Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੁਰਤਗਾਲੀ ਅਦਾਲਤ ਨੇ ਭਾਈ ਪੰਮਾ ਨੂੰ 4 ਜਨਵਰੀ ਤੱਕ ਜੇਲ੍ਹ ਭੇਜਿਆ

Posted on December 22nd, 2015


ਪੰਮੇ ਨੂੰ ਭਾਰਤ ਨਾ ਭੇਜਿਆ ਜਾਵੇ- ਪਰਿਵਾਰ ਨੇ ਪੁਰਤਗਾਲ ਨੂੰ ਲਿਖਿਆ 

ਪੁਰਤਗਾਲ (ਸਰਬਜੀਤ ਸਿੰਘ ਬਨੂੜ) : ਪੁਤਰਗਾਲ ਵਿਚ ਇੰਟਰਪੋਲ ਵਲੋਂ ਫੜੇ ਇੰਗਲੈਂਡ ਦੇ ਸਿੱਖ ਨੌਜਵਾਨ ਭਾਈ ਪਰਮਜੀਤ ਸਿੰਘ ਪੰਮਾ ਨੂੰ ਈਵੋਰਾ ਅਦਾਲਤ ਵਿਚ ਪੇਸ਼ ਕੀਤਾ ਗਿਆ | ਅਦਾਲਤ ਨੇ ਭਾਈ ਪੰਮਾ ਨੂੰ 4 ਜਨਵਰੀ ਤਕ ਜੇਲ ਭੇਜ ਦਿਤਾ ਅਤੇ ਭਾਰਤੀ ਪੁਲਸ ਨੂੰ ਭਾਈ ਪੰਮਾ ਵਿਰੁਧ ਠੋਸ ਸਬੂਤ ਪੇਸ਼ ਕਰਨ ਦਾ ਹੁਕਮ ਦਿਤਾ ਹੈ | ਸਿੱਖ ਫ਼ਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਤੇ ਵਕੀਲ ਸ ਗੁਰਪੰਤਵੰਤ ਸਿੰਘ ਪੰਨੂ, ਇੰਗਲੈਂਡ ਤੋਂ ਪ੍ਰਸਿੱਧ ਵਕੀਲ ਸ. ਅਮਰਜੀਤ ਸਿੰਘ ਭੱਚੂ ਅਤੇ ਪੁਰਤਗਾਲ ਤੋਂ ਮੈਨਵੱਲ ਲੂਈ ਫ਼ਰੇਰਾ ਭਾਈ ਪਰਮਜੀਤ ਸਿੰਘ ਪੰਮਾ ਦੇ ਵਕੀਲਾਂ ਵਜੋਂ ਅਦਾਲਤ ਵਿਚ ਪੇਸ਼ ਹੋਏ | 

