Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦਲ ਖ਼ਾਲਸਾ ਅਤੇ ਪੰਚ ਪ੍ਰਧਾਨੀ ਵਿਚ ਮੁਕੰਮਲ ਏਕਤਾ- ਖ਼ਾਲਿਸਤਾਨ ਨੂੰ ਦੱਸਿਆ ਆਪਣਾ ਮੁੱਖ ਨਿਸ਼ਾਨਾ

Posted on September 16th, 2015


ਦੋਨਾਂ ਪਾਰਟੀਆਂ ਨੇ ਇੱਕ ਨਾਮ, ਇੱਕ ਸੰਵਿਧਾਨ ਅਤੇ ਇੱਕ ਨਿਸ਼ਾਨ ਥੱਲੇ ਇਕੱਠੇ ਹੋਣ ਦਾ ਲਿਆ ਫ਼ੈਸਲਾ

ਜਲੰਧਰ- ਅਕਾਲੀ ਦਲ ਪੰਚ ਪ੍ਰਧਾਨੀ ਅਤੇ ਦਲ ਖ਼ਾਲਸਾ ਦੇ ਬਾਨੀ ਆਗੂਆਂ ਭਾਈ ਦਲਜੀਤ ਸਿੰਘ ਅਤੇ ਭਾਈ ਗਜਿੰਦਰ ਸਿੰਘ ਦੀ ਪ੍ਰੇਰਨਾ ਸਦਕਾ ਦੋਨਾਂ ਜਥੇਬੰਦੀਆਂ ਨੇ ਇੱਕ ਮੀਲ ਪੱਥਰ ਸਰ ਕਰਦਿਆਂ ਆਪਸ ਵਿਚ ਮੁਕੰਮਲ ਏਕਤਾ ਦਾ ਅਹਿਮ ਫ਼ੈਸਲਾ ਲਿਆ ਹੈ। ਇਹ ਫ਼ੈਸਲਾ ਲੰਮੇ ਸਮੇਂ ਤੋਂ ਪਰਦੇ ਪਿੱਛੇ ਚੱਲ ਰਹੇ ਵਿਚਾਰ ਵਟਾਂਦਰੇ ਤੋਂ ਬਾਅਦ ਅੱਜ ਰਸਮੀ ਤੌਰ ਉੱਤੇ ਦਲ ਖ਼ਾਲਸਾ ਦੇ ਦਫ਼ਤਰ ਹੋਈ ਦੋਨਾਂ ਜਥੇਬੰਦੀਆਂ ਦੇ ਅੰਤਰਿੰਗ ਕਮੇਟੀ ਮੈਂਬਰਾਂ ਦੀ ਮੀਟਿੰਗ ਵਿਚ ਲਿਆ ਗਿਆ। 

ਇਸ ਫ਼ੈਸਲੇ ਨਾਲ ਦੋਨਾਂ ਜਥੇਬੰਦੀਆਂ ਦਾ ਇੱਕ-ਦੂਜੇ ਵਿਚ ਰਜੇਵੇਂ ਲਈ ਮੁੱਢ ਬੱਝ ਗਿਆ। ਦਲ ਖ਼ਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਅਤੇ ਪੰਚ ਪ੍ਰਧਾਨੀ ਦੇ ਪ੍ਰਧਾਨ ਕੁਲਬੀਰ ਸਿੰਘ ਬੜਾ ਪਿੰਡ ਨੇ ਰਜੇਵੇਂ ਦੇ ਦਸਤਾਵੇਜ਼ ਉੱਤੇ ਦਸਤਖ਼ਤ ਕੀਤੇ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਏਕਤਾ ਪੰਥ ਦੇ ਭਲੇ ਅਤੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਅਹਿਮ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਵਿਦੇਸ਼ਾਂ ਵਿਚ ਵੱਸਦੇ ਹਮਖ਼ਿਆਲੀ ਲੋਕਾਂ ਦੀ ਮੰਗ ਸਦਕਾ ਅਤੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੇ ਏਕੇ ਦੀ ਮਾਲਾ ਵਿਚ ਪਰੋਏ ਜਾਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਏਕਤਾ ਇੱਕ ਅਜਿਹਾ ਮਾਹੌਲ ਸਿਰਜੇਗੀ ਜਿਸ ਨਾਲ ਕੌਮ ਅੰਦਰ ਫੈਲੀ ਨਿਰਾਸ਼ਤਾ ਦੂਰ ਹੋਵੇਗੀ ਅਤੇ ਨੌਜਵਾਨਾਂ ਵਿਚ ਮੁੜ ਇੱਕ ਵਾਰ ਉਭਾਰ ਆਵੇਗਾ। 

