Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੁਰੂ ਦਾ ਖਿਆਲ, ਦ੍ਰਿਸ਼ ਅਤੇ ਸਿੱਖ ਪੰਥ: ਗੁਰੂ ਬਿੰਬ ਦੇ ਫਿਲਮਾਂਕਣ ਬਾਰੇ ਛਿੜੀ ਚਰਚਾ ਦੇ ਸੰਧਰਭ ਵਿਚ

Posted on April 13th, 2015


ਕਾਵਿ ਰਚਨਾ ਗੂੜ ਰਹੱਸ ਨੂੰ ਆਪਣੇ ਅੰਦਰ ਸਮੋ ਕੇ ਨਿਰੰਤਰ ਵਹਾ ਵਿਚ ਰਹਿੰਦੀ ਹਰ ਕਾਲ ਵਿਚ ਆਪਣੇ ਰਹਸ, ਆਨੰਦ ਨੂੰ ਪਾਲਦੀ ਮਨੁੱਖੀ ਵਲਵਲਿਆਂ ਦੀ ਤਰਜਮਾਨੀ ਕਰਦੀ ਸਿਰਜਨਾਤਮਕ ਰਚਨਾ ਹੈ। ਗੁਰਬਾਣੀ ਅਤੇ ਅਕਾਲ ਹੁਕਮ ਵਿੱਚ ਗੁਰਬਾਣੀ ਦਾ ਕਾਵਿ ਰੂਪ ਵਿਚ ਆਉਣਾ ਅਕਾਲ ਪੁਰਖ ਵਾਹਿਗੁਰੂ ਦੀ ਮਨੁਖਾ ਜਨਮ ਤੋਂ ਬਾਅਦ ਮਨੁੱਖ ਨੂੰ ਉਸ ਤੋਂ ਵੀ ਵੱਡੀ ਦੇਣ ਹੈ, ਜੋ ਮਨੁੱਖ ਨੂੰ ‘ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ’ ਚੇਤੇ ਤੇ ਮੇਲ ਕਰਾਉਂਦੀ ਹੈ।

ਗੁਰਬਾਣੀ ਦਾ ਕਾਵਿ ਰੂਪ ਕਿਸੇ ਵੀ ਇਕਹਿਰੇ ਕਿਸਮ ਦੇ ਬੰਧਨ ਤੋਂ ਮੁਕਤ ਕਰ ਗੁਰਬਾਣੀ ਨੂੰ ਆਪਣੇ ਅਭਿਆਸ ਤੇ ਅਨੁਭਵ ਵਿਚੋਂ ਸਮਝ ਕੇ ਮਨੁੱਖ ਨੂੰ ਮੌਲਣ ਤੇ ਵਿਗਸਣ ਦੀ ਖੁਲ ਬਖਸ਼ਦਾ ਹੈ। ਇਸ ਅਥਾਹ ਸਾਗਰ ਵਿਚ ਮਨੁੱਖ ਆਪਣੇ ਅਨੁਭਵ ਮੁਤਾਬਕ ਚੁੱਭੀ ਲਾਉਂਦਾ ਤੇ ਆਨੰਦ ਮਾਣਦਾ ਹੈ। ਇਹ ਗੱਲ ਹੁਣ ਤੱਕ ਹੋਈ ਗੁਰਬਾਣੀ ਦੀ ਵਿਆਖਿਆ ਤੋਂ ਦੇਖੀ ਜਾ ਸਕਦੀ ਹੈ ਕਿ ਕਿੰਨੇ ਹੀ ਵਿਆਖਿਆਕਾਰਾਂ ਨੇ ਗੁਰਬਾਣੀ ਦੀ ਵਿਆਖਿਆ ਕੀਤੀ ਹੈ ਤੇ ਉਨ੍ਹਾਂ ਸਭ ਵਿਚ ਗੁਰਬਾਣੀ ਦੇ ਅਥਾਹ ਸਾਗਰ ਵਿਚ ਆਪਣੇ-ਆਪਣੇ ਅਨੁਭਵ ਦੀ ਚੁੱਭੀ ਦਾ ਅੰਤਰ ਹੈ, ਤੇ ਅੰਤਰ ਉਨ੍ਹਾਂ ਦਾ ਇਕ ਦੂਜੇ ਤਕ ਹੀ ਸੀਮਤ ਨਹੀਂ, ਸਗੋਂ ਇਹ ਅੰਤਰ ਉਨ੍ਹਾਂ ਦਾ ਖੁਦ ਨਾਲ, ਖੁਦ ਦੀਆਂ ਚੁੱਭੀਆਂ ਵਿਚ ਵੀ ਹੈ।

ਇੱਥੇ ਅਸੀਂ ਖਿਆਲ ਤੇ ਅਨੁਭਵ ਨੂੰ ਉਸਦੇ ਆਪਣੇ ਰੂਪ ਅਤੇ ਗੁਰੂ, ਗੁਰੂ ਜੀਵਨ/ਇਤਿਹਾਸ ਨੂੰ ਚਿਤਰਨ ਦੇ ਸਬੰਧ ਵਿਚ ਵਿਚਾਰਾਂਗੇ। ‘ਗੁਰਬਾਣੀ ਵਿਚ ਸੰਕਲਪ ਅਤੇ ਅਭਿਆਸ ਦੋਵੇਂ ਜੁੜੇ ਹੋਏ ਹਨ।’ ਗੁਰੂ ਸਾਹਿਬਾਨ ਦਾ ਜੀਵਨ ਗੁਰਬਾਣੀ ਅਭਿਆਸ, ਗੁਰਬਾਣੀ ਹੀ ਹੈ। ਜਿਸ ਦਾ ਪੂਰਨ ਅਨੰਦ ਅਸੀਂ ਗੁਰਬਾਣੀ ਦੇ ਸੰਕਲਪ ਅਤੇ ਅਭਿਆਸ ਦੇ ਖੁਦ ਦੇ ਅਨੁਭਵ ਰਾਹੀ ਹੀ ਮਾਣ ਸਕਦੇ ਹਾਂ। ਕਿਸੇ ਹੋਰ ਦੇ ਨਹੀਂ।

