Posted on July 3rd, 2015

<p>ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਚੁਣੇ ਗਏ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ<br></p>
ਪੰਜਾਬ 'ਚ ਨਸ਼ਿਆਂ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਪਰਵਾਸੀ ਪੰਜਾਬੀਆਂ ਦਾ ਫਿਕਰ ਜਾਇਜ਼ ਪਰ ਹਾਲਤ ਇੰਨੀ ਮਾੜੀ ਨਹੀਂ
ਭਾਰਤ ਵਿੱਚ ਹੁਣ ਆਨੰਦ ਮੈਰਿਜ ਐਕਟ ਅਧੀਨ ਹੀ ਵਿਆਹ ਰਜਿਸਟਰ ਹੋ ਰਹੇ ਹਨ
ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਪਰਵਾਸੀ ਪੰਜਾਬੀਆਂ ਦੇ ਮਨਾਂ 'ਚ ਪੰਜਾਬ ਦੀ ਸੱਤਾਧਾਰੀ ਧਿਰ ਅਕਾਲੀ ਦਲ (ਬਾਦਲ) ਖਿਲਾਫ ਪਾਏ ਜਾਂਦੇ ਰੋਸਿਆਂ ਨੂੰ ਦੂਰ ਕਰਨ ਅਤੇ ਨਵੀਂ ਬਣੀ ਆਮ ਆਦਮੀ ਪਾਰਟੀ ਵੱਲ ਡਾਲਰਾਂ ਅਤੇ ਸਮਰਥਨ ਸਮੇਤ ਉਲਾਰ ਹੋਏ ਲੋਕਾਂ ਨੂੰ ਕਿਸੇ ਤਰ੍ਹਾਂ ਅਕਾਲੀ ਦਲ (ਬਾਦਲ) ਨਾਲ ਜੋੜਨ ਦੇ ਮਨਸ਼ੇ ਨਾਲ ਪੰਜਾਬ ਦੇ ਕਈ ਸੀਨੀਅਰ ਅਕਾਲੀ ਆਗੂ ਜੁਲਾਈ ਮਹੀਨੇ ਕੈਨੇਡਾ-ਅਮਰੀਕਾ ਦੇ ਦੌਰੇ 'ਤੇ ਆ ਰਹੇ ਹਨ। ਪੰਜਾਬ ਦੇ ਕੁਝ ਅਕਾਲੀ ਵਿਧਾਇਕ ਪਹਿਲਾਂ ਹੀ ਨਿੱਜੀ ਫੇਰੀਆਂ 'ਤੇ ਕੈਨੇਡਾ ਵਿੱਚ ਮੌਜੂਦ ਹਨ ਪਰ ਬੁੱਧਵਾਰ ਦੁਪਿਹਰ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਚੁਣੇ ਗਏ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਬੀ. ਸੀ. ਪੁੱਜੇ ਅਤੇ ਆਉਂਦਿਆਂ ਹੀ ਸਥਾਨਕ 'ਪੰਜਾਬੀ ਪ੍ਰੈਸ ਕਲੱਬ ਆਫ ਬੀ. ਸੀ.' ਨਾਲ ਮਿਲਣੀ ਕੀਤੀ, ਜਿਸ ਦੌਰਾਨ ਪੱਤਰਕਾਰਾਂ ਨੇ ਉਨ੍ਹਾਂ ਨੂੰ ਹਰ ਉਹ ਸਵਾਲ ਪੁੱਛਿਆ, ਜੋ ਅਕਸਰ ਫੇਸਬੁੱਕ 'ਤੇ ਜਾਂ ਖੁੱਲ੍ਹੀਆਂ ਲਾਈਨਾਂ ਵਾਲੇ ਟਾਕ-ਸ਼ੋਆਂ ਦੌਰਾਨ ਅਕਾਲੀ ਲੀਡਰਸ਼ਿਪ ਨੂੰ ਪੁੱਛਿਆ ਜਾਂਦਾ ਹੈ। ਪ੍ਰੋ. ਚੰਦੂਮਾਜਰਾ ਨੇ ਪ੍ਰੈੱਸ ਕਲੱਬ ਨੂੰ ਖੁੱਲ੍ਹੇ ਦਿਲ ਨਾਲ ਸਮਾਂ ਦੇ ਕੇ ਸਵਾਲ ਪੁੱਛਣ ਦੀ ਇਜਾਜ਼ਤ ਦਿੱਤੀ। ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਦੇ ਜਵਾਬ ਅਕਸਰ ਸਿਆਸੀ ਆਗੂਆਂ ਵਲੋਂ ਦਿੱਤੇ ਜਾਂਦੇ ਜਵਾਬਾਂ ਵਰਗੇ ਗੋਲ-ਮੋਲ ਸਨ ਅਤੇ ਸਵਾਲ ਮੁਤਾਬਿਕ ਢੁਕਵੇਂ ਨਹੀਂ ਸਨ।
