Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਇਹ ਗੈਂਗਵਾਰ ਕਦੋਂ ਤਕ...

Posted on October 19th, 2014


- ਡਿਟੈਕਟਿਵ ਜੈਗ ਖੋਸਾ

ਟਿਕੀ ਰਾਤ ਨੂੰ ਬੁਹਾ ਖੜਕਦਾ ਹੇ...ਮਾਂ ਤ੍ਰਬਕ ਕੇ ਜਾਗ ਜਾਂਦੀ ਹੈ...ਬਾਪ ਕਿਸੇ ਅਜੀਬ ਫਿਕਰ ਵਿਚ ਨੰਗੇ ਪੈਰੀਂ ਬੰਦ ਪਏ ਬੂਹੇ ਵਲ ਕਦਮ ਪੁੱਟਦਾ ਹੈ...ਮਾਂ ਨੂੰ ਲਗਦਾ ਹੈ ਕਿ ਦੋਸਤਾਂ ਨਾਲ ਘੁੰਮਣ ਗਿਆ ਉਸ ਦਾ ਨੌਜਵਾਨ ਪੁੱਤ ਘਰੇ ਪਰਤਿਆ ਹੈ...

ਰਾਤ ਦੇ ਇਸ ਸੰਨਾਟੇ ਵਿਚ ਹੋਰ ਭਲਾ ਬੂਹਾ ਕੌਣ ਖੜਕਾਵੇਗਾ...

ਬਾਪ ਦੇ ਹੱਥ ਕਿਸੇ ਡਰ ਕਾਰਨ ਬੂਹੇ ਖੋਲਣ ਤੋਂ ਜਿਵੇਂ ਇਨਕਾਰੀ ਹੋ ਜਾਂਦੇ ਨੇ... ਬੂਹਾ ਫੇਰ ਖੜਕਦਾ ਹੈ...ਇਸ ਵਾਰ ਹੋਰ ਵੀ ਜ਼ੋਰ ਨਾਲ...ਹੌਂਸਲਾ ਕਰ ਉਹ ਬੂਹਾ ਖੋਲ ਦਿੰਦਾ ਹੈ...ਸਾਹਮਣੇ ਉਸ ਦਾ ਜਵਾਨ ਪੁੱਤ ਨਹੀਂ ਸਗੋਂ ਦੋ ਵਰਦੀਧਾਰੀ ਪੁਲੀਸ ਆਫਿਸਰ, ਹੱਥਾਂ ਵਿਚ ਆਪਣੀਆਂ ਟੋਪੀਆਂ ਲਈ ਖੜੇ ਦਿਸਦੇ ਨੇ...

ਦੋਹਾਂ ਵਿਚੋਂ ਇਕ ਚੁੱਪ ਦਾ ਸੰਨਾਟਾ ਤੋੜਦਾ ਹੋਇਆ ਆਖਦਾ ਹੈ, ''ਮਿਸਟਰ ਸਿੰਘ ਤੁਹਾਡਾ ਨੌਜਵਾਨ ਪੁੱਤਰ ਹੁਣ ਇਸ ਦੁਨੀਆਂ ਵਿਚ ਨਹੀਂ ਰਿਹਾ...ਉਹ ਕਿਸੇ ਅਣਪਛਾਤੇ ਵਿਅਕਤੀ ਦੀਆਂ ਮਾਰੀਆਂ ਗੋਲੀਆਂ ਕਾਰਨ ਦਮ ਤੋੜ ਗਿਆ''

ਇਹ ਸੁਣਦਿਆਂ ਹੀ ਜਿਵੇਂ ਬਾਪ ਦਾ ਦਿਲ ਰੁਕ ਗਿਆ ਹੋਵੇ... ਵਕਤ ਜਿਵੇਂ ਠਹਿਰ ਗਿਆ ਹੋਵੇ...ਮਾਂ ਦੇ ਕੰਨਾਂ ਵਿਚ ਇਹ ਬੋਲ ਪੈਂਦਿਆਂ ਹੀ ਉਹ ਚੀਖ ਮਾਰ ਫਰਸ਼ ਤੇ ਡਿਗ ਪੈਂਦੀ ਹੈ...

