Posted on January 17th, 2015

ਪਟਿਆਲਾ- ਸਾਬਕਾ ਮੁੱਖ ਮੰਤਰੀ ਸਵਰਗਵਾਸੀ ਸ: ਬੇਅੰਤ ਸਿੰਘ ਦੇ ਕਤਲ 'ਚ ਸਜ਼ਾਯਾਫ਼ਤਾ ਜਗਤਾਰ ਸਿੰਘ ਤਾਰਾ ਜੋ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਤੋਂ ਸੁਰੰਗ ਰਾਹੀਂ ਫ਼ਰਾਰ ਹੋ ਗਿਆ ਸੀ ਨੂੰ ਪਟਿਆਲਾ ਪੁਲਿਸ ਥਾਈਲੈਂਡ ਤੋਂ ਇੱਥੇ ਲੈ ਕੇ ਆਈ ਅਤੇ ਉਸ ਨੂੰ ਇਲਾਕਾ ਮੈਜਿਸਟ੍ਰੇਟ ਸ: ਜਗਮੀਤ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ। ਮਾਨਯੋਗ ਅਦਾਲਤ ਨੇ ਉਸ ਦਾ 5 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ। ਅਦਾਲਤ ਨੇ ਆਦੇਸ਼ ਦਿੱਤੇ ਹਨ ਕਿ ਪੁਲਿਸ 22 ਜਨਵਰੀ ਨੂੰ ਬਾਅਦ ਦੁਪਹਿਰ 2 ਵਜੇ ਦੇ ਕਰੀਬ ਅਦਾਲਤ ਵਿਚ ਪੇਸ਼ ਕਰੇ।
ਅਦਾਲਤ ਵਿਚ ਸਰਕਾਰੀ ਧਿਰ ਵੱਲੋਂ ਸ੍ਰੀ ਚਰਨਜੀਤ ਪਰਾਸ਼ਰ ਅਤੇ ਸ੍ਰੀ ਹਰਮੰਦਰ ਸਿੰਘ ਜਦੋਂ ਕਿ ਸਫ਼ਾਈ ਧਿਰ ਵੱਲੋਂ ਸੀਨੀਅਰ ਵਕੀਲ ਬਰਜਿੰਦਰ ਸਿੰਘ ਸੋਢੀ ਪੇਸ਼ ਹੋਏ। ਸਰਕਾਰੀ ਧਿਰ ਨੇ ਮਾਨਯੋਗ ਅਦਾਲਤ ਨੂੰ ਦੱਸਿਆ ਕਿ ਰਾਸ਼ਟਰੀ ਸਿੱਖ ਸੰਗਤ ਦੇ ਸੀਨੀਅਰ ਕਾਰਕੁਨ ਰੁਲਦਾ ਸਿੰਘ ਕਤਲ ਮਾਮਲੇ 'ਚ ਜੋ ਮੁਕੱਦਮਾ ਨੰਬਰ 279 ਥਾਣਾ ਤ੍ਰਿਪੜੀ ਵਿਖੇ 29 ਜੁਲਾਈ 2009 ਨੂੰ ਦਰਜ ਕੀਤਾ ਗਿਆ ਸੀ 'ਚ ਪੁੱਛਗਿੱਛ ਕਰਨੀ ਹੈ। ਸਰਕਾਰੀ ਧਿਰ ਨੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ 'ਚ ਪਹਿਲਾਂ ਇਰਾਦਾ ਕਤਲ ਕੇਸ ਦੀ ਧਾਰਾ 307 ਅਤੇ ਬਾਅਦ ਵਿਚ ਜਦੋਂ ਰੁਲਦਾ ਸਿੰਘ ਦੀ ਮੌਤ ਹੋ ਗਈ ਤਾਂ ਇਹ ਮਾਮਲਾ ਕਤਲ ਦੀ ਧਾਰਾ 302 ਵਿਚ ਤਬਦੀਲ ਹੋ ਗਿਆ ਸੀ। ਜਗਤਾਰ ਸਿੰਘ ਤਾਰਾ ਇਸ ਮਾਮਲੇ ਦਾ ਮਾਸਟਰ ਮਾਈਂਡ ਹੈ।