ਪੰਜਾਬ 'ਚ ਹੱਦੋਂ ਵਧੇ ਨਸ਼ੇ, ਨਸ਼ਿਆਂ ਦੀ ਤਸਕਰੀ ਵਿੱਚ ਅਕਾਲੀਆਂ ਆਗੂਆਂ ਦੀ ਸ਼ਮੂਲੀਅਤ, ਖੁਦਕੁਸ਼ੀਆਂ ਅਤੇ ਅਪਰਾਧ 'ਚ ਵਾਧਾ, ਪੀਣ ਅਤੇ ਸਿੰਚਾਈ ਵਾਲੇ ਸਾਫ ਪਾਣੀ ਦੀ ਬੇਹੱਦ ਕਮੀ, ਭਾਜਪਾ ਵਲੋਂ ਪੰਜਾਬ ਦੇ ਪਾਣੀ ਨੂੰ ਹੋਰ ਲੁੱਟਣ ਲਈ ਭਾਰਤ ਦੇ ਸਾਰੇ ਦਰਿਆਵਾਂ ਨੂੰ ਆਪਸ ਵਿੱਚ ਜੋੜਨ ਦੀ ਕਵਾਇਦ, ਰਵਾਇਤੀ ਅਕਾਲੀ ਸਿਧਾਂਤਾਂ ਤੋਂ ਕਿਨਾਰਾ ਕਰਨਾ, ਪੰਜਾਬ ਦੀ ਮੰਦੀ ਆਰਥਿਕ ਹਾਲਤ ਨੂੰ ਬਚਾਉਣ ਲਈ ਕੇਂਦਰ ਦੇ ਤਰਲੇ ਕਰਨੇ, ਪੰਥਕ ਮੁੱਦਿਆਂ 'ਤੇ ਭਾਈਵਾਲ ਭਾਜਪਾ ਨਾਲ ਹੁਣ ਵਖਰੇਵਾਂ, ਪੰਥਕ ਹਿੱਤਾਂ ਦਾ ਤਿਆਗ ਕਰਕੇ ਹਿੰਦੂਤਵ ਦੀ ਚੜ੍ਹਾਈ, ਯੋਗਾ ਦਾ ਪਸਾਰ, ਆਰ. ਐਸ. ਐਸ. ਦੀਆਂ ਨੀਤੀਆਂ ਅੱਗੇ ਗੋਡੇ ਟੇਕਣ, ਅਕਾਲੀ ਲੀਡਰਸ਼ਿਪ ਵਲੋਂ ਉਂਗਲਾਂ 'ਚ ਨਗ ਪਾਉਣੇ, ਗੁਰੂ ਗ੍ਰੰਥ ਸਾਹਿਬ ਨੂੰ ਤਿਲਕ ਲਾਉਣਾ, ਵਿਧਾਨ ਸਭਾ 'ਚ ਬਹੁਗਿਣਤੀ ਹੋਣ ਦੇ ਬਾਵਜੂਦ 1984 ਦੇ ਕਤਲੇਆਮ ਦੇ ਵਿਰੋਧ 'ਚ ਕਾਂਗਰਸੀ ਆਗੂਆਂ ਖਿਲਾਫ ਦਿੱਲੀ ਸਰਕਾਰ ਵਾਂਗ ਹਾਲੇ ਤੱਕ ਕੋਈ ਮਤਾ ਪਾਸ ਨਾ ਕਰਨਾ, ਅਨੰਦ ਮੈਰਿਜ ਐਕਟ ਦੇ ਮਸਲੇ ਨੂੰ ਠੰਡੇ ਬਸਤੇ 'ਚ ਪਾਉਣਾ, ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਸਿੱਖ ਨੌਜਵਾਨਾਂ ਦੇ ਕਾਤਲ ਪੁਲਸੀਆਂ ਨੂੰ ਸਜ਼ਾ ਦਿਵਾਉਣ ਲਈ ਬਣਾਇਆ ਗਿਆ ਪੀਪਲਜ਼ ਕਮਿਸ਼ਨ ਬੰਦ ਕਰਕੇ ਸੁਮੇਧ ਸੈਣੀ, ਇਜ਼ਹਾਰ ਆਲਮ ਵਰਗਿਆਂ ਨੂੰ ਉੱਚ ਪਦਵੀਆਂ ਦੇਣੀਆਂ, ਪੰਜਾਬ ਦੇ ਚੰਡੀਗੜ 'ਤੇ ਹੱਕ ਨੂੰ ਕਮਜ਼ੋਰ ਕਰਨ ਲਈ ਨਵਾਂ ਚੰਡੀਗੜ੍ਹ ਵਸਾ ਲੈਣਾ, ਟੌਹੜਾ ਪੱਖੀ ਹੋ ਕੇ ਫਿਰ ਬਾਦਲ ਪੱਖੀ ਹੋ ਜਾਣਾ, ਪਰਵਾਸੀਆਂ ਦੀਆਂ ਸਮੱਸਿਆਵਾਂ, ਪਾਣੀ ਵਾਲੀਆਂ ਬੱਸਾਂ ਆਦਿ ਬਾਰੇ ਲਗਭਗ ਸਾਰੇ ਸਵਾਲ ਪੁੱਛੇ ਗਏ, ਜਿਹਨਾਂ 'ਚੋਂ ਕੁਝ ਦੇ ਜਵਾਬ ਉਨ੍ਹਾਂ ਸਿੱਧੇ ਦਲੀਲ ਪੂਰਵਕ ਦਿੱਤੇ ਤੇ ਕੁਝ ਦੇ ਜਵਾਬ ਅਕਸਰ ਰਾਜਸੀ ਨੇਤਾਵਾਂ ਵਲੋਂ ਅਪਣਾਈ ਜਾਂਦੀ ਨੀਤੀ 'ਤੇ ਚੱਲਦਿਆਂ ਰਾਜਸੀ ਤਰੀਕੇ ਮੁਤਾਬਿਕ ਗੋਲ-ਮੋਲ ਕਰ ਗਏ। ਦੋ ਕੁ ਸਵਾਲਾਂ ਦਾ ਜਵਾਬ ਉਹ ਜਾਣ ਕੇ ਟਾਲ ਗਏ।