ਜਿਸ ਵੇਲੇ ਭਾਈ ਪੰਮਾ ਨੂੰ ਪੇਸ਼ ਕੀਤਾ ਗਿਆ, ਉਸ ਸਮੇਂ ਉਹ ਚੜ੍ਹਦੀਕਲਾ ਵਿਚ ਸਨ ਅਤੇ ਉਨ੍ਹਾਂ ਨੇ ਕਾਲਾ ਦੁਮਾਲਾ ਬੰਨਿ੍ਹਆ ਹੋਇਆ ਸੀ | ਅਦਾਲਤ ਨੇ ਦੁਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਭਾਰਤ ਸਰਕਾਰ ਨੂੰ ਆਖਿਆ ਕਿ ਉਹ ਭਾਈ ਪੰਮਾ ਵਿਰੁਧ ਠੋਸ ਸਬੂਤ 4 ਜਨਵਰੀ ਤਕ ਪੇਸ਼ ਕਰੇ | ਤਕਰੀਬਨ ਪੰਜ ਘੰਟੇ ਚੱਲੀ ਅਦਾਲਤ ਨੇ ਦੁਹਾਂ ਧਿਰਾਂ ਦੇ ਬਿਆਨਾਂ ਨੂੰ ਬੜੇ ਧਿਆਨ ਨਾਲ ਸੁਣਿਆ | ਭਾਈ ਪੰਮਾ ਨੂੰ 4 ਜਨਵਰੀ ਤਕ ਪੁਰਤਗਾਲ ਦੀ ਬੈਜ਼ਾ ਜੇਲ ਵਿਚ ਭੇਜ ਦਿਤਾ | ਭਾਈ ਪਰਮਜੀਤ ਸਿੰਘ ਪੰਮਾ ਨੇ ਇਕ ਵੀਡਿਉ ਸੰਦੇਸ਼ ਰਾਹੀਂ ਸਿੱਖ ਸੰਗਤ ਨੂੰ ਸੁਨੇਹਾ ਦਿਤਾ ਹੈ, ''ਮੈਨੂੰ ਪੁਰਤਗਾਲ ਵਿਚ ਹਿੰਦੁਸਤਾਨ ਸਰਕਾਰ ਦੇ ਕਹਿਣ 'ਤੇ ਫੜਿਆ ਗਿਆ ਹੈ | ਅਸੀਂ ਸਿੱਖ ਕਾਰਕੁਨ ਹਾਂ | ਸਿੱਖ ਅਤਿਵਾਦੀ ਨਹੀਂ | ਅਤਿਵਾਦੀ ਉਹ ਨਿਜ਼ਾਮ ਹੈ ਜਿਸ ਨੇ ਸਾਡੇ ਲੱਖਾਂ ਬੰਦੇ ਮਾਰੇ, ਸਾਡੇ ਲੱਖਾਂ ਵੀਰ-ਭੈਣ ਮਾਰੇ ਅਤੇ ਸਾਡੀਆਂ ਮਾਵਾਂ-ਭੈਣਾਂ ਦੀਆਂ ਇੱਜ਼ਤਾਂ ਮਧੋਲੀਆਂ | ਅਸੀਂ ਉਨ੍ਹਾਂ ਵਿਰੁਧ ਆਖ਼ਰੀ ਸਾਹਾਂ ਤਕ ਲੜਾਈ ਜਾਰੀ ਰੱਖਾਂਗੇ |'' ਜ਼ਿਕਰਯੋਗ ਹੈ ਕਿ ਭਾਈ ਪਰਮਜੀਤ ਸਿੰਘ ਪੰਮਾ ਬੀਤੇ ਦਿਨੀਂ ਅਪਣੀ ਪਤਨੀ ਤੇ ਚਾਰ ਬੱਚਿਆਂ ਸਮੇਤ ਛੁੱਟੀਆਂ ਮਨਾਉਣ ਪੁਰਤਗਾਲ ਆਇਆ ਸੀ | ਇੰਟਰਪੋਲ ਨੇ ਹਵਾਈ ਅੱਡੇ ਤੋਂ ਉਸ ਨੂੰ ਫੜਨ ਦੀ ਬਜਾਏ ਹੋਟਲ ਵਿਚੋਂ ਜਾ ਦੋਬਾਚਿਆ | 

ਇਸ ਘਟਨਾ ਦੀ ਸਿੱਖ ਸੰਗਤ ਵਲੋਂ ਨਿਖੇਧੀ ਕੀਤੀ ਜਾ ਰਹੀ ਹੈ | ਯਾਦ ਰਹੇ ਕਿ ਭਾਈ ਪੰਮਾ ਨੂੰ ਯੂ.ਕੇ ਵਿਚ ਰਾਜਸੀ ਸ਼ਰਨ ਮਿਲੀ ਹੋਈ ਹੈ ਅਤੇ ਯੂ.ਐਨ.ਓ ਵਲੋਂ ਜਾਰੀ ਪਾਸਪੋਰਟ 'ਤੇ ਉਹ ਭਾਰਤ ਨੂੰ ਛੱਡ ਕੇ ਕਿਸੇ ਵੀ ਦੇਸ਼ ਵਿਚ ਆਜ਼ਾਦੀ ਨਾਲ ਘੁੰਮ ਸਕਦਾ ਹੈ | ਭਾਈ ਪੰਮਾ ਦੇ ਵੱਡੇ ਭਰਾ ਭਾਈ ਪਰਮਿੰਦਰ ਸਿੰਘ ਰਾਜਾ ਬੌਸ ਨੂੰ ਪੰਜਾਬ ਪੁਲਿਸ ਵਲੋਂ ਇਕ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਦਿਤਾ ਗਿਆ ਸੀ |

