Posted on April 10th, 2015

<p>ਬੀ. ਸੀ. ਦੇ ਪੰਜਾਬੀ ਮੀਡੀਏ ਨਾਲ ਗੱਲਬਾਤ ਦੌਰਾਨ ਸਰੀ ਦੀ 'ਖ਼ਾਲਸਾ ਡੇਅ ਪਰੇਡ' ਦੇ ਪ੍ਰਬੰਧਕ<br></p>
-12 ਅਪ੍ਰੈਲ ਨੂੰ ਹੋਵੇਗੀ 'ਨਿਸ਼ਾਨ ਸਾਹਿਬ ਦੀ ਸੇਵਾ' ਅਤੇ ਬਾਅਦ 'ਚ ਹੋਣਗੇ 'ਦਸਤਾਰ ਮੁਕਾਬਲੇ'
-16 ਅਪ੍ਰੈਲ ਨੂੰ ਹੋਵੇਗਾ ''ਖਾਲਸਾ ਪੰਥ ਦੀ ਸਿਰਜਣਾ ਅਤੇ ਮਨੋਰਥ'' ਵਿਸ਼ੇ 'ਤੇ ਸੈਮੀਨਾਰ
- 19 ਅਪ੍ਰੈਲ ਨੂੰ ਤੜਕੇ ਹੋਵੇਗਾ 'ਅੰਮ੍ਰਿਤ ਸੰਚਾਰ'
ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਪੰਜਾਬ ਤੋਂ ਬਾਹਰ ਪੰਜਾਬੀਆਂ ਦਾ ਸਭ ਤੋਂ ਵੱਡਾ ਇਕੱਠ ਗਿਣੀ ਜਾਂਦੀ ਸਰੀ ਦੀ ਸਲਾਨਾ 'ਖ਼ਾਲਸਾ ਡੇਅ ਪਰੇਡ' ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ, ਜਿਨ੍ਹਾਂ ਦਾ ਵਿਸਥਾਰ ਸਹਿਤ ਵੇਰਵਾ ਵੀਰਵਾਰ ਦੁਪਹਿਰ ਪ੍ਰਬੰਧਕਾਂ ਨੇ 'ਪੰਜਾਬੀ ਪ੍ਰੈੱਸ ਕਲੱਬ ਆਫ਼ ਬੀ. ਸੀ.' ਅਤੇ ਸਥਾਨਕ ਮੀਡੀਏ ਨਾਲ ਕੀਤੀ ਗਈ ਇੱਕ ਪ੍ਰਭਾਵਸ਼ਾਲੀ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤਾ। ਆ ਰਹੀ 18 ਅਪ੍ਰੈਲ ਦਿਨ ਸ਼ਨਿੱਚਰਵਾਰ ਨੂੰ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਵਲੋਂ ਸਮੂਹ ਸੰਗਤਾਂ ਅਤੇ ਸਥਾਨਕ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਕੱਢੇ ਜਾਣ ਵਾਲੇ ਇਸ ਨਗਰ ਕੀਰਤਨ ਸਬੰਧੀ ਗਰੈਂਡ ਤਾਜ ਬੈਂਕੁਇਟ ਹਾਲ ਵਿਖੇ ਪੱਤਰਕਾਰਾਂ ਦੇ ਭਰਵੇਂ ਇਕੱਠ 'ਚ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸਿਟੀ ਆਫ਼ ਸਰੀ, ਆਰ. ਸੀ. ਐਮ. ਪੀ, ਹੈਲਥ ਕੈਨੇਡਾ, ਸਥਾਨਕ ਫਾਇਰ ਡਿਪਾਰਟਮੈਂਟ ਅਤੇ ਹੋਰ ਸਰਕਾਰੀ ਤੇ ਗੈਰ-ਸਰਕਾਰੀ ਜ਼ਿੰਮੇਵਾਰ ਸੰਸਥਾਵਾਂ ਨਾਲ ਲੋੜੀਂਦੀਆਂ ਮਿਲਣੀਆਂ ਕਰਕੇ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਪੁਲਿਸ ਦੀ ਬੇਨਤੀ 'ਤੇ ਇਸ ਵਾਰ ਫਲੋਟਾਂ ਦੀ ਗਿਣਤੀ ਪਿਛਲੀ ਵਾਰ ਨਾਲੋਂ ਘਟਾਈ ਗਈ ਹੈ।
ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਨਗਰ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਨੇ ਕੀਤੀ ਪਰ ਹੁਣ ਇਹ ਸਮੁੱਚੀ ਕੌਮ ਦਾ ਖਾਸ ਪ੍ਰੋਗਰਾਮ ਬਣ ਚੁੱਕਾ ਹੈ ਅਤੇ ਕੌਮ ਖੁਦ ਹੀ ਰਲ-ਮਿਲ ਕੇ ਇਸਨੂੰ ਸਫਲਤਾ ਬਖਸ਼ਦੀ ਹੈ। ਐਡਾ ਵੱਡਾ ਪ੍ਰੋਗਰਾਮ ਕਿਸੇ ਇੱਕ ਸੰਸਥਾ ਜਾਂ ਜਥੇਬੰਦੀ ਵਲੋਂ ਉਲੀਕਣਾ ਵੱਸ ਦੀ ਗੱਲ ਨਹੀਂ। ਉਨ੍ਹਾਂ ਆਸ ਪ੍ਰਗਟਾਈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਤੇ ਸੇਵਾਦਾਰ ਇਸ ਨੂੰ ਆਪਣਾ ਕਾਰਜ ਸਮਝਦੇ ਹੋਏ ਸਹਿਯੋਗ ਦਿੰਦੇ ਹੋਏ ਸਫਲਤਾ ਦਾ ਇਤਿਹਾਸ ਸਿਰਜਣਗੇ।
ਪਿਛਲੇ ਸਾਲ ਵਾਲੇ ਰੂਟ 'ਤੇ ਹੀ ਨਿਕਲਣ ਵਾਲੀ ਇਸ ਪਰੇਡ ਦੌਰਾਨ ਮੁੱਖ ਸਟੇਜ 128 ਸਟਰੀਟ ਅਤੇ 76 ਐਵੇਨਿਊ ਵਾਲੀਆਂ ਲਾਈਟਾਂ 'ਤੇ ਹੀ ਲੱਗੇਗੀ, ਜਿੱਥੇ ਢਾਡੀ ਵਾਰਾਂ ਅਤੇ ਕਵੀਸ਼ਰੀ ਤੋਂ ਇਲਾਵਾ ਪ੍ਰਮੁੱਖ ਬੁਲਾਰੇ ਆਪਣੇ ਵਿਚਾਰ ਸਰਵਣ ਕਰਵਾਉਣਗੇ। ਇਸ ਸਾਲ ਵੀ ਕੈਨੇਡੀਅਨ ਫ਼ੌਜ ਦੇ ਜਵਾਨ ਆਰੰਭ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦੇਣਗੇ ਅਤੇ ਫਿਰ ਫ਼ੌਜੀ ਗੱਡੀਆਂ ਸਮੇਤ ਨਗਰ ਕੀਰਤਨ ਦਾ ਹਿੱਸਾ ਬਣਨਗੇ। 'ਸਿੱਖ ਮੋਟਰ ਸਾਈਕਲ ਕਲੱਬ' ਵਲੋਂ ਸ਼ਮੂਲੀਅਤ ਕਰਦਿਆਂ ਮੌਕੇ 'ਤੇ ਚਾਹਵਾਨਾਂ ਦੇ ਦਸਤਾਰਾਂ ਸਜਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਨਿਸ਼ਾਨ ਸਾਹਿਬ ਦੀ ਸੇਵਾ ਇੱਕ ਹਫ਼ਤਾ ਪਹਿਲਾਂ 12 ਅਪ੍ਰੈਲ ਦਿਨ ਐਤਵਾਰ ਨੂੰ ਹੋਵੇਗੀ ਅਤੇ ਇਸ ਹੀ ਦਿਨ ਦਸਤਾਰ ਮੁਕਾਬਲੇ ਕਰਵਾਏ ਜਾਣਗੇ।
16 ਅਪ੍ਰੈਲ ਦਿਨ ਵੀਰਵਾਰ ਨੂੰ ਸਰੀ ਦੇ ਐਰੀਆ ਬੈਂਕੁਇਟ ਹਾਲ ਵਿਖੇ 'ਖ਼ਾਲਸਾ ਪੰਥ ਦੀ ਸਿਰਜਣਾ ਅਤੇ ਮਨੋਰਥ' ਵਿਸ਼ੇ 'ਤੇ ਇੱਕ ਸੈਮੀਨਾਰ ਵੀ ਕਰਵਾਇਆ ਜਾਵੇਗਾ, ਜਿਸ ਵਿੱਚ ਇੰਗਲੈਂਡ ਤੋਂ ਵਿਦਵਾਨ ਡਾ. ਇਕਦਤਾਰ ਕਰਾਮਾਤ ਚੀਮਾ ਅਤੇ ਅਮਰੀਕਾ ਤੋਂ ਸਿੱਖ ਚਿੰਤਕ ਹਰਿੰਦਰ ਸਿੰਘ ਟੈਕਸਸ ਸਮੇਤ ਹੋਰ ਕਈ ਨਾਮਵਰ ਪਤਵੰਤੇ ਆਪਣੇ ਪਰਚੇ ਪੜ੍ਹਨਗੇ। ਨਗਰ ਕੀਰਤਨ ਤੋਂ ਦੂਜੇ ਦਿਨ 19 ਅਪ੍ਰੈਲ ਤੜਕਸਾਰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਹੋਵੇਗਾ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਸਾਲ ਲਗਭਗ 2 ਲੱਖ 60 ਹਜ਼ਾਰ ਸੰਗਤਾਂ ਨੇ ਨਗਰ ਕੀਰਤਨ 'ਚ ਹਿੱਸਾ ਲਿਆ ਅਤੇ ਇਸ ਵਾਰ ਵੀ ਆਸ ਹੈ ਕਿ ਵੱਡੀ ਤਾਦਾਦ ਵਿੱਚ ਸੰਗਤਾਂ ਦੁਨੀਆ ਦੇ ਕੋਨੇ-ਕੋਨੇ 'ਚੋਂ ਸਰੀ ਪੁੱਜਣਗੀਆਂ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਇਸ ਨਗਰ ਕੀਰਤਨ ਦੀ ਸਫਲਤਾ ਲਈ ਖ਼ੁਦ ਜ਼ਿੰਮੇਵਾਰੀ ਨਿਭਾਉਂਦਿਆਂ ਸਫ਼ਾਈ ਦਾ ਖਾਸ ਖ਼ਿਆਲ ਰੱਖਣ ਦੇ ਨਾਲ-ਨਾਲ ਅਨੁਸ਼ਾਸਨ ਵੀ ਕਾਇਮ ਰੱਖਿਆ ਜਾਵੇ। ਸਿੱਖ ਧਰਮ ਅਤੇ ਵਿਰਸੇ ਦੀ ਜਾਣਕਾਰੀ ਸਥਾਨਕ ਗੈਰ-ਸਿੱਖਾਂ ਨੂੰ ਦੇਣ ਲਈ ਆਪੋ-ਆਪਣੇ ਗੈਰ-ਸਿੱਖ ਗੁਆਂਢੀਆਂ ਜਾਂ ਨਾਲ ਕੰਮ ਕਰਦੇ ਗੈਰ-ਸਿੱਖਾਂ ਨੂੰ ਨਗਰ ਕੀਰਤਨ 'ਚ ਸ਼ਾਮਲ ਹੋਣ ਲਈ ਪ੍ਰੇਰਿਆ ਜਾਵੇ ਅਤੇ ਨਗਰ ਕੀਰਤਨ ਦੀ ਦਿੱਖ ਧਾਰਮਿਕ ਬਣਾਈ ਰੱਖਣ ਲਈ ਸਾਰੇ ਸਹਿਯੋਗ ਦੇਣ।
ਪ੍ਰਬੰਧਕਾਂ ਨੇ ਜਿੱਥੇ ਇੰਨੇ ਵਿਸ਼ਾਲ ਇਕੱਠ ਨੂੰ ਲੰਗਰ ਛਕਾਉਣ ਤੇ ਬਾਅਦ ਵਿੱਚ ਰੂਟ ਦੀ ਸਫਾਈ ਕਰਨ ਵਾਲੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਉੱਥੇ ਉਨ੍ਹਾਂ ਗਿੱਧੇ-ਭੰਗੜੇ ਦੀਆਂ ਸਟੇਜਾਂ ਲਗਾਉਣ ਵਾਲੇ ਵੀਰਾਂ-ਭੈਣਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਪਿਛਲੇ ਸਾਲ ਪ੍ਰਬੰਧਕਾਂ ਦੀ ਬੇਨਤੀ ਮੰਨ ਕੇ ਜ਼ਾਬਤਾ ਕਾਇਮ ਰੱਖਿਆ। ਉਨ੍ਹਾਂ ਕਿਹਾ ਕਿ ਸਾਡੇ ਕੋਲ ਗਿੱਧੇ-ਭੰਗੜੇ ਦੇ ਪ੍ਰਦਰਸ਼ਨ ਲਈ ਜਾਂ ਸਿਆਸੀ ਤਾਕਤ ਦਾ ਵਿਖਾਵਾ ਕਰਨ ਲਈ ਸਾਰਾ ਸਾਲ ਹੁੰਦਾ ਹੈ ਪਰ ਇਸ ਦਿਨ ਦੀ ਧਾਰਮਿਕ ਦਿੱਖ ਕਾਇਮ ਰੱਖਣ ਲਈ ਪ੍ਰਬੰਧਕਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਪੁਲਿਸ ਦੀਆਂ ਹਦਾਇਤਾਂ ਮੁਤਾਬਿਕ ਇਸ ਵਾਰ ਨਗਰ ਕੀਰਤਨ 'ਚ ਫਲੋਟਾਂ ਦੀ ਗਿਣਤੀ ਘਟਾਈ ਗਈ ਹੈ, ਜਿਸਦਾ ਮੁੱਖ ਕਾਰਨ ਨਗਰ ਕੀਰਤਨ ਦਾ ਲੰਮਾ ਹੋ ਜਾਣਾ ਅਤੇ ਸਮੇਂ ਸਿਰ ਖਤਮ ਨਾ ਹੋਣਾ ਦੱਸਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਿਛਲੀ ਵਾਰ 'ਗੁਰੂ ਨਾਨਕ ਫਰੀ ਕਿਚਨ' ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ 30 ਫੀਸਦੀ ਗਾਰਬੇਜ ਰੀ-ਸਾਈਕਲ ਕੀਤਾ ਗਿਆ ਸੀ। ਇਸ ਵਾਰ ਕੋਸ਼ਿਸ਼ ਕੀਤੀ ਜਾਵੇਗੀ ਕਿ ਵੱਧ ਤੋਂ ਵੱਧ ਰੀ-ਸਾਈਕਲਿੰਗ ਕੀਤੀ ਜਾਵੇ।