ਆਪਣੀ ਉਂਗਲ ਵਿੱਚ ਵਹਿਮ ਦੀ ਨਿਸ਼ਾਨੀ ਨਗ ਪਾਉਣ ਤੇ ਕੁਝ ਸਮਾਂ ਪਹਿਲਾਂ ਇੱਕ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਿਲਕ ਲਾਉਣ ਨੂੰ ਉਨ੍ਹਾਂ ਆਪਣੀ ਭੁੱਲ ਮੰਨਿਆ ਪਰ ਹੁਣ ਨਗ ਲਾਹ ਦੇਣ ਬਾਰੇ ਕਹਿਣ 'ਤੇ ਉਹ ਗੱਲ ਟਾਲ਼ ਗਏ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਹਨ ਪਰ ਇੰਨੇ ਨਹੀਂ, ਜਿੰਨੇ ਕਿ ਪ੍ਰਚਾਰੇ ਜਾ ਰਹੇ ਹਨ। ਇਹ ਸਭ ਰਾਜਸੀ ਵਿਰੋਧੀਆਂ ਵਲੋਂ ਪੰਜਾਬ ਨੂੰ ਬਦਨਾਮ ਕਰਨ ਦੀ ਨੀਤੀ ਤਹਿਤ ਕੀਤਾ ਜਾ ਰਿਹਾ ਹੈ, ਜਿਸ ਨੂੰ ਮੀਡੀਆ ਅਗਾਂਹ ਉਛਾਲ ਰਿਹਾ ਹੈ। ਉਨ੍ਹਾਂ ਪਰਵਾਸੀ ਪੰਜਾਬੀ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਅਸਲ ਤਸਵੀਰ ਪੇਸ਼ ਕਰਨ। ਪਰਵਾਸੀ ਪੰਜਾਬੀਆਂ ਦਾ ਫਿਕਰ ਜਾਇਜ਼ ਹੈ ਪਰ ਹਾਲਤ ਇੰਨੀ ਮਾੜੀ ਨਹੀਂ, ਇਸ ਕਰਕੇ ਇੰਨਾ ਫਿਕਰ ਕਰਨਾ ਨਹੀਂ ਬਣਦਾ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਹਿਮਾਚਲ ਵਿੱਚ ਹੀ ਨਸ਼ਿਆਂ ਦੀਆਂ ਫੈਕਟਰੀਆਂ ਫੜੀਆਂ ਗਈਆਂ ਹਨ, ਪੰਜਾਬ ਵਿੱਚ ਨਹੀਂ। ਪਰ ਜਦ ਉਨ੍ਹਾਂ ਦਾ ਧਿਆਨ ਪੰਜਾਬ ਵਿੱਚ ਫੜੀਆਂ ਗਈਆਂ ਕੁਝ ਫੈਕਟਰੀਆਂ, ਕੁਝ ਅਕਾਲੀ ਆਗੂਆਂ ਅਤੇ ਵਰਲਡ ਡਰੱਗ ਰਿਪੋਰਟ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਹ ਤੁਹਾਡੇ ਤੋਂ ਹੀ ਪਤਾ ਲੱਗਾ ਹੈ।
ਪਰਵਾਸੀਆਂ ਦੀਆਂ ਜ਼ਮੀਨਾਂ 'ਤੇ ਹੋ ਰਹੇ ਕਬਜ਼ਿਆਂ ਅਤੇ ਖੱਜਲ-ਖੁਆਰੀ ਲਈ ਉਨ੍ਹਾਂ ਨੇ ਅੰਗਰੇਜ਼ਾਂ ਦੇ ਬਣਾਏ ਚੱਲੇ ਆ ਰਹੇ ਕਾਨੂੰਨਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਪਰਵਾਸੀਆਂ ਦੀਆਂ ਬਹੁਤੀਆਂ ਸਮੱਸਿਆਵਾਂ ਭੂ-ਮਾਫੀਆ ਦੇ ਕਬਜ਼ੇ ਦੀਆਂ ਨਹੀਂ, ਘਰੇਲੂ ਝਗੜਿਆਂ ਦੀਆਂ ਹਨ, ਜਿਸ ਵਿੱਚ ਸਰਕਾਰ ਬਹੁਤਾ ਕੁਝ ਨਹੀਂ ਕਰ ਸਕਦੀ ਪਰ ਫਿਰ ਵੀ ਜੋ ਕੁਝ ਕਰ ਸਕਦੀ ਹੈ, ਕਰਨ ਦਾ ਯਤਨ ਕਰੇਗੀ।
