Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ਼੍ਰੋਮਣੀ ਕਮੇਟੀ ਵੱਲੋਂ ਡੇਰਾ ਮੁਖੀ ਦੀ ਫ਼ਿਲਮ ਦੇ ਵਿਰੋਧ ਦਾ ਫ਼ੈਸਲਾ

Posted on December 24th, 2014

ਸਿੱਖੀ ਨਾਲ ਜੁੜੇ ਮੁੱਦਿਆਂ 'ਤੇ ਫ਼ਿਲਮਾਂ ਲਈ ਸ਼੍ਰੋਮਣੀ ਕਮੇਟੀ ਬਣਾਵੇਗੀ ਸੈਂਸਰ ਬੋਰਡ

ਅੰਮ੍ਰਿਤਸਰ- ਸਿੱਖਾਂ ਨਾਲ ਵਿਵਾਦਤ ਤਕਰਾਰ ਦੇ ਚੱਲਦਿਆਂ ਡੇਰਾ ਸਿਰਸਾ ਦੇ ਮੁਖੀ ਵੱਲੋਂ ਆਪਣੀ ਉਪਮਾਂ 'ਚ ਆਪੇ ਬਣਾਈ ਫ਼ਿਲਮ 'ਮੈਸੰਜ਼ਰ ਆਫ਼ ਗੌਡ' ਦੀ ਨਜ਼ਰਸਾਨੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਫ਼ਿਲਮ ਵੇਖ ਕੇ ਉਣਤਾਈਆਂ ਦੇ ਆਧਾਰ 'ਤੇ ਪਾਬੰਦੀ ਦੀ ਮੰਗ ਤਹਿ ਕਰਨ ਦੇ ਨਿਰਦੇਸ਼ਾਂ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਫ਼ਿਲਮ ਦੇ ਪੋਸਟਰਾਂ ਤੋਂ ਹੀ ਡੇਰਾ ਮੁਖੀ ਦੀ 'ਹਿਮਾਕਤ' ਝਲਕਦੀ ਹੈ ਤੇ ਅਜਿਹੇ 'ਚ ਫ਼ਿਲਮ ਨੂੰ ਜਾਰੀ ਨਹੀਂ ਕੀਤਾ ਜਾਣਾ ਚਾਹੀਦਾ। 

ਉਨ੍ਹਾਂ ਕਿਹਾ ਕਿ ਬੇਸ਼ੱਕ ਸਿੰਘ ਸਾਹਿਬ ਦੇ ਹੁਕਮਾਂ 'ਤੇ ਫ਼ਿਲਮ ਵੇਖੀ ਜਾਵੇਗੀ ਪਰ ਸਿੱਖਾਂ 'ਚ ਇਸ ਫ਼ਿਲਮ ਵਿਰੁੱਧ ਸੰਭਾਵਿਤ ਰੋਸ ਨੂੰ ਵੇਖਦਿਆਂ ਫ਼ਿਲਮ 'ਤੇ ਪਾਬੰਦੀ ਤਹਿ ਹੋਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪੱਤਰਕਾਰ ਮਿਲਣੀ ਦੌਰਾਨ ਸਿੱਖ ਮੁੱਦਿਆਂ 'ਤੇ ਬਣਦੀਆਂ ਫ਼ਿਲਮਾਂ ਨੂੰ ਵਿਵਾਦਾਂ ਤੋਂ ਪਰੇ ਰੱਖਣ ਲਈ ਸ਼੍ਰੋਮਣੀ ਕਮੇਟੀ ਦੇ ਹੀਲੇ ਪੁੱਛੇ ਜਾਣ 'ਤੇ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ, ਸਾਹਿਬਜ਼ਾਦੇ, ਪੰਜ ਪਿਆਰੇ, ਸਮੂਹ ਸ਼ਹੀਦਾਂ ਦੇ ਅਧਾਰਿਤ ਸਿੱਖੀ ਨਾਲ ਸਬੰਧਿਤ ਕੋਈ ਵੀ ਫ਼ਿਲਮ ਬਣਾਉਣ ਦੇ ਚਾਹਵਾਨ ਨਿਰਮਾਤਾ ਤੇ ਨਿਰਦੇਸ਼ਕਾਂ ਨੂੰ ਫ਼ਿਲਮ ਦੀ ਕਹਾਣੀ ਤੋਂ ਲੈ ਕੇ ਆਖਰੀ ਪੜਾਅ ਤੱਕ ਤਿਆਰੀ ਲਈ ਸਿੱਖ ਸਿਧਾਂਤਾਂ ਦੀ ਪਰਖ 'ਚੋਂ ਲੰਘਣਾ ਪਵੇਗਾ, ਜਿਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਜਲਦ ਹੀ ਵਿਦਵਾਨਾਂ, ਮਾਹਿਰਾਂ ਦੇ ਸ਼ੁਮਾਰ ਵਾਲੇ ਸੈਂਸਰ ਬੋਰਡ ਦਾ ਗਠਨ ਕੀਤਾ ਜਾ ਰਿਹਾ ਹੈ। ਸਫ਼ਲ ਫ਼ਿਲਮ ਚਾਰ ਸਾਹਿਬਜ਼ਾਦੇ ਨੂੰ ਸ਼ੁਰੂ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਗੀ ਨਾ ਮਿਲਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਹਰੀ ਝੰਡੀ ਬਾਰੇ ਉਨ੍ਹਾਂ ਕਿਹਾ ਕਿ ਹਰੇਕ ਆਮ ਮਸਲਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਲਿਜਾਣਾ ਵਾਜ਼ਬ ਨਹੀਂ ਹੈ, ਇਸੇ ਕਾਰਨ ਹੀ ਫ਼ਿਲਮਾਂ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਸੈਂਸਰ ਬੋਰਡ ਗਠਿਤ ਕੀਤਾ ਜਾ ਰਿਹਾ ਹੈ। 

ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਚਾਰ ਸਾਹਿਬਜ਼ਾਦੇ ਤੋਂ ਉਤਸ਼ਾਹਿਤ ਹੁੰਦਿਆਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਉਪਰੰਤ ਅਗਲੀ ਕੜੀ 'ਤੇ ਅਧਾਰਿਤ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ 'ਤੇ ਅਗਲੀ ਫ਼ਿਲਮ ਬਣਾਉਣ ਦਾ ਸ਼੍ਰੋਮਣੀ ਕਮੇਟੀ ਵੱਲੋਂ ਫ਼ੈਸਲਾ ਲਿਆ ਗਿਆ ਹੈ, ਜਿਸ 'ਚ ਸਿੱਖਾਂ ਦੇ ਲਾਸਾਨੀ ਇਤਿਹਾਸ ਨੂੰ ਦਰਸਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ, ਵਧੀਕ ਸਕੱਤਰ ਸ: ਦਿਲਜੀਤ ਸਿੰਘ ਬੇਦੀ, ਮੈਨੇਜਰ ਪ੍ਰਤਾਪ ਸਿੰਘ ਤੇ ਹੋਰ ਸ਼੍ਰੋਮਣੀ ਕਮੇਟੀ ਅਧਿਕਾਰੀ ਹਾਜ਼ਰ ਸਨ।



Archive

RECENT STORIES