Posted on November 21st, 2014

<p>ਬੀਬਾ ਮਨਦੀਪ ਕੌਰ<br></p>
ਕਿਸੇ ਦੇਸ਼ ਦੇ ਫ਼ੌਜੀਆਂ ਨੂੰ ਹਕੂਮਤ ਖ਼ਿਲਾਫ਼ ਬਗ਼ਾਵਤ ਲਈ ਸ਼ਰੇਆਮ ਪ੍ਰੇਰਨਾ ਵੈਸੇ ਤਾਂ ਬਹੁਤ ਵੱਡਾ ਜੁਰਮ ਹੁੰਦਾ ਆ ਪਰ ਹਕੂਮਤ ਦੇ ਡਾਰਲਿੰਗ ਆਗੂਆਂ ਲਈ ਅਜਿਹੇ ਛੋਟੇ-ਮੋਟੇ ਦੋਸ਼ ਮਾਫ਼ ਹਨ। ਹਾਂ ਜੀ, ਗੱਲ ਕਰ ਰਿਹਾਂ 1984 ਦੀ ਜਦ ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਵੇਲੇ ਇੱਕ ਡਾਰਲਿੰਗ ਸਿੱਖ ਆਗੂ ਨੇ ਭਾਰਤੀ ਫ਼ੌਜ 'ਚ ਸੇਵਾਵਾਂ ਨਿਭਾ ਰਹੇ ਸਿੱਖ ਫ਼ੌਜੀਆਂ ਨੂੰ ਬਗ਼ਾਵਤ ਕਰਕੇ ਬੈਰਕਾਂ ਛੱਡ ਕੇ, ਦਰਬਾਰ ਸਾਹਿਬ ਦੀ ਰਾਖੀ ਲਈ ਅੰਮ੍ਰਿਤਸਰ ਪੁੱਜ ਜਾਣ ਦਾ ਸੱਦਾ ਦਿੱਤਾ ਸੀ। ਇਸ ਸੱਦੇ 'ਤੇ ਫ਼ੁੱਲ ਚੜ੍ਹਾਉਂਦਿਆਂ ਅਨੇਕਾਂ ਫ਼ੌਜੀ ਬੈਰਕਾਂ ਛੱਡ ਕੇ, ਜਿਹੜਾ ਹਥਿਆਰ ਹੱਥ ਆਇਆ, ਲੈ ਕੇ ਤੁਰ ਪਏ। ਕਈ ਰਾਹ 'ਚ ਮਾਰ ਦਿੱਤੇ ਗਏ, ਕਈ ਗ੍ਰਿਫ਼ਤਾਰ ਹੋ ਕੇ ਅਨੇਕਾਂ ਸਾਲ ਭਾਗਲਪੁਰ, ਜੋਧਪੁਰ, ਪੂਨੇ, ਨਾਸਿਕ ਅਤੇ ਅੰਬਾਲੇ ਦੀਆਂ ਜੇਲ੍ਹਾਂ 'ਚ ਸਾਲਾਂ-ਬੱਧੀ ਤਸੀਹੇ ਝੱਲਦੇ ਰਹੇ, ਜਿਨ੍ਹਾਂ ਨੂੰ ਨਾਮ ਮਿਲਿਆ, ''ਧਰਮੀ ਫ਼ੌਜੀ''।
ਇਹ ਸਤਰਾਂ ਲਿਖਣ ਨੂੰ ਦਿਲ ਉਦੋਂ ਮਜਬੂਰ ਹੋ ਗਿਆ ਜਦ ਕੈਨੇਡਾ ਦੇ ਹੀ ਇੱਕ ਸ਼ਹਿਰ ਤੋਂ ਇੱਕ ਧਰਮੀ ਫ਼ੌਜੀ ਦਾ ਫ਼ੋਨ ਆਇਆ, ''ਤੁਹਾਡੇ ਅਖ਼ਬਾਰ 'ਚੜ੍ਹਦੀ ਕਲਾ' 'ਚ ਧਰਮੀ ਫ਼ੌਜੀ ਦੀ ਅਪਾਹਜ ਹੋ ਚੁੱਕੀ ਧੀ ਬਾਰੇ ਜੋ ਖ਼ਬਰ ਲੱਗੀ ਆ, ਉਸ ਕੁੜੀ ਦਾ ਨੰਬਰ ਦਿਓ, ਅਸੀਂ ਓਹਦੀ ਮਾਇਕ ਸਹਾਇਤਾ ਕਰਨੀ ਹੈ। ਸਾਡੇ ਸ਼ਹਿਰ ਦੇ ਲੋਕ ਬਹੁਤ ਦਿਆਲੂ ਹਨ, ਇਸ ਤਰਾਂ ਦੇ ਲੋੜਵੰਦ ਦੀ ਸੇਵਾ ਕਰਨ ਨੂੰ ਤਤਪਰ ਰਹਿੰਦੇ ਹਨ।'' ਮੈਂ ਸੋਚਿਆ ਹੇ ਮੇਰੇ ਮਾਲਕਾ, ਕੌਮ ਜਿਨ੍ਹਾਂ ਨੂੰ ਭੁੱਲੀ ਬੈਠੀ ਹੈ, ਇਹ ਆਪਣੇ ਨਾਲ ਦਿਆਂ ਦਾ ਕਿੰਨਾ ਸੋਚ ਰਹੇ ਹਨ। ਖ਼ਬਰ ਇਸ ਤਰਾਂ ਸੀ, ਜੋ ਅਸੀਂ ਪੰਜਾਬ ਤੋਂ ਛਪਦੇ 'ਸਪੋਕਸਮੈਨ' ਅਖ਼ਬਾਰ ਤੋਂ ਲਈ ਸੀ:
''ਧਰਮੀ ਫ਼ੌਜੀ ਦੀ ਧੀ ਨੇ ਰੋ-ਰੋ ਕੇ ਸੁਣਾਈ ਆਪਣੀ ਕਹਾਣੀ
ਅੰਮ੍ਰਿਤਸਰ, 18 ਨਵੰਬਰ (ਚਰਨਜੀਤ ਸਿੰਘ) : ਜੂਨ 1984 ਵਿਚ ਸਿਰਫ਼ ਦੋ ਮਹੀਨਿਆਂ ਦੀ ਉਮਰ ਵਿਚ ਅਪਣਾ ਪਿਤਾ ਗਵਾ ਚੁੱਕੀ ਬੀਬਾ ਮਨਦੀਪ ਕੌਰ, 6 ਜੂਨ ਨੂੰ ਦਰਬਾਰ ਸਾਹਿਬ ਦੇ ਹਮਲੇ ਦੀ ਕਹਾਣੀ ਸੁਣਾ ਕੇ ਲੋਕਾਂ ਨੂੰ ਭਾਵੁਕ ਕਰ ਦਿੱਤਾ।
ਅੱਜ ਧਰਮੀ ਫ਼ੌਜੀਆਂ ਦੀ ਮੀਟਿੰਗ ਵਿਚ ਉਹ ਆਪਣੇ ਨੇੜਲੇ ਰਿਸ਼ਤੇਦਾਰ ਨਾਲ ਇਹ ਉਮੀਦ ਲੈ ਕੇ ਪੁੱਜੀ ਕਿ ਸ਼ਾਇਦ ਉਸ ਦੇ ਪਿਤਾ ਦੀ ਕੁਰਬਾਨੀ ਨੂੰ 'ਇਸ ਨਿਰਦਈ ਪੰਥ' ਵੱਲੋਂ ਮਾਨਤਾ ਮਿਲ ਜਾਵੇ। ਆਪਣੀ ਦਾਸਤਾਨ ਸੁਣਾਉਂਦਿਆਂ, ਸ਼ਾਇਦ ਹੀ ਉਸ ਨੇ ਕੋਈ ਫ਼ਿਕਰਾ ਬੋਲਿਆ ਹੋਵੇ ਜਿਸ ਦੀ ਤਸਦੀਕ ਉਸ ਦੇ ਅੱਥਰੂਆਂ ਨੇ ਨਾ ਕੀਤੀ ਹੋਵੇ।
ਗੁਰਦਾਸਪੁਰ ਦੀ ਵਸਨੀਕ ਬੀਬਾ ਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਜਨਮ ਅਪ੍ਰੈਲ 1984 ਵਿਚ ਹੋਇਆ। ਉਸ ਦੇ ਪਿਤਾ ਸ. ਰੇਸ਼ਮ ਸਿੰਘ ਉਸ ਸਮੇਂ ਪੂਨਾ ਵਿਚ ਤੈਨਾਤ ਸਨ। 10 ਜੂਨ 1984 ਨੂੰ ਉਸ ਦੇ ਪਿਤਾ ਨੇ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਤੋ ਬਾਅਦ ਬੈਰਕਾਂ ਛੱਡਣ ਵਾਲੇ ਫ਼ੌਜੀਆਂ ਨਾਲ ਮਿਲ ਕੇ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤੇ। 12 ਜੂਨ ਨੂੰ ਇਲਾਹਾਬਾਦ ਵਿਖੇ ਫ਼ੌਜ ਤੇ ਧਰਮੀ ਫ਼ੌਜੀਆਂ ਵਿਚਾਲੇ ਹੋਈ ਗੋਲਾਬਾਰੀ ਦੌਰਾਨ ਉਸ ਦੇ ਪਿਤਾ ਸ਼ਹੀਦ ਹੋ ਗਏ।