ਅਨੁਭਵ ਦੇ ਜ਼ਰੀਏ ਸਾਨੂੰ ਪ੍ਰਤੱਖ ਗਿਆਨ ਹੁੰਦਾ ਹੈ ਪਰ ਖਿਆਲ ਸਾਡੇ ਕੋਲ ਅਨੁਭਵ ਤੋਂ ਪਹਿਲਾਂ ਮੌਜੂਦ ਹੁੰਦਾ ਹੈ, ਜੋ ਰਚਨਾ ਕਰਨ ਲਈ ਵਰਤੀ ਜਾਂਦੀ ਜਾਂ ਚਿਤਰਨ ਦੀ ਸ਼ਕਤੀ ਹੈ, ਜਿਸਨੂੰ ‘ਕਈ ਵਾਰ’ ਅਸੀਂ ਕਾਵਿ, ਵਾਰਤਕ ਰਚਨਾ, ਚਿੱਤਰ ਕਲਾ, ਨਾਟਕ ਜਾਂ ਫਿਲਮਾਂ ਰਾਹੀਂ ਰੂਪਮਾਨ ਕਰਦੇ ਹਾਂ। ਖਿਆਲ ਅਨੁਭਵ ਦੇ ਵਾਧੇ ਨਾਲ ਟੁੱਟਦੇ ਬਣਦੇ ਰਹਿੰਦੇ ਹਨ। ਅਨੁਭਵ ਦਾ ਸਿਖਰ ਛਿਨ ਵਿਚ ਜ਼ਰੂਰ ਵਾਪਰਦਾ ਹੈ, ਪਰ ਇਸ ਦਾ ਸਫਰ ਪਹਿਲਾਂ ਹੀ ਸ਼ੁਰੂ ਹੁੰਦਾ ਹੈ। ਇਸੇ ਅਨੁਭਵ ਦੇ ਸਫਰ ਤੇ ਪੁਰਾਣੇ ਖਿਆਲ ਟੁੱਟਦੇ ਤੇ ਨਵੇਂ ਬਣਦੇ ਹਨ, ਤੇ ਅਨੁਭਵ ਦੇ ਸਿਖਰ ’ਤੇ ਖਿਆਲਾਂ ਦਾ ਸਫਰ ਸਮਾਪਤ ਹੋ ਕੇ ਸਭ ਕੁੱਝ ਪ੍ਰਤੱਖ ਹੋ ਜਾਂਦਾ ਹੈ। ਇਹ ਅਨੁਭਵ ਦਾ ਸਿਖਰ ‘ਕੋ ਵਿਰਲਾ’ ਹੀ ਪ੍ਰਾਪਤ ਕਰਦਾ ਹੈ। ਪਰ ਅਨੁਭਵ ਦੇ ਵੱਖ-ਵੱਖ ਪੜਾਵਾਂ ਦਾ ਸਫਰ ਗੁਰੂ ਰਾਹ ਤੇ ਚੱਲਣ ਵਾਲਾ ਸਿੱਖ ਕਰਦਾ ਰਹਿੰਦਾ ਹੈ। ਜੇ ਸਿਖਰ ਅਨੁਭਵ ਨੂੰ ਛੱਡ ਦੇਈਏ ਤਾਂ ਹੇਠਲੇ ਅਨੁਭਵ ਤੋਂ ਲੈ ਕੇ ਉਪਰਲੇ ਅਨੁਭਵ ਦੇ ਪੜਾਵਾਂ ਤੱਕ ਗੁਰੂ ਰਾਹ ਤੇ ਚੱਲਣ ਵਾਲੇ ਸਿੱਖ ਆਪਣੇ ਅਨੁਭਵ ਖਿਆਲ ਨਾਲ ਗੁਰੂ ਜੀਵਨ/ਇਤਿਹਾਸ ਨੂੰ ਵੱਖੋ-ਵੱਖਰੇ ਮਾਣਦੇ ਹਨ। ਗੁਰੂ ਜੀਵਨ ਮਨੁੱਖੀ ਜਾਮੇਂ ਵਿਚ ‘ਆਦਿ’ ‘ਜੁਗਾਦਿ’ ‘ਹੈਭੀ’ ‘ਹੋਸੀ’ ਦੀਆਂ ਰਮਜ਼ਾਂ ਤੇ ਅਨੰਦਮਈ ਰਹੱਸ ਦਾ ਜੀਵਨ ਹੈ, ਇਸਨੂੰ ਕਾਲ ਇਤਿਹਾਸ ਤੇ ਕਾਲ ਦੇ ਘੇਰੇ ਵਿਚਲੀਆਂ ਜੀਵਨੀਆਂ ਦੇ ਧਰਾਤਲ ਅਤੇ ਕਾਲ ਦੇ ਸੰਦਾਂ ਨਾਲ ਪਕੜ ਵਿਚ ਨਹੀਂ ਲਿਆਂਦਾ ਜਾ ਸਕਦਾ। ਗੁਰੂ ਜੀਵਨ ਦੇ ਦ੍ਰਿਸ਼ਾਂ ਨੂੰ ਫਿਲਮਾਉਣ ਵੇਲੇ ਗੁਰੂ ਨੂੰ ਨਾਇਕ ਵਜੋਂ ਦਿਖਾ ਕੇ ਜੰਗ ਦੇ ਮੈਦਾਨ ਵਿਚ ਸੁਰਮਗਤੀ ਨਾਲ ਲੜਦੇ ਦਿਖਾਣਾ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦ੍ਰਿਸ਼ਾਂ ਨੂੰ ਦਿਖਾਣਾ, ਗੁਰੂ ਸਾਹਿਬ ਦੀਆਂ ਉਦਾਸੀਆਂ ਨੂੰ ਦਿਖਾ ਦੇਣਾ ਹੀ ਗੁਰੂ ਜੀਵਨ ਨਹੀਂ। ਇਸ ਵਿਚ ਅਕਾਲ ਹੁਕਮ, ਅਗੰਮੀ ਰਮਜ਼ਾਂ, ਲੰਘ ਚੁੱਕੇ ਤੇ ਆਉਣ ਵਾਲੇ ਕਾਲਾਂ ਦੇ ਰਾਜ਼, ਬ੍ਰਹਿਮੰਡ ਨੂੰ ਆਪਣੀ ਮੌਜ ਵਿਚ ਟਿਕਾ ਕੇ ਰੱਖਣ, ਸਿੱਖ ਦਾ ਆਪਣੇ ਇਸ਼ਕ ਵਿਚੋਂ ਅਕਾਲ ਹੋ ਜਾਣ ਜੇਹੇ ਰਾਜ਼ ਦੇ ਜ਼ਖੀਰੇ ਸਫਰ ਕਰ ਰਹੇ ਹੁੰਦੇ ਹਨ। ਇਸ ਨੂੰ ਖਿਆਲ ਦੀਆਂ ਕੱਚੀਆਂ ਤੇ ਅਨੁਭਵ ਦੀਆਂ ਉੱਚੀਆਂ ਉਡਾਰੀਆਂ ਵੀ ਫੜਨ ਤੋਂ ਅਸਮਰਥ ਹਨ ਤੇ ਸਿਖਰ ਅਨੁਭਵ ਤੇ ਪਹੁੰਚ ਕੇ ਵੀ ਇਹ ਹੀ ਜਾਣਿਆ ਜਾਂਦਾ ਹੈ ਕਿ ‘ਤੇਰਾ ਅੰਤ ਨਾ ਪਾਰਾਵਾਰ’।