ਉਨ੍ਹਾਂ ਨੇ ਹਮਖ਼ਿਆਲੀ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਨੂੰ ਸੱਦਾ ਦਿੱਤਾ ਕਿ ਉਹ ਵੀ ਇਸ ਏਕਤਾ ਵਿਚ ਸ਼ਮੂਲੀਅਤ ਕਰਨ। ਉਨ੍ਹਾਂ ਸਪਸ਼ਟ ਕੀਤਾ ਕਿ ਦੋਨਾਂ ਜਥੇਬੰਦੀਆਂ ਵਿਚੋਂ ਕਿਹੜਾ ਨਾਂ ਬਰਕਰਾਰ ਰੱਖਿਆਂ ਜਾਵੇਗਾ ਇਸ ਬਾਰੇ ਜਲਦੀ ਹੀ ਖ਼ੁਲਾਸਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਥੇਬੰਦੀ ਦਾ ਨਾਮ, ਪ੍ਰਧਾਨ ਅਤੇ ਢਾਂਚੇ ਬਾਰੇ ਜਲਦ ਹੀ ਐਲਾਨ ਹੋਵੇਗਾ।

ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨ ਰਵਾਇਤੀ ਧਾਰਮਿਕ ਅਤੇ ਸਿਆਸੀ ਲੀਡਰਸ਼ਿਪ ਤੋਂ ਬਦ ਜ਼ਨ ਹਨ ਅਤੇ ਸਿੱਖ ਰਾਜਨੀਤੀ ਨਿਘਾਰ ਵੱਲ ਨੂੰ ਜਾ ਰਹੀ ਹੈ, ਜਿਸ ਕਾਰਨ ਕੌਮ ਅੰਦਰ ਨਮੋਸ਼ੀ ਦਾ ਆਲਮ ਪਸਰਿਆ ਹੋਇਆ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਸਿਧਾਂਤਕ ਰਾਜਨੀਤੀ ਕਰਨ ਦੇ ਹਾਮੀ ਹਨ ਅਤੇ ਭਾਰਤੀ ਸਿਸਟਮ ਤਹਿਤ ਹੋਣ ਵਾਲੀਆਂ ਚੋਣਾਂ ਵਿਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਉਹ ਇੱਕ ਵੱਖਰੀ ਨਜ਼ਰੀਏ ਤੋਂ ਦੇਖਦੇ ਹਨ ਅਤੇ ਇਸ ਬਾਰੇ ਉਹ ਸਮਾਂ ਆਉਣ ਉੱਤੇ ਹੀ ਕੋਈ ਫ਼ੈਸਲਾ ਕਰਨਗੇ। 

ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਕੰਵਰਪਾਲ ਸਿੰਘ, ਇਹਨਾਂ ਨੇ ਦੋਨਾਂ ਜਥੇਬੰਦੀਆਂ ਨੂੰ ਨੇੜੇ ਲਿਆਉਣ ਵਿਚ ਅਹਿਮ ਰੋਲ ਨਿਭਾਇਆ, ਨੇ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਭਾਰਤ ਸਰਕਾਰ ਸਿੱਖ ਕੌਮ ਦੀ ਆਜ਼ਾਦੀ ਦੀ ਇੱਛਾਵਾਂ ਨੂੰ ਅੰਨ੍ਹੀ ਫ਼ੌਜੀ ਤਾਕਤ ਨਾਲ ਦਬਾਕੇ ਰੱਖਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਦੋਨਾਂ ਜਥੇਬੰਦੀਆਂ ਦੀ ਇਹ ਏਕਤਾ ਸਿੱਖ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਸਿੱਖ ਆਜ਼ਾਦੀ ਸੰਘਰਸ਼ ਵਿਚ ਤਾਜ਼ਗੀ ਲਿਆਉਣ ਲਈ ਕੀਤੀ ਗਈ ਹੈ।



Archive

RECENT STORIES