Posted on December 6th, 2014

<p>ਟੁੱਟੀ ਸੜਕ ’ਤੇ ਕਬੱਡੀ ਖੇਡਦੇ ਕਾਂਗਰਸੀ ਕੌਂਸਲਰ <br></p>
ਜਲੰਧਰ- ਪੰਜਾਬ ਸਰਕਾਰ ਵੱਲੋਂ ਜ਼ੋਰ ਸ਼ੋਰ ਨਾਲ ਕਰਵਾਏ ਜਾ ਰਹੇ ਪੰਜਵੇਂ ਵਿਸ਼ਵ ਕਬੱਡੀ ਕੱਪ ਦੇ ਮੁਕਾਬਲੇ ਕਾਂਗਰਸੀ ਕੌਂਸਲਰਾਂ ਨੇ ਸ਼ਹਿਰ ਦੀ ਸਭ ਤੋਂ ਵੱਧ ਟੁੱਟੀ ਹੋਈ ਸੜਕ ’ਤੇ ਕਬੱਡੀ ਖੇਡ ਕੇ ਸਰਕਾਰ ਦੇ ਵਿਕਾਸ ਪੱਖੀ ਦਾਅਵਿਆਂ ਦਾ ਮਜ਼ਾਕ ਉਡਾਇਆ।
ਕਾਂਗਰਸੀਆਂ ਵੱਲੋਂ ਦੋ ਕਬੱਡੀ ਟੀਮਾਂ ਬਣਾਈਆਂ ਗਈਆਂ ਸਨ ਜਿਨ੍ਹਾਂ ਵਿੱਚ ਇੱਕ ਦਾ ਨਾਂ ਜਗਦੀਸ਼ ਭੋਲਾ ਇਲੈਵਨ ਅਤੇ ਦੂਜੀ ਦਾ ਨਾਂ ਕਾਜ਼ੀ ਮੰਡੀ (ਛੋਟਾ ਅਫਗਾਨਿਸਤਾਨ) ਇਲੈਵਨ ਰੱਖਿਆ ਗਿਆ ਸੀ। ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਜਿੰਦਰ ਬੇਰੀ ਤੇ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੇ ਆਗੂ ਜਗਦੀਸ਼ ਰਾਜਾ ਦੀ ਅਗਵਾਈ ਹੇਠ ਕਾਂਗਰਸੀ ਕੌਂਸਲਰਾਂ ਨੇ ਸ਼ਾਮ ਨੂੰ ਬੱਸ ਅੱਡੇ ਦੇ ਨੇੜੇ ਪਿਛਲੇ ਲੰਮੇ ਸਮੇਂ ਤੋਂ ਟੁੱਟੀ ਹੋਈ ਸੜਕ ’ਤੇ ਕਬੱਡੀ ਖੇਡ ਕੇ ਸਰਕਾਰ ਨੂੰ ਯਾਦ ਦਿਵਾਇਆ ਕਿ ਉਹ ਕਬੱਡੀ ਮੈਚਾਂ ਦੇ ਬਹਾਨੇ ਆਪਣੇ ਪ੍ਰਚਾਰ ਦੀ ਖ਼ਾਤਰ ਕਰੋੜਾਂ ਰੁਪਏ ਫਿਲਮੀ ਅਦਾਕਾਰਾਂ ਤੇ ਹੋਰ ਕਲਾਕਾਰਾਂ ’ਤੇ ਲੁਟਾ ਰਹੀ ਹੈ ਜਦਕਿ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ। ਕਾਂਗਰਸੀ ਕੌਂਸਲਰਾਂ ਨੇ ਢੋਲ ਵਜਾ ਕੇ ਕਬੱਡੀ ਖੇਡੀ।
ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਕਾਂਗਰਸੀਆਂ ਦੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ’ਤੇ ਜਗਦੀਸ਼ ਭੋਲਾ, ਫਿਲਮ ਅਭਿਨੇਤਰੀ ਸੋਨਾਕਸ਼ੀ ਸਿਨਹਾ, ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਬਾਰੇ ਤਿੱਖੀਆਂ ਟਿੱਪਣੀਆਂ ਲਿਖੀਆਂ ਹੋਈਆਂ ਸਨ। ਕਾਂਗਰਸੀ ਆਗੂਆਂ ਨੇ ਬੱਸ ਅੱਡੇ ਨੇੜੇ ਬਣ ਰਹੀ ਸੜਕ ’ਤੇ ਸੰਕੇਤਕ ਕਬੱਡੀ ਖੇਡਦਿਆਂ ਲੋਕਾਂ ਦਾ ਧਿਆਨ ਟੁੱਟੀਆਂ ਸੜਕਾਂ ਵੱਲ ਕੇਂਦਰਿਤ ਕੀਤਾ। ਇਸ ਮੌਕੇ ਜੁੜੀ ਭੀੜ ਨੂੰ ਸੰਬੋਧਨ ਕਰਦਿਆਂ ਰਜਿੰਦਰ ਬੇਰੀ ਤੇ ਜਗਦੀਸ਼ ਰਾਜਾ ਨੇ ਕਿਹਾ ਕਿ ਸੂਬਾ ਸਰਕਾਰ ਇੱਕ ਪਾਸੇ ਤਾਂ ਨਿੱਤ ਨਵੇਂ ਟੈਕਸ ਥੋਪ ਰਹੀ ਹੈ, ਖ਼ਜ਼ਾਨਾ ਖਾਲੀ ਹੋਣ ਦੀਆਂ ਦੁਹਾਈਆਂ ਦਿੱਤੀਆਂ ਜਾ ਰਹੀਆਂ ਹਨ, ਪੰਜਾਬ ਦੇ ਮੁਲਾਜ਼ਮ ਤਨਖਾਹਾਂ ਲੈਣ ਲਈ ਧਰਨੇ ਦੇ ਰਹੇ ਹਨ ਅਤੇ ਦੂਜੇ ਪਾਸੇ ਸਰਕਾਰ ਕਰੋੜਾਂ ਰੁਪਏ ਪਾਣੀ ਵਾਂਗ ਰੋੜ੍ਹ ਕੇ ਵਿਕਾਸ ਨੂੰ ਪੁੱਠਾ ਗੇੜਾ ਦੇ ਰਹੀ ਹੈ। ਕਾਂਗਰਸੀ ਆਗੂਆਂ ਨੇ ਭਾਜਪਾ ਨੂੰ ਵੀ ਨਿਸ਼ਾਨਾ ਬਣਾਉਂਦਿਆਂ ਕਿਹਾ ਉਹ ਉਪਰੋਂ ਤਾਂ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਂਦੇ ਹਨ ਪਰ ਅੰਦਰੋਂ ਦੋਵੇਂ ਧਿਰਾਂ ਘਿਓ ਖਿਚੜੀ ਹਨ। ਉਨ੍ਹਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਸੂਬੇ ਦੇ ਸ਼ਹੀਦਾਂ ਨੂੰ ਤਾਂ ਭੁੱਲ ਚੁੱਕੇ ਹਨ ਪਰ ਕਬੱਡੀ ਖੇਡ ਦੇ ਬਹਾਨੇ ਦਿਲ ਪ੍ਰਚਾਵੇ ਲਈ ਹੀਰੋ ਤੇ ਹੀਰੋਇਨਾਂ ’ਤੇ ਪੈਸੇ ਖਰਚ ਕਰ ਰਹੇ ਹਨ। ਇਸ ਮੌਕੇ ਕਸਤੂਰੀ ਲਾਲ, ਦੇਸ ਰਾਜ ਜੱਸਲ, ਜਗਦੀਸ਼ ਕੁਮਾਰ ਦਕੋਹਾ ਤੇ ਹੋਰ ਕਾਂਗਰਸੀ ਕੌਂਸਲਰ ਹਾਜ਼ਰ ਸਨ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026