Posted on December 5th, 2014

ਅਫਸਰ ਸਸਕਾਰ ਕਰਾਉਣ ਦੀ ਜਗ੍ਹਾ ਕਬੱਡੀਆਂ ਪਵਾਉਣ 'ਚ ਰੁੱਝੇ
ਚੰਡੀਗੜ੍ਹ (ਅਕਾਲ ਗਾਰਡੀਅਨ ਬਿਊਰੋ)- ਹਾਈਕੋਰਟ ਵਲੋਂ ਆਸ਼ੂਤੋਸ਼ ਦੇ 15 ਦਿਨਾਂ ਅੰਦਰ ਸਸਕਾਰ ਕਰਨ ਦੇ ਫੈਸਲੇ ਨੂੰ ਨੂਰਮਹਿਲ ਡੇਰੇ ਵਿਚਲੇ ਪ੍ਰਬੰਧਕ ਮੰਨਣ ਤੋਂ ਆਕੀ ਹਨ। ਡੇਰਾ ਪ੍ਰਬੰਧਕਾਂ ਵਲੋਂ ਜਿਸ ਤਰ੍ਹਾਂ ਇਸ ਫੈਸਲੇ 'ਤੇ ਪ੍ਰਤੀਕਰਮ ਦਿੱਤਾ ਗਿਆ ਹੈ, ਉਸਤੋਂ ਪ੍ਰਤੀਤ ਹੁੰਦਾ ਹੈ ਕਿ ਪੰਜਾਬ 'ਚ ਆਉਂਦੇ ਦਿਨੀਂ ਮਾਹੌਲ ਤਣਾਅਪੂਰਨ ਬਣਨ ਦੇ ਆਸਾਰ ਹਨ। ਉਧਰ ਪੰਜਾਬ ਪੁਲਿਸ ਸਮੇਤ ਪੰਜਾਬ ਦਾ ਪ੍ਰਸ਼ਾਸਨ ਅਦਾਲਤ ਦੇ ਹੁਕਮ ਨੂੰ ਲਾਗੂ ਕਰਵਾਉਣ ਦੀ ਬਜਾਇ ਵਿਸ਼ਵ ਕਬੱਡੀ ਕੱਪ ਦੇ ਪ੍ਰਬੰਧ 'ਚ ਰੁੱਝਾ ਹੋਇਆ ਹੈ, ਜਿਸ ਦੌਰਾਨ 6 ਦਸੰਬਰ ਤੋਂ ਲੈ ਕੇ 20 ਦਸੰਬਰ ਤੱਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਕਬੱਡੀ ਦੇ ਮੈਚ ਕਰਵਾਏ ਜਾਣੇ ਹਨ।
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਉਨ੍ਹਾਂ ਹੁਕਮਾਂ 'ਤੇ ਰੋਕ ਲਾਉਣ ਲਈ ਅਦਾਲਤ 'ਚ ਅਰਜ਼ੀ ਦਾਖਲ ਕੀਤੀ ਹੈ, ਜਿਸ 'ਚ ਨੂਰਮਹਿਲ ਡੇਰਾ ਮੁਖੀ ਆਸ਼ੂਤੋਸ਼ ਦਾ ਸਸਕਾਰ 15 ਦਿਨਾਂ 'ਚ ਕਰਨ ਦੇ ਹੁਕਮ ਦਿੱਤੇ ਗਏ ਹਨ। ਸੰਸਥਾਨ ਵਲੋਂ ਦਾਖਲ ਕੀਤੀ ਗਈ ਅਰਜ਼ੀ 'ਚ ਦਾਅਵਾ ਕੀਤਾ ਗਿਆ ਹੈ ਕਿ ਆਸ਼ੂਤੋਸ਼ ਅਜੇ ਵੀ ਸਮਾਧੀ 'ਚ ਲੀਨ ਹਨ ਅਤੇ ਉਨ੍ਹਾਂ ਦੇ ਸਸਕਾਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਨੂਰਮਹਿਲ ਡੇਰੇ ਦੇ ਬੁਲਾਰੇ ਸਵਾਮੀ ਵਿਸ਼ਾਲਾਨੰਦ ਨੇ ਦੱਸਿਆ ਕਿ ਉਨ੍ਹਾਂ ਨੇ ਅਦਾਲਤ ਕੋਲੋਂ 30 