ਅਕਾਲੀ ਦਲ ਵਲੋਂ ਆਨੰਦਪੁਰ ਸਾਹਿਬ ਦੇ ਮਤੇ ਨੂੰ ਵਿਸਾਰਨ ਸਬੰਧੀ ਪੁੱਛੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਹੁਣ ਸਮਾਂ ਸੰਘਰਸ਼ ਦਾ ਨਹੀਂ, ਗੱਲਬਾਤ ਦਾ ਹੈ, ਅਕਾਲੀ ਦਲ ਨੇ ਬਹੁਤ ਸੰਘਰਸ਼ ਕਰ ਲਏ। ਆਨੰਦਪੁਰ ਮਤੇ ਵਿਚਲੀਆਂ ਬਹੁਤੀਆਂ ਗੱਲਾਂ ਭਾਜਪਾ ਸਰਕਾਰ ਨੇ ਮੰਨ ਲਈਆਂ ਹਨ।
ਪੰਜਾਬ ਵਿੱਚ ਭਾਜਪਾ ਨਾਲ ਕੁਝ ਵਖਰੇਵਾਂ ਨਜ਼ਰ ਆਉਣ ਸਬੰਧੀ ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਦਾ ਆਪਸ ਵਿੱਚ ਗੱਠਜੋੜ ਹੈ, ਅਕਾਲੀ ਦਲ ਨੇ ਭਾਜਪਾ ਵਿੱਚ ਰਲੇਵਾਂ ਨਹੀਂ ਕੀਤਾ। ਇਸ ਲਈ ਅਕਾਲੀ ਦਲ ਦੀਆਂ ਆਪਣੀਆਂ ਨੀਤੀਆਂ ਹੀ ਚੱਲਣਗੀਆਂ। ਪੰਜਾਬ ਵਿੱਚ ਅਕਾਲੀ ਦਲ ਬਹੁਮਤ ਅੰਦਰ ਹੈ, ਇਸ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਜਾਂ ਪ੍ਰੋਫੈਸਰ ਭੁੱਲਰ ਦੀ ਜੇਲ੍ਹ ਤਬਦੀਲੀ ਬਾਰੇ ਹਰੇਕ ਗੱਲ ਭਾਈਵਾਲਾਂ ਨੂੰ ਪੁੱਛਣ ਦੀ ਲੋੜ ਨਹੀਂ ਹੁੰਦੀ।
'ਆਮ ਆਦਮੀ ਪਾਰਟੀ' ਦੀ ਦਿੱਲੀ ਸਰਕਾਰ ਵਲੋਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸਮਝੇ ਜਾਂਦੇ ਜਗਦੀਸ਼ ਟਾਈਟਲਰ ਖਿਲਾਫ ਵਿਧਾਨ ਸਭਾ 'ਚ ਮਤਾ ਪਾਸ ਕਰ ਦਿੱਤਾ ਜਦਕਿ ਆਪਣੇ ਆਪ ਨੂੰ ਕਾਂਗਰਸ ਵਿਰੋਧੀ ਅਖਵਾਉਂਦਾ ਅਕਾਲੀ ਦਲ ਬਹੁਮਤ 'ਚ ਹੋਣ ਦੇ ਬਾਵਜੂਦ ਹਾਲੇ ਤੱਕ ਪੰਜਾਬ ਵਿਧਾਨ ਸਭਾ 'ਚ ਅਜਿਹਾ ਮਤਾ ਨਹੀਂ ਲਿਆ ਸਕਿਆ? ਸਬੰਧੀ ਪੁੱਛੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਤਾਂ ਇਹ ਲੜਾਈ ਪਿਛਲੇ 40 ਸਾਲ ਤੋਂ ਲੜ ਰਿਹਾ ਹੈ ਜਦਕਿ ਕੇਜਰੀਵਾਲ ਦੀ ਪਾਰਟੀ ਹੁਣ ਹੋਂਦ ਵਿੱਚ ਆਈ ਹੈ। ਇਹ ਕਹਿੰਦਿਆਂ ਸ਼ਾਇਦ ਉਹ ਇਹ ਭੁੱਲ ਗਏ ਕਿ 1984 ਦੇ ਸਿੱਖ ਕਤਲੇਆਮ ਨੂੰ ਹਾਲੇ ਕੇਵਲ 31 ਸਾਲ ਹੋਏ ਹਨ।
'ਆਮ ਆਦਮੀ ਪਾਰਟੀ' ਨਾਲ ਮੁਕਾਬਲੇ ਬਾਰੇ ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਵੱਧ ਗੈਰ-ਲੋਕਤੰਤਰੀ ਪਾਰਟੀ ਕੋਈ ਹੋਰ ਨਹੀਂ ਅਤੇ ਇਹ ਦੋਸ਼ ਕਿਸੇ ਹੋਰ ਨੇ ਨਹੀਂ ਬਲਕਿ ਉਨ੍ਹਾਂ ਦੀ ਹੀ ਪਾਰਟੀ ਦੇ ਬਾਨੀ ਮੈਂਬਰਾਂ ਪ੍ਰਸ਼ਾਂਤ ਭੂਸ਼ਣ ਆਦਿ ਨੇ ਲਾਏ ਹਨ। 'ਆਮ ਆਦਮੀ ਪਾਰਟੀ' ਨੇ ਦਿੱਲੀ ਵਿੱਚ ਪੜ੍ਹਾਈ ਦਾ ਬਜਟ ਵਧਾ ਕੇ ਚੰਗੀ ਗੱਲ ਕੀਤੀ ਹੈ ਅਤੇ ਜਿਹੜੀ ਗੱਲ ਚੰਗੀ ਹੈ, ਉਸ ਨੂੰ ਚੰਗਾ ਹੀ ਕਹਿਣਾ ਬਣਦਾ ਹੈ।
