Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਟੋਰਾਂਟੋ ਦੀ ਪੰਜਾਬਣ ਵਕੀਲ 35 ਲੱਖ ਡਾਲਰ ਦੀ ਠੱਗੀ ਮਾਰ ਕੇ ਰੂਪੋਸ਼

Posted on November 5th, 2014



ਟੋਰਾਂਟੋ (ਪ੍ਰਤੀਕ ਸਿੰਘ)- ਮਿਸੀਸਾਗਾ ਸ਼ਹਿਰ ਵਿੱਚ ਕੁਝ ਵਰ੍ਹਿਆਂ ਤੋਂ ਰੀਅਲ ਐਸਟੇਟ ਬਾਰੇ ਸੇਵਾਵਾਂ ਦਿੰਦੀ ਵਕੀਲ ਰੀਟਾ ਗਰੇਵਾਲ ਆਪਣੇ ਗਾਹਕਾਂ ਨਾਲ 35 ਲੱਖ ਡਾਲਰ ਦੀ ਧੋਖਾਧੜੀ ਕਰ ਕੇ ਭਾਰਤ ਫ਼ਰਾਰ ਹੋ  ਗਈ ਹੈ।

ਕੈਨੇਡਾ ਦੀ ਲਾਅ ਸੁਸਾਇਟੀ ਮੁਤਾਬਕ ਰੀਟਾ ਗਰੇਵਾਲ ਆਪਣਾ ਘਰ ਛੱਡ ਕੇ ਜੁਲਾਈ ਵਿੱਚ ਰੂਪੋਸ਼ ਹੋ ਗਈ ਸੀ। ਸੁਸਾਇਟੀ ਨੇ ਉਸਦਾ ਲਾਈਸੈਂਸ ਮੁਲਤਵੀ ਕਰ ਦਿੱਤਾ ਹੈ। ਟ੍ਰਿਬਿਊਨਲ ਸੁਣਵਾਈ ਦੌਰਾਨ ਡੇਵਿਡ ਰਾਈਟ ਨੇ ਦੱਸਿਆ ਕਿ ਰੀਟਾ ਗਰੇਵਾਲ ਨੇ ਲੋਕਾਂ ਦਾ ਪੈਸਾ ਹੜੱਪ ਕੇ ਕੈਨੇਡਾ ’ਚੋਂ ਚਲੇ ਜਾਣ ਦੀ ਪੂਰੀ ਵਿਉਂਤ ਬਣਾਈ ਹੋਈ ਸੀ। ਉਸਦੀ ਗੁਮਸ਼ੁਦਗੀ ਮਗਰੋਂ ਲਾਅ ਸੁਸਾਇਟੀ ਨੂੰ ਗਾਹਕਾਂ ਵੱਲੋਂ ਦਰਜਨ ਹੋਰ ਸ਼ਿਕਾਇਤਾਂ ਮਿਲੀਆਂ। ਰੀਟਾ ਗਰੇਵਾਲ ਨੇ ਆਰ.ਜੀ. ਬੈਰਿਸਟਰ/ਸਾਲਿਸਟਰ ਕਾਰਪੋਰੇਸ਼ਨ ਦੇ ਨਾਂ ਹੇਠ ਇਸ ਸਾਲ ਫਰਵਰੀ ਤੋਂ ਜੁਲਾਈ ਤੱਕ ਕੰਮ ਕੀਤਾ। ਸੂਤਰਾਂ ਮੁਤਾਬਕ ਉਸਨੇ ਭਾਰਤ ਵਿੱਚ ਵਕਾਲਤ ਕੀਤੀ ਅਤੇ 2005 ਵਿੱਚ ਕੈਨੇਡਾ ਆ ਗਈ ਤੇ ਕਰੀਬ ਤਿੰਨ ਸਾਲ ਬਾਅਦ ਉਹ ਇਕ ਪਰਸਨਲ ਇੰਜਰੀ ਲਾਅ ਫਰਮ ਨਾਲ ਜੁੜ ਗਈ। ਉਸਨੇ 2011 ਵਿੱਚ ਵਕਾਲਤ ਨੂੰ ਆਪਣਾ ਪੇਸ਼ਾ ਬਣਾ ਲਿਆ। ਉਹ ਕੁਝ ਸਮਾਂ ਸਾਊਥ ਏਸ਼ੀਅਨ ਵਿਮੈਨਜ਼ ਸੈਂਟਰ ਵਿੱਚ ਬੋਰਡ ਮੈਂਬਰ ਵੀ ਰਹੀ ਪਰ ਪਿਛਲੇ ਸਾਲ ਉਸਨੇ ਕਿਸੇ ਨਿੱਜੀ ਕਾਰਨ ਕਰਕੇ ਅਸਤੀਫ਼ਾ ਦੇ ਦਿੱਤਾ। ਉਸਦੇ ਨਾਲ ਕੰਮ ਕਰਦੀ ਵਕੀਲ ਮੌਇਰਾ ਗਰੇਸੀ ਮੁਤਾਬਕ ਰੀਟਾ ਗਰੇਵਾਲ’ ਦਾ ਪਤੀ ਵੀ ਉਸੇ ਫਰਮ ਵਿੱਚ‘ਫਾਈਲ ਕਲਰਕ ਸੀ ਪਰ ਆਪਸੀ ਅਣਬਣ ਕਾਰਨ ਤਲਾਕ ਮਗਰੋਂ ਉਹ ਭਾਰਤ ਪਰਤ ਗਿਆ।