ਇਹ ਕਾਰਨ ਵੀ ਹੋ ਸਕਦਾ ਹੈ ਕਿ ਗੁਰੂ ਸਾਹਿਬ ਨੇ (ਮਨੁੱਖਾ ਦੇਹੀ) ਮੂਰਤ ਵਿਚ ਗੁਰੂ ਨੂੰ ਚਿਤਰਨ ਤੇ ਭਗਤੀ ਕਰਨ ਜੇਹੀ ਬੁੱਤ ਪ੍ਰਸਤੀ ਨੂੰ ਜੜੋਂ ਪੁੱਟਿਆ, ਕਿਉਂ ਜੋ ਗੁਰੂ ਨੂੰ ਰੂਪਮਾਨ ਕਰਨਾ, ਜੋ ਅਕਾਲ ਹੁਕਮ/ ਰੂਪ ਵਿਚ ਇਸ ਧਰਤੀ ਤੇ ਮਨੁੱਖਤਾ ਦੇ ਉਧਾਰ ਲਈ ਪ੍ਰਗਟ ਹੋਏ ਨੇ’ ਗੁਰੂ ਨੂੰ ਬਹੁਤ ਛੋਟਾ ਚਿਤਰਨਾ ਹੈ ਤੇ ਪ੍ਰੋ. ਪੂਰਨ ਸਿੰਘ ਨੇ ਇਸਨੂੰ ਕੈਰੀਕੈਚਰ ਕਿਹਾ ਹੈ।

‘ਸ਼ਬਦ-ਗੁਰੂ’ ਦੇ ਆਦੇਸ਼ ਤੋਂ ਅਸੀਂ ਸਭ ਵਾਕਫ ਹਾਂ। ਅਸੀਂ ਇੱਥੇ ਸ਼ਬਦ ਗੁਰੂ ਦੇ ਆਧਾਰ ਤੇ ਗਲ ਨਾ ਕਰਕੇ (ਜਿਸ ਉੱਤੇ ਗੁਰੂ ਦੇ ਹੁਕਮ ਨੂੰ ਮੰਨਣ ਵਿਚ ਹੀ ਆਨੰਦ ਤੇ ਸਾਡਾ ਉਧਾਰ ਹੈ) ਹਰ ਆਮ ਸਿੱਖ ਦੇ ਆਮ ਜੇਹੇ ਪਰ ਉਸਦੇ ਆਪਣੇ ਤੇ ਸਵੱਛ ਖਿਆਲਾਂ ਦੀ ਗਲ ਕਰਾਂਗੇ। ਜਦੋਂ ਪਰਬਤਾਂ ਵਿਚੋਂ ਕੋਈ ਪਾਣੀ ਦੀ ਧਾਰ ਵਗਦੀ ਹੈ ਤਾਂ ਉਸਨੇ ਹਾਲੇ ਦਰਿਆ ਦੀ ਤੀਬਰਤਾ ਤੇ ਸਮੁੰਦਰ ਦੇ ਸ਼ਾਂਤ ਅਤੇ ਖਲਾਅ ਨੂੰ ਨਹੀਂ ਮਾਣਿਆ ਹੁੰਦਾ, ਉਹ ਵਿਸ਼ਾਲ ਸਾਗਰ ਦੀ ਅਭੇਦਤਾ ਦੇ ਆਨੰਦ ਨੂੰ ਨਹੀਂ ਜਾਣਦੀ ਹੁੰਦੀ, ਪਰ ਉਹ ਨਿਰੰਤਰ ਉਸ ਖਿਚ ਦੇ ਵਹਾ ਵਿਚ ਹੀ ਹੁੰਦੀ ਹੈ ਤੇ ਅਖੀਰ ਉਸਨੇ ਸਮੁੰਦਰ ਵਿਚ ਅਭੇਦ ਹੋ, ਇਸ ਅਭੇਦਤਾ ਨੂੰ ਮਾਨਣਾ ਹੀ ਹੁੰਦਾ ਹੈ।

ਖਿਆਲ ਭਾਵੇਂ ਅਰੂਪ, ਅਲੇਖ ਨੂੰ ਮਾਣ ਨਾ ਸਕੇ ਪਰ ਖਿਆਲ ‘ਕੁਝ ਵੀ ਨਹੀਂ’, ਨਹੀਂ ਹੁੰਦਾ। ਖਿਆਲ ਹੀ ਉਹ ਬਿੰਦੂ ਹੈ ਜਿਥੋਂ ਸਿੱਖ ਗੁਰੂ ਦੇ ਰਾਹ ਵੱਲ ਹੋ ਤੁਰਦਾ ਹੈ ਤੇ ਅਖੀਰ ‘ਅਰੂਪ’ ਦੇ ਜਲੌ ਨੂੰ ਮਾਣਦਾ ‘ਅਰੂਪ’ ਵਿਚ ਅਭੇਦ ਹੋ ਜਾਦੈਂ।

ਜਦੋਂ ਕੋਈ ਛੋਟਾ ਜਿਹਾ ਖਿਆਲ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਸਾਖੀ ਸੁਣਦਾ ਗੁਰੂ ਪਾਤਸ਼ਾਹ ਦੀ ਉਦਾਸੀ ਨੂੰ ਚਿਤਰਦਾ ਹੈ, ਆਪਣੇ ਜ਼ਹਿਨ ਵਿਚ ਰੂਪਮਾਨ ਕਰਦਾ ਹੈ, ਉਹ ਬਹੁਤ ਕੱਚਾ ਹੁੰਦਾ ਹੈ ਪਰ ਇਕ ਦਮ ਪਰਬਤਾਂ ’ਚੋਂ ਨਿੱਕਲੀ ਧਾਰ ਦੀ ਤਰ੍ਹਾਂ ਸਵੱਛ, ਜਿਸਨੇ ਦਰਿਆ ਤੇ ਸਾਗਰ ਦੇ ਅਨੰਦ ਨੂੰ ਨਹੀਂ ਮਾਣਿਆ ਹੁੰਦਾ, ਤੇ ਜਦ ਇਸੇ ਖਿਆਲ ਨੂੰ ਕੁੱਝ ਸਮਾਂ ਪਾ ਕੇ ‘ਕੁੱਝ’ ਅਨੁਭਵ ਦੀ ਟੇਕ ਮਿਲਦੀ ਹੈ ਤਾਂ ਇਹੀ ਆਮ ਖਿਆਲ ਆਪਣੇ ਵਿਚ ਬਦਲਾਅ ਨੂੰ ਮਹਸੂਸ ਕਰਦਿਆਂ ਗੁਰੂ ਪਾਤਸ਼ਾਹ ਦੀ ਉਦਾਸੀ ਦੇ ਨਾਲ ਚੱਲਦੀਆਂ ਤ੍ਰੈਕਾਲ ਵਾਪਰਦੀਆਂ ਅਗੰਮੀ ਰਮਜ਼ਾਂ ਦੇ ‘ਪਰਛਾਵਿਆਂ’ ਦੀ ਬਖਸ਼ਿਸ਼ ਪ੍ਰਾਪਤ ਕਰਨ ਲੱਗ ਪੈਂਦਾ ਹੈ।