ਚੰਡੀਗੜ੍ਹ ਵਿੱਚ ਪੰਜਾਬੀ ਅਤੇ ਪੰਜਾਬੀਆਂ ਦੀ ਦੁਰਗਤ ਅਤੇ ਅਕਾਲੀ ਦਲ ਵਲੋਂ ਚੰਡੀਗੜ੍ਹ ਦੀ ਮੰਗ ਨੂੰ ਢਿੱਲੀ ਛੱਡ ਕੇ ਨਵਾਂ ਚੰਡੀਗੜ੍ਹ ਵਸਾ ਲੈਣ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਨਵਾਂ ਚੰਡੀਗੜ੍ਹ ਵਸਾਉਣ ਨਾਲ ਚੰਡੀਗੜ੍ਹ 'ਤੇ ਦਾਅਵਾ ਕਮਜ਼ੋਰ ਨਹੀਂ ਹੁੰਦਾ। ਬਾਕੀ ਅਸੀਂ ਵੀ ਤੁਹਾਡੇ ਵਾਂਗ ਫਿਕਰਮੰਦ ਹਾਂ ਕਿ ਚੰਡੀਗੜ੍ਹ ਵਿੱਚ ਪੰਜਾਬ ਅਤੇ ਪੰਜਾਬੀਆਂ ਨਾਲ ਧੱਕਾ ਹੋ ਰਿਹਾ ਹੈ, ਜਿਸ ਲਈ ਮੈਨੂੰ ਕਈ ਵਾਰ ਚੰਡੀਗੜ੍ਹ ਦੇ ਰਾਜਪਾਲ ਨੂੰ ਵੀ ਮਿਲਣਾ ਪਿਆ ਹੈ।
ਭਾਜਪਾ ਵਲੋਂ 'ਗਊ ਹੱਤਿਆ 'ਤੇ ਪਾਬੰਦੀ' ਅਤੇ 'ਘਰ ਵਾਪਸੀ' ਵਰਗੇ ਮੁੱਦੇ ਉਛਾਲ ਕੇ ਭਾਰਤ ਵਿੱਚ ਘੱਟਗਿਣਤੀਆਂ ਅੰਦਰ ਸਹਿਮ ਦਾ ਮਾਹੌਲ ਸਿਰਜਣ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਚੁੱਪ ਨਹੀਂ ਹਨ। ਮੈਂ ਇਸ ਮੁੱਦੇ ਦੇ ਖਿਲਾਫ ਲੋਕ ਸਭਾ 'ਚ ਬੋਲਿਆ ਹਾਂ ਅਤੇ ਤੁਹਾਨੂੰ ਇਹ ਸਪੱਸ਼ਟ ਕਰਦਾ ਹਾਂ ਕਿ ਅਸੀਂ ਕਿਸੇ ਵੀ ਧਰਮ ਨਾਲ ਧੱਕਾ ਨਹੀਂ ਹੋਣ ਦਿਆਂਗੇ। ਜੇ ਮੁਸਲਮਾਨਾਂ ਨੇ ਹਿੰਦੂਆਂ ਨਾਲ ਧੱਕਾ ਕੀਤਾ ਤਾਂ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਦਿੱਤੀ ਅਤੇ ਜੇ ਹੁਣ ਹਿੰਦੂਆਂ ਨੇ ਮੁਸਲਮਾਨਾਂ ਨਾਲ ਧੱਕਾ ਕੀਤਾ ਤਾਂ ਅਕਾਲੀ ਦਲ ਗੁਰੂ ਤੇਗ ਬਹਾਦਰ ਸਾਹਿਬ ਵਾਲੇ ਸਿਧਾਂਤ 'ਤੇ ਪਹਿਰਾ ਦਿੰਦਿਆਂ ਮੁਸਲਮਾਨਾਂ ਨਾਲ ਖੜ੍ਹੇਗਾ।
ਪਾਣੀ ਵਿੱਚ ਬੱਸਾਂ ਚਲਾਉਣ ਬਾਰੇ ਦਿੱਤੇ ਸੁਖਬੀਰ ਬਾਦਲ ਦੇ ਬਿਆਨ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਹ ਗੱਲ ਕੋਈ ਵਧਾ ਚੜ੍ਹਾ ਕੇ ਨਹੀਂ ਕੀਤੀ ਗਈ, ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਇੱਕ ਮੀਟਿੰਗ ਵਿੱਚ ਇਹ ਪ੍ਰਸਤਾਵ ਆਇਆ ਸੀ, ਜਿਸ ਤੋਂ ਬਾਅਦ ਸੁਖਬੀਰ ਬਾਦਲ ਹੁਣਾਂ ਇਹ ਟਿੱਪਣੀ ਕੀਤੀ ਸੀ। ਉਨ੍ਹਾਂ ਕਿਹਾ ਕਿ ਨੰਗਲ ਤੋਂ ਰੋਪੜ ਤੱਕ ਸਤਲੁਜ ਦਰਿਆ ਵਿੱਚ ਪਾਣੀ ਛੁਡਾ ਕੇ ਵਾਟਰ ਪਾਰਕ ਬਣਾਉਣ ਦੀ ਯੋਜਨਾ ਹੈ, ਜਿੱਥੇ ਕਿ ਅਜਿਹਾ ਬਹੁਤ ਕੁਝ ਹੋ ਸਕਦਾ ਹੈ।
