Posted on May 27th, 2013

<p>ਕਾਂਗਰਸੀ ਵਰਕਰਾਂ ਨਾਲ ਜ਼ਿਲਾ ਮੁਕਤਸਰ ਵਿੱਚ ਪਿੰਡ ਮਾਨਾ ਵਿੱਚ ਰੋਸ ਮਾਰਚ ਕਰਕੇ ਪਹੁੰਚਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ<br></p>
ਲੰਬੀ- ਕਾਂਗਰਸੀ ਆਗੂਆਂ ਦੇ ਵੱਡੇ ਲਾਮ-ਲਸ਼ਕਰ ਸਮੇਤ ਲੰਬੀ ਹਲਕੇ ’ਚ ਪੁੱਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਵੱਡੀ ਗਿਣਤੀ ਵਰਕਰਾਂ ਨੂੰ ਨਾਲ ਲੈ ਕੇ ਪਿੰਡ ਬਾਦਲ ਤੋਂ ਪਿੰਡ ਮਾਨਾ ਤੱਕ ਪੈਦਲ ਰੋਸ ਮਾਰਚ ਕੱਢਿਆ। ਇਸ ਮਗਰੋਂ ਸ੍ਰੀ ਬਾਜਵਾ ਨੇ ਲੰਬੀ ਹਲਕੇ ਦੇ ਪਿੰਡ ਮਾਨਾ ’ਚ ਚੋਣ ਹਿੰਸਾ ਕਰਕੇ ਪੁਲੀਸ ਕੇਸਾਂ ’ਚ ਉਲਝੇ ਕਾਂਗਰਸੀ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।
ਪਿੰਡ ਮਾਨਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਹਾਂਭਾਰਤ ਵਾਲਾ ‘ਧ੍ਰਿਤਰਾਸ਼ਟਰ’ ਅਤੇ ਸੁਖਬੀਰ ਸਿੰਘ ਨੂੰ ‘ਔਰੰਗਜ਼ੇਬ’ ਕਰਾਰ ਦਿੱਤਾ। ਉਨ੍ਹਾਂ ਸੁਖਬੀਰ ਬਾਦਲ ਵਿੱਚ ਜ਼ਾਲਿਮ ਔਰੰਗਜ਼ੇਬ ਦੀ ਰੂਹ ਪ੍ਰਵੇਸ਼ ਕਰਨ ਦੇ ਦੋਸ਼ ਲਾਉਂਦਿਆਂ ਆਖਿਆ ਕਿ ਮਹਾਰਾਜਾ ਰਣਜੀਤ ਸਿੰਘ ਜਿਹਾ ਰਾਜ ਦੇਣ ਦਾ ਦਾਅਵਾ ਕਰਨ ਵਾਲੀ ਅਕਾਲੀ ਸਰਕਾਰ ਸੂਬੇ ਦੇ ਅਵਾਮ ਨੂੰ ‘ਔਰੰਗਜ਼ੇਬ’ ਜਿਹਾ ਰਾਜ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ’ਚ ਅਕਾਲੀਆਂ ਨੂੰ ਹਰ ਤਰ੍ਹਾਂ ਗੁੰਡਾਗਰਦੀ ਕਰਨ ਦੀ ਖੁੱਲ੍ਹ ਹੈ ਜਦੋਂਕਿ ਕਾਂਗਰਸੀਆਂ ਨੂੰ ਸਾਹ ਲੈਣ ਦੀ ਇਜਾਜ਼ਤ ਵੀ ਨਹੀਂ।
ਪਾਰਟੀ ਦੇ ਸੂਬਾਈ ਪ੍ਰਧਾਨ ਨੇ ਅੱਗੇ ਕਿਹਾ ਕਿ ਬਾਦਲ ਪਿਓ-ਪੁੱਤ ਦੀ ਸਿਰਫ਼ ਇਹੋ ਸੋਚ ਹੈ ਕਿ ਪ੍ਰਦੇਸ਼ ਦੀ ਹਰੇਕ ਚੋਣ ਵਿੱਚ ਹਰ ਸੀਟ ’ਤੇ ਸਿਰਫ ਤੇ ਸਿਰਫ਼ ਅਕਾਲੀ ਉਮੀਦਵਾਰ ਹੀ ਕਾਬਜ਼ ਹੋਣ। ਸ੍ਰੀ ਬਾਜਵਾ ਨੇ ਦੋਸ਼ ਲਾਇਆ ਕਿ ਲੰਬੀ ਹਲਕੇ ਵਿੱਚ ਸੌ ਫ਼ੀਸਦੀ ਸੀਟਾਂ ਉੱਤੇ ਅਕਾਲੀਆਂ ਦੀ ਜਿੱਤ ਵਿਖਾਉਣ ਦੀ ਸੋਚ ਕਾਰਨ ਮਾਨਾ ਪਿੰਡ ਵਿੱਚ ਅਕਾਲੀ ਵਰਕਰਾਂ ਵੱਲੋਂ ਬੂਥ ’ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸਦਾ ਪਿੰਡ ਦੇ ਲੋਕਾਂ ਵੱਲੋਂ ਵਿਰੋਧ ਕਰਨ ਕਰਕੇ ਮਾਮਲਾ ਹਿੰਸਕ ਰੂਪ ਧਾਰ ਗਿਆ। ਉਨ੍ਹਾਂ ਕਿਹਾ ਕਿ ਹੁਣ ਪੁਲੀਸ ਕਾਂਗਰਸ ਪਰਿਵਾਰਾਂ ਦੀਆਂ ਔਰਤਾਂ ਨੂੰ ਡਰਾ-ਧਮਕਾ ਰਹੀ ਹੈ ਅਤੇ ਪੁਲੀਸ ਕੇਸ ’ਚ ਨਾਂਅ ਆਉਣ ਕਰਕੇ ਪਿੰਡ ਦੇ ਸੈਂਕੜੇ ਕਾਂਗਰਸ ਮਰਦ ਅਤੇ ਨੌਜਵਾਨ ਰੂਪੋਸ਼ ਹਨ। ਸ੍ਰੀ ਬਾਜਵਾ ਨੇ ਪੰਜਾਬ ਵਿੱਚ ਸੌ ਫ਼ੀਸਦੀ ਗੁੰਡਾਰਾਜ ਕਾਇਮ ਹੋਣ ਦਾ ਦੋਸ਼ ਲਾਇਆ।
ਜਦੋਂ ਸ੍ਰੀ ਬਾਜਵਾ ਨੂੰ ਕਾਂਗਰਸ ਸਮਰਥਕਾਂ ਵੱਲੋਂ ਮਾਨਾ ਵਿਵਾਦ ’ਚ ਅਜੇ ਤੱਕ ਪੁਲੀਸ ਨੂੰ ਕੋਈ ਸ਼ਿਕਾਇਤ ਨਾ ਹੋਣ ਸਬੰਧੀ ਪੁੱਛਿਆ ਗਿਆ ਤਾਂ ਮੌਕੇ ’ਤੇ ਮੌਜੂਦ ਮਹੇਸ਼ਇੰਦਰ ਸਿੰਘ ਬਾਦਲ ਨੇ ਆਖਿਆ ਕਿ ਡੇਢ ਸੌ ਜਣਿਆਂ ’ਤੇ ਪੁਲੀਸ ਕੇਸ ਹੋਣ ਕਰਕੇ ਕਾਂਗਰਸ ਵਰਕਰ ਘਟਨਾ ਦੇ ਬਾਅਦ ਤੋਂ ਪਿੰਡੋਂ ਫ਼ਰਾਰ ਹਨ ਅਤੇ ਇਸ ਕਰਕੇ ਸ਼ਿਕਾਇਤ ਨਹੀਂ ਹੋ ਸਕੀ। ਕੱਲ੍ਹ ਨੂੰ ਸ਼ਿਕਾਇਤ ਦਰਜ ਜਾ ਕਰਵਾਈ ਜਾ ਰਹੀ ਹੈ। ਸ੍ਰੀ ਬਾਜਵਾ ਨੇ ਮਾਨਾ ਵਿਵਾਦ ਦੀ ਸੀ.ਬੀ.ਆਈ. ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਸਮਾਂਬੱਧ ਪੜਤਾਲ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਉਹ ਅਕਾਲੀ ਸਰਕਾਰ ਦੀਆਂ ਧੱਕੇਸ਼ਾਹੀਆਂ ਬਾਰੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਸ੍ਰੀਮਤੀ ਸੋਨੀਆ ਗਾਂਧੀ ਨੂੰ ਜਾਣੂ ਕਰਵਾਉਣਗੇ। ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਣਧੀਰ ਸਿੰਘ ਖੁੱਡੀਆਂ ਨੇ ਸ੍ਰੀ ਬਾਜਵਾ ਨੂੰ ਚੰਡੀਗੜ੍ਹ ’ਚ ਫੋਕੀਆਂ ਹਾਜ਼ਰੀਆਂ ਲਾਉਣ ਵਾਲੇ ਕਾਂਗਰਸੀਆਂ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ’ਚ ਹੋ ਰਹੇ ਜ਼ੁਲਮੋ-ਸਿਤਮ ਲਈ ਅਕਾਲੀ ਸਰਕਾਰ ਨੂੰ ਜ਼ੁੰਮੇਵਾਰ ਦੱਸਿਆ।

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026

Posted on July 14th, 2026

Posted on July 13th, 2026

Posted on July 10th, 2026

Posted on July 9th, 2026
Posted on July 9th, 2026