ਪਰਿਵਾਰ ਦੀ ਅਮਰੀਕਾ ਸਥਿਤ ਜ਼ਮੀਨ 'ਤੇ ਲੱਗੇ ਹੋਏ ਹਨ।
ਦੂਜੇ ਪਾਸੇ 1600 ਏ. ਐਮ. ਦੀ ਮਾਲਕ ਕੰਪਨੀ ਵੇਅ ਬਰੌਡਕਾਸਟਿੰਗ ਹੈ, ਜੋ ਕਿ ਨਿਊਯਾਰਕ 'ਚ ਸਥਿਤ ਹੈ। ਮਨਿੰਦਰ ਸਿੰਘ ਗਿੱਲ ਬੀਤੇ ਲਗਭਗ ਇੱਕ ਦਹਾਕੇ ਤੋਂ ਇਸ ਫਰੀਕੁਐਂਸੀ ਨੂੰ ਲੀਜ਼ 'ਤੇ ਲੈ ਕੇ 'ਰੇਡੀਓ ਇੰਡੀਆ' ਚਲਾ ਰਹੇ ਸਨ, ਜਿਸ ਦੀ ਕਿ ਮੌਜੂਦਾ ਸਮੇਂ ਲੀਜ਼ 9 ਲੱਖ ਡਾਲਰ ਸਾਲਾਨਾ ਦੇ ਕਰੀਬ ਸੀ। ਤਾਜ਼ਾ ਸੁਣਵਾਈ 'ਚ ਗਿੱਲ ਨੇ ਇੰਕਸ਼ਾਫ ਕੀਤਾ ਕਿ ਉਹ ਇਸ ਰੇਡੀਓ ਤੋਂ ਹਰ ਸਾਲ 2 ਮਿਲੀਅਨ ਡਾਲਰ ਦੇ ਕਰੀਬ ਕਮਾਈ ਕਰਦੇ ਸਨ। ਸੀ. ਆਰ. ਟੀ. ਸੀ. ਨੇ ਉਨ੍ਹਾਂ ਕੋਲੋਂ ਬੀਤੇ 10 ਸਾਲ ਦੀਆਂ ਫਾਈਨੈਂਸ਼ੀਅਲ ਸਟੇਟਮੈਂਟਾਂ (ਵਪਾਰਕ ਟੈਕਸ ਭਰਨ ਦੇ ਦਸਤਾਵੇਜ਼) ਮੰਗੀਆਂ ਹਨ। ਬੀਤੇ ਸਾਲਾਂ ਦੌਰਾਨ 'ਰੇਡੀਓ ਇੰਡੀਆ' ਦੀ ਕਾਗਜ਼ੀ ਸੰਚਾਲਕੀ ਵੀ ਕਈ ਵਾਰ ਬਦਲਦੀ ਰਹੀ ਹੈ। ਕੋਈ ਚਾਰਾ ਨਾ ਚਲਦਾ ਵੇਖ ਕੇ ਹੁਣ ਮਨਿੰਦਰ ਗਿੱਲ ਨੇ ਸੀ. ਆਰ. ਟੀ. ਸੀ. ਤੋਂ 120 ਦਿਨਾਂ ਦੀ ਮੋਹਲਤ ਮੰਗੀ ਹੈ ਤਾਂ ਕਿ ਉਹ ਆਪਣਾ ਕਾਰੋਬਾਰ ਸਮੇਟ ਸਕਣ। ਇਹ ਬੇਨਤੀ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਇਹ ਸਮਾਂ ਨਹੀਂ ਦਿੱਤਾ ਜਾਂਦਾ ਤਾਂ ਉਨ੍ਹਾਂ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਹੋ ਜਾਵੇਗਾ।
ਕੀ ਇਹ ਰੇਡੀਓ ਬੰਦ ਹੋ ਜਾਣਗੇ?