ਭਾਈ ਪੰਮਾ ਤੇ ਯੂ.ਕੇ. ਦੇ ਇਕ ਹੋਰ ਸਿੱਖ ਨੌਜਵਾਨ ਅਵਤਾਰ ਸਿੰਘ ਖੰਡਾ ਨੂੰ ਵੀ ਭਾਰਤੀ ਪ੍ਰਧਾਨ ਮੰਤਰੀ ਵਲੋਂ ਖ਼ੁਦ ਬਰਤਾਨਵੀ ਪ੍ਰਧਾਨ ਮੰਤਰੀ ਡੈਵਿਡ ਕੈਮਰੂਨ ਨੂੰ ਮਿਲ ਕੇ ਭਾਰਤ ਹਵਾਲੇ ਕਰਨ ਦੀ ਮੰਗ ਕੀਤੀ ਗਈ ਸੀ | ਵਿਦੇਸ਼ੀ ਸਿੱਖਾਂ ਵਿਚ ਆਮ ਚਰਚਾ ਹੈ ਕਿ ਬਰਤਾਨਵੀ ਸਰਕਾਰ ਨੇ ਸਿੱਖਾਂ ਨਾਲ ਸਬੰਧ ਨਾ ਖ਼ਰਾਬ ਕਰ ਕੇ ਭਾਈ ਪੰਮਾ ਨੂੰ ਪੁਰਤਗਾਲ ਬਗ਼ੈਰ ਕਿਸੇ ਰੋਕ-ਟੋਕ ਤੋਂ ਜਾਣ ਦਿਤਾ ਜਿਸ ਦਾ ਬਰਤਾਨਵੀ ਸਰਕਾਰ ਨੂੰ ਸਿੱਧੇ ਅਸਿੱਧੇ ਢੰਗ ਵਰਤਣ ਕਰਨ ਸਿੱਖਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ |

ਪੁਰਤਗਾਲ ਮੀਡੀਆ ਨੇ ਭਾਈ ਪੰਮਾ ਦੇ ਹੱਕ ਵਿਚ ਮੁਹਿੰਮ ਵਿਢ ਦਿਤੀ ਹੈ ਜਿਸ ਤੋਂ ਭਾਈ ਪੰਮਾ ਨੂੰ ਵੱਡੀ ਰਾਹਤ ਮਿਲਣ ਦੀ ਆਸ ਪ੍ਰਗਟਾਈ ਜਾ ਰਹੀ ਹੈ | ਦੱਸਣਯੋਗ ਹੈ ਕਿ ਭਾਈ ਪੰਮਾ ਨੂੰ ਭਾਰਤ ਵਲੋਂ ਪਟਿਆਲਾ ਵਿਚ ਮਾਰੇ ਗਏ ਰਾਸਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਕਤਲ ਕੇਸ ਵਿਚ ਮਾਸਟਰ ਮਾਇੰਡ ਮੰਨਿਆ ਜਾ ਰਿਹਾ ਹੈ ਜਦਕਿ ਮਰਨ ਤੋਂ ਪਹਿਲਾਂ ਰੁਲਦਾ ਸਿੰਘ ਨੇ ਪੁਲਿਸ ਨੂੰ ਦਿਤੇ ਬਿਆਨ ਅਤੇ ਐਫ਼.ਆਈ.ਆਰ ਕੁੱਝ ਹੋਰ ਹੀ ਆਖ ਰਹੇ ਹਨ |


ਪੰਮੇ ਨੂੰ ਭਾਰਤ ਨਾ ਭੇਜਿਆ ਜਾਵੇ- ਪਰਿਵਾਰ ਨੇ ਪੁਰਤਗਾਲ ਨੂੰ ਲਿਖਿਆ 

ਚੰਡੀਗੜ੍ਹ- ਇੰਟਰਪੋਲ ਵੱਲੋਂ ਰਾਸ਼ਟਰੀ ਸਿੱਖ ਸੰਗਤ ਦੇ ਰੁਲਦਾ ਸਿੰਘ ਦੇ ਕਤਲ ਕੇਸ 'ਚ ਪੁਰਤਗਾਲ ਤੋਂ ਗ੍ਰਿਫ਼ਤਾਰ ਕੀਤੇ ਪਰਮਜੀਤ ਸਿੰਘ ਪੰਮਾ ਦੇ ਮਾਪਿਆਂ ਨੇ ਪੁਰਤਗਾਲ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਇਸ ਮਾਮਲੇ 'ਚ ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਜੇ ਉਸਨੂੰ ਅਦਾਲਤ ਵੱਲੋਂ ਭਾਰਤ ਭੇਜਣ ਦੇ ਹੁਕਮ ਦੇ ਦਿੱਤੇ ਗਏ ਤਾਂ ਇੱਥੋਂ ਦੀ ਪੰਜਾਬ ਪੁਲਿਸ ਹੋਰ ਨੌਜਵਾਨਾਂ ਵਾਂਗ ਉਸ 'ਤੇ ਵੀ ਤਸ਼ੱਦਦ ਕਰੇਗੀ, ਇਸ ਲਈ ਉਸਨੂੰ ਭਾਰਤ ਹਵਾਲੇ ਨਾ ਕੀਤਾ ਜਾਵੇ। 

