Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦਰਸ਼ਕਾਂ ਦਾ ਧੰਨਵਾਦ ਕਰਨ ਲਈ 'ਸਾਡਾ ਹੱਕ' ਦੇ ਨਿਰਮਾਤਾ ਬੀ ਸੀ ਪੁੱਜੇ

Posted on May 24th, 2013

<p>'ਅਕਾਲ ਗਾਰਡੀਅਨ' ਦੇ ਦਫਤਰ ਵਿੱਚ ਕੁਲਜਿੰਦਰ ਸਿੰਘ ਸਿੱਧੂ ਅਤੇ ਦਿਨੇਸ਼ ਸੂਦ<br></p>


ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਪੰਜਾਬੀ ਸਿਨੇਮਾ ਜਗਤ ਦੀ ਝੋਲੀ 'ਸਾਡਾ ਹੱਕ' ਜਿਹੀ ਸੁਪਰਹਿੱਟ ਫਿਲਮ ਪਾਉਣ ਵਾਲੀ ਟੀਮ ਦੇ ਮੈਂਬਰ ਸ਼ੁੱਕਰਵਾਰ ਸਵੇਰੇ ਬੀ ਸੀ ਪਧਾਰੇ, ਜਿੱਥੇ ਉਹ ਵੱਖ-ਵੱਖ ਸ਼ਹਿਰਾਂ 'ਚ ਜਾ ਕੇ ਸਫਲਤਾ ਦਿਵਾਉਣ ਅਤੇ ਭਰਪੂਰ ਸਹਿਯੋਗ ਦੇਣ ਲਈ ਸਥਾਨਕ ਲੋਕਾਂ ਦਾ  ਧੰਨਵਾਦ ਕਰਨਗੇ। 


'ਅਕਾਲ ਗਾਰਡੀਅਨ' ਨਾਲ ਗੱਲਬਾਤ ਕਰਦਿਆਂ ਫਿਲਮ ਦੇ ਨਾਇਕ ਅਤੇ ਨਿਰਮਾਤਾ ਕੁਲਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕੈਨੇਡਾ ਵਾਸੀ ਪੰਜਾਬੀਆਂ ਨੇ ਇਸ ਫਿਲਮ ਨੂੰ ਰਿਲੀਜ਼ ਕਰਵਾਉਣ ਤੋਂ ਲੈ ਕੇ ਸਫਲ ਬਣਾਉਣ ਤੱਕ ਜੋ ਯੋਗਦਾਨ ਪਾਇਆ, ਉਸ ਦਾ ਸ਼ੁਕਰਾਨਾ ਕਰਨ ਲਈ ਧੰਨਵਾਦ ਸ਼ਬਦ ਬਹੁਤ ਛੋਟਾ ਪੈ ਜਾਂਦਾ ਹੈ। ਨਾਲ ਪੁੱਜੇ ਸਹਿ-ਨਿਰਮਾਤਾ ਦਿਨੇਸ਼ ਸੂਦ ਹੁਰਾਂ ਕਿਹਾ ਕਿ ਅਸੀਂ ਕੈਨੇਡਾ ਦੇ ਪੰਜਾਬੀਆਂ ਦੇ ਬੇਹੱਦ ਸ਼ੁਕਰਗੁਜ਼ਾਰ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਹ ਸਾਡੇ ਦਿਲ ਦੀ ਗਹਿਰਾਈ 'ਚੋਂ ਉਪਜੀ ਇਸ ਭਾਵਨਾ ਨੂੰ ਮਹਿਸੂਸ ਕਰਨਗੇ। 


