Posted on May 11th, 2015

ਜਲੰਧਰ- ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਪੰਜਾਬ ਵੱਲੋਂ ਕਰਵਾਈ ਕਨਵੈਨਸ਼ਨ ਵਿੱਚ ਪਹਿਲੀ ਵਾਰ ਸੱਦੇ ਗਏ ਰਾਜਨੀਤਕ ਆਗੂਆਂ ਵਿੱਚੋਂ ਭਾਜਪਾ ਦੇ ਸੂਬਾਈ ਪ੍ਰਧਾਨ ਕਮਲ ਸ਼ਰਮਾ ਨੇ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ ਕਿ ਬੀਤੇ ਸਮੇਂ ਵਿੱਚ ਭਾਜਪਾ ਲੀਡਰਸ਼ਿਪ ਕੋਲੋਂ ਪੰਜਾਬੀ ਮਾਂ ਬੋਲੀ ਬਾਰੇ ਫੈਸਲੇ ਸਹੀ ਨਹੀਂ ਹੋਏ। ਪਾਰਟੀ ਕੋਲੋਂ ਹੋਈਆਂ ਗਲਤੀਆਂ ਨੂੰ ਖਿੜੇ ਮੱਥੇ ਸਵੀਕਾਰਦਿਆਂ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੀ ਕੁਤਾਹੀ ਨਹੀਂ ਹੋਵੇਗੀ। ਭਾਜਪਾ ਨੇ ਹੁਣ ਇਸ ਗੱਲ ਦੀ ਹਮਾਇਤ ਸ਼ੁਰੂ ਕਰ ਦਿੱਤੀ ਹੈ ਕਿ ਮੁੱਢਲੀ ਪੜ੍ਹਾਈ ਮਾਂ ਬੋਲੀ ਵਿੱਚ ਕਰਵਾਈ ਜਾਵੇ।
ਤਾਲਮੇਲ ਕਮੇਟੀ ਦੇ ਕਨਵੀਨਰ ਡਾ. ਅਨੂਪ ਸਿੰਘ ਨੇ ਕਿਹਾ ਕਿ ਇਹ ਪਹਿਲੀਵਾਰ ਹੋਇਆ ਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਸਾਰ ਲਈ ਲੜਾਈ ਲੜ ਰਹੀਆਂ ਜਥੇਬੰਦੀਆਂ ਨਾਲ ਸੱਤਾਧਾਰੀ ਗਠਜੋੜ ਦੀਆਂ ਦੋਵੇਂ ਧਿਰਾਂ ਤੇ ਖੱਬੀਆਂ ਪਾਰਟੀਆਂ ਨੇ ਮੰਚ ਸਾਂਝਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਹਾਮੀ ਭਰ ਕੇ ਇਸ ਕਨਵੈਨਸ਼ਨ ਵਿੱਚ ਹਾਜ਼ਰੀ ਨਹੀਂ ਭਰੀ। ਇੱਥੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਭਾਸ਼ਾ ਅਕਾਦਮੀ ਜਲੰਧਰ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਅਤੇ ਪੰਜਾਬ ਜਾਗ੍ਰਿਤੀ ਮੰਚ ਜਲੰਧਰ ਵੱਲੋਂ ਸਾਂਝੇ ਤੌਰ 'ਤੇ ਕਰਵਾਈ ਇਸ ਕਨਵੈਨਸ਼ਨ ਵਿੱਚ ਲੋਕਾਂ ਨੂੰ ਜਿੱਥੇ ਪੰਜਾਬ ਦੇ ਪਿੰਡਾਂ ਵਿੱਚ ਸਰਕਾਰੀ ਤਾਣੇ-ਬਾਣੇ ਦੀ ਦਿਨੋਂ ਦਿਨ ਬਦਤਰ ਹੋਈ ਹਾਲਤ ਬਾਰੇ ਫਿਕਰਮੰਦ ਹੋਣ ਦਾ ਸੱਦਾ ਦਿੱਤਾ, ਉਥੇ ਨਾਲ ਹੀ ਪੰਜਾਬੀ ਭਾਸ਼ਾ ਨੂੰ ਸਿੱਧੇ ਤੌਰ 'ਤੇ ਸਿਆਸੀ ਏਜੰਡਾ ਬਣਾਉਣ ਦੀ ਅਪੀਲ ਕੀਤੀ।