ਦਿਨ ਦਾ ਹੋਰ ਸਮਾਂ ਮੰਗਿਆ ਸੀ ਪਰ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 12 ਦਸੰਬਰ ਤੱਕ ਪਾ ਦਿੱਤੀ ਹੈ। ਉਨ੍ਹਾਂ ਆਖਿਆ ਕਿ ਉਹ 12 ਦਸੰਬਰ ਤੱਕ ਇੰਤਜ਼ਾਰ ਕਰਨਗੇ ਯਾਦ ਰਹੇ ਕਿ 12 ਦਸੰਬਰ ਨੂੰ ਸ਼ੁੱਕਰਵਾਰ ਆਉਂਦਾ ਹੈ। ਜੇਕਰ ਉਸ ਦਿਨ ਵੀ ਕੋਈ ਫੈਸਲਾ ਨਹੀਂ ਹੋਇਆ ਤਾਂ ਹਾਈਕੋਰਟ ਦੇ ਪਹਿਲਾਂ ਵਾਲੇ ਦਿੱਤੇ ਗਏ ਫੈਸਲੇ ਨੂੰ ਲਾਗੂ ਕਰਨ ਲਈ 15 ਦਸੰਬਰ ਦਾ ਹੀ ਦਿਨ ਬਚਦਾ ਹੈ।
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੇ ਇੱਕ ਹੋਰ ਪੈਂਤੜਾ ਲੈਂਦਿਆਂ ਹਾਈ ਕੋਰਟ ਦੇ ਹੁਕਮਾਂ ਦੀ ਮਿਆਦ ਪੁੱਗਣ ਤੋਂ ਇੱਕ ਦਿਨ ਪਹਿਲਾਂ 14 ਦਸੰਬਰ ਨੂੰ ਡੇਰੇ ਅੰਦਰ ਭੰਡਾਰਾ ਕਰਨ ਦਾ ਐਲਾਨ ਕਰ ਦਿੱਤਾ ਹੈ। ਡੇਰੇ ਵਲੋਂ 70 ਹਜ਼ਾਰ ਦੇ ਕਰੀਬ ਸ਼ਰਧਾਲੂਆਂ ਦਾ ਇਕੱਠ ਕੀਤੇ ਜਾਣ ਦੇ ਐਲਾਨ ਨਾਲ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ।
ਹਰ ਰੋਜ਼ ਵੱਡੀ ਗਿਣਤੀ 'ਚ ਲੋਕ ਡੇਰੇ ਅੰਦਰ ਜਾ ਰਹੇ ਹਨ, ਜਿਨ੍ਹਾਂ 'ਚ ਵੱਡੀ ਗਿਣਤੀ ਔਰਤਾਂ ਦੀ ਹੈ। ਉਂਝ ਡੇਰੇ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਭੰਡਾਰਾ ਹਰ ਮਹੀਨੇ ਦੇ ਦੂਜੇ ਐਤਵਾਰ ਨੂੰ ਕੀਤਾ ਜਾਂਦਾ ਹੈ ਪਰ ਇਤਫ਼ਾਕ ਨਾਲ 14 ਦਸੰਬਰ ਨੂੰ ਮਹੀਨੇ ਦਾ ਦੂਜਾ ਐਤਵਾਰ ਆਉਂਦਾ ਹੈ।
ਡੇਰੇ ਦੇ ਯੁਵਾ ਪਰਿਵਾਰ ਸੇਵਾ ਸਮਿਤੀ ਦੇ ਚੇਅਰਮੈਨ ਹਰਜਿੰਦਰ ਸਿੰਘ ਨੇ ਡੇਰੇ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 14 ਦਸੰਬਰ ਨੂੰ ਭੰਡਾਰੇ ਸਮੇਂ 60 ਤੋਂ 70 ਹਜ਼ਾਰ ਦੇ ਕਰੀਬ ਸ਼ਰਧਾਲੂ ਨਤਮਸਤਕ ਹੋਣ ਲਈ ਆਉਣਗੇ। ਦੱਸਣਯੋਗ ਹੈ ਕਿ ਡੇਰੇ ਅੰਦਰ 400 ਤੋਂ ਲੈ ਕੇ 500 ਤੱਕ ਸੇਵਾਦਾਰ ਹਰ ਸਮੇਂ ਰਹਿੰਦੇ ਹਨ ਜਦਕਿ 36 ਦੇ ਕਰੀਬ ਸ਼ਰਧਾਲੂ ਉਸ ਥਾਂ ਦੀ ਸੁਰੱਖਿਆ ਕਰ ਰਹੇ ਹਨ, ਜਿਥੇ ਆਸ਼ੂਤੋਸ਼ ਵਲੋਂ 'ਸਮਾਧੀ' ਲਾਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਹਾਈਕੋਰਟ ਨੇ ਪੰਦਰਾਂ ਦਿਨਾਂ ਵਿੱਚ ਆਸ਼ੂਤੋਸ਼ ਦਾ ਸਸਕਾਰ ਕਰਨ ਦੇ ਹੁਕਮ ਦਿੱਤੇ ਸਨ ਪਰ 5 ਦਿਨ ਬੀਤ ਜਾਣ ਦੇ ਬਾਵਜੂਦ ਡਿਪਟੀ ਕਮਿਸ਼ਨਰ ਕੇ. ਕੇ. ਯਾਦਵ ਨੇ ਆਸ਼ੂਤੋਸ਼ ਦੀ 'ਮ੍ਰਿਤਕ ਦੇਹ' ਵੀ ਨਹੀਂ ਦੇਖੀ। ਉਹ ਐਸ. ਐਸ. ਪੀ. (ਦਿਹਾਤੀ) ਨਰਿੰਦਰ ਭਾਰਗਵ ਅਤੇ ਫਿਲੌਰ ਦੇ ਐਸ. ਡੀ. ਐਮ. ਜਸਵੀਰ ਸਿੰਘ ਨਾਲ ਡੇਰੇ ਦਾ ਗੇੜਾ ਜ਼ਰੂਰ ਲਾ ਕੇ ਗਏ ਹਨ। ਜਾਣਕਾਰੀ ਅਨੁਸਾਰ ਡੇਰੇ ਵਾਲੇ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਉਸ ਕਮਰੇ ਤੱਕ ਢੁੱਕਣ ਨਹੀਂ ਦਿੰਦੇ, ਜਿੱਥੇ ਡੇਰੇ ਦੇ ਦਾਅਵੇ ਮੁਤਾਬਕ ਆਸ਼ੂਤੋਸ਼ ਦੀ ਫਰੀਜ਼ਰ 'ਚ ਸਮਾਧੀ ਲੱਗੀ ਹੋਈ ਹੈ।
ਵਿਸ਼ਵ ਕਬੱਡੀ ਕੱਪ ਦਾ ਉਦਘਾਟਨ ਜਲੰਧਰ ਵਿਖੇ ਹੋਣ ਕਰਕੇ ਪੰਜਾਬ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਵਿਸ਼ਵ ਕਬੱਡੀ ਕੱਪ ਦੀਆਂ ਤਿਆਰੀਆਂ 'ਚ ਲੱਗੇ ਹੋਏ ਹਨ, ਜਿਸ ਕਾਰਨ ਅਫ਼ਸਰਾਂ ਨੂੰ ਡੇਰੇ ਵੱਲ ਧਿਆਨ ਦੇਣ ਦਾ ਮੌਕਾ ਹੀ ਨਹੀਂ ਮਿਲ ਰਿਹਾ। ਅਜਿਹੇ ਹਾਲਾਤਾਂ 'ਚ ਆਮ ਲੋਕ ਕਿਸੇ ਸੰਭਾਵਿਤ ਟਕਰਾਅ ਤੋਂ ਡਰੇ ਸਾਹ ਸੂਤ ਕੇ ਬੈਠੇ ਹਨ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026