Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਾਦਲਾਂ ਦੀ ਮਿਲੀਭੁਗਤ ਨਾਲ ਯੂਪੀ ਵਿੱਚ ਵਜ਼ੀਰ ਬਣੇ ਰਾਮੂਵਾਲੀਆ: ਸਿੱਧੂ

Posted on November 2nd, 2015



ਐਸ.ਏ.ਐਸ.ਨਗਰ(ਮੁਹਾਲੀ)- ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਬਲਵੰਤ ਸਿੰਘ ਰਾਮੂਵਾਲੀਆ ਦੇ ਉੱਤਰ ਪ੍ਰਦੇਸ਼ ਵਿੱਚ ਵਜ਼ੀਰ ਬਣਨ ਸਬੰਧੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਨੂੰ ਧੋਖੇ ਵਿੱਚ ਰੱਖਣ ਦਾ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਮੂਵਾਲੀਆ ਬਾਦਲਾਂ ਦੀ ਮਿਲੀਭੁਗਤ ਨਾਲ ਯੂਪੀ ਵਿੱਚ ਵਜ਼ੀਰ ਬਣਿਆ ਹੈ ਤੇ ਜਲਦੀ ਹੀ ਇਸ ਸਬੰਧੀ ਸੱਚ ਸਭ ਦੇ ਸਾਹਮਣੇ ਆ ਜਾਵੇਗਾ।

ਕਾਂਗਰਸੀ ਵਿਧਾਇਕ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਧਾਨ ਸਭਾ ਵਿੱਚ ਕਈ ਵਾਰ ਇਹ ਗੱਲ ਕਹਿ ਚੁੱਕੇ ਹਨ ਕਿ ਪੰਜਾਬ ਵਿੱਚ ਕੀੜੀ ਲੰਘਣ ਦੀ ਵੀ ਉਨ੍ਹਾਂ ਨੂੰ ਖ਼ਬਰ ਹੁੰਦੀ ਹੈ। ੳੁਨ੍ਹਾਂ ਸਵਾਲ ਕੀਤਾ ਕਿ ਕੀ ਮੁੱਖ ਮੰਤਰੀ ਦੱਸ ਸਕਦੇ ਹਨ ਕਿ ਰਾਮੂਵਾਲੀਆ ਦੇ ਪੰਜਾਬ ਵਿੱਚੋਂ ਉੱਤਰ ਪ੍ਰਦੇਸ਼ ਜਾ ਕੇ ਵਜ਼ੀਰ ਬਣਨ ਦੀ ਉਨ੍ਹਾਂ ਨੂੰ ਭਿਣਕ ਕਿਉਂ ਨਹੀਂ ਪਈ।

ਸਿੱਧੂ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਵੱਲੋਂ ਇਹ ਸਭ ਕੁਝ ਭਾਰਤੀ ਜਨਤਾ ਪਾਰਟੀ ’ਤੇ ਦਬਾਅ ਬਣਾਉਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਇਨੈਲੋ ਦੀ ਰੈਲੀ ਵਿੱਚ ੳੁਪ ਮੁੱਖ ਮੰਤਰੀ ਵੱਲੋਂ ਭਾਜਪਾ ਦੀ ਆਲੋਚਨਾ ਕਰਨਾ, ਇਸੇ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਰਾਮੂਵਾਲੀਆ ਨੂੰ ਯੂਪੀ ਵਿੱਚ ਯੋਜਨਾ ਤਹਿਤ ਹੀ ਪਲਾਂਟ ਕੀਤਾ ਹੈ ਤੇ ਯੂਪੀ ਦੀਆਂ ਚੋਣਾਂ ਵਿੱਚ ਅਕਾਲੀ ਦਲ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਕਰਨਾ ਚਾਹੁੰਦਾ ਹੈ।

ਵਿਧਾਇਕ ਨੇ ਕਿਹਾ ਕਿ ਹੁਣ ਅਕਾਲੀ ਆਗੂ ਰਾਮੂਵਾਲੀਆ ਖ਼ਿਲਾਫ਼ ਬਿਆਨਬਾਜ਼ੀ ਕਰ ਕੇ ਤੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਬਰਖ਼ਾਸਤ ਕਰ ਕੇ ਪੰਜਾਬੀਆਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੇ ਹਨ। ਕਾਂਗਰਸੀ ਵਿਧਾਇਕ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਤੇ ੳੁਪ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਇਹ ਸਪਸ਼ਟ ਕਰਨ ਕਿ ਕੀ ਉਨ੍ਹਾਂ ਦਾ ਭਾਜਪਾ ਨਾਲੋਂ ਤੋੜ-ਵਿਛੋੜਾ ਹੋ ਚੁੱਕਿਆ ਹੈ। ਜੇਕਰ ਨਹੀਂ ਤਾਂ ਰਾਮੂਵਾਲੀਆ ਨੂੰ ਯੂਪੀ ਵਿੱਚ ਵਜ਼ੀਰ ਬਣਾਉਣ ਪਿੱਛੇ ਕੀ ਇਹ ਭਾਵਨਾ ਹੈ ਕਿ ਭਾਜਪਾ ’ਤੇ ਦਬਾਅ ਬਣਾ ਕੇ ਯੂਪੀ ਵਿੱਚ ਭਾਜਪਾ ਕੋਲੋਂ ਆਪਣੇ ਉਮੀਦਵਾਰਾਂ ਨੂੰ ਟਿਕਟਾਂ ਦਿਵਾਈਆਂ ਜਾਣ।



Archive

RECENT STORIES