ਬਾਪ ਨੂੰ ਜਾਪਦਾ ਹੈ ਕਿ ਇਹਨਾਂ ਚਾਰ ਬੋਲਾਂ ਨੇ ਉਸ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੋਵੇ... ਇਹ ਸਭ ਕਿਵੇਂ ਹੋ ਗਿਆ...ਬੱਸ ਕੋਈ ਚਾਰ ਕੁ ਘੰਟੇ ਪਹਿਲਾਂ ਹੀ ਤਾਂ ਘਰੋਂ ਗਿਆ ਸੀ, ਉਹਨਾਂ ਦਾ ਪੁੱਤ... ਉਹ ਹੱਸਦਾ, ਟੱਪਦਾ ਗੱਭਰੂ ਕਿਵੇਂ ਕਿਸੇ ਦੀ ਗੋਲੀ ਦਾ ਸ਼ਿਕਾਰ ਹੋ ਸਕਦਾ ਹੈ?

ਇਹ ਸਭ ਸੋਚਦਿਆਂ, ਬਾਪ ਦੇ ਪੈਰ ਪੱਥਰ ਦੇ ਹੋ ਜਾਂਦੇ ਨੇ...ਤੇ ਉਹ ਬੂਹਾ ਭੇੜ, ਨਿਢਾਲ ਹੋ ਉਥੇ ਹੀ ਬੈਠ ਜਾਂਦਾ ਹੈ...

ਵੱਡੇ ਜਿਹੇ ਘਰ ਦੀ ਚਾਰਦੀਵਾਰੀ ਅੰਦਰ, ਮਾਂ ਬਾਪ ਦੀਆਂ ਚੀਖਾਂ ਕੰਧਾਂ ਵਿਚ ਵੱਜ ਸ਼ਾਂਤ ਹੋ ਜਾਂਦੀਆਂ ਹਨ...ਹਜ਼ਾਰਾਂ ਹੀ ਸਵਾਲ ਇਕ ਰੀਲ ਬਣ ਦੋਹਾਂ ਦੀਆਂ ਅੱਖਾਂ ਮੁਹਰੋਂ ਲੰਘਦੇ ਨੇ...

ਬਚਪਨ ਵਿਚ ਮੋਢੇ ਤੇ ਚੁੱਕ ਕੇ ਖਿਡਾਏ ਆਪਣੇ ਪੁੱਤ ਦੀਆਂ ਪਿਆਰੀਆਂ ਤੇ ਤੋਤਲੀਆਂ ਗੱਲਾਂ ਬਾਪ ਦੇ ਕੰਨਾਂ ਵਿਚ ਯਾਦ ਬਣ ਉਭਰਦੀਆਂ ਹਨ... ਮਾਂ ਦੀਆਂ ਅੱਖਾਂ ਸਾਹਮਣੇ ਗੋਦੀ ਵਿਚ ਬੈਠੇ ਦੁੱਧ ਪੀਂਦੇ ਅਤੇ ਪੋਲੇ ਪੋਲੇ ਪੈਰ ਪੁੱਟਦੇ ਉਹ ਨਿੱਕੇ ਜਿਹੇ ਬਾਲ ਦੀਆਂ ਯਾਦਾਂ ਮੁੜ-ਮੁੜ ਉਠਦੀਆਂ ਹਨ....ਮਾਂ ਬਾਪ ਦੀਆਂ ਅੱਖਾਂ ਸਾਹਮਣੇ ਆਪਣੇ ਪੁੱਤ ਦੀਆਂ ਨਿੱਕੇ ਜਿਹੇ ਬੱਚੇ ਤੋਂ ਲੈ ਕੇ ਜਵਾਨ ਹੋਣ ਤੱਕ ਦੀਆਂ ਯਾਦਾਂ ਹੰਝੂ ਬਣ ਵਹਿ ਰਹੀਆਂ ਸਨ...

ਪਰ ਹੁਣ ਸਭ ਖਤਮ ਹੋ ਚੁੱਕਿਆ ਸੀ...ਕਾਲਾ ਜਿਹਾ ਹਨ੍ਹੇਰਾ ਉਹਨਾ ਦੇ ਘਰ ਦੇ ਚੁਫੇਰੇ ਫੈਲ ਗਿਆ ਸੀ...ਉਹ ਹੁਣ ਕਦੇ ਨਹੀਂ ਪਰਤੇਗਾ...ਉਸਦਾ ਹਾਸਾ ਹੁਣ ਕਦੇ ਵੀ ਇਸ ਘਰ ਵਿਚ ਨਹੀਂ ਗੂੰਜੇਗਾ...

ਇਹ ਕਹਾਣੀ ਕਿਸੇ ਇਕ ਪਰਿਵਾਰ ਦੀ ਨਹੀਂ ਬਲਕਿ ਉਹਨਾਂ ਸੈਂਕੜੇ ਪਰਿਵਾਰਾਂ ਦੀ ਹੈ, ਜਿਨ੍ਹਾਂ ਨੇ ਢਲਦੀ ਉਮਰੇ ਆਪਣੇ ਜਵਾਨ ਪੁੱਤ ਗੈਂਗਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੁੰਦੇ ਵੇਖੇ ਨੇ....