ਪੰਜਾਬ 'ਚ ਪਾਣੀ ਘਟਣ, ਪ੍ਰਦੂਸ਼ਿਤ ਹੋਣ ਅਤੇ ਭਾਜਪਾ ਦੀ ਦਰਿਆਵਾਂ ਨੂੰ ਜੋੜਨ ਦੀ ਨੀਤੀ ਬਾਰੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਦਰਿਆਵਾਂ ਨੂੰ ਜੋੜਨ ਦੀ ਨੀਤੀ ਭਾਜਪਾ ਦੀ ਹੈ, ਜਿਸ ਬਾਰੇ ਅਕਾਲੀ ਦਲ ਸਹਿਮਤ ਨਹੀਂ ਹੈ। ਮੋਦੀ ਨੇ ਵਿਸ਼ਵਾਸ ਦੁਆਇਆ ਹੈ ਕਿ ਉਹ ਉਨ੍ਹਾਂ ਰਾਜਾਂ ਦੇ ਦਰਿਆ ਹੀ ਜੋੜਨਗੇ, ਜੋ ਰਾਜ ਸਹਿਮਤ ਹੋਣਗੇ। ਇਹ ਪੁੱਛੇ ਜਾਣ 'ਤੇ ਕਿ ਜੇ ਹਿਮਾਚਲ ਤੇ ਹਰਿਆਣਾ ਸਹਿਮਤ ਹੋ ਗਏ, ਤਾਂ ਪੰਜਾਬ ਦਾ ਕੀ ਬਣੇਗਾ? ਉਨ੍ਹਾਂ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ।
ਆਨੰਦਪੁਰ ਸਾਹਿਬ ਦੇ ਸ਼ਤਾਬਦੀ ਸਮਾਗਮਾਂ ਵਿੱਚ ਡਾ. ਮਨਮੋਹਣ ਸਿੰਘ ਨੂੰ ਨਾ ਸੱਦੇ ਜਾਣ ਨੂੰ ਉਨ੍ਹਾਂ ਕਾਂਗਰਸੀਆਂ ਦੀ ਹੀ ਗਲਤੀ ਦੱਸਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਇਨ੍ਹਾਂ ਸਮਾਗਮਾਂ ਦੀ ਤਿਆਰੀ ਕਰਨ ਵਾਲੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਸੀ ਪਰ ਉਹ ਕਦੇ ਵੀ ਕਿਸੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਇਸ ਲਈ ਅਸੀਂ ਸੋਚ ਲਿਆ ਕਿ ਸ਼ਾਇਦ ਕਾਂਗਰਸੀ ਇਸ ਸਮਾਗਮ ਵਿੱਚ ਆਉਣਾ ਨਹੀਂ ਚਾਹੁੰਦੇ।
ਸ੍ਰੀ ਆਨੰਦਪੁਰ ਸਾਹਿਬ ਦੇ ਸਮਾਗਮਾਂ ਵਿੱਚ ਹਿੰਦੂਤਵੀ ਆਗੂਆਂ ਨੂੰ ਸੱਦੇ ਦੇ ਕੇ ਉਨ੍ਹਾਂ ਨੂੰ ਸਿਰ ਬਿਠਾਉਣ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਕੋਲ ਬਿਠਾ ਕੇ ਉਹ ਕੁਝ ਸੁਣਾਇਆ, ਜੋ ਕਿ ਆਮ ਤੌਰ 'ਤੇ ਨਹੀਂ ਸੁਣਾਇਆ ਜਾ ਸਕਦਾ। ਬਾਕੀ ਸਾਨੂੰ ਯੋਗਾ 'ਤੇ ਕੋਈ ਇਤਰਾਜ਼ ਨਹੀਂ ਕਿਉਂਕਿ ਇਹ ਇੱਕ ਕਸਰਤ ਹੈ, ਇਸ ਨੂੰ ਕਿਸੇ ਧਰਮ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ।
ਪੰਜਾਬ ਵਿੱਚ ਲੱਗ ਰਹੇ ਬਿਜਲੀ ਦੇ ਕੱਟਾਂ ਬਾਰੇ ਧਿਆਨ ਦੁਆਏ ਜਾਣ ਅਤੇ ਪੰਜਾਬ ਸਰਕਾਰ ਵਲੋਂ ਬਿਜਲੀ ਸਰਪਲੱਸ ਹੋਣ ਦੇ ਕੀਤੇ ਜਾਂਦੇ ਦਾਅਵਿਆਂ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਵਾਕਿਆ ਹੀ ਸੂਬੇ ਵਿੱਚ ਬਿਜਲੀ ਵਾਧੂ ਹੋ ਗਈ ਹੈ ਪਰ ਲੋੜਵੰਦਾਂ ਤੱਕ ਪਹੁੰਚਾਉਣ ਵਿੱਚ ਦਿੱਕਤ ਆ ਰਹੀ ਹੈ ਕਿਉਂਕਿ ਵੰਡ-ਪ੍ਰਣਾਲੀ ਸਹੀ ਨਹੀਂ।
ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੁਝ ਸਾਲ ਪਹਿਲਾਂ ਤੁਸੀਂ ਜਥੇਦਾਰ ਟੌਹੜਾ ਦੇ ਨਾਲ ਰਲ਼ ਕੇ ਸਰਬ ਹਿੰਦ ਸ਼ਰੋਮਣੀ ਅਕਾਲੀ ਦਲ ਬਣਾ ਲਿਆ ਸੀ ਅਤੇ ਅੱਜ ਜਿਸ ਬਾਦਲ ਦੀਆਂ ਤੁਸੀਂ ਸਿਫਤਾਂ ਕਰਦੇ ਨਹੀਂ ਥੱਕਦੇ, ਉਨ੍ਹਾਂ ਨੂੰ ਤੁਸੀਂ ਪਾਣੀ ਪੀ-ਪੀ ਕੋਸਦੇ ਸੀ। ਫਿਰ ਅਚਾਨਕ ਇਹ ਸੋਚ ਵਿੱਚ ਤਬਦੀਲੀ ਅਤੇ ਘਰ ਵਾਪਸੀ ਕਿਵੇਂ ਹੋ ਗਈ। ਉਨ੍ਹਾਂ ਕਿਹਾ ਕਿ ਇਸ ਲਈ ਕੈਪਟਨ ਅਮਰਿੰਦਰ ਸਿੰਘ ਦੇ ਦਬਕੇ ਜ਼ਿੰਮੇਵਾਰ ਹਨ, ਜੋ ਅਕਾਲੀਆਂ ਨੂੰ ਤੁੰਨ ਦੇਣ ਦੇ ਬਿਆਨ ਦਿੰਦਾ ਸੀ ਅਤੇ ਇਸੇ ਤਿੜ ਵਿੱਚ ਆ ਕੇ ਉਨ੍ਹਾਂ ਅਕਾਲੀਆਂ ਨਾਲ ਮੋਢਾ ਜੋੜਨ ਖਾਤਰ ਬਾਦਲ ਦਾ ਸਾਥ ਦੇਣ ਦਾ ਸੋਚਿਆ। ਜਦ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਬਾਦਲ ਕੋਲ ਆਪਣੇ ਵਿਰੋਧੀਆਂ ਨੂੰ ਨਾਲ ਰਲ਼ਾਉਣ ਦੀ ਜੁਗਤ ਹੈ ਜਾਂ ਤੁਹਾਡੇ ਕੋਲ ਨਾਲ ਰਲ਼ਣ ਦੀ ਜੁਗਤ ਹੈ? ਤਾਂ ਉਨ੍ਹਾਂ ਕਿਹਾ, ''ਉਨ੍ਹਾਂ ਕੋਲ ਰਲ਼ਾਉਣ ਦੀ ਜੁਗਤ ਹੈ ਤੇ ਮੇਰੇ ਕੋਲ ਰਲ਼ਣ ਦੀ ਜੁਗਤ ਹੈ। ਅਸੀਂ ਘਿਓ-ਸ਼ੱਕਰ ਵਾਂਗ 'ਕੱਠੇ ਹੋ ਜਾਈਦਾ।''
ਪੰਜਾਬ ਵਿੱਚ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਸਜ਼ਾ ਸੁਣਾਉਣ ਦਾ ਵਾਅਦਾ ਅਕਾਲੀ ਦਲ ਨੇ ਆਪਣੇ 1997 ਵਾਲੇ ਚੋਣ ਮੈਨੀਫੈਸਟੋ ਵਿੱਚ ਕੀਤਾ ਸੀ ਪਰ ਹਾਲੇ ਤੱਕ ਕਿਸੇ ਅਫਸਰ ਨੂੰ ਸਜ਼ਾ ਤਾਂ ਕੀ ਮਿਲਣੀ ਸੀ, ਉਲਟਾ ਸੁਮੇਧ ਸੈਣੀ ਵਰਗਿਆਂ ਨੂੰ ਡੀ. ਜੀ. ਪੀ. ਲਾ ਦਿੱਤਾ ਗਿਆ। ਇਸ ਸਵਾਲ ਦਾ ਜਵਾਬ ਚੰਦੂਮਾਜਰਾ ''ਨੈਕਸਟ ਕੁਅੱਸਚਨ'' ਕਹਿ ਕੇ ਟਾਲ਼ ਗਏ। ਉਨ੍ਹਾਂ ਨੂੰ ਯਾਦ ਕਰਵਾਇਆ ਗਿਆ ਕਿ ਪੰਜਾਬ ਦੇ ਵਿੱਚ ਸਿੱਖਾਂ ਦੇ ਕੀਤੇ ਘਾਣ ਦੀ ਜਾਂਚ ਕਰਾਉਣ ਵਾਸਤੇ ਇੱਕ ਪੀਪਲਜ਼ ਕਮਿਸ਼ਨ ਬਿਠਾਇਆ ਗਿਆ ਸੀ, ਜਿਸ ਨੇ ਅਸਲੀਅਤ ਸਾਹਮਣੇ ਲਿਆਉਣੀ ਸੀ ਪਰ ਬਾਦਲ ਸਰਕਾਰ ਵਲੋਂ ਇਸ ਕਮਿਸ਼ਨ ਨੂੰ ਬੰਦ ਕਰ ਦਿੱਤਾ ਗਿਆ। ਅਜਿਹਾ ਕਿਉਂ ਹੋਇਆ? ਦਾ ਵੀ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ।
