Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਇੱਕ ਵੀ ਭਾਰਤੀ ਯੂਨੀਵਰਸਿਟੀ ਸੰਸਾਰ ਦੀਆਂ ਸਿਖਰਲੀਆਂ ਸੌ ਵਿੱਚ ਸ਼ਾਮਲ ਨਹੀਂ: ਪ੍ਰਣਬ

Posted on May 21st, 2013

<p><h1>ਰਾਸ਼ਟਰਪਤੀ ਪ੍ਰਣਬ ਮੁਖਰਜੀ</h1></p>

ਜਲੰਧਰ- ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਤੀਜੀ ਕਾਨਵੋਕੇਸ਼ਨ `ਚ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਹਰ ਯੂਨੀਵਰਸਿਟੀ ਵਿੱਚ ਇੱਕ ਅਜਿਹਾ ਵਿਲੱਖਣਤਾ ਦਾ ਕੇਂਦਰ ਹੋਣਾ ਚਾਹੀਦਾ ਹੈ, ਜਿੱਥੇ ਖੋਜਾਂ ਆਧਾਰਤ ਪ੍ਰਗਤੀ ਅਤੇ ਪ੍ਰੇਰਨਾ ਦੇ ਕੰਮ ਹੋਣ। ਉਨ੍ਹਾਂ ਕਿਹਾ ਕਿ ਅਜਿਹੇ ਕੇਂਦਰਾਂ ਨਾਲ ਦੇਸ਼ ਦੇ ਵਿਦਿਅਕ ਮਿਆਰ ਨੂੰ ਹੋਰ ਉੱਚਾ ਚੁੱਕਿਆ ਜਾ ਸਕਦਾ ਹੈ। ਉਨ੍ਹਾਂ ਇਸ ਗੱਲ `ਤੇ ਜ਼ੋਰ ਦਿੱਤਾ ਕਿ ਦੇਸ਼ ਉਦਯੋਗਿਕ ਤੇ ਆਰਥਿਕ ਪੱਖ ਤੋਂ ਤਦੇ ਅੱਗੇ ਜਾ ਸਕਦਾ ਹੈ, ਜੇ ਖੋਜ ਵਾਲੀ ਸਿੱਖਿਆ ਦਾ ਵਿਕਾਸ ਹੋਵੇ। ਉਨ੍ਹਾਂ ਨੇ ਸਾਰਾ ਜ਼ੋਰ ਖੋਜ ਆਧਾਰਤ ਸਿੱਖਿਆ ਗ੍ਰਹਿਣ ਕਰਨ `ਤੇ ਦਿੱਤਾ।

ਸ੍ਰੀ ਮੁਖਰਜੀ ਨੇ ਕਿਹਾ ਕਿ ਦੁਨੀਆਂ ਦੀਆਂ ਸਿਖਰਲੀਆਂ 200 ਯੂਨੀਵਰਸਿਟੀਆਂ ਵਿੱਚ ਭਾਰਤ ਦੀ ਇੱਕ ਵੀ ਸ਼ਾਮਲ ਨਹੀਂ ਤੇ ਇਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਚਾਰ ਭਾਰਤੀਆਂ ਨੇ ਨੋਬਲ ਪੁਰਸਕਾਰ ਪ੍ਰਾਪਤ ਕੀਤੇ ਹਨ ਤੇ ਉਹ ਵੀ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਖੋਜ ਕਰਦੇ ਸਨ। ਉਨ੍ਹਾਂ ਹਜ਼ਾਰ ਸਾਲ ਪਹਿਲਾਂ ਭਾਰਤ ਦੀਆਂ ਯੂਨੀਵਰਸਿਟੀਆਂ ਤਕਸ਼ਿਲਾ ਤੇ ਨਾਲੰਦਾ ਦਾ ਜ਼ਿਕਰ ਕਰ ਕੇ ਕਿਹਾ ਕਿ ਇਹ ਯੂਨੀਵਰਸਿਟੀਆਂ ਪੂਰੀ ਦੁਨੀਆਂ ਵਿੱਚ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚਦੀਆਂ ਸਨ। ਉਨ੍ਹਾਂ ਕਿਹਾ ਕਿ ਚੀਨ ਸਮੇਤ ਹੋਰ ਦੇਸ਼ਾਂ ਤੋਂ ਵਿਦਵਾਨ ਵੀ ਭਾਰਤ ਦੀਆਂ ਇਨ੍ਹਾਂ ਯੂਨੀਵਰਸਿਟੀਆਂ ਤੋਂ ਸਿੱਖਿਆ ਲੈਂਦੇ ਰਹੇ ਸਨ।

ਸ੍ਰੀ ਮੁਖਰਜੀ ਨੇ ਕਿਹਾ ਕਿ ਉਹ ਇਸ ਗੱਲ `ਤੇ ਸਹਿਮਤ ਹਨ ਕਿ ਯੂਨੀਵਰਸਿਟੀਆਂ ਵਿੱਚ ਉੱਚੇ ਪੱਧਰ ਤੱਕ ਅਧਿਆਪਕਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ, ਪਰ ਤਕਨੀਕ ਦੇ ਆਸਰੇ ਨਾਲ ਈ-ਕਲਾਸ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮਾਜ `ਚ ਔਰਤਾਂ ਦਾ ਇੱਜ਼ਤ-ਮਾਣ ਕਰਨ ਨਾਲ ਸਮਾਜ ਦੀ ਤਰੱਕੀ ਹੋ ਸਕਦੀ ਹੈ। ਉਨ੍ਹਾਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ 30 ਹਜ਼ਾਰ ਵਿਦਿਆਰਥੀਆਂ ਦੇ ਪੜ੍ਹਨ `ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਸਿੱਖਿਆ ਦੇ ਖੇਤਰ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਹਨ।

ਇਸ ਤੋਂ ਪਹਿਲਾਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਸ ਦੇ ਦੇਸ਼ ਵਿੱਚ ਉਚੇਰੀ ਸਿੱਖਿਆ ਦੀ ਬੜੀ ਘਾਟ ਹੈ। ਉਨ੍ਹਾਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਨੂੰ ਪੇਸ਼ਕਸ਼ ਕੀਤੀ ਕਿ ਉਹ ਅਫਗਾਨਿਸਤਾਨ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਦੇਣ, ਉਥੋਂ ਦੀ ਸਰਕਾਰ ਇਨ੍ਹਾਂ ਬੱਚਿਆਂ ਨੂੰ ਸਕਾਲਰਸ਼ਿਪ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਵੀ ਅਫਗਾਨਿਸਤਾਨ ਦੇ 2000 ਦੇ ਕਰੀਬ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ, ‘ਤੁਸੀਂ ਭਾਰਤ ਦੇ ਹੀ ਨਾਗਰਿਕ ਨਹੀਂ, ਦੁਨੀਆਂ ਦੇ ਨਾਗਰਿਕ ਹੋ।’ ਉਨ੍ਹਾਂ ਕਿਹਾ ਕਿ ਭਾਰਤ ਤੇ ਅਫਗਾਨਿਸਤਾਨ ਦੋਵੇਂ ਗੂੜ੍ਹੇ ਮਿੱਤਰ ਦੇਸ਼ ਹਨ।



Archive

RECENT STORIES