ਪ੍ਰਬੰਧਕਾਂ ਨੇ ਦੱਸਿਆ ਕਿ ਸਿਟੀ ਆਫ ਸਰੀ ਵਲੋਂ ਪੁਲਿਸ ਪ੍ਰਬੰਧਾਂ ਦੇ ਖਰਚੇ ਵਿੱਚੋਂ ਕੇਵਲ 35,000 ਡਾਲਰ ਦੀ ਛੋਟ ਦੇਣ ਦਾ ਵਾਅਦਾ ਕੀਤਾ ਗਿਆ ਹੈ, ਜਦਕਿ ਨਗਰ ਕੀਰਤਨ 'ਤੇ ਕੁੱਲ ਖਰਚਾ ਸਵਾ ਦੋ ਲਖ ਦੇ ਤਕਰੀਬਨ ਹੁੰਦਾ ਹੈ, ਜੋ ਸੰਗਤ ਦੀ ਸਹਾਇਤਾ ਨਾਲ ਹੀ ਪੂਰਾ ਹੋਵੇਗਾ।
ਇਸ ਤੋਂ ਇਲਾਵਾ ਜੋ ਹੋਰ ਬੇਨਤੀਆਂ ਪ੍ਰਬੰਧਕਾਂ ਨੇ ਕੀਤੀਆਂ, ਉਹ ਇਸ ਪ੍ਰਕਾਰ ਹਨ -
* ਨਗਰ ਕੀਰਤਨ 'ਚ ਸ਼ਾਮਲ ਸਭ ਸੰਗਤਾਂ ਕੇਸਰੀ ਦਸਤਾਰਾਂ, ਕੇਸਰੀ ਦੁਪੱਟੇ ਅਤੇ ਕੇਸਰੀ ਰੁਮਾਲ ਸਜਾ ਕੇ ਆਉਣ ਤਾਂ ਕਿ ਸਮੁੱਚੀ ਫਿਜ਼ਾ ਨੂੰ ਖਾਲਸਈ ਰੰਗ 'ਚ ਰੰਗਿਆ ਜਾ ਸਕੇ।
* ਨਗਰ ਕੀਰਤਨ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਰਤ ਕੇ ਸ਼ਾਮਲ ਨਾ ਹੋਇਆ ਜਾਵੇ।
* ਆਪਣੇ ਬੱਚਿਆਂ ਅਤੇ ਵਡੇਰੀ ਉਮਰ ਦੇ ਬਜ਼ੁਰਗਾਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ। ਨਗਰ ਕੀਰਤਨ 'ਚ ਗੁਆਚੇ ਬੱਚਿਆਂ ਨੂੰ ਨਜ਼ਦੀਕੀ ਪੁਲਿਸ ਅਫਸਰ ਦੇ ਸਪੁਰਦ ਕੀਤਾ ਜਾਵੇ।
* ਨਗਰ ਕੀਰਤਨ 'ਚ ਸ਼ਾਮਲ ਹੋਏ ਗੈਰ-ਸਿੱਖਾਂ ਦਾ ਪੂਰਾ ਸਤਿਕਾਰ ਕਰਦਿਆਂ ਜੇ ਹੋ ਸਕੇ ਤਾਂ ਉਨ੍ਹਾਂ ਨੂੰ ਨਗਰ ਕੀਰਤਨ ਅਤੇ ਖਾਲਸੇ ਦੇ ਜਨਮ ਦਿਵਸ ਸਬੰਧੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾਵੇ।
