Posted on August 24th, 2015

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਸਥਾਨਕ 'ਸਰੀ ਆਰਟਸ ਸੈਂਟਰ' ਵਿਖੇ ਬੀਤੇ ਸ਼ੁੱਕਰਵਾਰ 'ਨਾਰਥ ਅਮਰੀਕਨ ਸਿੱਖ ਐਕਟੀਵਿਸਟ' ਜਥੇਬੰਦੀ ਵਲੋਂ ਕਰਵਾਏ ਗਏ ਇੱਕ ਹਾਊਸ ਫੁੱਲ ਸੈਮੀਨਾਰ 'ਚ ਪੰਜਾਬ ਤੋਂ ਨਾਮਵਰ ਸਿੱਖ ਇਤਿਹਾਸਕਾਰ ਸ. ਅਜਮੇਰ ਸਿੰਘ ਅਤੇ ਨਾਮਵਰ ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ ਹਾਜ਼ਰ ਹੋਏ। ਦੋਵਾਂ ਬੁਲਾਰਿਆਂ ਨੇ ਪੰਜਾਬ ਦੇ ਭੂਤਕਾਲ, ਵਰਤਮਾਨ ਅਤੇ ਭਵਿੱਖ ਬਾਰੇ ਵਿਚਾਰ ਹੀ ਸਾਂਝੇ ਨਹੀਂ ਕੀਤੇ ਬਲਕਿ ਨਾਲ ਹੀ ਹਾਜ਼ਰੀਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਲਗਭਗ ਤਿੰਨ ਘੰਟੇ ਚੱਲੇ ਇਸ ਸਮਾਗਮ ਦੌਰਾਨ ਸ. ਅਜਮੇਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਇਸ ਵੇਲੇ ਡੇਰਾਵਾਦ, ਪਤਿਤਪੁਣੇ, ਸਰੀਰਕ ਤੇ ਮਾਨਸਿਕ ਗ਼ੁਲਾਮੀ, ਸਿੱਖ ਲੀਡਰਾਂ ਦੀ ਬੇਇਮਾਨੀ-ਨਲਾਇਕੀ-ਅਣਹੋਂਦ, ਬ੍ਰਾਹਮਣਵਾਦ, ਆਪਸੀ ਬੇਇਤਫ਼ਾਕੀ, ਬਾਹਰੀ ਤੇ ਅੰਦਰੂਨੀ ਬੌਧਿਕ ਹਮਲਿਆਂ ਸਮੇਤ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਹੀ ਹੈ। ਇਸ ਸਭ 'ਚੋਂ ਨਿਕਲਣ ਲਈ ਸਭ ਤੋਂ ਜ਼ਰੂਰੀ ਹੈ ਸਾਡੀ ਏਕਤਾ ਅਤੇ ਏਕਤਾ ਦੇ ਰਾਹ 'ਚ ਰੋੜੇ ਹਨ, ਸਾਨੂੰ ਵੰਡਣ ਵਾਲੇ ਮਸਲੇ।
ਉਨ੍ਹਾਂ ਕਿਹਾ ਕਿ ਬਹੁਤੇ ਸਿੱਖ ਮੌਜੂਦਾ ਸਿੱਖ ਲੀਡਰਸ਼ਿਪ ਨੂੰ ਇਸ ਮੰਦਹਾਲੀ ਲਈ ਜ਼ਿੰਮੇਵਾਰ ਸਮਝ ਰਹੇ ਹਨ ਪਰ ਇਹ ਸਮਝਣ ਦੀ ਲੋੜ ਹੈ ਕਿ ਇਹ ਬਿਮਾਰੀ ਨਹੀਂ, ਬਿਮਾਰੀ ਦੇ ਲੱਛਣ ਹਨ। ਇਨ੍ਹਾਂ ਨੂੰ ਲਾਂਭੇ ਕਰ ਲਵਾਂਗੇ ਤਾਂ ਇਨ੍ਹਾਂ ਦੀ ਜਗ੍ਹਾ ਹੋਰ ਆ ਜਾਣਗੇ ਅਤੇ ਉਹ ਵੀ ਅਜਿਹੇ ਹੀ ਹੋਣਗੇ। ਬਿਮਾਰੀ ਦੇ ਲੱਛਣਾਂ ਨਾਲ ਨਹੀਂ, ਬਿਮਾਰੀ ਨਾਲ ਜੂਝਣ ਦੀ ਲੋੜ ਹੈ। ਸਰੀਰ 'ਤੇ ਫੋੜਾ ਹੋ ਕਿਉਂ ਰਿਹਾ? ਜਦ ਤੱਕ ਉਹ ਰੋਗ ਖਤਮ ਨਹੀਂ ਕਰਦੇ, ਫੋੜੇ ਹੋਣੋਂ ਨਹੀਂ ਹਟਣਗੇ। ਇੱਕ ਨੂੰ ਦਵਾਈ ਲਾ ਕੇ ਸੁਕਾਵਾਂਗੇ ਤਾਂ ਹੋਰ ਜਗ੍ਹਾ ਦੂਜਾ ਨਿਕਲ ਆਵੇਗਾ।