ਹੁਣ ਹਰ ਮਨ ਵਿੱਚ ਸਭ ਤੋਂ ਵੱਡਾ ਸਵਾਲ ਇਹੀ ਉਪਜ ਰਿਹਾ ਹੈ ਕਿ ਕੀ ਇਹ ਰੇਡੀਓ ਬੰਦ ਹੋ ਜਾਣਗੇ? ਜਿੱਥੋਂ ਤੱਕ 1110 ਏ. ਐਮ. ਦਾ ਸਵਾਲ ਹੈ ਤਾਂ ਉਹ ਬਹੁਤ ਛੋਟੀ ਫਰੀਕੁਐਂਸੀ 'ਤੇ ਚਲਦਾ ਹੋਣ ਕਾਰਨ ਬਹੁਤੇ ਲੋਕਾਂ ਵਲੋਂ ਸੁਣਿਆ ਹੀ ਨਹੀਂ ਸੀ ਜਾਂਦਾ। ਉਸ ਦੇ ਬੰਦ ਹੋਣ ਜਾਂ ਨਾ ਹੋਣ ਦਾ ਬਹੁਤਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਿੱਥੋਂ ਤੱਕ 1550 ਏ. ਐਮ. ਜਾਂ 1600 ਏ. ਐਮ. ਦੀ ਗੱਲ ਹੈ, ਇਸ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਹਨ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਇਨ੍ਹਾਂ ਦਾ ਬੰਦ ਹੋਣਾ ਗਵਾਰਾ ਨਹੀਂ। ਇੱਥੇ ਇਹ ਦੱਸਣਯੋਗ ਹੈ ਕਿ ਸਰਕਾਰੀ ਮਨਜ਼ੂਰੀ ਨਾਲ ਚੱਲਦੇ ਰੇਡੀਓ ਸਟੇਸ਼ਨ 'ਰੈੱਡ ਐਫ. ਐਮ. 93.1' ਅਤੇ 'ਸਪਾਈਸ ਰੇਡੀਓ 1200 ਏ. ਐਮ.' (ਪਹਿਲਾ ਨਾਮ ਆਰ. ਜੇ. 1200) ਵਲੋਂ ਵੀ ਸੀ. ਆਰ. ਟੀ. ਸੀ. ਅੱਗੇ ਲਿਖਤੀ ਸ਼ਿਕਾਇਤ ਪੇਸ਼ ਕੀਤੀ ਗਈ ਹੈ ਕਿ ਅਮਰੀਕਾ ਤੋਂ ਚਲਦੇ ਇਹ ਦੋਵੇਂ ਰੇਡੀਓ ਉਨ੍ਹਾਂ ਦਾ ਵਿੱਤੀ ਨੁਕਸਾਨ ਕਰ ਰਹੇ ਹਨ। ਬਾਧ ਪਰਿਵਾਰ ਬੇਸ਼ੱਕ ਹੁਣ 1550 ਏ. ਐਮ. ਨਾਲੋਂ ਨਾਤਾ ਤੋੜ ਲਵੇ ਪਰ ਫਿਰ ਵੀ ਸ. ਖੇਲਾ ਇਹ ਰੇਡੀਓ ਚੱਲਦਾ ਰੱਖ ਸਕਦੇ ਹਨ। ਅਜਿਹਾ ਕੋਈ ਸਾਧਨ ਹਾਲੇ ਮੌਜੂਦ ਨਹੀਂ, ਜੋ ਅਮਰੀਕਾ ਤੋਂ ਹਵਾ ਤਰੰਗਾਂ ਨੂੰ ਕੈਨੇਡਾ ਆਉਣੋਂ ਰੋਕ ਸਕੇ। ਪਰ ਇਸ ਨੂੰ ਚਲਾਉਣ ਲਈ ਪ੍ਰੇਸ਼ਾਨੀਆਂ ਵਧ ਸਕਦੀਆਂ ਹਨ। ਕੀ ਹੋਸਟਾਂ ਨੂੰ ਅਮਰੀਕਾ ਜਾ ਕੇ ਕੰਮ ਕਰਨਾ ਪਵੇਗਾ? ਅਮਰੀਕਾ ਜਾ ਕੇ ਹੋਸਟ ਵਰਕ ਪਰਮਿਟ ਲੈਣਗੇ ਜਾਂ ਕੋਈ ਹੋਰ ਨਵੀਂ ਸਕੀਮ ਲਾ ਕੇ ਸੀ. ਆਰ. ਟੀ. ਸੀ. ਦੀਆਂ ਅੱਖਾਂ 'ਚ ਘੱਟਾ ਪਾਇਆ ਜਾਵੇਗਾ? ਇਹ ਸਵਾਲ ਹਾਲੇ ਸਮੇਂ ਦੇ ਗਰਭ 'ਚ ਹਨ।