* ਨਗਰ ਕੀਰਤਨ ਵਾਲੇ ਦਿਨ ਪੂਰੇ ਰੂਟ ਅਤੇ ਰੂਟ ਨਾਲ ਜੁੜਦੀਆਂ ਸਾਰੀਆਂ ਸੜਕਾਂ ਅਤੇ ਗਲੀਆਂ ਦੀ ਸਫਾਈ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ। ਕਿਸੇ ਦੇ ਘਰ ਅੱਗੇ ਘਾਹ ਉਤੇ ਤੁਰਨ ਜਾਂ ਬੂਟੇ ਮਿੱਧਣ ਤੋਂ ਗੁਰੇਜ਼ ਕੀਤਾ ਜਾਵੇ।
* ਪਾਰਕਿੰਗ ਸਹੀ ਥਾਂ 'ਤੇ ਹੀ ਲਗਾਈ ਜਾਵੇ ਤਾਂ ਕਿ ਤੁਹਾਡੇ ਵਲੋਂ ਗਲਤ ਥਾਂ 'ਤੇ ਲਗਾਈ ਗੱਡੀ ਕਾਰਨ ਕਿਸੇ ਨੂੰ ਪ੍ਰੇਸ਼ਾਨੀ ਨਾ ਹੋਵੇ ਅਤੇ ਤੁਹਾਡੀ ਗੱਡੀ ਟੋਅ ਹੋਣ ਤੋਂ ਵੀ ਬਚੀ ਰਹੇ।
* ਨਗਰ ਕੀਰਤਨ ਦੇ ਰੂਟ 'ਤੇ ਸਟੇਜਾਂ ਲਗਾਉਣ ਵਾਲੇ ਵੀਰਾਂ-ਭੈਣਾਂ ਅੱਗੇ ਬੇਨਤੀ ਹੈ ਕਿ ਸਪੀਕਰ ਦੀ ਆਵਾਜ਼ ਅਤੇ ਲੱਗਣ ਵਾਲਾ ਸੰਗੀਤ ਜ਼ਾਬਤੇ 'ਚ ਰਹਿ ਕੇ ਹੀ ਲਗਾਇਆ ਜਾਵੇ। ਫਿਲਮੀ ਜਾਂ ਲੱਚਰ ਗੀਤ ਨਾ ਲਗਾਏ ਜਾਣ। ਮੁੱਖ ਫਲੋਟ ਲੰਘਣ ਮੌਕੇ ਸਪੀਕਰ ਬੰਦ ਕਰਕੇ ਆਪ ਵੀ ਅਤੇ ਦੂਜਿਆਂ ਨੂੰ ਵੀ ਕੀਰਤਨ ਸੁਣਨ ਦਾ ਮੌਕਾ ਦਿੱਤਾ ਜਾਵੇ।
* ਲੰਗਰ ਦੇ ਸਟਾਲ ਲਗਾਉਣ ਵਾਲੇ ਵੀਰ-ਭੈਣ ਵਰਤਾਉਣ ਅਤੇ ਖਾਣ ਵਾਲਿਆਂ ਦੇ ਹੱਥ ਧੋਣ ਲਈ ਸਾਫ ਪਾਣੀ ਦਾ ਪ੍ਰਬੰਧ ਜ਼ਰੂਰ ਕਰਨ। ਸਟਾਲ ਦੇ ਨਜ਼ਦੀਕ ਜੇਕਰ ਇੱਕ ਜਾਂ ਦੋ ਪੋਰਟੇਬਲ ਵਾਸ਼ਰੂਮ ਰਖਵਾਉਣ ਦਾ ਪ੍ਰਬੰਧ ਹੋ ਸਕੇ ਤਾਂ ਜ਼ਰੂਰ ਰਖਵਾਉਣ ਦੀ ਕ੍ਰਿਪਾਲਤਾ ਕਰਨੀ। ਨਗਰ ਕੀਰਤਨ ਲੰਘਣ ਉਪਰੰਤ ਸਾਰਾ ਗਾਰਬੇਜ ਬੈਗਾਂ 'ਚ ਪਾ ਕੇ ਮੂੰਹ ਬੰਨ੍ਹ ਕੇ ਰੱਖਿਆ ਜਾਵੇ। ਜੇ ਆਪ ਚੁੱਕਣ ਦਾ ਪ੍ਰਬੰਧ ਨਹੀਂ ਹੈ ਤਾਂ ਉਥੇ ਹੀ ਬੈਗ ਮੂੰਹ ਬੰਨ੍ਹ ਕੇ ਰੱਖ ਦਿੱਤੇ ਜਾਣ, ਸੇਵਾਦਾਰ ਆਪ ਚੁੱਕ ਕੇ ਲੈ ਜਾਣਗੇ।
