Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਵਿਨਾਸ਼ ਚੰਦਰ ਦੇ ਬੰਦਿਆਂ ਨੇ ਸਤਲੁਜ ਦਰਿਆ ਦੇ ਕੰਢਿਓਂ 60 ਕਰੋੜ ਰੁਪਏ ਦਾ ਰੇਤਾ ਕੱਢ ਕੇ ਅੱਗੇ ਵੇਚਿਆ- ਨੇੜਲੇ ਸਾਥੀ ਚੀਤਇੰਦਰ ਸਿੰਘ ਉਰਫ ਸੀਟਾ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਕੋਲ ਖ਼ੁਲਾਸਾ ਕੀਤਾ

Posted on November 22nd, 2014


ਜਲੰਧਰ- ਸ਼੍ਰੋਮਣੀ ਅਕਾਲੀ ਦਲ ਦੇ ਫਿਲੌਰ ਤੋਂ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ (ਸੀਪੀਐਸ) ਅਵਿਨਾਸ਼ ਚੰਦਰ ਦੀਆਂ ਮੁਸੀਬਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਨਸ਼ੇ ਦੇ ਕਾਰੋਬਾਰ ’ਚ ਨਾਮ ਆਉਣ ਤੋਂ ਬਾਅਦ ਹੁਣ ਉਨ੍ਹਾਂ ’ਤੇ ਰੇਤ ਮਾਫੀਏ ਨਾਲ ਜੁੜਨ ਦੇ ਵੀ ਦੋਸ਼ ਅੱਗੇ ਹਨ। ਸ੍ਰੀ ਅਵਿਨਾਸ਼ ਚੰਦਰ ਦੇ ਨੇੜਲੇ ਸਾਥੀ ਚੀਤਇੰਦਰ ਸਿੰਘ ਉਰਫ ਸੀਟਾ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਕੋਲ ਖ਼ੁਲਾਸਾ ਕੀਤਾ ਹੈ ਕਿ ਸ੍ਰੀ ਅਵਿਨਾਸ਼ ਚੰਦਰ ਦੇ ਬੰਦਿਆਂ ਨੇ ਸਤਲੁਜ ਦਰਿਆ ਦੇ ਕੰਢਿਓਂ 60 ਕਰੋੜ ਰੁਪਏ ਦਾ ਰੇਤਾ ਕੱਢ ਕੇ ਅੱਗੇ ਵੇਚਿਆ ਹੈ। 

ਸੀਟਾ ਨੇ ਈਡੀ ਅਧਿਕਾਰੀਆਂ ਕੋਲ ਪੁਸ਼ਟੀ ਕੀਤੀ ਹੈ ਕਿ ਮੁੱਖ ਸੰਸਦੀ ਸਕੱਤਰ ਨੇ ਫਿਲੌਰ ਹਲਕੇ ਦੇ ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਕਥਿਤ ਤੌਰ ’ਤੇ ਪਨਾਹ ਦਿੱਤੀ ਅਤੇ ਖ਼ੁਦ ਉਨ੍ਹਾਂ ਤੋਂ ਹਿੱਸਾ ਲਿਆ।  ਈਡੀ ਰੇਤੇ ਦੀ ਗ਼ੈਰਕਾਨੂੰਨੀ ਖੁਦਾਈ ਦੇ ਮਾਮਲੇ ਦੀ ਜਾਂਚ ਪੰਜਾਬ ਪੁਲੀਸ ਹਵਾਲੇ ਕਰਨ ਦੇ ਰੌਂਅ ’ਚ ਹੈ। ਫਿਲੌਰ ਇਲਾਕੇ ਦੇ 10 ਤੋਂ ਜ਼ਿਆਦਾ ਵਿਅਕਤੀ ਈਡੀ ਦੀ ਰਾਡਾਰ  ’ਤੇ ਪਹਿਲਾਂ ਹੀ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲੌਰ ਮਾਰਕੀਟ ਕਮੇਟੀ ਦਾ ਚੇਅਰਮੈਨ ਨਾ ਬਣਾਏ ਜਾਣ ਤੋਂ ਨਾਰਾਜ਼ ਸੀਟਾ ਨੇ ਸ੍ਰੀ ਅਵਿਨਾਸ਼ ਚੰਦਰ ਦੇ ਰਾਜ਼ ਉਗਲੇ ਹਨ।

ਮੁੱਖ ਸੰਸਦੀ ਸਕੱਤਰ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਦੋਵੇਂ ਮੋਬਾਈਲ ਨੰਬਰਾਂ ਤੋਂ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਦਾ ਫੌਨ ਪੀਏ ਨੇ ਚੁੱਕਿਆ ਅਤੇ ਦੂਜਾ ਨੰਬਰ ਦਿੱਤਾ ਪਰ ਉੱਥੇ ਵੀ ਕਿਸੇ ਨੇ ਫੋਨ ਨਹੀਂ ਚੁੱਕਿਆ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਕਿਸੇ ਨੇ ਕੁਝ ਗਲਤ ਕੀਤਾ ਹੈ ਤਾਂ ਕਾਨੂੰਨ ਆਪਣਾ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਪੁਖਤਾ ਸਬੂਤ ਮਿਲਣ  ’ਤੇ ਹੀ ਅਕਾਲੀ ਦਲ ਕੋਈ ਪ੍ਰਤੀਕਰਮ ਦੇਏਗਾ।



Archive

RECENT STORIES