ਇਹ ਗੱਲ ਤਾਂ ਸਪਸ਼ਟ ਹੈ ਕਿ ਗੁਰੂ ਬਾਰੇ, ਗੁਰਬਾਣੀ ਬਾਰੇ, ਅਕਾਲ ਬਾਰੇ, ਜੋ ਵੀ ਜਾਣਿਆ ਜਾਂਦਾ ਹੈ ਉਹ ਖੁਦ ਦੇ ਅਨੁਭਵ ਦੇ ਵਿਚੋਂ ਹੀ ਪ੍ਰਾਪਤ ਹੁੰਦਾ ਹੈ, ਹੋਰਾਂ ਦੇ ਅਨੁਭਵ ਵਿਚੋਂ ਨਹੀਂ। ਪਰ ਕੁੱਝ ‘ਵੱਡੇ’ ਮਨੁੱਖ ਆਪਣੇ ਖਿਆਲਾਂ ਨੂੰ ਓਅਜਡਕਗਤ਼; ਮਨ/ਦੱਸ ਕੇ ਸਭ ’ਤੇ ਲਾਗੂ ਕਰਨ ਵਰਗਾ ਕਾਰਜ ਹੀ ਕਰਦੇ ਹਨ। ਪਿੱਛਲੇ 70-80 ਸਾਲਾਂ ਤੋਂ ਚੱਲੀ ਆ ਰਹੀ ਤਸਵੀਰ ਨੂੰ ਹੀ ਲੈ ਲਵੋ ਜਿਸਨੂੰ ਗੁਰੂ ਨਾਨਕ ਕਹਿ ਕੇ ਵੇਚਿਆ ਤੇ ਪੁਜਿਆ ਜਾ ਰਿਹਾ ਹੈ। ਸਾਡੇ ਹਰ ਘਰ ਦੀਆਂ ਕੰਧਾਂ ਉੱਤੇ ਹੀ ਨਹੀਂ, ਹਰ ਸਿੱਖ ਦੇ ਜ਼ਹਿਨ (ਆਮ ਖਿਆਲ) ਉੱਤੇ ਵੀ ਥੋਪ ਦਿੱਤੀ ਗਈ ਹੈ। ਆਮ ਜੇਹੀ ਸਮਝ ਹੈ, ਕਿ ਕੋਈ ਵੀ ਆਮ ਸਵੱਛ ਖਿਆਲਾਂ ਵਾਲਾ ਸਿੱਖ ਸੁੱਖ-ਦੁੱਖ ਵਿਚ, ਅਰਦਾਸ ਵਿਚ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਧਿਆਨ ਧਰੇ ਸੀ * ਝੱਟ ਉੱਦੇ ਖਿਆਲਾਂ ਉੱਤੇ ਥੋਪੀ ਗਈ ਤਸਵੀਰ ਉਦੋਂ ਸਾਵੇਂ ਆ ਖਲੋਂਦੀ ਹੈ। ਇਹ ਪਿੱਛਲੇ 70-80 ਸਾਲਾਂ ਤੋਂ ਚਲਿਆ ਆ ਰਿਹਾ ਹਰ ਆਮ ਸਿੱਖ ਦੇ ਗੁਰੂ ਪ੍ਰਤੀ ਖਿਆਲ, ਉਸਦੀ ਚਿਤਰਨ ਸ਼ਕਤੀ, ਉਸਦੇ ਖਿਆਲਾਂ ਦੀ ਅਜ਼ਾਦੀ ਦਾ ਕਤਲ ਹੈ। ਇਹ ਦਹਾਕਿਆਂ ਤੋਂ ਚੱਲਿਆ ਆ ਰਿਹਾ ਕਤਲੇਆਮ ਹੈ। ਫ਼ਿਲਮਾਂ ਵਿਚ ਗੁਰੂ ਨੂੰ ਚਿਤਰਨ ਦੀ ਇਹ ਹੀ ਜੜ ਹੈ ਤੇ ਇਨਾਂ ਤਸਵੀਰਾਂ ਨੂੰ ਪ੍ਰਵਾਨਗੀ ਦੇਣ ਵਾਲੇ ਵੀ ਇਸ ਚਿਤਰਕਾਰ ਦੇ ਬੁੱਤ ਹੀ ਸਮਝੇ ਜਾਣ/ਜਾਣਗੇ।
ਇਹ ਕਿਸੇ ਵੀ ਵੱਡੇ ਮਨੁੱਖ ਨੂੰ ਅਧਿਕਾਰ ਨਹੀਂ ਕਿ ਉਹ ਆਪਣੇ ਵਰਗੇ ‘ਵੱਡੇ’ ਖਿਆਲਾਂ ਨਾਲ ਕਿਸੇ ਆਮ ਸਿੱਖ ਦੇ ਖਿਆਲਾਂ ਉੱਤੇ ਹਾਵੀ ਹੋ ਕੇ ਉਸਦੇ ਸਵੱਛ ਤੇ ਨਿਰਮਲ ਖਿਆਲਾਂ (ਜਿਨਾਂ ਖਿਆਲਾਂ ਨੇ ਵੱਡੇ ਨਹੀਂ ‘ਉੱਚੇ’ ਹੋਣਾ ਹੈ) ਦਾ ਕਤਲ ਕਰੇ।

ਪਰ ਗੁਰੂ ਸਾਹਿਬ ਤੇ ਉਨਾਂ ਦੀ ਜੀਵਨੀ ਦੇ ਖਿਆਲ ਤਾਂ ਕਾਵਿ ਰੂਪ, ਵਾਰ ਰੂਪ, ਕਥਾ ਕਹਾਣੀ ਰੂਪ ਵਿਚ ਪਹਿਲਾਂ ਤੋਂ ਹੀ ਮੌਜੂਦ ਹਨ, ਫਿਰ ਗੁਰੂ ਸਾਹਿਬ ਦੇ ਤਸਵੀਰ ਚਿੱਤਰ, ਨਾਟਕਕਾਰੀ, ਫਿਲਮੀਕਰਨ ਉੱਤੇ ਹੀ ਇਹ ਵਿਚਾਰ ਕਿਉਂ?