ਉਨ੍ਹਾਂ ਦੀ ਨਜ਼ਰ 'ਚ ਇਸਦਾ ਹੱਲ ਇਹੀ ਹੈ ਕਿ ਸਿੱਖ ਗੁਰਬਾਣੀ ਤੋਂ ਸੇਧ ਲੈ ਕੇ, ਦਿਲ ਵਿਚ ਆਜ਼ਾਦ ਹੋਣ ਦੀ ਉਮੰਗ ਲੈ ਕੇ ਰੂਹਾਨੀ ਤੌਰ 'ਤੇ ਤਕੜੇ ਹੋਣ। ਤਿਆਗ ਦੀ ਭਾਵਨਾ ਪੈਦਾ ਕਰਕੇ, ਤਿਆਗ ਕਰਕੇ ਦਿਖਾਉਣ। ਫਿਰ ਹਰ ਮਸਲੇ 'ਤੇ ਏਕਤਾ ਹੋਣ ਲੱਗੇਗੀ। ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਇਕੋ ਵੇਲੇ ਹੱਲ ਨਹੀਂ ਕਰ ਸਕਦੇ। ਇਸ ਨਾਲ ਕੌਮੀ ਸ਼ਕਤੀ ਕਮਜ਼ੋਰ ਹੁੰਦੀ ਹੈ। ਗੁਰੂ ਸਾਹਿਬਾਨ ਤੇ ਗੁਰਬਾਣੀ ਤੋਂ ਬਾਅਦ ਸੰਤ ਜਰਨੈਲ ਸਿੰਘ ਵੱਲ ਦੇਖਿਆ ਜਾਵੇ। ਉਨ੍ਹਾਂ ਅੱਗੇ ਵੀ ਅਜਿਹੇ ਸਾਰੇ ਮਸਲੇ ਸਨ ਪਰ ਉਨ੍ਹਾਂ ਨੇ ਬੇਲੋੜੇ ਮਸਲੇ ਪਿੱਛੇ ਕਰਕੇ ਮੁੱਖ ਮੁੱਦੇ ਉਭਾਰ ਕੇ ਸਿੱਖਾਂ 'ਚ ਧਾਰਮਿਕ ਤੇ ਰੂਹਾਨੀ ਜਜ਼ਬਾ ਪੈਦਾ ਕੀਤਾ, ਜਿਸ ਨਾਲ ਲੋਕ ਉਨ੍ਹਾਂ ਦੀ ਸੁਣਨ ਲੱਗੇ ਤੇ ਅੱਜ ਤੱਕ ਸੁਣ ਰਹੇ ਹਨ। ਕੇਵਲ ਉਨ੍ਹਾਂ ਵਲੋਂ ਲੜੀ ਗਈ ਬਹਾਦਰੀ ਭਰਪੂਰ ਜੰਗ ਨਾ ਵੇਖੀ ਜਾਵੇ, ਉਨ੍ਹਾਂ ਦੇ ਰੂਹਾਨੀ ਜੀਵਨ ਤੇ ਪ੍ਰਚਾਰ ਨਾਲ ਸਿੱਖਾਂ ਨੂੰ ਮੁੜ ਸਿੱਖੀ ਨਾਲ ਜੋੜਨ ਵੱਲ ਵੀ ਦੇਖਿਆ ਜਾਵੇ।
ਉਨ੍ਹਾਂ ਕਿਹਾ ਕਿ ਸਾਡੇ ਕੋਲ ਗਿਆਨ ਤਾਂ ਵਧ ਰਿਹਾ ਹੈ ਪਰ ਇਸ ਦੁਨਿਆਵੀ ਗਿਆਨ 'ਚੋਂ ਗੁਰਬਾਣੀ ਗ਼ਾਇਬ ਹੋਣ ਕਾਰਨ ਸਾਡੇ 'ਚੋਂ ਰੂਹਾਨੀਅਤ ਗ਼ਾਇਬ ਹੋ ਗਈ ਹੈ। ਰੂਹਾਨੀਅਤ ਬਿਨਾਂ ਸੰਵਾਦ ਰਚਾਉਣਾ ਤੇ ਹਥਿਆਰ ਚੁੱਕਣੇ, ਕੌਮ ਲਈ ਹਾਨੀਕਾਰਕ ਹਨ। ਸਾਨੂੰ 'ਸਿੱਖ ਕਰੈਕਟਰ' ਪੈਦਾ ਕਰਨਾ ਪਵੇਗਾ, ਜੋ ਸਾਡੇ 'ਚ ਨਹੀਂ ਰਿਹਾ। ਜਦ 'ਸਿੱਖ ਕਰੈਕਟਰ' ਸਾਡੇ 'ਚ ਪੈਦਾ ਹੋ ਜਾਵੇਗਾ ਫਿਰ ਨਾ ਅਸੀਂ ਗੁਰੂ ਦੀ ਹਜ਼ੂਰੀ 'ਚ ਆਪਸ 'ਚ ਲੜਾਂਗੇ, ਨਾ ਵੋਟਾਂ ਜਾਂ ਨੋਟਾਂ ਲਈ ਵਿਕਾਂਗੇ, ਨਾ ਦੁਸ਼ਮਣ ਦੇ ਮੋਹਰੇ ਬਣਾਂਗੇ। ਸਾਡੀਆਂ ਮੌਜੂਦਾ ਰਾਜਸੀ, ਧਾਰਮਿਕ ਤੇ ਸਮਾਜਿਕ ਸਮੱਸਿਆਵਾਂ ਦਾ ਕਾਰਨ ਸਿੱਖ 'ਚੋਂ ਖ਼ਤਮ ਹੋ ਰਿਹਾ 'ਸਿੱਖ ਕਰੈਕਟਰ' ਹੈ।
ਉਨ੍ਹਾਂ ਕਿਹਾ ਕਿ ਇਹ ਸਮੱਸਿਆ ਛੋਟੀ ਨਹੀਂ, ਇਸ ਲਈ ਇਸਦਾ ਹੱਲ ਵੀ ਸੌਖਾ ਨਹੀਂ। ਇੱਡੀ ਵੱਡੀ ਸਮੱਸਿਆ ਦਾ ਹੱਲ ਝਟਪਟ ਨਹੀਂ ਨਿਕਲਣਾ, ਉਸ ਲਈ ਸਬਰ ਚਾਹੀਦਾ। ਹੱਲ ਤਿਆਗ ਤੋਂ ਸ਼ੁਰੂ ਹੋਵੇਗਾ ਤੇ ਰੂਹਾਨੀਅਤ ਦੀ ਪ੍ਰਾਪਤੀ ਨਾਲ, ਸਬਰ ਕਰਕੇ ਮਿਲੇਗਾ।
ਸੈਮੀਨਾਰ ਦੌਰਾਨ ਸ. ਜਸਪਾਲ ਸਿੰਘ ਨੇ ਭਾਰਤੀ ਮੀਡੀਏ ਵਲੋਂ ਘੱਟਗਿਣਤੀਆਂ ਦੀ ਨਸਲਕੁਸ਼ੀ ਵਿੱਚ ਲਗਾਤਾਰਤਾ ਨਾਲ ਨਿਭਾਏ ਜਾ ਰਹੇ ਰੋਲ ਨੂੰ ਬਿਆਨਦਿਆਂ ਦੱਸਿਆ ਕਿ ਮੀਡੀਆ ਘੱਟਗਿਣਤੀਆਂ 'ਤੇ ਹਮਲੇ ਲਈ ਜ਼ਮੀਨੀ ਪੱਧਰ 'ਤੇ ਝੂਠੀਆਂ ਅਤੇ ਮਨਘੜਤ ਖ਼ਬਰਾਂ ਦੇ ਕੇ ਲੋਕ ਰਾਇ ਤਿਆਰ ਕਰਦਾ ਹੈ, ਫੇਰ ਜਦ ਸਰਕਾਰਾਂ ਧੱਕਾ ਕਰਦੀਆਂ ਹਨ ਤਾਂ ਲੋਕਾਂ ਨੂੰ ਲੱਗਦਾ ਹੈ ਕਿ ਸਰਕਾਰ ਸਹੀ ਹੀ ਕਰ ਰਹੀ ਹੈ।
ਸਮਾਗਮ ਦੌਰਾਨ ਸਥਾਨਕ ਨੌਜਵਾਨ ਸਤਵੰਤ ਸਿੰਘ ਗਰੇਵਾਲ ਨੇ 'ਖ਼ਾਲਸਾ ਰਾਜ' ਦੇ ਨਾਂ 'ਤੇ ਬਹੁਤ ਹੀ ਦਿਲ ਟੁੰਬਵੀਂ ਕਵਿਤਾ ਪੇਸ਼ ਕੀਤੀ। ਸਟੇਜ ਸੰਚਾਲਕ ਦੀ ਸੇਵਾ ਬੀਬੀ ਤਜਿੰਦਰ ਕੌਰ ਨੇ ਬਾਖ਼ੂਬੀ ਨਿਭਾਈ। ਬਹੁਤ ਚਿਰ ਬਾਅਦ ਸਥਾਨਕ ਸਿੱਖਾਂ ਨੂੰ ਮਾਹਿਰ ਵਿਦਵਾਨਾਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ, ਜਿਸ ਲਈ ਸਾਰਿਆਂ ਵਲੋਂ 'ਨਾਰਥ ਅਮਰੀਕਨ ਸਿੱਖ ਐਕਟੀਵਿਸਟ' ਜਥੇਬੰਦੀ ਦੇ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਭਵਿੱਖ 'ਚ ਅਜਿਹੇ ਹੋਰ ਸਮਾਗਮ ਉਲੀਕਣ ਦੀ ਹੱਲਾਸ਼ੇਰੀ ਦਿੱਤੀ ਗਈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026