Posted on March 31st, 2015

ਸਰੀ (ਚੜ੍ਹਦੀ ਕਲਾ ਬਿਊਰੋ)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਰੈਲ ਮਹੀਨੇ (14-15-16) ਕੈਨੇਡਾ ਦੇ ਦੌਰੇ 'ਤੇ ਆ ਰਹੇ ਹਨ। ਉਨ੍ਹਾਂ ਦੇ ਦੌਰੇ ਦਾ ਵਿਰੋਧ ਕਰਨ ਲਈ ਮੋਦੀ ਦੇ ਕਾਤਲਾਨਾਂ ਵਿਹਾਰ ਤੋਂ ਖਫਾ ਘੱਟ ਗਿਣਤੀ ਕੌਮਾਂ ਵਲੋਂ ਰਲ ਕੇ ਰੋਸ ਵਿਖਾਵੇ ਕਰਨ ਦੀ ਗੱਲ ਕਹੀ ਗਈ ਹੈ। ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਕਿ ਭਾਰਤੀ ਪ੍ਰਧਾਨ ਮੰਤਰੀ ਖਿਲਾਫ ਰੋਸ ਵਿਖਾਵੇ 'ਚ ਸਿੱਖਾਂ ਦੇ ਨਾਲ ਕਸ਼ਮੀਰੀ, ਗੁਜਰਾਤੀ ਮੁਸਲਮਾਨ ਅਤੇ ਖੱਬੇ ਪੱਖੀ ਵਿਚਾਰਧਾਰਾ ਦੇ ਕੁਝ ਲੋਕ ਵੀ ਸ਼ਾਮਲ ਹੋਣਗੇ। ਇਨ੍ਹਾਂ ਵਿਖਾਵਿਆਂ ਦੀ ਰੂਪ-ਰੇਖਾ ਉਲੀਕਣ ਲਈ ਪਿਛਲੇ ਹਫਤਾਅੰਤ 'ਤੇ ਟੋਰਾਂਟੋ ਅਤੇ ਵੈਨਕੂਵਰ ਇਲਾਕੇ ਵਿੱਚ ਕੁਝ ਸਫਲ ਮੀਟਿੰਗਾਂ ਹੋਈਆਂ ਹਨ, ਜਿਨ੍ਹਾਂ ਦੇ ਵੇਰਵੇ ਮੀਡੀਏ ਤੋਂ ਬਹੁਤ ਗੁਪਤ ਰੱਖੇ ਜਾ ਰਹੇ ਹਨ।
ਦੱਸਣਯੋਗ ਹੈ ਕਿ ਮੋਦੀ ਨੇ 16 ਅਪ੍ਰੈਲ ਨੂੰ ਸਰੀ ਦੇ ਲਕਸ਼ਮੀ ਨਰਾਇਣ ਮੰਦਰ ਅਤੇ ਵੈਨਕੂਵਰ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਜਾਣ ਦਾ ਪ੍ਰੋਗਰਾਮ ਵੀ ਬਣਾਇਆ ਹੋਇਆ ਹੈ, ਜਿਸ ਲਈ ਜਾਣ ਵਾਲਿਆਂ ਦੀ ਬਕਾਇਦਾ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ, ਜਿਸਦੀ ਮਿਆਦ 2 ਅਪ੍ਰੈਲ ਤੱਕ ਹੀ ਹੈ। ਕੈਨੇਡੀਅਨ ਸੁਰੱਖਿਆ ਏਜੰਸੀਆਂ ਵਲੋਂ ਇਜਾਜ਼ਤ ਮਿਲਣ ਵਾਲੇ ਵਿਅਕਤੀ ਮਿਲੇ ਹੋਏ ਸ਼ਨਾਖਤੀ ਕਾਰਡ ਰਾਹੀਂ ਹੀ ਇਨ੍ਹਾਂ ਪ੍ਰੋਗਰਾਮਾਂ 'ਚ ਸ਼ਾਮਲ ਹੋ ਸਕਣਗੇ ਕਿਉਂਕਿ ਮੋਦੀ ਦੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਕੈਨੇਡਾ ਸਰਕਾਰ ਦੀ ਹੈ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੂੰ 16 ਮਾਰਚ, 2015 ਨੂੰ ਚਿੱਠੀ ਲਿਖ ਕੇ ਕੈਨੇਡੀਅਨ ਸਿੱਖਾਂ ਵਲੋਂ ਚਿੰਤਾ ਜ਼ਾਹਿਰ ਕੀਤੀ ਗਈ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੈਨੇਡਾ ਬੁਲਾਉਣਾ, ਕੈਨੇਡਾ ਦੇ ਵਕਾਰ ਨੂੰ ਸੱਟ ਮਾਰਨ ਬਰਾਬਰ ਹੈ। ਇਹ ਗੱਲ ਪ੍ਰਮਾਣਾਂ ਸਮੇਤ ਪ੍ਰਧਾਨ ਮੰਤਰੀ ਦੇ ਦਫਤਰ ਦੋ ਵਾਰ ਭੇਜੀ ਜਾ ਚੁੱਕੀ ਹੈ ਪਰ ਹੁਣ ਤੱਕ ਪ੍ਰਧਾਨ ਮੰਤਰੀ ਦੇ ਅਮਲੇ ਵਲੋਂ ਚਿੱਠੀ ਮਿਲਣ ਨੂੰ ਤਸਦੀਕ ਨਹੀਂ ਕੀਤਾ ਗਿਆ। ਹੁਣ ਇਸ ਦੀ ਕਾਪੀ ਰਜਿਸਟਰਡ ਮੇਲ ਰਾਹੀਂ ਤੀਸਰੀ ਵਾਰ ਭੇਜੀ ਜਾ ਰਹੀ ਹੈ। ਇਸ ਚਿੱਠੀ ਵਿੱਚ ਇਹ ਚਿੰਤਾ ਵੀ ਜ਼ਾਹਿਰ ਕੀਤੀ ਗਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸੇ ਗੁਰਦੁਆਰਾ ਸਾਹਿਬ ਵਿੱਚ ਲਿਜਾਣ ਵਿੱਚ ਕੈਨੇਡੀਅਨ ਸਰਕਾਰ ਭਾਈਵਾਲ ਨਾ ਬਣੇ।
ਅਕਾਲੀ ਦਲ ਅੰਮ੍ਰਿਤਸਰ (ਵੈਸਟ) ਦੇ ਪ੍ਰਧਾਨ ਸ. ਰਣਜੀਤ ਸਿੰਘ ਅਤੇ ਸਰੀ (ਬ੍ਰਿਟਿਸ਼ ਕੋਲੰਬੀਆ) ਤੋਂ ਨਾਰਥ ਅਮਰੀਕਨ ਸਿੱਖ ਐਕਟੀਵਿਸਟਸ ਜਥੇਬੰਦੀ ਦੇ ਆਗੂ ਸ. ਧਰਮ ਸਿੰਘ ਨੇ ਕਿਹਾ ਕਿ ਅਜਿਹਾ ਕਰਨ ਨਾਲ ਕੈਨੇਡਾ ਵਿੱਚ ਵਸਦੇ 1 ਮਿਲੀਅਨ ਸਿੱਖਾਂ ਦੇ ਹਿਰਦੇ ਵਲੂੰਧਰੇ ਜਾਣਗੇ, ਜਿਸ ਲਈ ਜ਼ਿੰਮੇਵਾਰੀ ਕੈਨੇਡੀਅਨ ਸਰਕਾਰ ਦੀ ਹੋਵੇਗੀ। ਸ. ਧਰਮ ਸਿੰਘ ਨੇ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਅਗਰ ਮੋਦੀ ਸਿੱਖਾਂ ਦੇ ਕਿਸੇ ਅਸਥਾਨ ਜਾਂ ਕਿਸੇ ਕੈਨੇਡੀਅਨ ਸਭਾ ਵਿੱਚ ਸ਼ਾਮਲ ਹੋਵੇਗਾ ਤਾਂ ਉੱਥੇ ਵੀ 'ਸਿੱਖ ਫਰੀਡਮ ਰੈਲੀ' ਕਰਕੇ ਮੋਦੀ ਦਾ ਵਿਰੋਧ ਕੀਤਾ ਜਾਵੇਗਾ। ਇਸ ਰੋਸ ਵਿਖਾਵੇ ਵਿੱਚ 'ਸਿੱਖਸ ਫਾਰ ਜਸਟਿਸ' ਜਥੇਬੰਦੀ ਸਮੇਤ ਹੋਰ ਕਈ ਪੰਥਕ ਸੰਸਥਾਵਾਂ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਵਲੋਂ ਵੀ ਹਿੱਸਾ ਲੈਣ ਦੀ ਜਾਣਕਾਰੀ ਮਿਲੀ ਹੈ।
ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦੇ ਮੁੱਖ ਸੇਵਾਦਾਰ ਸ. ਦਵਿੰਦਰ ਸਿੰਘ ਗਰੇਵਾਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਆਪਣੇ ਸਾਥੀਆਂ ਸਮੇਤ ਪੂਰੇ ਜੋਸ਼ੋ-ਖਰੋਸ਼ ਨਾਲ ਇਸ ਸ਼ਾਂਤਮਈ ਰੋਸ ਵਿਖਾਵੇ ਵਿੱਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਮਨੁੱਖਤਾ ਦੇ ਹਰੇਕ ਦਰਦੀ ਨੂੰ ਇਸ ਵਿਖਾਵੇ ਵਿੱਚ ਹਿੱਸਾ ਲੈ ਕੇ ਸਾਬਤ ਕਰਨਾ ਚਾਹੀਦਾ ਹੈ ਕਿ ਕੈਨੇਡਾ ਵਿੱਚ ਮੋਦੀ ਦਾ ਬਿਲਕੁਲ ਵੀ ਸੁਆਗਤ ਨਹੀਂ ਹੈ।
ਇਸ ਦੇ ਨਾਲ ਹੀ ਪਤਾ ਲੱਗਾ ਹੈ ਕਿ ਬੀ. ਸੀ. ਦੇ ਪ੍ਰਮੁੱਖ ਗੁਰਦੁਆਰਾ ਸਾਹਿਬਾਨਾਂ ਵਲੋਂ ਇਸ ਮੁੱਦੇ 'ਤੇ ਇੱਕ ਹੰਗਾਮੀ ਮੀਟਿੰਗ ਕੀਤੀ ਜਾ ਰਹੀ ਹੈ। ਇਸ ਦੀ ਪੁਸ਼ਟੀ ਕਰਦਿਆਂ ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟਮਿਨਸਟਰ ਦੇ ਮੁੱਖ ਸੇਵਾਦਾਰ ਸ. ਹਰਭਜਨ ਸਿੰਘ ਅਟਵਾਲ ਨੇ ਕਿਹਾ ਕਿ ਮੀਟਿੰਗ ਵਿੱਚ ਸਹਿਯੋਗੀ ਸਿੱਖ ਸੁਸਾਇਟੀਆਂ ਦਾ ਜੋ ਵੀ ਫੈਸਲਾ ਹੋਇਆ, ਉਸ ਬਾਰੇ ਮੀਡੀਏ ਨੂੰ ਬਕਾਇਦਾ ਪ੍ਰੈੱਸ ਰਿਲੀਜ਼ ਕੀਤੀ ਜਾਵੇਗੀ।
ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਅਗਰ ਕੋਈ ਇਨਸਾਨ ਫੌਜਦਾਰੀ ਕਰਦਾ ਹੈ ਤਾਂ ਉਸਨੂੰ ਕੈਨੇਡਾ ਦਾ ਵੀਜ਼ਾ ਨਹੀਂ ਮਿਲਦਾ। ਅਜਿਹਾ ਹੀ ਨਰਿੰਦਰ ਮੋਦੀ ਨਾਲ ਹੋਇਆ ਕਿ ਕੈਨੇਡਾ ਅਤੇ ਅਮਰੀਕਾ ਨੇ ਇਸ ਸਖਸ਼ ਨੂੰ ਪਿਛਲੇ 12 ਸਾਲ ਤੱਕ ਵੀਜ਼ਾ ਨਹੀਂ ਦਿੱਤਾ ਕਿਉਂਕਿ ਇਸ ਉਪਰ ਗੁਜਰਾਤ ਦਾ ਮੁੱਖ ਮੰਤਰੀ ਹੋਣ ਮੌਕੇ ਨਰਸੰਘਾਰ ਕਰਵਾਉਣ ਦੇ ਦੋਸ਼ ਲੱਗਦੇ ਹੀ ਨਹੀਂ ਸਗੋਂ ਸਬੂਤ ਹਨ ਕਿ ਵਾਕਿਆ ਹੀ ਮੋਦੀ ਦੀ ਇਜਾਜ਼ਤ ਨਾਲ ਘੱਟ ਗਿਣਤੀ ਲੋਕਾਂ ਦਾ ਨਰਸੰਘਾਰ ਹੋਇਆ ਸੀ।