ਕਿਸੇ ਦੇ ਮੂਲ ਤੱਤ ਤੱਕ ਅਸੀਂ ਉਸਦੇ ਆਪਣੇ ਅਹਿਸਾਸ ਤੋਂ ਬਿਨਾਂ ਨਹੀਂ ਪਹੁੰਚ ਸਕਦੇ, ਤੇ ਇੱਥੇ ਤਾਂ ਅਸੀਂ ਗੁਰੂ ਸਾਹਿਬ ‘ਪਾਰਬ੍ਰਹਮ ਪਰਮੇਸ਼ਰ’ ਦੀ ਗੱਲ ਕਰ ਰਹੇ ਹਾਂ ਜਿਸ ਦਾ ਸਿਰਫ ਅਨੰਦ ਹੀ ਮਾਣਿਆ ਜਾ ਸਕਦਾ ਹੈ। ਉਸ ਅਹਿਸਾਸ ਨੂੰ ਪੂਰਨ ਰੂਪ ਵਿਚ ਕੌਣ ਚਿਤਰੇਗਾ, ਜਦੋਂ ਅਕਾਲ ਰੂਪ ਗੁਰੂ ਨਾਨਕ ਪ੍ਰਗਟ ਹੋ ਕੇ ਇਸ ਧਰਤੀ ਨੂੰ ਰੁਸ਼ਨਾ ਦਿੰਦੇ ਹਨ, ਉਹ ਮਾਤਾ ਤ੍ਰਿਪਤਾ ਜੀ ਦੇ ਅਹਿਸਾਸ ਜਿਨਾਂ ਇਸ ਅਕਾਲ ਦੇ ਅਰੂਪ ਨੂੰ ਮਨੁੱਖੀ ਰੂਪ ਦਿੱਤਾ, ਬੇਬੇ ਨਾਨਕੀ ਵਲੋਂ ਭਾਈ ਮਰਦਾਨਾ ਨੂੰ ਦਿੱਤੀ ਰਬਾਬ ਜਿਸਨੇ ਧੁਰ ਕੀ ਬਾਣੀ ਦੇ ਧਰਤੀ ਉੱਤੇ ਪ੍ਰਗਾਸ ਨੂੰ ਰਬਾਬੀ ਨਾਦ ਦੇ ਸੰਘ ਉਤਾਰਿਆ। ਜੋ ਇਲਹਾਮ ਦਾ ਧਰਤੀ ਉੱਤੇ ਜਸ਼ਨ ਵੀ ਹੈ। ਤੱਤੀ ਤਵੀ ’ਤੇ ਵੀ ਅਕਾਲ ਇਸ਼ਕ ਦੀ ਆਸ਼ਕੀ ਦੇ ਤਪ ਦਾ ਅਹਿਸਾਸ, ਚਾਂਦਨੀ ਚੌਂਕ ਵਿਚ ਹਰ ਮਨੁੱਖ ਦੀ ਅਜ਼ਾਦੀ ਦੇ ਚਾਨਣ ਦਾ ਅਹਿਸਾਸ, ਸਿੱਖ ਨੂੰ ਪੂਰਨ ਰੂਪ ‘ਪਰਮਾਤਮ ਕੀ ਮੌਜ’ ਖਾਲਸਾ ਬਨਾਉਣ ਦਾ ਅਹਿਸਾਸ ਅਤੇ ਉਸੇ ਖਾਲਸੇ ਤੋਂ ਗੁਰੂ ਵਲੋਂ ਅੰਮ੍ਰਿਤ ਦੀ ਦਾਤ ਮੰਗਣ ਦਾ ਅਹਿਸਾਸ। ਕੌਣ ਚਿਤਰ ਸਕਦਾ ਹੈ ਇਨਾਂ ਅਹਿਸਾਸ ੍‍ਨੂੰ ਤੇ ਕੌਣ ਛੁਏ ਗਾ ਇਨਾਂ ਅਹਿਸਾਸਾਂ ਦੇ ਪਿਛੇ ਅਗੰਮੀ ਰਮਜ਼ਾਂ ਨੂੰ? ਕੌਣ?

