Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੱਖ ਜਥੇਬੰਦੀਆਂ ਵੱਲੋਂ 10 ਨਵੰਬਰ ਨੂੰ ਸਰਬੱਤ ਖਾਲਸਾ ਸੱਦਣ ਦਾ ਐਲਾਨ

Posted on October 12th, 2015



ਲੁਧਿਆਣਾ- ਡੇਰਾ ਸਿਰਸਾ ਦੇ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਗਈ ਮੁਆਫ਼ੀ ਖ਼ਿਲਾਫ਼ ਸੋਮਵਾਰ ਨੂੰ ਸਿੱਖ ਜਥੇਬੰਦੀਆਂ  ਨੇ ਇਥੋਂ ਦੇ ਗੁਰਦੁਆਰਾ ਸ਼ਹੀਦਾਂ ਮਾਡਲ ਟਾਊਨ ਵਿੱਚ ਮੀਟਿੰਗ ਕੀਤੀ। ਜਥੇਬੰਦੀਅਾਂ ਨੇ ਕਾਫ਼ੀ ਵਿਚਾਰ ਚਰਚਾ ਬਾਅਦ  10 ਨਵੰਬਰ ਨੂੰ ਸਰਬੱਤ ਖਾਲਸਾ ਸੱਦਣ ਦਾ ਐਲਾਨ ਕਰ ਦਿੱਤਾ। ਮੀਟਿੰਗ ’ਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਗਿਆਨੀ ਕੇਵਲ ਸਿੰਘ, ਫੈਡਰੇਸ਼ਨ ਆਗੂ ਕਰਨੈਲ ਸਿੰਘ ਪੀਰਮੁਹੰਮਦ, ਭਾਈ ਮੋਹਕਮ ਸਿੰਘ, ਵੱਸਣ ਸਿੰਘ ਜਫ਼ਰਵਾਲ, ਧਿਆਨ ਸਿੰਘ ਮੰਡ, ਗੁਰਦੀਪ ਸਿੰਘ ਬਠਿੰਡਾ, ਹਰਜਿੰਦਰ ਸਿੰਘ ਰੋਡੇ, ਜਸਕਰਨ ਸਿੰਘ ਕਾਹਨ ਸਿੰਘਵਾਲਾ, ਜਸਵਿੰਦਰ ਸਿੰਘ ਬਲੀਏਵਾਲ, ਬੂਟਾ ਸਿੰਘ ਰਣਸੀਹਕੇ ਮੌਜੂਦ ਸਨ। 

ਇਨ੍ਹਾਂ ਆਗੂਆਂ ਨੇ ਦੱਸਿਆ ਕਿ ਸਰਬੱਤ ਖਾਲਸਾ ਲਈ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਜੀ ਸਾਹਿਬ ਹਾਲ ਦੀ ਮੰਗ ਕੀਤੀ ਜਾਵੇਗੀ,  ਜੇ ਉਨ੍ਹਾਂ ਆਗਿਆ ਨਾ ਦਿੱਤੀ ਤਾਂ ਬਾਬਾ ਨੌਧ ਸਿੰਘ ਦੀ ਸਮਾਧ ਤਰਨ ਤਾਰਨ ਰੋਡ ਪਿੰਡ ਦੁਬੁਰਜੀ ਵਿਖੇ ਬੁਲਾਇਆ ਜਾਵੇਗਾ।  ਸਰਬੱਤ ਖਾਲਸਾ ਸੱਦਣ ਲਈ ਕੁਝ ਆਗੂ ਚਾਹੁੰਦੇ ਸਨ ਕਿ ਇਕ ਕਮੇਟੀ ਕਾਇਮ ਕੀਤੀ ਜਾਵੇ ਪਰ ਬਾਅਦ ਵਿੱਚ ਸਿਮਰਜੀਤ ਸਿੰਘ ਮਾਨ ਨੂੰ ਮਿਤੀ ਦਾ ਐਲਾਨ ਕਰਨ ਦੇ ਅਧਿਕਾਰ ਦਿੱਤੇ ਗਏ। ਮਾਨ ਨੇ ਸਟੇਜ ਤੋਂ 10 ਨਵੰਬਰ ਨੂੰ ਸਰਬੱਤ ਖਾਲਸਾ ਸੱਦਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਦੇ ਪ੍ਰਬੰਧਾਂ ਨੂੰ ਨੇਪਰੇ ਚਾੜ੍ਹਨ ਲਈ 18 ਅਕਤੂਬਰ ਨੂੰ ਜਲੰਧਰ ਵਿੱਚ ਕਮੇਟੀ ਕਾਇਮ ਕੀਤੀ ਜਾਵੇਗੀ। ਸਰਬੱਤ ਖਾਲਸਾ ਤੇ ਵਿਚਾਰਾਂ ਕਰਨ ਲਈ ਮੀਟਿੰਗ  ਭਾਵੇਂ ਬੁਲਾਰਿਆਂ ਦੇ ਵਿਚਾਰਾਂ ਕਈ ਗੱਲਾਂ ਵਿੱਚ ਅੰਤਰ ਵੀ ਸੀ ਪਰ ਸਰਬੱਤ ਖਾਲਸਾ ਬੁਲਾਏ ਜਾਣ ਦੇ ਸਾਰੇ ਹੱਕ ਵਿੱਚ ਸਨ।

ਮਾਨ ਤੇ ਸ੍ਰੀ ਪੀਰਮੁਹੰਮਦ ਨੇ ਕਿਹਾ ਕਿ ਡੇਰਾ ਮੁਖੀ ਨੂੰ ਮੁਆਫੀ ਲਈ ਸੁਖਬੀਰ ਬਾਦਲ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਨਾਦਰਸ਼ਾਹੀ ਹੁਕਮ ਚਾਡ਼੍ਹੇ ਸਨ। ਇਸ ਮੌਕੇ ਖਾੜਕੂ ਦਯਾ ਸਿੰਘ ਲਾਹੌਰੀਆ ਦੀ ਪਤਨੀ ਸਮੇਤ ਬਹੁਤ ਸਾਰੇ ਗਰਮ ਧਡ਼ੇ ਦੇ ਹੋਰ ਆਗੂ ਮੌਜੂਦ ਸਨ। 



Archive

RECENT STORIES