ਇਹ ਕਹਾਣੀ ਉਹ੍ਹਾਂ ਅਨੇਕਾਂ ਝੁਰੜੀਆਂ ਭਰੇ ਹੱਥਾਂ ਦੀ ਹੈ ਜਿਨ੍ਹਾਂ ਨੇ ਆਪਣੇ ਪੁੱਤਰਾਂ ਦੇ ਮੋਏ ਸਰੀਰਾਂ ਨੂੰ ਅਗਨ ਭੇਂਟ ਕੀਤਾ...ਇਹ ਕਹਾਣੀ ਉਨ੍ਹਾਂ ਮਾਂਵਾਂ ਦੀ ਹੈ ਜੋ ਆਪਣੇ ਮਰ ਚੁੱਕੇ ਪੁੱਤਰਾਂ ਦੀ ਉਡੀਕ ਕਰਦਿਆਂ ਖੁਦ ਉਡੀਕ ਬਣ ਗਈਆਂ... ਇਹ ਕਹਾਣੀ ਉਨ੍ਹਾਂ ਘਰਾਂ ਦੀ ਹੈ ਜਿਨ੍ਹਾਂ ਦੇ ਬਨੇਰਿਆਂ ਤੇ ਕਿਸੇ ਵੀ ਦਿਵਾਲੀ ਤੇ ਚਿਰਾਗ ਨਹੀਂ ਬਲੇਗਾ... ਇਹ ਕਹਾਣੀ ਉਨ੍ਹਾਂ ਭੈਣਾਂ ਦੀ ਹੈ...ਜਿਨ੍ਹਾਂ ਦੀਆਂ ਭਿੱਜੀਆਂ ਅੱਖਾਂ, ਡੋਲੀ ਤੁਰਦਿਆਂ ਆਪਣੇ ਗਵਾਚ ਗਏ ਵੀਰ ਨੂੰ ਟੋਹਲਣਗੀਆਂ...ਉਹ ਵੀਰ ਜੋ ਕਦੇ ਨਹੀਂ ਪਰਤੇਗਾ...

ਕਦੋਂ ਤੀਕ ਅਸੀਂ ਆਪਣੀ ਕੌਮ ਦੇ ਇਨ੍ਹਾਂ ਗੁਮਰਾਹ ਹੋ ਚੁਕੇ ਨੌਜਵਾਨਾਂ ਦੇ ਕਤਲ ਹੁੰਦੇ ਵੇਖਦੇ ਰਹਾਂਗੇ...ਕਦੋਂ ਤੀਕ ਅਸੀਂ, ''ਚਲੋ ਸ਼ੁਕਰ ਹੈ, ਇਹ ਆਪਣਾ ਪੁੱਤ ਨਹੀਂ ਸੀ'' ਕਹਿ ਪਾਸਾ ਵੱਟਦੇ ਰਹਾਂਗੇ?

ਪੁੱਤ ਕਿੰਨਾ ਵੀ ਗਲਤ ਕਿਉਂ ਨਾ ਹੋਵੇ...ਕਿਸੇ ਵੀ ਬਾਪ ਲਈ ਉਸ ਦੀ ਲਾਸ਼ ਢੋਹਣ ਵਰਗੀ ਕੋਈ ਸਜਾ ਨਹੀਂ ਹੁੰਦੀ...

ਪਿਛਲੇ ਦੋ ਕੁ ਦਹਾਕਿਆਂ ਦੌਰਾਨ ਸੈਂਕੜੇ ਹੀ ਪੰਜਾਬੀ ਨੌਜਵਾਨ ਗੈਂਗਾਂ ਦੀ ਆਪਸੀ ਲੜਾਈ ਦਾ ਸ਼ਿਕਾਰ ਹੋ ਮੌਤ ਦੇ ਮੂੰਹ ਜਾ ਪਏ ਨੇ...

ਸਾਡੀ ਕੌਮ ਨੂੰ ਇਹ ਕਿਹਾ ਸਰਾਪ ਹੈ ਕਿ 1947 ਵਿਚ ਅਸੀਂ ਪਹਿਲਾਂ ਆਪਣਾ ਪਿਛੋਕੜ ਗੁਆ ਲਿਆ...ਫੇਰ 1984 ਵਿਚ ਆਪਣਾ ਵਰਤਮਾਨ... ਤੇ ਹੁਣ ਇਕ-ਇਕ ਕਰ ਅਸੀਂ ਆਪਣਾ ਭਵਿੱਖ ਗੁਆ ਰਹੇ ਹਾਂ...

