Posted on December 21st, 2014

ਚੰਡੀਗੜ੍ਹ- ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਤਲਬ ਕੀਤੇ ਜਾਣ ਕਾਰਨ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਖਾਸ ਕਰ ਬਾਦਲ ਪਰਿਵਾਰ ਬੇਹੱਦ ਕਸੂਤੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੀਠੀਆ ਨੂੰ ਮੰਤਰੀ ਮੰਡਲ ’ਚੋਂ ਲਾਂਭੇ ਕਰਨ ਦੇ ਸੰਕੇਤ ਦੇਣ ਦੀ ਥਾਂ ਅਸਤੀਫ਼ਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਦੂਜੇ ਪਾਸੇ ਮਾਲ ਮੰਤਰੀ ’ਤੇ ਵਜ਼ਾਰਤ ਤੋਂ ਬਾਹਰ ਜਾਣ ਲਈ ਦਬਾਅ ਬਣਨਾ ਸ਼ੁਰੂ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਦੀ ਸੂਬਾ ਇਕਾਈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਰਿਸ਼ਤੇਦਾਰ (ਸਾਲਾ) ਬਿਕਰਮ ਮਜੀਠੀਆ ਵਿਰੁਧ ਮੈਦਾਨ ਵਿੱਚ ਆ ਗਈ ਹੈ। ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਕਮਲ ਸ਼ਰਮਾ ਨੇ ਮਾਲ ਮੰਤਰੀ ਤੋਂ ਅਸਤੀਫ਼ਾ ਮੰਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਇਤਿਹਾਸ ਵਿੱਚ ਸਮੇਂ ਸਮੇਂ ’ਤੇ ਵੱਡੇ ਆਗੂਆਂ ਨੂੰ ਵੀ ਆਪਣੀਆਂ ਕੁਰਸੀਆਂ ਛੱਡਣੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਵੀ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਭਾਜਪਾ ਦੀ ਪੰਜਾਬ ਮਾਮਲਿਆਂ ਬਾਰੇ ਕਮੇਟੀ ਦੇ ਇੰਚਾਰਜ ਰਾਮ ਸ਼ੰਕਰ ਕਥੇਰੀਆ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿੱਚ ਪੂਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਕਾਨੂੰਨ ਸਭ ਲਈ ਸਮਾਨ ਹੈ ਬੇਸ਼ੱਕ ਕੋਈ ਮੰਤਰੀ ਹੈ ਜਾਂ ਆਮ ਵਿਅਕਤੀ। ਸਰਕਾਰ ’ਤੇ ਦੂਹਰੇ ਮਾਪਦੰਡ ਅਪਨਾਉਣ ਦੇ ਦੋਸ਼ ਵੀ ਲੱਗ ਰਹੇ ਹਨ ਕਿਉਂਕਿ ਦਲਿਤ ਮੰਤਰੀਆਂ ਗੁਲਜ਼ਾਰ ਸਿੰਘ ਰਣੀਕੇ ਤੇ ਸਰਵਨ ਸਿੰਘ ਫਿਲੌਰ ਤੋਂ ਤਾਂ ਝੱਟ ਅਸਤੀਫ਼ੇ ਲੈ ਲਏ ਗਏ ਸਨ ਪਰ ਮਜੀਠੀਆ ਨੂੰ ਛੱਡ ਦਿੱਤਾ ਗਿਆ ਹੈ।
ਮਜੀਠੀਆ ਨੂੰ ਈਡੀ ਵੱਲੋਂ 26 ਦਸੰਬਰ ਨੂੰ ਤਲਬ ਕੀਤੇ ਜਾਣ ਕਾਰਨ ਕੇਂਦਰੀ ਵਜ਼ਾਰਤ ਵਿੱਚ ਸ਼ਾਮਲ ਹਰਸਿਮਰਤ ਕੌਰ ਬਾਦਲ ਦੀ ਹਾਲਤ ਵੀ ਪਤਲੀ ਹੋ ਗਈ ਹੈ। ਈਡੀ ਕੇਂਦਰੀ ਵਿੱਤ ਮੰਤਰਾਲੇ ਅਧੀਨ ਆਉਂਦੀ ਜਾਂਚ ਏਜੰਸੀ ਹੈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਅਕਾਲੀਆਂ ਵੱਲੋਂ ਗੂੜ੍ਹੇ ਸਬੰਧਾਂ ਦਾ ਅਕਸਰ ਪ੍ਰਚਾਰ ਕੀਤਾ ਜਾਂਦਾ ਹੈ। ਉਂਜ ਕੇਂਦਰੀ ਜਾਂਚ ਏਜੰਸੀ ਸੀਬੀਆਈ ਵੱਲੋਂ ਪੱਛਮੀ ਬੰਗਾਲ ਦੇ ਮੰਤਰੀ ਨੂੰ ਸ਼ਾਰਦਾ ਚਿੱਟ ਫੰਡ ਘੁਟਾਲੇ ’ਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਦੂਸਰੀ ਜਾਂਚ ਏਜੰਸੀ ਵੱਲੋਂ ਖੇਤਰੀ ਪਾਰਟੀ (ਸ਼੍ਰੋਮਣੀ ਅਕਾਲੀ ਦਲ) ਦੇ ਮੰਤਰੀ ਨੂੰ ਜਾਂਚ ਲਈ ਕਟਹਿਰੇ ’ਚ ਖੜ੍ਹਾ ਕਰਨ ਦਾ ਮਾਮਲਾ ਸਿਆਸੀ ਪੱਖ ਤੋਂ ਅਹਿਮ ਮੰਨਿਆ ਜਾ ਰਿਹਾ ਹੈ। ਈਡੀ ਦੀ ਕਾਰਵਾਈ ਨੂੰ ਅਕਾਲੀ-ਭਾਜਪਾ ਦਰਮਿਆਨ ਵਧ ਰਹੀਆਂ ਦੂਰੀਆਂ ਦੇ ਸਿੱਟੇ ਵਜੋਂ ਵੀ ਦੇਖਿਆ ਜਾ ਰਿਹਾ ਹੈ। ਇਸ ਘਟਨਾ ਦੇ ਪੰਜਾਬ ਤੇ ਕੇਂਦਰੀ ਰਾਜਨੀਤੀ ’ਤੇ ਡੂੰਘਾ ਪ੍ਰਭਾਵ ਪੈਣ ਦੇ ਆਸਾਰ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਵਰਗੇ ਸਿੱਧੇ ਦੋਸ਼ ਲਾਉਣ ਦੀ ਥਾਂ ਅਜੇ ਸੰਜਮ ਤੋਂ ਕੰਮ ਲੈ ਰਹੇ ਹਨ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਈਡੀ ਦੀ ਕਾਰਵਾਈ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਕਿ ਕੁਝ ਲੋਕ ਇਸ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕਰ ਰਹੇ ਸਨ ਪਰ ਇਸ ਨਾਲ ਹੋਰ ਦੇਰੀ ਹੋ ਜਾਂਦੀ।
ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਮੰਗ ਕੀਤੀ ਹੈ ਕਿ ਮਾਲ ਮੰਤਰੀ ਤੋਂ ਤੁਰੰਤ ਅਸਤੀਫ਼ਾ ਲਿਆ ਜਾਵੇ। ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਮਜੀਠੀਆ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਡੀਜੀਪੀ ਸੁਮੇਧ ਸੈਣੀ, ਮਜੀਠੀਆ ਨੂੰ ਬਚਾ ਰਹੇ ਹਨ।
ਪੀਪੀਪੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਸ੍ਰੀ ਮਜੀਠੀਆ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਕੇ ਹੀ ਈਡੀ ਮੂਹਰੇ ਪੇਸ਼ ਹੋਣ।
ਆਮ ਆਦਮੀ ਪਾਰਟੀ ਦੇ ਆਗੂ ਅਤੇ ਸੁਪਰੀਮ ਕੋਰਟ ਦੇ ਵਕੀਲ ਐਚ ਐਸ ਫੂਲਕਾ ਨੇ ਈਡੀ ਦੀ ਕਾਰਵਾਈ ਨੂੰ ਸਹੀ ਕਰਾਰ ਦਿੱਤਾ ਹੈ।
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਪੰਜਾਬ ਸਰਕਾਰ ਵੱਲੋਂ ਪੌਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ 4 ਮੰਤਰੀਆਂ ਤੋਂ ਅਸਤੀਫ਼ੇ ਲਏ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਦੋ ਜਥੇਦਾਰ ਤੋਤਾ ਸਿੰਘ ਅਤੇ ਗੁਲਜ਼ਾਰ ਸਿੰਘ ਰਣੀਕੇ ਦੀ ਤਾਂ ਵਜ਼ਾਰਤ ਵਿੱਚ ਵਾਪਸੀ ਹੋ ਚੁੱਕੀ ਹੈ ਜਦੋਂ ਕਿ ਬੀਬੀ ਜਗੀਰ ਕੌਰ ਅਤੇ ਸਰਵਨ ਸਿੰਘ ਫਿਲੌਰ ਦੀਆਂ ਖੁੱਸੀਆਂ ਤਾਕਤਾਂ ਬਹਾਲ ਨਹੀਂ ਹੋਈਆਂ। ਮੰਤਰੀਆਂ ਦੇ ਅਸਤੀਫ਼ੇ ਪਿੱਛੇ ਮਹੱਤਵਪੂਰਨ ਤੱਥ ਇਹ ਹੈ ਕਿ ਸ੍ਰੀ ਫਿਲੌਰ ਦੇ ਲੜਕੇ ਦਮਨਬੀਰ ਸਿੰਘ ’ਤੇ ਸਮਗਲਰਾਂ ਨਾਲ ਮਿਲੀਭੁਗਤ ਦੇ ਦੋਸ਼ ਲੱਗੇ ਸਨ ਤੇ ਸ੍ਰੀ ਰਣੀਕੇ ਦੇ ਨਿੱਜੀ ਸਹਾਇਕ (ਪੀਏ) ਵੱਲੋਂ ਸਰਹੱਦੀ ਖੇਤਰ ਵਿਕਾਸ ਫੰਡ ਵਿੱਚ ਕਰੋੜਾਂ ਰੁਪਏ ਦਾ ਘਪਲਾ ਕਰਨ ਦੇ ਦੋਸ਼ ਲੱਗੇ।
ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਉਹ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਜਾਂਚ ਵਿੱਚ ਪੂਰਾ ਸਹਿਯੋਗ ਕਰਨਗੇ। ਇਕ ਬਿਆਨ ਵਿੱਚ ਮਾਲ ਮੰਤਰੀ ਨੇ ਕਿਹਾ ਕਿ ਉਹ ਹਮੇਸ਼ਾ ਜਾਂਚ ਵਿੱਚ ਸਹਿਯੋਗ ਲਈ ਤਿਆਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਸਮੇਂ ਸੰਮਨ ਉਨ੍ਹਾਂ ਦੇ ਘਰ ਦਿੱਤੇ ਗਏ, ਉਸ ਸਮੇਂ ਉਹ ਘਰ ਨਹੀਂ ਸਨ ਸ੍ਰੀ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਤੁਰੰਤ ਅਧਿਕਾਰੀਆਂ ਨਾਲ ਫੋਨ ’ਤੇ ਸੰਪਰਕ ਕਰਨ ਦੇ ਨਾਲ-ਨਾਲ ਆਪਣੇ ਸਟਾਫ ਨੂੰ ਸੰਮਨ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਤੇ ਉਨ੍ਹਾਂ ਵਿਰੁਧ ਬਦਨਾਮ ਕਰਨ ਵਾਲੀ ਮੁਹਿੰਮ ਰੁਕਣੀ ਚਾਹੀਦੀ ਹੈ। ਮਾਲ ਮੰਤਰੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਕੁਝ ਹੋਰ ਆਗੂਆਂ ਨੇ ਉਨ੍ਹਾਂ ਵਿਰੁਧ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਸੀ ਪਰ ਉਹ ਕੋਈ ਸਬੂਤ ਪੇਸ਼ ਨਹੀਂ ਕਰ ਸਕੇ ਸਨ ਤੇ ਹੁਣ ਉਹ ਮੀਡੀਆ ਰਾਹੀਂ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਦੇ ਲਗਾਤਾਰ ਯਤਨ ਕਰ ਰਹੇ ਹਨ। ਸਾਰੇ ਦੋਸ਼ਾਂ ਨੂੰ ਨਿਰਆਧਾਰ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਡੂੰਘਾਈ ਨਾਲ ਜਾਂਚ ਕਰਨ ਦੇ ਪੱਖ ਵਿੱਚ ਹਨ ਤਾਂ ਜੋ ਉਨ੍ਹਾਂ ਵਿਰੁਧ ਚੱਲ ਰਹੀ ਮੁਹਿੰਮ ਦਾ ਅੰਤ ਕੀਤਾ ਜਾ ਸਕੇ।
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਡਰੱਗਜ਼ ਮਾਮਲੇ ਵਿੱਚ ਪੁਛਗਿੱਛ ਲਈ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸੱਦੇ ਜਾਣ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਪੁਛਗਿੱਛ ਵਿੱਚ ਸੱਦੇ ਜਾਣ ਨਾਲ ਕੋਈ ਦੋਸ਼ੀ ਸਾਬਤ ਨਹੀਂ ਹੁੰਦਾ ਅਤੇ ਜਦੋਂ ਤੱਕ ਕੋਈ ਦੋਸ਼ੀ ਸਾਬਤ ਨਹੀਂ ਹੁੰਦਾ, ਉਦੋਂ ਤੱਕ ਉਨ੍ਹਾਂ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਦਾ।
-ਟ੍ਰਿਬਿਊਨ ਨਿਊਜ਼ ਸਰਵਿਸ

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026