ਪੰਜਾਬ ਦੀ ਆਰਥਿਕਤਾ ਜੇਕਰ ਇੰਨੀ ਮਜ਼ਬੂਤ ਹੈ ਤਾਂ ਕੇਂਦਰ ਕੋਲੋਂ ਵਾਰ-ਵਾਰ ਪੈਸੇ ਕਿਉਂ ਮੰਗੇ ਜਾ ਰਹੇ ਹਨ? ਇਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਸੀਂ ਆਪਣਾ ਹੱਕ ਮੰਗਦੇ ਹਾਂ, ਭੀਖ ਨਹੀਂ। 14ਵੇਂ ਵਿੱਤੀ ਕਮਿਸ਼ਨ ਨੇ ਪੰਜਾਬ ਨੂੰ ਆਰਥਿਕ ਤੌਰ 'ਤੇ ਉੱਨਤ ਰਾਜਾਂ ਦੀ ਸ਼੍ਰੇਣੀ 'ਚ ਰੱਖਿਆ ਹੈ, ਜਿਸ ਦਾ ਹਾਲਾਂਕਿ ਹੋਇਆ ਤਾਂ ਨੁਕਸਾਨ ਹੀ ਹੈ ਪਰ ਮਾਣ ਵਾਲੀ ਗੱਲ ਹੈ। ਮੋਦੀ ਦੇ ਮੁਕਾਬਲੇ ਮਨਮੋਹਣ ਸਿੰਘ ਤੋਂ ਮੁਲਾਕਾਤਾਂ ਦੀ ਖੁੱਲ੍ਹ ਅਤੇ ਇਮਦਾਦ ਦੀ ਖੁੱਲ ਬਾਰੇ ਪੁੱਛੇ ਇੱਕ ਸਵਾਲ ਦਾ ਉਨ੍ਹਾਂ ਕੋਈ ਉੱਤਰ ਨਹੀਂ ਦਿੱਤਾ।
ਆਨੰਦ ਮੈਰਿਜ ਐਕਟ ਨੂੰ ਬੰਗਲਾਦੇਸ਼ ਅਤੇ ਪਾਕਿਸਤਾਨ ਸਰਕਾਰ ਵਲੋਂ ਲਾਗੂ ਕੀਤਾ ਜਾ ਚੁੱਕਾ ਹੈ ਪਰ ਭਾਰਤ ਸਰਕਾਰ ਇਸ ਨੂੰ ਲਾਗੂ ਕਿਉਂ ਨਹੀਂ ਕਰ ਰਹੀ ਅਤੇ ਕੁਝ ਸਮਾਂ ਰੌਲ਼ਾ ਪਾਉਣ ਤੋਂ ਬਾਅਦ ਅਕਾਲੀ ਸੰਸਦ ਮੈਂਬਰ ਇਸ ਮਸਲੇ ਬਾਰੇ ਚੁੱਪ ਕਿਉਂ ਕਰ ਜਾਂਦੇ ਹਨ? ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹੁਣ ਆਨੰਦ ਮੈਰਿਜ ਐਕਟ ਅਧੀਨ ਹੀ ਵਿਆਹ ਰਜਿਸਟਰ ਹੋ ਰਹੇ ਹਨ। ਪਰ ਜਦ ਇਸ ਬਾਰੇ ਪੰਜਾਬ ਸਥਿਤ ਇੱਕ ਵਕੀਲ ਨਾਲ ਇਸ ਬਿਆਨ ਦੀ ਪੁਸ਼ਟੀ ਕਰਨ ਲਈ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਬਿਆਨ ਸਹੀ ਨਹੀਂ ਜਾਪਦਾ। ਇਸ ਵਿਸ਼ੇ 'ਤੇ ਹਾਲੇ ਲਾਬਿੰਗ ਹੋ ਰਹੀ ਹੈ ਪਰ ਸਿੱਖਾਂ ਦੇ ਵਿਆਹ ਅਦਾਲਤਾਂ ਵਿੱਚ ਹਾਲੇ ਵੀ ਹਿੰਦੂ ਮੈਰਿਜ ਐਕਟ ਅਧੀਨ ਹੀ ਰਜਿਸਟਰ ਹੋ ਰਹੇ ਹਨ।
ਪ੍ਰੈਸ ਕਾਨਫਰੰਸ ਦੇ ਅੰਤ ਵਿੱਚ ਉਨ੍ਹਾਂ ਵਾਅਦਾ ਕੀਤਾ ਕਿ ਭਵਿੱਖ 'ਚ ਬਾਹਰ ਆਉਣ ਵਾਲੇ ਅਕਾਲੀ ਆਗੂ ਮੀਡੀਏ ਨੂੰ ਮਿਲ ਕੇ ਸਵਾਲਾਂ ਦੇ ਜਵਾਬ ਜ਼ਰੂਰ ਦਿਆ ਕਰਨਗੇ ਤਾਂ ਕਿ ਪੰਜਾਬ ਦੀ ਅਸਲ ਤਸਵੀਰ ਪ੍ਰਵਾਸੀਆਂ ਤੱਕ ਪੁੱਜਦੀ ਰਹੇ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026