ਹੰਸਰਾ ਮੁਤਾਬਿਕ ਬੀ. ਬੀ. ਸੀ. ਲੰਡਨ ਦੀ ਇੱਕ ਰਿਪੋਰਟ ਕਹਿੰਦੀ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਵਿੱਚ ਸੰਜੀਵ ਭੱਟ, ਜੋ ਕਿ ਗੁਜਰਾਤ ਇੰਟੈਲੀਜੈਂਸ ਬਿਉਰੋ ਦੇ ਸੀਨੀਅਰ ਅਧਿਕਾਰੀ ਸਨ, ਦਾ ਐਫੀਡੇਵਿਟ ਦੱਸ ਰਿਹਾ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਜਾਣ ਬੁੱਝ ਕੇ ਮੁਸਲਮਾਨਾਂ ਖਿਲਾਫ ਨਸਲਕੁਸ਼ੀ ਕਰਵਾਈ। ਇਸ ਰਿਪੋਰਟ ਵਿੱਚ ਲਿਖਿਆ ਹੈ ਕਿ ਸੰਜੀਵ ਭੱਟ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਉਸ ਮੀਟਿੰਗ ਵਿੱਚ ਸ਼ਾਮਲ ਸੀ, ਜਿਸ ਵਿੱਚ ਮੋਦੀ ਨੇ ਕਿਹਾ ਸੀ ਕਿ ਗੁਜਰਾਤ ਦੇ ਹਿੰਦੂਆਂ ਨੂੰ ਮੁਸਲਮਾਨਾਂ ਖਿਲਾਫ ਆਪਣਾ ਗੁੱਸਾ ਕੱਢ ਲੈਣ ਦਿਓ। ਪ੍ਰਤੱਖ ਨੂੰ ਪ੍ਰਮਾਣਾਂ ਦੀ ਜ਼ਰੂਰਤ ਨਹੀਂ ਹੈ। ਪ੍ਰਮਾਣ ਦੱਸਦੇ ਹਨ ਕਿ ਨਰਿੰਦਰ ਮੋਦੀ ਹਿੰਦੂ ਅੱਤਵਾਦੀ ਸੰਸਥਾ ਆਰ. ਐਸ. ਐਸ. ਦੇ ਮੂਹਰਲੀ ਕਤਾਰ ਦੇ ਮੈਂਬਰ ਹਨ, ਜਿਸਦੇ ਆਗੂ ਭਗਵਤ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਸੰਨ 2021 ਤੱਕ ਭਾਰਤ ਦਾ ਹਰ ਬਸ਼ਿੰਦਾ ਹਿੰਦੂ ਬਣਾ ਦਿੱਤਾ ਜਾਵੇਗਾ।
ਗੁਜਰਾਤ ਵਿੱਚ 80 ਹਜ਼ਾਰ ਕਿਸਾਨ, ਜਿਨ੍ਹਾਂ 'ਚੋਂ ਬਹੁਤੇ ਸਿੱਖ ਹਨ, ਨੂੰ ਗੁਜਰਾਤ ਸੂਬੇ 'ਚੋਂ ਉਜਾੜਨ ਦੇ ਹੁਕਮ ਵੀ ਨਰਿੰਦਰ ਮੋਦੀ ਨੇ ਹੀ ਦਿੱਤੇ ਸਨ। ਇਸ ਸਬੰਧੀ ਗੁਜਰਾਤੀ ਕਿਸਾਨਾਂ ਦੇ ਇੱਕ ਆਗੂ ਨੇ ਸਰੀ ਤੋਂ ਚੱਲਦੇ ਇੱਕ ਰੇਡੀਓ 'ਤੇ ਆਣ ਕੇ ਦੱਸਿਆ ਕਿ ਕਿਵੇਂ ਮੋਦੀ ਵਲੋਂ ਗੁਜਰਾਤੀ ਸਿੱਖ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਕੈਨੇਡਾ ਵਸਦੇ ਸਿੱਖ ਇਸ ਮਸਲੇ ਕਾਰਨ ਵੀ ਮੋਦੀ ਨਾਲ ਕਾਫੀ ਨਾਰਾਜ਼ ਹਨ।