ਦ੍ਰਿਸ਼ ਅਹਿਸਾਸ ਨੂੰ ਹੋਰ ਮੌਲਣ ਵਿਗਸਣ ਦੀ ਖੁਲ ਨਹੀਂ ਦਿੰਦਾ, ਜੋ ਗੁਰੂ ਦੇ ਅਹਿਸਾਸ ਨੂੰ ਜਾਨਣ/ਮਾਨਣ ਲਈ ਅੱਤ ਬੁਨਿਆਦੀ ਲੋੜ ਹੈ। ਇਹ ਖੁਲ ਕਾਵਿ ਹੀ ਬਖਸ਼ਦਾ ਹੈ। ਦ੍ਰਿਸ਼ ਅਹਿਸਾਸ ਨੂੰ ਬੰਨ੍ਹ ਦਿੰਦਾ ਹੈ ਤੇ ਉਵੇਂ ਹੀ ਉਹ ਲੋਕਾਂ ਤੱਕ ਪਹੁੰਚਦਾ ਹੈ, ਘੱਟ ਪਹੁੰਚ ਜਾਂ ਪਕੜ ਵਿਚ ਆ ਸਕਦਾ ਹੈ ਪਰ ਦਿਖਾਏ ਜਾ ਰਹੇ ਅਹਿਸਾਸਾਂ ਤੋਂ ਵੱਧ ਨਹੀਂ। ਦ੍ਰਿਸ਼ ਅਹਿਸਾਸ ਨੂੰ ਬੰਨਦਾ ਹੈ ਤੇ ਪੂਰਨ ਰੂਪ ਵਿਚ ਵਿਖਾ ਵੀ ਨਹੀਂ ਸਕਦਾ ਪਰ ਕਾਵਿ ਅੰਦਰ ਰਹੱਸ ਦੇ ਪੂਰਨ ਆਵੇਸ਼ ਨੂੰ ਪਾਲਣ ਦੀ ਸਮਰਥਾ ਹੈ। ਇਸੇ ਲਈ ਦ੍ਰਿਸ਼ ਦੇਖਦੇ ਹੋਏ ਮਨੁੱਖ ਦਾ ਘੇਰਾ ਨਿਯਤ ਹੋਣਾ ਲਾਜ਼ਮੀ ਹੈ, ਪਰ ਕਾਵਿ ਦੀ ਸਦੀਵੀਂ ਰਵਾਨਗੀ ਵਿਚ ਮਨੁੱਖ ਆਪਣੀ ਸਮਰਥਾ ਦੇ ਅਨੁਭਵ ਖਿਆਲ ਦੇ ਮੁਤਾਬਕ ਵਹਾ ਵਿਚ ਹੁੰਦਾ ਹੈ। ਕਾਵਿ ਨਾਲ ਖਿਆਲ ਬੰਨੇ ਨਹੀਂ ਜਾਂਦੇ, ਉਸਦੀ ਰਵਾਨਗੀ ਵਿਚ ਤਾਂ ਦ੍ਰਿਸ਼, ਮਨੁੱਖ ਆਪਣੇ ਅਨੁਭਵ ਖਿਆਲ ਵਿਚੋਂ ਚਿਤਰ ਰਿਹਾ ਹੁੰਦਾ ਹੈ। ਸਗੋਂ ਕਾਵਿ ਵਧ ਖਿਆਲ ਚਿੱਤਰਨ ਦੀ ਮੌਲਿਕਤਾ ਬਖਸ਼ਦਾ ਹੈ। ਭਾਵੇਂ ਕਿ ਬਾਈਬਲ ਦੇ ਅਨੁਯਾਈ ਬਾਈਬਲ ਨੂੰ ਇਲਹਾਮ ਮੰਨਦੇ ਹਨ ਪਰ ਸ. ਹਰਿੰਦਰ ਸਿੰਘ ਮਹਿਬੂਬ ਨੇ ਸਹਿਜੇ ਰਚਿਓ ਖਾਲਸਾ ਵਿਚ ਗੁਰਬਾਣੀ ਤੋਂ ਪਹਿਲਾਂ ਮੁਹੰਮਦ ਸਾਹਿਬ ਉੱਤੇ ਹੀ ਇਲਹਾਮ ਨੂੰ ਹੋਇਆ ਮੰਨਿਆ ਹੈ। ਪਰ ਜਿਹੜਾ ਰੂਪ ਅਨੰਤ ਦੇ ਰਹੱਸ, ਤੇ ਉਸਦੇ ਇਸ਼ਕ ਤੇ ਉਸਦੀਆਂ ਰਮਜ਼ਾਂ ਦਾ ਦਰਸ਼ਨ ਗੁਰਬਾਣੀ ਕਰਵਾਉਂਦੀ ਹੈ, ਉਹ ਹੋਰ ਨਹੀਂ। ਜੋ ਅਹਿਸਾਸ ਕਾਵਿ ਰਾਹੀਂ ਬਖਸ਼ਿਸ਼ ਜਾਂ ਪ੍ਰਾਪਤ ਹੁੰਦੇ ਹਨ ਦ੍ਰਿਸ਼ ਉਨ੍ਹਾਂ ਦੇ ਪਰਛਾਵਿਆਂ ਤੱਕ ਵੀ ਨਹੀਂ ਪਹੁੰਚਦਾ।

ਆਮ ਸਮਝ ਹੈ ਕਿ ਜਦੋਂ ਅਸੀਂ ਕੋਈ ਕਾਰਜ ਕਰਨ ਦੇ ਇਛੁੱਕ ਹੋਈਏ ਤਾਂ ਸਾਨੂੰ ਕਾਰਜ ਕਰਨ ਦੇ ਕਾਰਨ ਮਿਲ ਜਾਂਦੇ ਹਨ ਤੇ ਜੇ ਨਾ ਕਰਨ ਦੇ ਇੱਛੁਕ ਹੋਈਏ ਤਾਂ ਕਾਰਜ ਨਾ ਕਰਨ ਦੇ ਕਾਰਨ ਵੀ ਮਿਲ ਜਾਂਦੇ ਹਨ, ਕਾਰਨ ਹਰ ਸਥਿਤੀ ਵਿਚ ਮੌਜੂਦ ਹੁੰਦਾ ਹੈ। ਮੌਜੂਦਾ ਸਮੇਂ ਸਿੱਖੀ ਦੇ ਪ੍ਰਚਾਰ ਨੂੰ ਫ਼ਿਲਮਾਂ ਰਾਹੀਂ ਕਰਨ ਦੇ ਕਈ ਕਾਰਨ ਦੱਸੇ ਜਾ ਰਹੇ ਹਨ। ਇਹ ਦਲੀਲਾਂ ਵੀ ਦਿੱਤੀਆਂ ਜਾ ਰਹੀਆਂ ਹਨ ਕਿ ਇਨਾਂ ਫ਼ਿਲਮਾਂ ਨਾਲ ਬੱਚਿਆਂ ਨੂੰ ਬਹੁਤ ਜਾਣਕਾਰੀ ਮਿਲੀ ਹੈ ਤੇ ਕਈ ਨੌਜਵਾਨਾਂ ਤੇ ਵੱਡੀ ਉਮਰਾਂ ਵਾਲਿਆਂ ਨੇ ਵੀ ਅੰਮ੍ਰਿਤ ਵੀ ਛੱਕ ਲਏ ਹਨ। ਕੀ 1708 ਤੋਂ ਲੈ ਕੇ 2014 ਤੱਕ ਸਿੱਖਾਂ ਦੇ ਘਰ ਬੱਚੇ ਪੈਦਾ ਨਹੀਂ ਹੋਏ? ਕੀ ਉਹ ਸਿੱਖੀ ਦੀ ਜਾਣਕਾਰੀ ਤੋਂ ਵਾਂਝੇ ਰਹਿ ਗਏ ਹਨ? ਕੀ ਇਸ ਸਮੇਂ ਦੌਰਾਨ ਕੋਈ ਸਿੱਖ ਨਹੀਂ ਹੋਇਆ ਜਦੋਂ ਇਹ ਫ਼ਿਲਮਾਂ ਨਹੀਂ ਸੀ? ਕੀ ਕਿਸੇ ਵਿਚ ਵੀ ਸਿੱਖੀ ਦੀ ਰੂਹ ਨਹੀਂ ਮੌਲੀ? ਇਸ ਸਮੇਂ ਦੌਰਾਨ ਸਿੱਖ ਸਖ਼ਸ਼ੀਅਤਾਂ ਤੋਂ ਅਸੀਂ ਭਲੀ ਭਾਂਤ ਜਾਣੂ ਹਾਂ, ਇਥੋਂ ਤੱਕ ਕਿ ਉਨਾਂ ਦੇ ਨਾਮ ਲੈਣ ਦੀ ਵੀ ਲੋੜ ਨਹੀਂ ਖੁਦ-ਬ-ਖੁਦ ਸਭ ਦੀ ਤਸਵੀਰ ਅੱਖਾਂ ਅੱਗੇ ਆ ਖਲੋਤੀ ਹੈ। ਸਿੱਖੀ ਦੀ ਢਹਿੰਦੀ ਕਲਾ ਦੀ ਦੋਹਾਈ ਦੇ ਕੇ ਉਸਦੀ ਆੜ ਵਿਚ ਸਾਰੇ ਹੀ ਪ੍ਰਚਾਰਕ ਬਣ ਜਾਂਦੇ ਹਨ। ਤੇ ਅਜਿਹੇ ਪ੍ਰਚਾਰ ਹੋਂਦ ਵਿਚ ਆਉਂਦੇ ਹਨ। ਇਹ ਢਹਿੰਦੀ ਕਲਾ ਵਾਲੀ ਗੱਲ ਐਨੀ ਡਰਾਉਣੀ ਨਹੀਂ, ਇਹ ਉਤਾਰ ਚੜਾਅ ਰਹਿੰਦੀ ਦੁਨੀਆਂ ਤੱਕ ਇਉਂ ਹੀ ਚੱਲਣਗੇ। ਢਹਿੰਦੀ ਕਲਾ ਵਿਚੋਂ ਹੀ ਗੁਰੂ ਦੇ ਸਿੱਖ ਗੁਰੂ ਆਦਰਸ਼ਾਂ ਦੇ ਵੱਧ ਨੇੜੇ ਹੋ ਕੇ ਉਠੇ ਹਨ ਤੇ ਉੱਠਦੇ ਰਹਿਣਗੇ। ਮੌਜੂਦਾ ਸਮੇਂ ਸਮਾਜ ਵਿੱਚ ਮਨੁੱਖ ਦੁਆਰਾ ਬਣਾਏ ਗਏ ਸਾਰੇ ਬੁੱਤ ਢਹਿ ਢੇਰੀ ਹੋ ਰਹੇ ਹਨ, ਤੇ ਇਸ ਗਰਦ ਤੋਂ ਕੋਈ ਵੀ ਅਛੁਤਾ ਨਹੀਂ ਰਹੇਗਾ। ਸਿੱਖ ਕੌਮ ਤੇ ਵੀ ਇਹ ਗਰਦ ਚੜੇਗੀ ਚੜ ਰਹੀ ਹੈ। ਧਰਤੀ ਉੱਤੇ ਇਨਾ ਬੁੱਤਾਂ ਦੇ ਮਲਬਿਆਂ ਵਿਚ ਇਨਾਂ ਫ਼ਿਲਮਾਂ ਦੇ ਮਾਧਿਅਮ ਰਾਹੀਂ ਹੋਇਆ ਪ੍ਰਚਾਰ (ਗੁਰੂ ਅਹਿਸਾਸ ਤੋਂ ਸਖਣਾ) ਢੋਹੀ ਨਹੀਂ ਦੇਵੇਗਾ। ਇਥੇ ਸਿਰਫ ਤੇ ਸਿਰਫ ਉਹ ਹੀ ਉਭਰਨਗੇ, ਜਿਹੜੇ ਗੁਰਬਾਣੀ ਇਸ਼ਕ ਵਿਚ ਰੱਤੇ ਹੋਵਣਗੇ। ਮਨੁੱਖ ਦਾ ਜੋ ਮਾਰਗ ਦਰਸ਼ਨ ਇਥੇ ਤੇ ਉੱਥੇ ਗੁਰਬਾਣੀ ਕਰ ਰਹੀ ਹੈ ਸਿੱਖ ਨੂੰ ਇਹ ਦਾਤ ਸੰਸਾਰ ਵਿਚ ਵੰਡਣ ਲਈ ਵੀ ਆਪਣੀ ਮੌਲਿਕਤਾ ਨੂੰ ਪਹਿਚਾਨਣਾ ਪਵੇਗਾ।