ਸੂਤਰਾਂ ਮੁਤਾਬਕ ਰੀਟਾ ਗਰੇਵਾਲ ਦੀ ਬੈਂਕ ਨੇ ਉਸਦੇ ਟਰੱਸਟੀ ਖਾਤੇ ਨੂੰ ਸੀਲ ਕਰ ਦਿੱਤਾ ਹੈ, ਜਿਸ ਵਿੱਚ ਇਕ ਲੱਖ ਡਾਲਰ ਤੋਂ ਘੱਟ ਰਕਮ ਹੈ। ਉਸਦੇ ਕਰੈਡਿਟ ਕਾਰਡਾਂ ਦੀ ਹਰਕਤ ਤੋਂ ਪਤਾ ਲੱਗਦਾ ਹੈ ਕਿ ਉਹ ਇਸ ਵੇਲੇ ਭਾਰਤ ਵਿੱਚ ਹੈ ਪਰ ਲਾਅ ਸੁਸਾਇਟੀ ਆਫ਼ ਕੈਨੇਡਾ ਕੋਲ ਏਨਾ ਹੱਕ ਨਹੀਂ ਹੈ ਕਿ ਉਸਨੂੰ ਭਾਰਤ ’ਚੋਂ ਕਾਨੂੰਨਨ ਮੰਗਵਾ ਕੇ ਕੈਨੇਡਾ ਵਿੱਚ ਸਜ਼ਾ ਦਿਵਾ ਸਕੇ। ਲਾਅ ਸੁਸਾਇਟੀ ਨੇ ਪੁਲੀਸ ਕੋਲ ਕੇਸ ਦਰਜ ਕਰਵਾ ਦਿੱਤਾ ਹੈ ਪਰ ਕੈਨੇਡਾ ਦੀ ਕੌਮੀ ਪੁਲੀਸ ਆਰ.ਸੀ.ਐਮ.ਪੀ. ਨੇ ਰੀਟਾ ਗਰੇਵਾਲ ਖ਼ਿਲਾਫ਼ ਜਾਂਚ ਬਾਰੇ ਅਜੇ ਕੋਈ ਸੰਕੇਤ ਨਹੀਂ ਦਿੱਤੇ।



Archive

RECENT STORIES