* ਗਾਰਬੇਜ ਅਤੇ ਰੀ-ਸਾਇਕਲ ਹੋਣ ਵਾਲੇ ਸਮਾਨ ਨੂੰ ਅੱਡ-ਅੱਡ ਪਾਇਆ ਜਾਵੇ। ਗਾਰਬੇਜ ਚੁੱਕਣ ਵਾਲੇ ਵਾਲੰਟੀਅਰਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਸਟਾਇਰੋਫੋਮ ਦੀਆਂ ਕੱਪ-ਪਲੇਟਾਂ ਨਾਲੋਂ ਕਾਗਜ਼ ਦੀਆਂ ਕੱਪ-ਪਲੇਟਾਂ ਵਰਤਣ ਨੂੰ ਤਰਜੀਹ ਦਿੱਤੀ ਜਾਵੇ, ਜੋਕਿ ਰੀ-ਸਾਇਕਲ ਕਰਨੀਆਂ ਸੌਖੀਆਂ ਹਨ।
* ਪੁਲਿਸ ਵਲੋਂ ਹਦਾਇਤ ਕੀਤੀ ਗਈ ਹੈ ਕਿ ਬੱਚੇ ਆਪਣੇ ਛੋਟੇ ਮੋਟਰਸਾਇਕਲ ਜਾਂ ਜੀਪਾਂ ਆਦਿ ਨਗਰ ਕੀਰਤਨ ਵਿੱਚ ਨਾ ਲੈ ਕੇ ਆਉਣ। ਨਗਰ ਕੀਰਤਨ ਵਿੱਚ ਲੱਗਣ ਵਾਲੇ ਮੋਟਰਸਾਇਕਲ ''ਸਿੱਖ ਮੋਟਰਸਾਇਕਲ ਕਲੱਬ'' ਦੇ ਅਸੂਲਾਂ ਅਨੁਸਾਰ ਚੱਲਣਗੇ, ਜਿਸ ਵਿੱਚ ਬੇਹੱਦ ਆਵਾਜ਼ ਅਤੇ ਧੂੰਆਂ ਛੱਡਣ ਵਾਲੇ ਮੋਟਰਸਾਇਕਲਾਂ ਦੇ ਲੱਗਣ 'ਤੇ ਪਾਬੰਦੀ ਹੋਵੇਗੀ। ਮੋਟਰਸਾਇਕਲ ਸਵਾਰ ਤੋਂ ਬਗੈਰ ਹੋਰ ਕੋਈ ਮੋਟਰਸਾਇਕਲ 'ਤੇ ਨਹੀਂ ਚੜ੍ਹ ਸਕੇਗਾ।
* ਨਗਰ ਕੀਰਤਨ ਦੌਰਾਨ ਗੁਬਾਰੇ ਛੱਡਣ ਵਾਲੀਆਂ ਕੰਪਨੀਆਂ ਦੇ ਧਿਆਨ ਹਿੱਤ ਬੇਨਤੀ ਹੈ ਕਿ ਹਵਾ 'ਚ ਗੈਸ ਵਾਲੇ ਗੁਬਾਰੇ ਨਾ ਛੱਡੇ ਜਾਣ, ਅਕਸਰ ਹੀ ਇਹ ਬਿਜਲੀ ਦੀਆਂ ਵੱਡੀਆਂ ਲਾਇਨਾਂ 'ਚ ਫਸ ਜਾਂਦੇ ਹਨ, ਜਿਸ ਨਾਲ ਬੀ. ਸੀ. ਹਾਈਡਰੋ ਦੇ ਕੰਮ 'ਚ ਕਾਫੀ ਵਿਘਨ ਪੈਂਦਾ ਹੈ। ਇਸ ਤੋਂ ਇਲਾਵਾ ਇਹ ਜਹਾਜ਼ਾ ਦੇ ਰੇਡਾਰ ਸਿਸਟਮ 'ਚ ਵੀ ਵਿਘਨ ਪਾਉਂਦੇ ਹਨ। ਕਈ ਵਾਰ ਉਡਦੇ ਹੋਏ ਗੁਬਾਰੇ ਰੇਡਾਰ 'ਤੇ ਹਵਾਈ ਜਹਾਜ਼ ਦਾ ਭੁਲੇਖਾ ਪਾਉਂਦੇ ਹਨ, ਜਿਸ ਨਾਲ ਸਬੰਧਿਤ ਸਟਾਫ ਨੂੰ ਬੇਵਜ੍ਹਾ ਪ੍ਰੇਸ਼ਾਨੀ ਹੁੰਦੀ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026