ਫ਼ਿਲਮਾਂ ਦੇ ਰਾਹੀਂ ਪ੍ਰਚਾਰ ਕਰਨ ਲਈ, ਫ਼ਿਲਮਾਂ ਦੀ ਇਨਾਂ ਹੱਦਾਂ ਨੂੰ ਜਾਨਣਾ ਹੀ ਪਵੇਗਾ। ਕਿ ਇਹ ਕਿਥੇ ਤੱਕ ਪ੍ਰਚਾਰ ਲਈ ਵਰਤਿਆ ਜਾ ਸਕਦਾ ਹੈ। ਪਰ ਸ. ਅਜਮੇਰ ਸਿੰਘ ਦਾ ਇਹ ਕਥਨ ਕਿ ‘ਇਸ ਖੇਤਰ ਵਿਚ ਗਿਰਜਾਂ ਬੈਠੀਆਂ ਹਨ’, ਇਨਾਂ ਦੀ ਪਹਿਚਾਣ ਵੀ ਨਾਲ ਕਰਨੀ ਪਵੇਗੀ। ਪਰ ਇਸ ਦੇ ਨਾਲ ਗੁਰੂ ਦਾ ‘ਸ਼ਬਦ ਗੁਰੂ’ ਦਾ ਹੁਕਮ ਚਿਤ ਚੇਤੇ ਰਖਣਾ ਚਾਹੀਦਾ ਹੈ। ਸਿੱਖੀ ਦਾ ਪ੍ਰਚਾਰ ਗੁਰੂ ਦੀ ਹੁਕਮ ਅਦੁਲੀ ਦੀ ਖੁੱਲ੍ਹ ਕਦਾਚਿਤ ਨਹੀਂ ਦਿੰਦਾ। ਜੇ ਇਹ ਖੁਲ ਦਿੱਤੀ ਗਈ ਤਾਂ ‘ਪੰਥ’ ਬੁੱਤਾਂ ਵਿਚ ਜਾ ਖਲੋਵੇਗਾ, ਜਿਸ ਦੀ ਕੋਈ ਮੌਲਿਕਤਾ ਨਹੀਂ ਹੋਵੇਗੀ।