ਅਜਿਹੀ ਹੀ ਇਕ ਸਥਿਤੀ ਫਰੇਜ਼ਰ ਵੈਲੀ ਦੇ ਇਕ ਸ਼ਹਿਰ ਐਬਟਸਫੋਡ ਬਣੀ ਹੋਈ ਹੈ, ਜਿਥੇ ਪਿਛਲੇ 6 ਮਹੀਨਿਆਂ ਤੋਂ ਕੱਚੀ ਉਮਰ ਦੇ 20-30 ਨੌਂਜਵਾਨਾ ਦੇ ਦੋ ਧੜਿਆਂ ਦੀ ਆਪਸੀ ਲੜਾਈ ਪੁਲਿਸ ਅਤੇ ਭਾਈਚਾਰੇ ਲਈ ਸਿਰਦਰਦੀ ਦਾ ਕਾਰਣ ਬਣੀ ਹੋਈ ਹੈ।

ਕਿਸੇ ਨਿੱਕੀ ਜਿਹੀ ਗੱਲ ਤੋਂ ਸ਼ੁਰੂ ਹੋਏ ਵਿਵਾਦ ਕਾਰਨ ਹੁਣ ਤੀਕ ਤਕਰੀਬਨ 30 ਦੇ ਕਰੀਬ ਘਟਨਾਂਵਾਂ ਹੋ ਚੁੱਕੀਆਂ ਨੇ...ਘਰਾਂ ਤੇ ਆਂਡੇ ਮਾਰਨ ਤੋਂ ਲੈ ਕੇ, ਮਾਲੀ ਨੁਕਸਾਨ ਹੋਣ ਦੀਆਂ ਘਟਨਾਂਵਾਂ ਏਸ ਵਿਵਾਦ ਦੀ ਲਪੇਟ ਵਿਚ ਆ ਚੁਕੀਆਂ ਨੇ...

ਅਕਤੂਬਰ 2 ਨੂੰ ਹੋਈ ਇਕ ਗੋਲੀਬਾਰੀ ਕਾਰਨ ਇਕ 18 ਸਾਲਾਂ ਨੌਜਵਾਨ ਦੀ ਮੌਤ ਹੋ ਗਈ... ਹਾਲਾਂਕਿ ਭਾਈਚਾਰੇ ਵਿਚ ਇਸ ਗੱਲ ਦੇ ਸ਼ੰਕੇ ਹਨ ਕਿ ਇਹ ਗੋਲੀਬਾਰੀ ਇਨ੍ਹਾਂ ਹੀ ਦੋ ਧੜਿਆਂ ਦੀ ਚਲ ਰਹੀ ਲੜਾਈ ਦਾ ਸਿੱਟਾ ਹੈ...ਪੁਲਿਸ ਵਲੋਂ ਤਫਤੀਸ਼ ਮੁਕੰਮਲ ਹੋਣ ਤੋਂ ਪਹਿਲਾਂ ਇਸ ਬਾਰੇ ਹੋਰ ਕੋਈ ਵੀ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਜਾ ਰਿਹਾ। ਪੁਲੀਸ ਨੇ ਇਹ ਗਲ ਸਪੱਸ਼ਟ ਕੀਤੀ ਕਿ ਇਹ ਨੌਜਵਾਨ ਮਿੱਥ ਕੇ ਕੀਤੇ ਹਮਲੇ ਦਾ ਸ਼ਿਕਾਰ ਹੋਇਆ ਪ੍ਰਤੀਤ ਹੁੰਦਾ ਹੈ।

ਕਾਰਣ ਕੋਈ ਵੀ ਹੋਵੇ...ਸੱਚ ਤਾਂ ਇਹ ਹੈ ਕਿ ਕਿਸੇ ਮਾਂ ਬਾਪ ਨੇ ਆਪਣਾ ਜਵਾਨ ਪੁੱਤ ਗੁਆ ਲਿਆ...ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਜੇ ਦੋ ਧੜਿਆਂ ਦੀ ਚਲ ਰਹੀ ਇਸ ਲੜ੍ਹਾਈ ਨੂੰ ਨੱਥ ਨਾਾ ਪਾਈ ਗਈ ਤਾਂ..ਕਈ ਘਰਾਂ ਦੇ ਦੀਵੇ ਬੁਝਣ ਦੇ ਹਾਲਾਤ ਬਣ ਜਾਣਗੇ।