ਹੰਸਰਾ ਨੇ ਕਿਹਾ ਕਿ ਕੈਨੇਡਾ ਇੱਕ ਖੁਸ਼ਗਵਾਰ ਤਬੀਅਤ ਵਾਲਾ ਦੇਸ਼ ਹੈ, ਪਰ ਸਾਡੀਆਂ ਕੁਝ ਅਜਿਹੀਆਂ ਨੀਤੀਆਂ ਹੀ ਕੈਨੇਡਾ ਦੇ ਬਣੇ ਵਕਾਰ ਨੂੰ ਢਾਹ ਲਾ ਰਹੀਆਂ ਹਨ। ਨਿਰਸੰਦੇਹ, ਭਾਰਤ ਇੱਕ ਬਹੁਤ ਵੱਡੀ ਮੰਡੀ ਵਜੋਂ ਉਭਰ ਰਿਹਾ ਹੈ ਪਰ ਕੈਨੇਡਾ ਨੂੰ ਨੈਤਿਕ ਕਦਰਾਂ ਕੀਮਤਾਂ ਦੇ ਆਧਾਰ 'ਤੇ ਕਿਸੇ ਵੀ ਅਜਿਹੇ ਮੁਲਕ ਨਾਲ ਵਪਾਰਕ ਸਾਂਝ ਨਹੀਂ ਗੰਢਣੀ ਚਾਹੀਦੀ, ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੋਵੇ।
ਉਨ੍ਹਾਂ ਕਿਹਾ ਕਿ ਭਾਰਤ ਵਰਗੇ ਦੇਸ਼ ਅੰਦਰ ਘੱਟ ਗਿਣਤੀ ਕੌਮਾਂ ਅਤੇ ਹਾਲ ਹੀ ਵਿੱਚ ਔਰਤ ਵਰਗ ਦੀ ਆਜ਼ਾਦੀ ਉਪਰ ਜਿਸ ਕਦਰ ਹਿੰਦੂਤਵੀ ਸਰਕਾਰ ਵਲੋਂ ਸ਼ਿਕੰਜਾ ਕੱਸਿਆ ਗਿਆ ਹੈ, ਇਸ ਤੋਂ ਬਾਅਦ ਕੈਨੇਡਾ ਨੂੰ ਕਦੇ ਵੀ ਵਪਾਰ ਨੂੰ ਮੁੱਖ ਰੱਖਦਿਆਂ ਭਾਰਤ ਨਾਲ ਸਾਂਝ ਨਹੀਂ ਪਾਉਣੀ ਚਾਹੀਦੀ। ਕੈਨੇਡਾ ਵਪਾਰ ਦੇ ਨਾਂ 'ਤੇ ਹੱਦਾਂ ਬੰਨੇ ਕਿਉਂ ਟੱਪ ਰਿਹਾ ਹੈ? ਘੱਟ ਗਿਣਤੀ ਕੌਮਾਂ ਦੇ ਕਾਤਲ ਮਨੁੱਖ ਲਈ ਕੈਨੇਡਾ ਵਿੱਚ ਕੋਈ ਸਥਾਨ ਨਹੀਂ ਹੋਣਾ ਚਾਹੀਦਾ।
ਕੈਨੇਡਾ ਵਸਦੇ ਸਿੱਖਾਂ, ਕਸ਼ਮੀਰੀਆਂ, ਗੁਜਰਾਤੀ ਮੁਸਲਮਾਨਾਂ ਅਤੇ ਖੱਬੇ ਪੱਖੀਆਂ ਨਾਲ ਸਬੰਧਿਤ ਕੁਝ ਗਰੁੱਪਾਂ ਵਲੋਂ ਮੋਦੀ ਦੇ ਵਿਰੋਧ ਦੀ ਗੱਲ ਹੁਣ ਪੱਕੀ ਹੈ। ਬੇਸ਼ੱਕ ਸੁਰੱਖਿਆ ਕਾਰਨਾਂ ਕਰਕੇ ਉਹ ਮੋਦੀ ਦੇ ਐਨ ਅੱਗੇ ਜਾ ਕੇ ਵਿਰੋਧ ਨਾ ਕਰ ਸਕਣ ਪਰ ਇਹ ਲੋਕ ਦੁਨੀਆਂ ਨੂੰ ਇਹ ਸੁਨੇਹਾ ਦੇਣ ਲਈ ਯਤਨ ਕਰ ਰਹੇ ਹਨ ਕਿ ਕੈਨੇਡਾ ਵਿੱਚ ਮੋਦੀ ਦਾ ਵਿਰੋਧ ਕਰਨ ਵਾਲੇ ਵੀ ਮੌਜੂਦ ਹਨ।

Posted on May 1st, 2026

Posted on April 30th, 2026

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026