ਅਸੀਂ ਵੇਖ ਚੁੱਕੇ ਹਾਂ ਕਿ ਦ੍ਰਿਸ਼ ਦੀ ਇਹ ਸਮਰਥਾ ਹੀ ਨਹੀਂ ਕਿ ਉਹ ਪੂਰਨ ਅਹਿਸਾਸਾਂ ੍‍ਨੂੰ ਚਿਤਰ ਸਕੇ ਤੇ ਗੁਰੂ ਪਾਤਸ਼ਾਹ ਦੀ ਅਗੰਮੀ ਰਮਜ਼ਾਂ ਤੇ ਉਨਾਂ ਦੇ ਤ੍ਰੈਕਾਲੀ, ਪਾਵਨ ਪਵਿਤਰ, ਆਦਿ ਜੁਗਾਦੀ ਅਹਿਸਾਸ ਦੀ ਤਾਂ ਅਸੀਂ ਗੱਲ ਹੀ ਛੱਡ ਦੇਈਏ। ਫਿਰ ਕਿਉਂ ਅਸੀਂ ਗੁਰੂ ਦੀ ਅਧੂਰੀ ਛਵੀ ਨੂੰ ਰੂਪਮਾਨ ਕਰਨਾ ਚਾਹੁੰਦੇ ਹਾਂ, ਕਿਉਂ? ਜੇ ਫਿਰ ਵੀ ਫ਼ਿਲਮੀ ਸਾਧਨ ਨੂੰ ਸਿੱਖੀ ਦੇ ਪ੍ਰਚਾਰ ਵਿਚ ਵਰਤਨਾ ਹੈ ਤਾਂ ਵਰਤੋਂ, ਪਰ ਗੁਰੂ ਨੂੰ ਸਿੱਖ ਤੇ ਸਿੱਖੀ ਰਾਹੀਂ ਹੀ ਰੂਪਮਾਨ ਕੀਤਾ ਜਾਵੇ। ਗੁਰੂ ਸਾਹਿਬ ਦਾ ਫੁਰਮਾਨ ਹੈ ‘ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੇਂ ਹੋ ਕਰੋ ਨਿਵਾਸ’। ਖਾਲਸੇ ਰਾਹੀਂ ਹੀ ਗੁਰੂ ਦੇ ਅਹਿਸਾਸ ਨੂੰ (ਜਿੰਨੇ ਹੋ ਸਕਦੇ ਹਨ) ਰੂਪਮਾਨ ਕੀਤਾ ਜਾਵੇ। ਪਰ ਇਹ ਗੱਲ ਵੀ ਚੇਤੇ ਰੱਖ ਲਈ ਜਾਵੇ ਕਿ ਖਾਲਸੇ ਦੇ ਅਹਿਸਾਸਾਂ ਨੂੰ ਵੀ ਦ੍ਰਿਸ਼ ਵਿਚ ਬੰਨ੍ਹਿਆ ਤੇ ਸਮਝਿਆ ਨਹੀਂ ਜਾ ਸਕਦਾ, ਇਹ ਉਹ ਅਵਸਥਾ ਹੈ ਜਿਥੇ ਸਿੱਖ ‘ਤੂੰ ਤੂੰ ਕਰਤਾ ਤੂੰ ਹੂਆ’, ਤੇ ਜਿਥੇ ਮਨੁੱਖ ਖੁਦ ਅਕਾਲ ਵਿਚ ਅਭੇਦ ਹੋ ਗਿਆ ਤਾਂ ਉਸ ਮਨੁੱਖ ਦੇ ਅਹਿਸਾਸ ਵੀ ਪਾਰ ਦੀ ਗੱਲ ਹੋ ਮੁਕਦੀ ਹੈ। ਇਹ ਹੀ ਰਹਸ ਹੈ। ਇਹ ਹੀ ਅਨੰਦ ਹੈ। ਜਿਸਦਾ ਤੋੜ ਸਿਰਫ ਗੁਰਬਾਣੀ ਸੰਕਲਪ ਤੇ ਅਭਿਆਸ ਦਾ ਅਨੁਭਵ ਹੈ।

ਇਸ ਲਈ ਸਿੱਖਾਂ ਤੇ ਸਿੱਖੀ ਰਾਹੀਂ ਵੀ ਗੁਰੂ ਸਾਹਿਬ ਦੀ ਉਪਮਾ ਤੇ ਸਿੱਖੀ ਦੇ ਵਿਚ ਗੁਰੂ ਸਾਹਿਬ ਦੇ ਇਸ਼ਕ ਦੀਆਂ ‘ਦਿਖਣ ਵਾਲੀਆਂ’ ਤੰਦਾਂ ਨੂੰ ਹੀ ਰੂਪਮਾਨ ਕੀਤਾ ਜਾ ਸਕਦਾ ਹੈ। ਪਰ ਸਾਡੇ ਨੋ ਸਿਖੀਏ ਫ਼ਿਲਮ ਜਗਤ ਲਈ ਇਹ ਵੀ ਦੂਰ ਦੀ ਕੌਡੀ ਹੈ। ਪਰ ਇਹ ਸੰਭਵ ਹੈ ‘ਸੁੰਦਰੀ’ ਦੇ ਰਾਹੀਂ, ਭਾਈ ਵੀਰ ਸਿੰਘ ਦੇ ਹੀ ‘ਪਿਆਰੇ ਦਾ ਪਿਆਰਾ’ ਰਾਹੀਂ, ‘ਰਾਣਾ ਭਬੌਰ’ ਤੇ ਹੋਰ ਕਈ ਕਿੱਸਿਆਂ ਰਾਹੀਂ। ਪਰ ਇਨ੍ਹਾ ਇਸ਼ਕ ਰੱਤਿਆ ਦੇ ਕਿਰਦਾਰ ਨੂੰ ਨਿਭਾਉਣ ਤੇ ਫ਼ਿਲਮਾਉਣ ਲਈ ਵੀ ਇਸ਼ਕ ਰਤੜੇ ਹੀ ਚਾਹੀਦੇ ਹਨ। ਇੱਥੇ ਤੁਹਾਨੂੰ ਇਕ ਹੋਰ ਸਵਾਲ ਦੇ ਨਾਲ ਛੱਡ ਜਾਂਦਾ ਹਾਂ, ਕਿ ਜਦੋਂ ਅਜਿਹੇ ਕਿਰਦਾਰ ਨਿਭਾਉਣ ਲਈ ਸਮਾਜ ਵਿਚ ਅਜਿਹੇ ਇਸ਼ਕ ਰਤੜੇ ਹੋਣਗੇ, ਉਦੋਂ ਹਰ ਗਲੀ, ਹਰ ਮੋੜ ਹਰ ਵਿਦਿਆ ਦੇ ਮੰਦਰ, ਰਾਜਨੀਤੀ, ਕਾਰੋਬਾਰ ਵਿਚ ਇਹ ਅਕਾਲ ਦੇ ਇਸ਼ਕ ਵਿਚ ਰੱਤਿਆਂ ਦੀਆਂ ਫ਼ਿਲਮਾਂ ਚੱਲ ਰਹੀਆਂ ਹੋਣਗੀਆਂ। ਉਦੋਂ ਨਾਟਕਾਂ ਜਾਂ ਕੁਝ ਫ਼ਿਲਮਾਉਣ ਦੀ ਲੋੜ ਨਹੀਂ ਪਵੇਗੀ। ਉਦੋਂ ਤਾਂ ਸਗਲ ਧਰਤੀ ਤੇ ਸਭ ਮਨੁੱਖ ਵਿਸਮਾਦੀ ਹੋ ਜਾਵਣਗੇ।


* ਲੇਖਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਧਰਮ ਅਧਿਐਨ ਦਾ ਵਿਦਿਆਰਥੀ ਹੈ। 



Archive

RECENT STORIES