ਮੁਹਾਲੀ ਦੇ ਫੇਸ-3ਬੀ-2 ਵਿਖੇ ਰਹਿਣ ਵਾਲੇ ਪੰਮੇ ਦੇ ਮਾਪਿਆਂ ਨੇ ਪੁਰਤਗਾਲ ਅਦਾਲਤ ਨੂੰ ਭੇਜੀ ਬੇਨਤੀ 'ਚ ਕਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ 12 ਅਗਸਤ 1999 ਨੂੰ ਭਾਰਤ ਛੱਡ ਦਿੱਤਾ ਸੀ ਤੇ ਉਹ ਇੰਗਲੈਂਡ ਚਲਾ ਗਿਆ ਸੀ। ਇੱਥੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਵਕੀਲ ਚੈਂਬਰ-5 ਵਿਚ ਚੋਣਵੇਂ ਮੀਡੀਆ ਨਾਲ ਗੱਲਬਾਤ ਦੌਰਾਨ ਪੰਮੇ ਦੇ ਪਿਤਾ ਅਮਰੀਕ ਸਿੰਘ, ਮਾਤਾ ਰਤਨ ਕੌਰ ਤੇ ਸਿੱਖ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਮੇ ਵੱਲੋਂ ਭਾਰਤ ਛੱਡਣ ਦਾ ਕਾਰਨ ਇਹ ਸੀ ਕਿ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਵੱਲੋਂ ਵਾਰ ਵਾਰ ਉਸਦੇ ਮਾਤਾ ਪਿਤਾ ਨੂੰ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ 'ਚ ਲੈ ਲਿਆ ਜਾਂਦਾ ਸੀ। 

ਰਤਨ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਵੀ ਪੁਲਿਸ ਅਧਿਕਾਰੀ ਸੁਮੇਧ ਸੈਣੀ ਵੱਲੋਂ ਕੀਤੇ ਤਸ਼ੱਦਦ ਦਾ ਸ਼ਿਕਾਰ ਹੈ, ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਉਰਫ਼ ਰਾਜਾ ਬੌਸ ਨੂੰ ਚੰਡੀਗੜ੍ਹ ਪੁਲਿਸ ਨੇ ਚੁੱਕ ਲਿਆ ਸੀ ਅਤੇ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪਰਮਜੀਤ ਸਿੰਘ ਪੰਮੇ ਨੂੰ ਇਹ ਡਰ ਸੀ ਕਿ ਉਸਨੂੰ ਵੀ ਉਸਦੇ ਭਰਾ ਵਾਂਗ ਮਾਰ ਦਿੱਤਾ ਜਾਵੇਗਾ ਅਤੇ ਉਸਦੇ ਪਿਤਾ ਅਤੇ ਮਾਤਾ ਨੂੰ ਪ੍ਰੇਸ਼ਾਨ ਕੀਤਾ ਜਾਵੇਗਾ, ਜਿਸਦੇ ਚੱਲਦਿਆਂ 1999 'ਚ ਉਹ ਇੰਗਲੈਂਡ ਜਾ ਵਸਿਆ ਸੀ ਤੇ ਪਿਛਲੇ ਦਿਨੀਂ ਉਹ ਆਪਣੀ ਪਤਨੀ ਨਾਲ ਪੁਰਤਗਾਲ ਘੁੰਮਣ ਗਿਆ ਸੀ, ਜਿੱਥੇ ਇੰਟਰਪੋਲ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ। 

ਚੀਮਾ ਨੇ ਦੱਸਿਆ ਕਿ ਰੁਲਦਾ ਸਿੰਘ ਕੇਸ 'ਚ ਪੰਜਾਬ ਪੁਲਿਸ ਨੇ ਜਿਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ, ਉਹ ਸਭ ਨਿਰਦੋਸ਼ ਸਾਬਿਤ ਹੋਏ ਹਨ ਤੇ ਬਾਅਦ ਵਿਚ ਜਗਤਾਰ ਸਿੰਘ ਤਾਰੇ ਨੂੰ ਵੀ ਇਸੇ ਦੋਸ਼ 'ਚ ਫੜਿਆ ਗਿਆ, ਜਿਸ ਖਿਲਾਫ਼ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ। ਉਨ੍ਹਾਂ ਦੱਸਿਆ ਕਿ ਪੰਮੇ ਦੀ ਗ੍ਰਿਫ਼ਤਾਰੀ ਬਾਰੇ ਉਨ੍ਹਾਂ ਨੇ ਇੰਗਲੈਂਡ 'ਚ ਵੀ ਵਕੀਲ ਨਾਲ ਸੰਪਰਕ ਕੀਤਾ ਹੈ ਤੇ ਉਹ ਵਕੀਲ ਪੁਰਤਗਾਲ ਅਦਾਲਤ 'ਚ ਪੰਮੇ ਦੇ ਕੇਸ ਦੀ ਪੈਰਵੀ ਕਰਨ ਲਈ ਰਵਾਨਾ ਹੋ ਗਿਆ ਹੈ। 




Archive

RECENT STORIES