ਧੜੇਬਾਜ਼ੀ ਵਿਚ ਸ਼ਾਮਿਲ ਇਨ੍ਹਾਂ ਨੌਜਵਾਨਾਂ ਦੇ ਮਾਪਿਆਂ ਨੂੰ ਆਪਣੇ ਪੁੱਤਾਂ ਦੇ ਭੈੜ ਲੁਕਾਉਣ ਦੀ ਬਜਾਏ ਪੁਲੀਸ ਦਾ ਸਾਥ ਦੇਣਾ ਚਾਹੀਦਾ ਹੈ ਤਾਂਕਿ ਕੋਈ ਹੋਰ ਮੰਦਭਾਗੀ ਘਟਨਾ ਵਾਪਰਨ ਤੋਂ ਰੋਕੀ ਜਾ ਸਕੇ। 

ਭਾਈਚਾਰੇ ਨੂੰ ਇਕਜੁੱਟ ਹੋ ਕੇ ਇਸ ਲੜਾਈ ਨੂੰ ਖਤਮ ਕਰਨ ਦੀ ਹਰ ਮੁਮਕਿਨ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਡੇ ਭਾਈਚਾਰੇ ਨੇ ਬੜੇ ਮਾੜੇ ਦਿਨ ਵੇਖੇ ਨੇ...ਬਸ ਹੋਰ ਨਹੀਂ... ਸਾਨੂੰ ਇਨ੍ਹਾਂ ਗੁਮਰਾਹ ਹੋਏ ਨੌਜਵਾਨਾਂ ਨੂੰ ਏਸ ਦਲਦਲ ਵਿਚੋਂ ਕੱਢਣਾ ਹੀ ਪਵੇਗਾ...

ਮੇਰੀ ਸਾਰੇ ਭਾਈਚਾਰੇ ਨੂੰ ਅਪੀਲ ਹੈ ਕਿ ਇਕਮੁੱਠ ਹੋ ਕੇ ਏਸ ਮੁੱਦੇ ਤੇ ਕੋਈ ਠੋਸ ਕਦਮ ਚੁੱਕੀਏ ਤਾਂਕਿ ਹੋਰ ਕਿਸੇ ਮਾਪੇ ਨੂੰ ਦੇਰ ਰਾਤ ਕੋਈ ਮਾੜੀ ਖਬਰ ਸੁਣਨ ਲਈ ਬੂਹਾ ਨਾ ਖੋਲਣਾ ਪਵੇ... ਏਸ ਤੋਂ ਪਹਿਲਾਂ ਕਿ ਹੋਰਾਂ ਘਰਾਂ ਵਿਚ ਵੀ ਸਦੀਵੀ ਹਨ੍ਹੇਰਾ ਪਸਰ ਜਾਵੇ... ਆਓ ਰਲ ਕੇ ਰੌਸ਼ਨੀ ਕਰੀਏ।

ਅੱਗ ਅੰਨ੍ਹੀ ਹੈ ਪਾਗਲ ਹੈ ਮੂੰਹ ਜ਼ੋਰ ਹੈ...ਇਹ ਨਾ ਸਮਝੀਂ ਕਿ ਸੜਦਾ ਕੋਈ ਹੋਰ ਹੈ...

ਲਾਂਬੂ ਇਧਰੋਂ ਦੀ ਲੰਘੇ ਜਦੋਂ ਟਹਿਲਦੇ...ਖੌਰੇ ਕਿਨਾਂ ਬਰੂਹਾਂ 'ਚ ਰੁਕ ਜਾਣਗੇ!


BIO: Detective. Jag Khosa

Combined Forces Special Enforcement Unit 

For the last 8 years, he has been serving as a Police officer starting as an enforcement officer in Alberta and BC, and then transitioning into his current role as a Detective with Organized Crime Agency of BC which operates under the umbrella of Combined Forces Special Enforcement Unit - BC (CFSEU-BC).

 At CFSEU, he had an opportunity be part of many major case investigations relating to homicides, international drug trafficking, weapons trafficking and other activities of organized crime groups. These projects were aimed at disrupting and suppressing gangs and organized crime groups across Canada. On the enforcement side, CFSEU-BC has been at the forefront in our fight against Gangs and Organized crime. Detective Khosa believes that this is the right time to place greater emphasis on  raising public awareness by educating parents and youth with knowledge and the appropriate skills that they could use in their own journey towards happy families and safer communities.

He believes that it is imperative to spread the message that we as a community can take an active role at a preventative stage and no one has to fight this battle alone. Turning around a misguided young person starts with one-on-one intervention. Parents who become involved with their child’s life from an early age had a higher chance of keeping their young ones away from negative influence of gangs. This article is his attempt to initiate a dialogue on a subject that needs to be widely discussed.

For more information on gang prevention please visit CFSEU’s website  endganglife.ca



Archive

RECENT STORIES