ਜਿੱਥੋਂ ਤੱਕ 1600 ਏ. ਐਮ. ਦਾ ਸਵਾਲ ਹੈ, ਉਸ ਦੀ ਸੰਚਾਲਕੀ ਬਦਲ ਸਕਦੀ ਹੈ ਪਰ ਇਹ ਰੇਡੀਓ ਬੰਦ ਹੋਣਾ ਵੀ ਇੰਨਾ ਸੌਖਾ ਨਹੀਂ। ਹੁਣ ਇਹ ਸੀ. ਆਰ. ਟੀ. ਸੀ. 'ਤੇ ਨਿਰਭਰ ਕਰਦਾ ਹੈ ਕਿ ਉਹ ਮਨਿੰਦਰ ਗਿੱਲ ਨੂੰ 120 ਦਿਨਾਂ ਦੀ ਮੋਹਲਤ ਦਿੰਦੀ ਹੈ ਜਾਂ ਨਹੀਂ। ਇਸ ਬਾਰੇ ਫੈਸਲਾ ਕਦੇ ਵੀ ਆ ਸਕਦਾ ਹੈ। ਮਨਿੰਦਰ ਗਿੱਲ ਦੀਆਂ ਨਿੱਜੀ ਪ੍ਰੇਸ਼ਾਨੀਆਂ ਵੀ ਹਨ, ਜਿਨ੍ਹਾਂ 'ਚੋਂ ਸਭ ਤੋਂ ਵੱਡੀ ਉਨ੍ਹਾਂ 'ਤੇ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਗੋਲੀ ਚਲਾਉਣ ਸਬੰਧੀ ਕੇਸ ਦਾ ਚੱਲਣਾ ਹੈ, ਜੋ ਅਪ੍ਰੈਲ 2015 ਵਿੱਚ ਦੁਬਾਰਾ ਸੁਣਵਾਈ ਲਈ ਅੱਗੇ ਆ ਰਿਹਾ ਹੈ।
ਗੱਲ ਜੇਕਰ ਕੇਵਲ ਰੇਡੀਓ ਸਟੇਸ਼ਨ ਚਲਾਉਣ ਤੱਕ ਸੀਮਤ ਹੋਵੇ ਤਾਂ ਸ਼ਾਇਦ ਇੰਨੀ ਔਖੀ ਨਹੀਂ ਕਿਉਂਕਿ ਅੱਜਕੱਲ੍ਹ ਤਕਨੀਕ ਦੇ ਯੁੱਗ 'ਚ ਬਾਹਰਲੇ ਮੁਲਕਾਂ ਦੇ ਕਈ ਰੇਡੀਓ ਪੰਜਾਬ ਤੋਂ ਵੀ ਚੱਲ ਰਹੇ ਹਨ। ਪੰਜਾਬ ਬੈਠੇ ਰੇਡੀਓ ਹੋਸਟ ਅਮਰੀਕਾ-ਇੰਗਲੈਂਡ 'ਚ ਟਾਕ ਸ਼ੋਅ ਕਰਦੇ ਹਨ ਜਾਂ ਸਿੱਧਾ ਪ੍ਰਸਾਰਨ ਕਰਦੇ ਹਨ। ਜੇ ਰੇਡੀਓ ਪੰਜਾਬ ਤੋਂ ਚਲਾਏ ਜਾ ਸਕਦੇ ਹਨ ਤਾਂ ਕੈਨੇਡਾ ਬਹਿ ਕੇ ਵੀ ਚਲਾਏ ਜਾ ਸਕਦੇ ਹਨ। ਪਰ ਅਸਲ ਮਾਮਲਾ ਰੇਡੀਓ ਚਲਾਉਣ ਲਈ ਪੈਸੇ ਦਾ ਪ੍ਰਬੰਧ ਕਰਨਾ ਅਤੇ ਰੇਡੀਓ ਤੋਂ ਕਮਾਈ ਕਰਨਾ ਹੈ। ਇਨ੍ਹਾਂ ਰੇਡੀਓ ਸਟੇਸ਼ਨਾਂ ਦਾ ਚੱਲਣਾ ਤੇ ਕਮਾਈ ਕਰਨਾ ਇਸ਼ਤਿਹਾਰਾਂ 'ਤੇ ਨਿਰਭਰ ਹੈ। ਸੀ. ਆਰ. ਟੀ. ਸੀ. ਨੇ ਨਵੀਂ ਦਲੀਲ ਦਿੱਤੀ ਹੈ ਕਿ ਕੈਨੇਡੀਅਨ ਇਨਕਮ ਟੈਕਸ ਐਕਟ ਅਧੀਨ ਕੋਈ ਵੀ ਵਪਾਰੀ ਕਿਸੇ ਬਾਹਰਲੇ ਮੁਲਕ ਦੀ ਕੰਪਨੀ ਨੂੰ ਇਸ਼ਤਿਹਾਰਬਾਜ਼ੀ 'ਚ ਦਿੱਤੀ ਹੋਈ ਰਕਮ ਆਪਣੇ ਵਪਾਰਕ ਟੈਕਸ ਖਰਚਿਆਂ 'ਚ ਨਹੀਂ ਭਰ ਸਕਦਾ। ਇਸ ਸੂਰਤ ਵਿੱਚ ਵਪਾਰੀ ਅਜਿਹੇ ਰੇਡੀਓ ਸਟੇਸ਼ਨ ਨੂੰ ਇਸ਼ਤਿਹਾਰ ਦੇਣੋਂ ਕੰਨੀਂ ਕਤਰਾਉਣਗੇ, ਜਿਸ ਦਾ ਸਿੱਧਾ ਅਸਰ ਇਨ੍ਹਾਂ ਰੇਡੀਓ ਸਟੇਸ਼ਨਾਂ ਦੀ ਆਮਦਨ 'ਤੇ ਪਵੇਗਾ। ਇਸ ਪ੍ਰੇਸ਼ਾਨੀ ਨਾਲ ਨਜਿੱਠਣ ਲਈ ਕਈ ਹੋਰ ਕਾਨੂੰਨੀ ਤੇ ਗੈਰ-ਕਾਨੂੰਨੀ ਘਤਿੱਤਾਂ ਵਰਤੀਆਂ ਜਾ ਸਕਦੀਆਂ ਹਨ ਪਰ ਇਨ੍ਹਾਂ ਨੂੰ ਵਰਤਣਾ ਜਾਂ ਨਾ ਵਰਤਣਾ ਸੰਚਾਲਕਾਂ 'ਤੇ ਨਿਰਭਰ ਕਰਦਾ ਹੈ ਅਤੇ ਉਹੀ ਇਸ ਦੇ ਨਫੇ-ਨੁਕਸਾਨ ਦੇ ਜ਼ਿੰਮੇਵਾਰ ਹੋਣਗੇ।
ਆਉਣ ਵਾਲੇ ਦਿਨਾਂ 'ਚ ਇਸ ਮਸਲੇ ਸਬੰਧੀ ਹੋਰ ਬਹੁਤ ਸਾਰੇ ਰਾਜ਼ ਖੁੱਲਣਗੇ, ਜਿਨ੍ਹਾਂ ਵਿੱਚ ਬਾਧ ਪਰਿਵਾਰ ਵਲੋਂ ਸੀ. ਆਰ. ਟੀ. ਸੀ. ਨਾਲ ਕੀਤੇ ਸਮਝੌਤੇ ਦੀਆਂ ਸ਼ਰਤਾਂ ਦਾ ਬਾਹਰ ਆਉਣਾ ਵੀ ਸ਼ਾਮਲ ਹੈ। ਰੇਡੀਓ ਸਟੇਸ਼ਨ ਚਲਾ ਕੇ ਮੋਟੀ ਕਮਾਈ ਕਰਦੇ ਰਹੇ ਲੋਕ ਇੰਨੀ ਜਲਦੀ ਹਾਰ ਮੰਨਣ ਵਾਲੇ ਨਹੀਂ ਜਾਪਦੇ। ਉਨ੍ਹਾਂ ਦੇ ਮਹਿੰਗੇ ਵਕੀਲ ਤੇ ਸਲਾਹਕਾਰ ਜ਼ਰੂਰ ਹੀ ਨਵੀਆਂ ਸਕੀਮਾਂ ਘੜਨਗੇ ਤਾਂ ਕਿ ਇਹ ਰੇਡੀਓ ਚਲਦੇ ਰਹਿਣ। ਦੂਜੇ ਪਾਸੇ ਇਨ੍ਹਾਂ ਨੂੰ ਬੰਦ ਕਰਵਾਉਣ ਵਾਲੇ ਲੋਕ ਸ਼ਿਕਾਇਤਾਂ-ਦਰ-ਸ਼ਿਕਾਇਤਾਂ ਲਾ ਕੇ ਆਪਣਾ ਜ਼ੋਰ ਲਗਾਉਂਦੇ ਰਹਿਣਗੇ। ਜਿਹੜਾ ਹੰਭ ਗਿਆ, ਹਾਰ ਉਸ ਦੀ ਹੀ ਹੋਵੇਗੀ, ਪਰ ਜਿੱਤ-ਹਾਰ ਦੀ ਇਹ ਜੰਗ ਕਈ ਮਿਲੀਅਨਾਂ ਡਾਲਰਾਂ ਵਿੱਚ ਪਵੇਗੀ ਅਤੇ ਜਿਸ ਕਿਸਮ ਦੀ ਸਿਰਦਰਦੀ ਇਹ ਲੋਕ ਝੱਲਣਗੇ, ਉਸ ਦਾ ਆਮ ਆਦਮੀ ਅੰਦਾਜ਼ਾ ਵੀ ਨਹੀਂ ਲਾ ਸਕੇਗਾ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026