ਉਨ੍ਹਾਂ ਆਖਿਆ ਕਿ ਤਾਰਾ ਪਾਕਿਸਤਾਨ ਦੇ ਰਸਤੇ ਥਾਈਲੈਂਡ ਗਿਆ ਅਤੇ ਉੱਥੇ ਬੈਠ ਕੇ ਉਸ ਨੇ ਮੋਟੀਆਂ ਰਕਮਾਂ ਲੋਕਾਂ ਨੂੰ ਦਿੱਤੀਆਂ ਜੋ ਲੋਕ ਦੇਸ਼ ਦੀ ਅਖੰਡਤਾ ਲਈ ਖ਼ਤਰਾ ਸਨ। ਇਸ ਸਬੰਧ ਵਿਚ ਵਿਸਥਾਰ ਵਿਚ ਜਾਣਕਾਰੀ ਪ੍ਰਾਪਤ ਕਰਨੀ ਹੈ ਕਿ ਤਾਰਾ ਨੇ ਕਿਨ੍ਹਾਂ-ਕਿਨ੍ਹਾਂ ਲੋਕਾਂ ਨੂੰ ਪੈਸੇ ਦਿੱਤੇ ਅਤੇ ਉਹ ਲੋਕ ਕਿਸ ਹੱਦ ਤੱਕ ਭਾਰਤ ਵਿਚ ਸਰਗਰਮ ਹਨ। ਸਰਕਾਰੀ ਧਿਰ ਨੇ ਆਖਿਆ ਕਿ ਤਾਰਾ ਇੱਕ ਖ਼ਤਰਨਾਕ ਖਾੜਕੂ ਹੈ ਜੋ ਬੁੜੈਲ ਜੇਲ੍ਹ ਤੋਂ ਫ਼ਰਾਰ ਹੋ ਗਿਆ ਅਤੇ ਹੁਣ ਤੱਕ ਪੁਲਿਸ ਦੇ ਹੱਥ ਨਹੀਂ ਲੱਗਿਆ। ਉਸ ਕੇਸ 'ਚ ਭਗੌੜਾ ਚੱਲਿਆ ਆ ਰਿਹਾ ਹੈ। ਉਨ੍ਹਾਂ ਮਾਨਯੋਗ ਅਦਾਲਤ ਤੋਂ 14 ਦਿਨ ਦਾ ਪੁਲਿਸ ਰਿਮਾਂਡ ਮੰਗਿਆ। ਇਹ ਵੀ ਦੱਸਿਆ ਕਿ ਉਹ ਪੁਲਿਸ ਨੂੰ ਪੰਜ ਕੇਸਾਂ ਵਿਚ ਲੋੜੀਂਦਾ ਹੈ। ਇਸ ਦੇ ਜਵਾਬ ਵਿਚ ਤਾਰਾ ਦੇ ਬਚਾਅ ਪੱਖ ਤੋਂ ਸ: ਸਿੰਘ ਸੋਢੀ ਨੇ ਅਦਾਲਤ ਵਿਚ ਆਖਿਆ ਕਿ ਹੁਣ ਤੱਕ ਰੁਲਦਾ ਸਿੰਘ ਕੇਸ 'ਚ ਬਹੁਤ ਸਾਰੇ ਵਿਅਕਤੀਆਂ ਨੂੰ ਇਹ ਪੇਸ਼ ਕਰ ਚੁੱਕੇ ਹਨ ਅਤੇ ਬਹੁਤ ਸਾਰਿਆਂ ਨੂੰ ਦੋਸ਼ ਮੁਕਤ ਵੀ ਦੇ ਚੁੱਕੇ ਹਨ। ਉਨ੍ਹਾਂ ਆਖਿਆ ਕਿ 2009 ਤੋਂ ਹੁਣ ਤੱਕ ਇੱਕ ਦਰਜਨ ਤੋਂ ਵੱਧ ਵਾਰ ਸਰਕਾਰੀ ਧਿਰ ਨੇ ਜਾਂਚ ਕੀਤੀ ਹੈ ਪਰੰਤੂ ਇਨ੍ਹਾਂ ਨੂੰ ਕੁੱਝ ਵੀ ਪਤਾ ਨਹੀਂ ਲੱਗਿਆ।
ਸਰਕਾਰੀ ਧਿਰ ਦੇ ਇਸ ਤੱਥ ਨੂੰ ਵੀ ਝੁਠਲਾਇਆ ਕਿ ਤਾਰਾ ਨੇ ਬਹੁਤ ਸਾਰੇ ਵਿਅਕਤੀਆਂ ਨੂੰ ਹਥਿਆਰਾਂ ਦੀ ਸਿਖਲਾਈ ਦਿੱਤੀ ਪਰੰਤੂ ਰੁਲਦਾ ਸਿੰਘ ਕੇਸ ਵਿਚ ਤਾਂ ਅਜਿਹਾ ਕੁੱਝ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਰੁਲਦਾ ਸਿੰਘ ਕੇਸ ਇਸ ਵੇਲੇ ਪਟਿਆਲਾ ਵਿਚ ਹੀ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿਚ ਸੁਣਵਾਈ ਅਧੀਨ ਹੈ। ਉਨ੍ਹਾਂ ਆਖਿਆ ਕਿ ਅੱਜ ਜਾਂਚ ਅਧਿਕਾਰੀ ਬਦਲ ਚੁੱਕੇ ਹਨ। ਪਹਿਲਾਂ ਇਸ ਕੇਸ ਦੀ ਜਾਂਚ ਅਸ਼ੀਸ਼ ਕਪੂਰ ਅਤੇ ਸਾਬਕਾ ਇੰਸਪੈਕਟਰ ਜੱਸਾ ਸਿੰਘ ਕਰਦੇ ਸਨ। ਸ: ਸੋਢੀ ਨੇ ਆਖਿਆ ਕਿ ਹਰ ਬੰਦੇ ਨੂੰ ਪਤਾ ਹੈ ਕਿ ਰੁਲਦਾ ਸਿੰਘ ਦਾ ਕਤਲ ਇੱਕ ਪ੍ਰਵਾਸੀ ਭਾਰਤੀ ਔਰਤ ਦੇ ਜਾਇਦਾਦ ਦੇ ਮਾਮਲੇ ਨਾਲ ਸੰਬੰਧਿਤ ਹੈ। ਉਸ ਮਾਮਲੇ 'ਚ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਆਖਿਆ ਕਿ ਰੁਲਦਾ ਸਿੰਘ ਮਾਮਲੇ ਵਿਚ ਜਗਮੋਹਨ ਸਿੰਘ ਅਤੇ ਰਮਨਦੀਪ ਸਿੰਘ ਗੋਲਡੀ ਨੂੰ ਪੁਲਿਸ ਪਹਿਲਾਂ ਹੀ ਅਦਾਲਤ ਵਿਚ ਪੇਸ਼ ਕਰ ਚੁੱਕੀ ਹੈ। ਉਨ੍ਹਾਂ 14 ਦਿਨ ਦੇ ਪੁਲਿਸ ਰਿਮਾਂਡ ਦਾ ਡਟ ਕੇ ਵਿਰੋਧ ਕੀਤਾ ਅਤੇ ਆਖਿਆ ਕਿ ਸਰਕਾਰੀ ਧਿਰ ਇਸ ਗੱਲ ਦਾ ਹਲਫ਼ੀਆ ਬਿਆਨ ਦੇਵੇ ਕਿ ਉਹ ਤਾਰਾ ਤੋਂ ਸਾਰੇ 5 ਕੇਸਾਂ ਵਿਚ ਜਾਂਚ ਇਸ ਰਿਮਾਂਡ ਦੌਰਾਨ ਹੀ ਕਰਨੀ ਹੈ।
ਮਾਨਯੋਗ ਅਦਾਲਤ ਨੇ ਆਦੇਸ਼ ਦਿੱਤੇ ਕਿ ਤਾਰਾ ਦਾ ਮੈਡੀਕਲ ਕਰਵਾਇਆ ਜਾਵੇ ਤਾਂ ਸਰਕਾਰੀ ਧਿਰ ਨੇ ਆਖਿਆ ਕਿ ਮੈਡੀਕਲ ਕਰਵਾ ਕੇ ਹੀ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਹੈ। ਅਦਾਲਤ ਵਿਚ ਹੀ ਬਚਾਅ ਪੱਖ ਨੇ ਤਾਰਾ ਨਾਲ 10 ਮਿੰਟ ਗੱਲ ਕਰਨ ਦੀ ਇਜਾਜ਼ਤ ਮੰਗੀ ਜੋ ਅਦਾਲਤ ਨੇ ਪ੍ਰਵਾਨ ਕਰ ਲਈ। ਮਾਨਯੋਗ ਅਦਾਲਤ ਵਿਚ ਹੀ ਸਫ਼ਾਈ ਧਿਰ ਦੇ ਵਕੀਲ ਸ: ਸੋਢੀ ਨੇ 10 ਮਿੰਟ ਦੇ ਕਰੀਬ ਤਾਰਾ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਸਫ਼ਾਈ ਧਿਰ ਨੂੰ ਤਾਰਾ ਨੇ ਦੱਸਿਆ ਕਿ ਉਸ ਨਾਲ ਕਿਸੇ ਰਿਸ਼ਤੇਦਾਰ ਦਾ ਕੋਈ ਸੰਪਰਕ ਨਹੀਂ ਹੋਇਆ।
ਪੱਤਰਕਾਰਾਂ ਨੇ ਜਦੋਂ ਤਾਰਾ ਨੂੰ ਪੁੱਛਿਆ ਤਾਂ ਉਸ ਨੇ ਇੱਕੋ ਗੱਲ ਆਖੀ ਕਿ 'ਚੜ੍ਹਦੀਕਲਾ'। ਗੌਰਤਲਬ ਹੈ ਕਿ ਤਾਰਾ ਨੂੰ ਪੇਸ਼ ਕਰਨ ਮੌਕੇ ਅੱਜ ਪਟਿਆਲਾ ਅਦਾਲਤ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤੀ ਸੀ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026