ਉਸ ਨੇ ਦੱਸਿਆ ਕਿ ਮਾਂ ਨੇ ਤੰਗੀਆਂ ਸਹਿ ਕੇ ਕਿਸੇ ਤਰ੍ਹਾਂ ਦੋ ਭੈਣਾਂ ਨੂੰ +2 ਤਕ ਦੀ ਪੜਾਈ ਕਰਵਾ ਦਿੱਤੀ ਅਤੇ ਉਨ੍ਹਾਂ ਦੀ ਮਾਂ 12 ਜੂਨ 2013 ਨੂੰ ਅਕਾਲ ਚਲਾਣਾ ਕਰ ਗਈ।
ਵਕਤ ਦੀ ਸਿਤਮਜ਼ਰੀਫੀ ਇਹ ਵੀ ਹੋਈ ਕਿ ਜਦ ਉਹ ਬੀ ਏ ਭਾਗ ਪਹਿਲਾ ਦੇ ਪੇਪਰ ਦੇ ਕੇ ਆ ਰਹੀ ਸੀ ਕਿ ਅਚਾਨਕ ਇੱਕ ਸੜਕ ਹਾਦਸੇ ਵਿਚ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਤੇ ਉਹ ਸਦਾ ਲਈ ਅਪਾਹਜ ਹੋ ਗਈ। ਉਸ ਨੇ ਕਿਹਾ ਕਿ ਪਿਤਾ ਦੀ ਤਸਵੀਰ ਅਜਾਇਬ ਘਰ ਵਿਚ ਸਥਾਪਤ ਕਰਵਾਉਣ ਦਾ ਮੰਤਵ ਸਿਰਫ਼ ਇੰਨਾ ਹੈ ਕਿ ਉਸ ਦੇ ਪਿਤਾ ਦੀ ਕੀਤੀ ਕੁਰਬਾਨੀ ਨੂੰ ਪੰਥ ਮੰਨ ਲਏ ਪਰ ਜਥੇਦਾਰਾਂ ਸਾਹਮਣੇ ਪੇਸ਼ ਨਹੀਂ ਚੱਲੀ। ਮਨਦੀਪ ਕੌਰ ਨੇ ਦੱਸਿਆ ਕਿ ਉਹ ਦੋਵੇਂ ਭੈਣਾਂ ਹੀ ਹਨ ਅਤੇ ਕਿਸੇ ਪੰਥ ਨੇ ਸਾਡਾ ਹੱਥ ਨਹੀਂ ਫੜਿਆ ਤੇ ਨਾ ਹੀ ਕੋਈ ਮਦਦ ਕੀਤੀ। ''
ਮਨ ਨੂੰ ਬਹੁਤ ਸਕੂਨ ਮਿਲਿਆ ਕਿ ਸਾਡੇ ਤੋਂ ਤਾਂ ਨਹੀਂ ਸਰਿਆ ਪਰ ਪੰਥ 'ਚ ਹਾਲੇ ਉਹ ਮਾਦਾ ਮੌਜੂਦ ਹੈ, ਜੋ ਦੂਜੇ ਦੇ ਦਰਦ ਨੂੰ ਸਮਝਦਾ ਹੈ। ਮੈਂ ਹੁਣ ਗੁਰਦਾਸਪੁਰ ਦੀ ਵਸਨੀਕ ਬੀਬਾ ਮਨਦੀਪ ਕੌਰ ਸਪੁੱਤਰੀ ਸ. ਰੇਸ਼ਮ ਸਿੰਘ ਦਾ ਸੰਪਰਕ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਜੇ ਕਿਸੇ ਕੋਲ ਸੰਪਰਕ ਹੈ ਤਾਂ ਜਲਦੀ ਦੇਣਾ।
ਇਸ ਤੋਂ ਹੀ ਇੱਕ ਹੋਰ ਧਰਮੀ ਫ਼ੌਜੀ ਦੀ ਗੱਲ ਯਾਦ ਆ ਗਈ। 7-8 ਸਾਲ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਧਰਮੀ ਫ਼ੌਜੀ ਦੀ ਪੰਜਾਬ ਤੋਂ ਚਿੱਠੀ ਆਈ ਕਿ ਉਸਦੀ ਲੜਕੀ ਦਾ ਵਿਆਹ ਹੈ ਪਰ ਉਸ ਕੋਲ ਪੈਸਿਆਂ ਦੀ ਘਾਟ ਹੈ। ਕਿਰਪਾ ਕਰਕੇ ਇਹ ਚਿੱਠੀ ਅਖ਼ਬਾਰ 'ਚ ਛਾਪ ਦਿਓ। ਇਸ ਤਰਾਂ ਦੀਆਂ ਚਿੱਠੀਆਂ ਅਸੀਂ ਪਹਿਲ ਦੇ ਆਧਾਰ 'ਤੇ ਛਾਪ ਦਿੰਦੇ ਹਾਂ, ਇਹ ਵੀ ਛਾਪ ਦਿੱਤੀ। ਗੱਲ ਆਈ ਗਈ ਹੋ ਗਈ।
3 ਮਹੀਨੇ ਬਾਅਦ ਉਸ ਧਰਮੀ ਫ਼ੌਜੀ ਦੀ ਚਿੱਠੀ ਦੁਬਾਰਾ ਆਈ, ਜਿਸ ਵਿਚ ਉਸਨੇ ਸਾਡਾ ਧੰਨਵਾਦ ਕੀਤਾ ਸੀ। ਅੱਖਾਂ ਮੇਰੀਆਂ ਉਦੋਂ ਵੀ ਭਰ ਗਈ ਸਨ ਅਤੇ ਅੱਜ ਫੇਰ ਭਰ ਗਈਆਂ, ਦੁਬਾਰਾ ਉਨ੍ਹਾਂ ਪਲਾਂ ਨੂੰ ਯਾਦ ਕਰਕੇ। ਚਿੱਠੀ 'ਚ ਲਿਖਿਆ ਸੀ, ''ਤੁਹਾਡੇ ਅਖ਼ਬਾਰ 'ਚ ਛਪਿਆ ਖ਼ਤ ਪੜ੍ਹ ਕੇ ਅਮਰੀਕਾ ਤੋਂ ਕਿਸੇ ਨੇ ਆਪਣਾ ਨਾਮ ਲੁਕੋ ਕੇ 7 ਲੱਖ ਰੁਪਏ ਭੇਜ ਦਿੱਤੇ ਸਨ, ਲੜਕੀ ਦਾ ਵਿਆਹ ਬਹੁਤ ਵਧੀਆ ਹੋ ਗਿਆ। 4 ਲੱਖ 'ਚ ਸਾਰਾ ਕੁੱਝ ਸਰ ਗਿਆ, 3 ਲੱਖ ਮੇਰੇ ਕੋਲ ਪਿਆ ਪੰਥ ਦੀ ਅਮਾਨਤ, ਦੱਸੋ ਇਹਦਾ ਕੀ ਕਰਾਂ?''
ਮੇਰੇ ਮਾਲਕਾ ਇੰਨੀ ਇਮਾਨਦਾਰੀ! ਓਹ ਵੀ ਅੱਜ ਦੇ ਜ਼ਮਾਨੇ 'ਚ। ਮਨ ਮੱਲੋ-ਮੱਲੀ ਵਾਹਿਗੁਰੂ ਦਾ ਸ਼ੁਕਰ ਕਰਨ ਲੱਗਿਆ। ਹੇਠਾਂ ਉਨ੍ਹਾਂ ਆਪਣਾ ਫ਼ੋਨ ਨੰਬਰ ਦਿੱਤਾ ਸੀ, ਗੱਲ ਕਰਕੇ ਇਹੀ ਕਿਹਾ ਕਿ ਜੇ ਰੋਜ਼ਗਾਰ ਦਾ ਸਾਧਨ ਹੈ ਨਹੀਂ ਤਾਂ ਉਹ ਖੋਲ੍ਹ ਲਵੋ ਜਾਂ ਜੇ ਕੋਈ ਹੋਰ ਧਰਮੀ ਫ਼ੌਜੀ ਲੋੜਵੰਦ ਹੈ ਤਾਂ ਉਨ੍ਹਾਂ ਨੂੰ ਦੇ ਦਿਓ। ਬਾਅਦ 'ਚ ਪਤਾ ਲੱਗਾ ਕਿ ਉਸ ਧਰਮੀ ਫ਼ੌਜੀ ਨੇ 1 ਲੱਖ ਰੁਪਏ 'ਚ ਆਪਣੇ ਨਾਲ ਲਗਦੇ ਕਸਬੇ 'ਚ ਕਰਿਆਨੇ ਦੀ ਦੁਕਾਨ ਖੋਲ੍ਹ ਲਈ ਅਤੇ ਬਾਕੀ ਬਚਦਾ 2 ਲੱਖ ਇੱਕ ਹੋਰ ਧਰਮੀ ਫ਼ੌਜੀ ਨੂੰ ਸੌਂਪ ਦਿੱਤਾ।
ਮੈਨੂੰ ਲੱਗਦਾ ਕਿ ਮੈਂ ਇੰਨੇ ਅਮੀਰ ਸਿੱਖ ਆਪਣੀ ਜ਼ਿੰਦਗੀ 'ਚ ਕਦੇ ਨਹੀਂ ਦੇਖੇ।
- ਗੁਰਪ੍ਰੀਤ ਸਿੰਘ ਸਹੋਤਾ
ਸਰੀ, ਕੈਨੇਡਾ
email: cknewsgroup@telus.net

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026