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਸੁਖਦੇਵ ਸਿੰਘ ਸਿਰਸਾ ਨੇ ਭਾਜਪਾ ਦੇ ਸੂਬਾਈ ਪ੍ਰਧਾਨ ਕਮਲ ਸ਼ਰਮਾ ਵੱਲੋਂ ਇਸ ਕਨਵੈਨਸ਼ਨ ਵਿੱਚ ਹਾਜ਼ਰੀ ਭਰਨ ਨੂੰ ਸ਼ੁਭ ਸ਼ਗਨ ਦੱਸਦਿਆਂ ਕਿਹਾ ਕਿ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਪੰਜਾਬੀ ਭਾਸ਼ਾ ਪ੍ਰਤੀ ਭਾਜਪਾ ਨੇ ਆਪਣੀ ਕੁਤਾਹੀ ਸਵੀਕਾਰ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਧਰਮ ਨਾਲੋਂ ਭਾਸ਼ਾ ਬਿਹਤਰ ਢੰਗ ਨਾਲ ਕਰ ਸਕਦੀ ਹੈ। ਉਨ੍ਹਾਂ ਪੰਜਾਬੀ ਭਾਸ਼ਾ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਦਾ ਵੀ ਸੱਦਾ ਦਿੱਤਾ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਤੇ ਭਾਸ਼ਾ ਵਿਗਿਆਨੀ ਡਾ. ਜੋਗਿੰਦਰ ਸਿੰਘ ਪੁਆਰ ਨੇ ਕਿਹਾ ਕਿ ਰਾਜਨੀਤਿਕ ਆਗੂ ਬੜੇ ਚਤਰ ਢੰਗ ਨਾਲ ਪੰਜਾਬੀ ਭਾਸ਼ਾ ਤੇ ਸਭਿਆਚਾਰਕ ਸੰਸਥਾਵਾਂ ਦਾ ਘਾਣ ਕਰੀ ਜਾ ਰਹੇ ਹਨ ਤੇ ਲੋਕ ਚੁੱਪ-ਚਾਪ ਦੇਖ ਰਹੇ ਹਨ। ਇਸ ਪ੍ਰਤੀ ਲੋਕਾਂ ਨੂੰ ਜਾਗਣਾ ਪਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਸਿੱਖਿਆ ਮੰਤਰੀ ਪਹਿਲੀ ਜਮਾਤ ਤੋਂ ਅੰਗਰੇਜ਼ੀ ਪੜ੍ਹਾਉਣ ਦੇ ਦਾਅਵੇ ਕਰਦੇ ਸਨ, ਉਹ ਇਹ ਤਾਂ ਦੱਸਣ ਕਿ ਸਰਕਾਰੀ ਸਕੂਲਾਂ ਦਾ ਸਰਕਾਰ ਨੇ ਹਾਲ ਕੀ ਕਰ ਦਿੱਤਾ ਹੈ।
ਬੁਲਾਰਿਆਂ ਨੇ ਕਿਹਾ ਕਿ ਕਿੰਨੀ ਬਦਕਿਸਮਤੀ ਹੈ ਕਿ 1967 ਤੋਂ ਹੋਂਦ ਵਿੱਚ ਆਏ ਪੰਜਾਬ ਕੋਲ ਨਾ ਤਾਂ ਆਪਣੀ ਰਾਜਧਾਨੀ ਹੈ ਅਤੇ ਨਾ ਆਪਣੀ ਹਾਈ ਕੋਰਟ। ਲੰਮਾ ਸਮਾਂ ਬੀਤਣ 'ਤੇ ਪੰਜਾਬੀ ਮਾਂ ਬੋਲੀ ਨੂੰ ਕਿਸੇ ਵੀ ਸੂਬਾ ਸਰਕਾਰ ਨੇ ਬਣਦਾ ਮਾਣ ਤਾਣ ਨਹੀਂ ਦਿੱਤਾ। ਜਥੇਬੰਦੀਆਂ ਨੇ ਮੰਗ ਕੀਤੀ ਕਿ ਸੂਬੇ ਵਿੱਚ ਤਿੰਨ ਭਾਸ਼ਾਈ ਫਾਰਮੂਲਾ ਲਾਗੂ ਕੀਤਾ ਜਾਵੇ। ਅਰੰਭ ਤੋਂ ਪੰਜਾਬੀ, ਤੀਜੀ ਜਮਾਤ ਤੋਂ ਹਿੰਦੀ ਤੇ ਛੇਵੀਂ ਜਮਾਤ ਤੋਂ ਅੰਗਰੇਜ਼ੀ ਪੜ੍ਹਾਈ ਜਾਵੇ। ਪੰਜਾਬ ਵਿੱਚ ਰਾਜ ਭਾਸ਼ਾ (ਸੋਧ) ਕਾਨੂੰਨ 2008 ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ। ਸਰਕਾਰੀ, ਅਰਧ-ਸਰਕਾਰੀ ਤੇ ਨਿੱਜੀ ਅਦਾਰਿਆਂ ਵਿੱਚ ਪੰਜਾਬੀ ਵਿੱਚ ਕੰਮ ਨਾ ਕਰਨ ਵਾਲਿਆਂ ਵਿਰੁੱਧ ਸਖ਼ਤੀ ਵਰਤੀ ਜਾਵੇ। ਬੁਲਾਰਿਆਂ ਨੇ ਤਕਨੀਕੀ ਸਿੱਖਿਆ, ਡਾਕਟਰੀ ਸਿੱਖਿਆ ਤੇ ਕਾਨੂੰਨ ਦੀ ਸਾਰੀ ਪੜ੍ਹਾਈ ਪੰਜਾਬੀ ਵਿੱਚ ਕਰਵਾਉਣ ਦਾ ਪ੍ਰਬੰਧ ਕਰਵਾਉਣ ਦੀ ਮੰਗ ਕੀਤੀ।
ਇਸ ਮੌਕੇ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਇਸ ਸਮੇਂ ਦੇਸ਼ ਵਿੱਚ ਭਾਸ਼ਾ ਆਧਾਰਤ ਕੌਮੀ ਚੇਤਨਾ ਦਾ ਮਾਹੌਲ ਬਣ ਰਿਹਾ ਹੈ ਤੇ ਕਰਨਾਟਕ ਇਸ ਮਾਮਲੇ ਵਿੱਚ ਸਭ ਤੋਂ ਅੱਗੇ ਹੈ। ਡਾ. ਜੋਗਾ ਸਿੰਘ ਨੇ ਕਿਹਾ ਕਿ ਦੁਨੀਆ ਭਰ ਦੇ ਭਾਸ਼ਾ ਵਿਗਿਆਨੀਆਂ ਦਾ ਮੰਨਣਾ ਹੈ ਕਿ ਬੱਚਾ ਆਪਣੀ ਮਾਂ ਬੋਲੀ ਵਿੱਚ ਹੀ ਬਿਹਤਰ ਸਿੱਖ ਸਕਦਾ ਹੈ। ਉੱਘੇ ਲੇਖਕ ਤੇ ਚਿੰਤਕ ਪਿਆਰਾ ਸਿੰਘ ਭੋਗਲ ਤੇ ਸਤਨਾਮ ਮਾਣਕ ਨੇ ਕਿਹਾ ਕਿ ਪੰਜਾਬੀਆਂ ਨੂੰ ਆਪਣੇ ਮਸਲਿਆਂ ਪ੍ਰਤੀ ਸੁਚੇਤ ਹੁੰਦਿਆਂ ਰਾਜਨੀਤਿਕ ਆਗੂਆਂ ਨੂੰ ਵੀ ਖਬਰਦਾਰ ਕਰਨਾ ਪਵੇਗਾ।
ਇਸ ਮੌਕੇ ਰਾਜਨੀਤਿਕ ਪਾਰਟੀਆਂ ਦੀ ਨੁਮਾਇੰਦਗੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਗੁਰਚਰਨ ਸਿੰਘ ਚੰਨੀ ਨੇ ਕੀਤੀ। ਸੀ.ਪੀ.ਆਈ. ਦੇ ਆਗੂ ਹਰਦੇਵ ਸਿੰਘ ਅਰਸ਼ੀ, ਸੀ.ਪੀ.ਆਈ. (ਐਮ) ਵੱਲੋਂ ਸੂਬਾ ਸਕੱਤਰ ਚਰਨ ਸਿੰਘ ਵਿਰਦੀ, ਸੀ.ਪੀ.ਐਮ. ਪੰਜਾਬ ਦੇ ਹਰਕੰਵਲ ਸਿੰਘ, ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਆਗੂ ਸੁਖਦਰਸ਼ਨ ਨੱਤ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਆਪ ਦੀ ਟਿਕਟ 'ਤੇ ਚੋਣ ਲੜਨ ਵਾਲੀ ਜੋਤੀ ਮਾਨ ਹਾਜ਼ਰ ਸੀ। ਪ੍ਰਧਾਨਗੀ ਮੰਡਲ ਵਿੱਚ ਡਾ. ਪੁਆਰ, ਡਾ. ਖੀਵਾ, ਸ੍ਰੀ ਸਿਰਸਾ, ਡਾ. ਤੇਜਵੰਤ ਸਿੰਘ ਮਾਨ, ਸ਼ਾਇਰ ਸੁਰਜੀਤ ਪਾਤਰ ਤੇ ਪ੍ਰੋ. ਪਿਆਰਾ ਸਿੰਘ ਭੋਗਲ ਸ਼ਾਮਲ ਸਨ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026