Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਰਤ 'ਚ ਸਿੱਖਾਂ ਨੂੰ ਅਕਸਰ ਪ੍ਰੇਸ਼ਾਨ ਕੀਤਾ ਜਾਂਦਾ ਹੈ, ਉਨ੍ਹਾਂ 'ਤੇ ਕੇਸ ਕੱਟਣ, ਕਕਾਰ ਲਾਹੁਣ ਅਤੇ ਸ਼ਰਧਾ ਨੂੰ ਤਿਆਗਣ ਲਈ ਦਬਾਅ ਪਾਇਆ ਜਾਂਦਾ ਹੈ- ਅਮਰੀਕੀ ਪੈਨਲ

Posted on May 1st, 2015

ਵਾਸ਼ਿੰਗਟਨ- ਸਿੱਖ ਅਧਿਕਾਰ ਜਥੇਬੰਦੀ ਨੇ ਅਮਰੀਕੀ ਕਾਂਗਰਸ ਦੇ ਇਕ ਪੈਨਲ ਦੀ ਤਾਰੀਫ਼ ਕੀਤੀ ਹੈ ਜਿਸ ਨੇ ਧਾਰਮਕ ਆਜ਼ਾਦੀ 'ਤੇ ਅਪਣੀ ਸਾਲਾਨਾ ਰੀਪੋਰਟ 'ਚ 'ਸਿੱਖਾਂ ਦੇ ਧਾਰਮਕ ਹੱਕਾਂ ਦੀ ਉਲੰਘਣਾ' ਦੀ ਗੱਲ ਕੀਤੀ ਸੀ।

ਅਮਰੀਕੀ ਕੌਮਾਂਤਰੀ ਧਾਰਮਕ ਆਜ਼ਾਦੀ ਕਮਿਸ਼ਨ (ਯੂ.ਐਸ.ਸੀ.ਆਈ.ਆਰ.ਐਫ਼.) ਨੇ ਸਾਲ 2015 ਦੀ ਅਪਣੀ ਰੀਪੋਰਟ 'ਚ ਕਿਹਾ, ''ਸਿੱਖਾਂ ਨੂੰ ਅਕਸਰ ਪ੍ਰੇਸ਼ਾਨ ਕੀਤਾ ਜਾਂਦਾ ਹੈ, ਉਨ੍ਹਾਂ 'ਤੇ ਕੇਸ ਕੱਟਣ, ਕਕਾਰ ਲਾਹੁਣ ਅਤੇ ਸ਼ਰਧਾ ਨੂੰ ਤਿਆਗਣ ਲਈ ਦਬਾਅ ਪਾਇਆ ਜਾਂਦਾ ਹੈ।''

ਰੀਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਸਿੱਖ ਲੰਮੇ ਸਮੇਂ ਤੋਂ ਭਾਰਤ ਦੇ ਸੰਵਿਧਾਨ ਦੀ ਧਾਰਾ 25 'ਚ ਤਬਦੀਲੀ ਦੀ ਮੰਗ ਕਰ ਰਹੇ ਹਨ। ਉਹ ਕਹਿ ਰਹੇ ਹਨ ਕਿ ਹਿੰਦੂਆਂ 'ਚ ਉਸ ਧਰਮ ਦੇ ਲੋਕ ਵੀ ਸ਼ਾਮਲ ਹਨ ਜੋ ਸਿੱਖ, ਜੈਨ ਜਾਂ ਬੁੱਧ ਧਰਮ ਨੂੰ ਮੰਨਦੇ ਹਨ।''

ਰੀਪੋਰਟ 'ਚ ਕਿਹਾ ਗਿਆ ਹੈ, ''ਸਿੱਖ ਧਰਮ ਨੂੰ ਇਕ ਵਖਰੇ ਧਰਮ ਵਜੋਂ ਪਛਾਣ ਨਾ ਦਿਤੇ ਜਾਣ ਕਾਰਨ ਸਿੱਖਾਂ ਨੂੰ ਉਨ੍ਹਾਂ ਸਮਾਜਕ ਸੇਵਾਵਾਂ ਜਾਂ ਰੁਜ਼ਗਾਰ ਅਤੇ ਵਿਦਿਅਕ ਸਹੂਲਤਾਂ ਤਕ ਪਹੁੰਚ ਨਹੀਂ ਮਿਲਦੀ ਜੋ ਹੋਰ ਧਾਰਮਕ ਘੱਟ-ਗਿਣਤੀ ਫ਼ਿਰਕਿਆਂ ਅਤੇ ਅਨਸੂਚਿਤ ਜਾਤੀ ਦੇ ਹਿੰਦੂਆਂ ਨੂੰ ਮਿਲਦੀ ਹੈ।''

ਸਿੱਖਜ਼ ਫ਼ਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਪੈਨਲ ਦੀ ਰੀਪੋਰਟ ਨੂੰ 'ਇਤਿਹਾਸਕ' ਦਸਦਿਆਂ ਕਿਹਾ ਕਿ ਅਮਰੀਕਾ ਵਲੋਂ ਸਿੱਖਾਂ ਦੀ ਵਖਰੀ ਪਛਾਣ ਦੇ ਮਾਮਲੇ ਨੂੰ ਚੁੱਕਣ ਨਾਲ ਸਿੱਖਾਂ ਦੀਆਂ ਮੰਗਾਂ ਪ੍ਰਤੀ ਹਮਾਇਤ ਵਧੇਗੀ। ਉਨ੍ਹਾਂ ਕਿਹਾ, ''ਹੁਣ ਅਸੀਂ ਪੰਜਾਬ ਵਿਚ ਰਾਏਸ਼ੁਮਾਰੀ ਲਈ ਕੌਮਾਂਤਰੀ ਭਾਈਚਾਰੇ ਕੋਲ ਜਾਵਾਂਗੇ।''  (ਪੀਟੀਆਈ)



Archive

RECENT STORIES