ਆਪਣੇ ਇਸ ਦੌਰੇ ਦੌਰਾਨ ਉਹ ਸ਼ਨਿਚਰਵਾਰ 25 ਮਈ ਵਾਲੇ ਦਿਨ ਸ਼ਾਮ 5:30 ਵਜੇ ਐਬਟਸਫੋਰਡ ਦੀ ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਵਿਖੇ ਪੁੱਜ ਕੇ ਐਬਟਸਫੋਰਡ-ਮਿਸ਼ਨ ਇਲਾਕਾ ਨਿਵਾਸੀਆਂ ਦਾ ਸ਼ੁਕਰਾਨਾ ਕਰਨਗੇ। 26 ਮਈ ਦਿਨ ਐਤਵਾਰ ਨੂੰ ਸਵੇਰੇ 10:30 ਵਜੇ ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟਮਿਨਸਟਰ ਵਿਖੇ ਹਾਜ਼ਰੀ ਭਰੀ ਜਾਵੇਗੀ ਜਦਕਿ ਇਸ ਪ੍ਰੋਗਰਾਮ ਤੋਂ ਬਾਅਦ ਸਿੱਧੂ ਅਤੇ ਸੂਦ ਸਰੀ ਦੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਵਿਖੇ 11:30 ਵਜੇ ਦੁਪਹਿਰ ਨੂੰ ਪੁੱਜਣਗੇ। ਫਿਲਮ 'ਸਾਡਾ ਹੱਕ' ਅਤੇ ਇਸ ਦੀ ਟੀਮ ਨੂੰ ਉਨ੍ਹਾਂ ਦੇ ਚਹੇਤਿਆਂ ਨਾਲ ਮਿਲਵਾਉਣ ਲਈ ਸਰੀ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ। ਐਤਵਾਰ ਸ਼ਾਮ 6:30 ਵਜੇ ਸਰੀ ਦੇ ਨਿਊਟਨ ਇਲਾਕੇ 'ਚ ਸਥਿਤ 'ਹਾਲੀਵੁੱਡ ਸਿਨੇਮਾ' ਵਿਖੇ ਫਿਲਮ ਦਾ ਇੱਕ ਵਿਸ਼ੇਸ਼ ਸ਼ੋਅ ਹੋਵੇਗਾ, ਜਿਸ ਮੌਕੇ ਕੁਲਜਿੰਦਰ ਸਿੰਘ ਸਿੱਧੂ ਤੇ ਦਿਨੇਸ਼ ਸੂਦ ਹਾਜ਼ਰੀਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਆਏ ਹੋਏ ਲੋਕਾਂ ਨਾਲ ਗੱਲਬਾਤ ਵੀ ਕਰਨਗੇ। ਇਹ ਸਿਨੇਮਾ 138 ਸਟਰੀਟ ਅਤੇ 72 ਐਵੇਨਿਊ ਨਜ਼ਦੀਕ ਸਥਿਤ ਸੇਫਵੇਅ ਵਾਲੇ ਪਲਾਜ਼ੇ 'ਚ ਸਥਿਤ ਹੈ। 


ਸਿੱਧੂ ਨੇ ਦੱਸਿਆ ਕਿ ਇਸ ਫੇਰੀ ਦਾ ਇੱਕ ਹੋਰ ਮਕਸਦ ਦੁਨੀਆਂ ਭਰ 'ਚ ਘੁੰਮ ਕੇ ਪੰਜਾਬੀਆਂ ਦੇ ਵਿਚਾਰ ਜਾਨਣਾ ਹੈ ਕਿ ਉਹ ਭਵਿੱਖ ਵਿੱਚ ਇਸ ਟੀਮ ਤੋਂ ਕਿਹੋ ਜਿਹੀ ਫਿਲਮ ਦੇ ਨਿਰਮਾਣ ਦੀ ਆਸ ਰੱਖਦੇ ਹਨ। ਮੰਗਲਵਾਰ 28 ਮਈ ਨੂੰ ਸਿੱਧੂ ਅਤੇ ਸੂਦ ਟਰਾਂਟੋ ਲਈ ਰਵਾਨਾ ਹੋਣਗੇ, ਜਿੱਥੇ ਉਹ ਓਨਟਾਰੀਓ ਦੇ ਪੰਜਾਬੀਆਂ ਨੂੰ ਮਿਲ ਕੇ ਉਨ੍ਹਾਂ ਦਾ ਧੰਨਵਾਦ ਕਰਨਗੇ। 




Archive

RECENT STORIES