Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

29 ਵਿਦੇਸ਼ੀ ਲਾੜੇ ਐਨ ਆਰ ਆਈ ਕਮਿਸ਼ਨ ਨੇ ਭਗੌੜੇ ਕਰਾਰ ਦਿੱਤੇ - ਪਾਸਪੋਰਟ ਜ਼ਬਤ ਕਰਨ ਦੇ ਹੁਕਮ

Posted on May 29th, 2013

ਚੰਡੀਗੜ੍ਹ- ਪੰਜਾਬ ਦੀਆਂ ਕੁੜੀਆਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਅਤੇ ਉਨ੍ਹਾਂ ਨਾਲ ਵਿਆਹ ਕਰਨ ਤੋਂ ਬਾਅਦ ਇਥੇ ਹੀ ਛੱਡ ਜਾਣ ਵਾਲੇ ਵਿਦੇਸ਼ੀ ਲਾੜਿਆਂ ਖਿਲਾਫ ਐਨ ਆਰ ਆਈ ਕਮਿਸ਼ਨ ਨੇ ਸਖਤ ਰੁਖ਼ ਅਪਣਾ ਲਿਆ ਹੈ। ਇਸੇ ਤਹਿਤ ਕੱਲ੍ਹ ਐਨ ਆਰ ਆਈ ਕਮਿਸ਼ਨ ਨੇ ਪੀੜਤ ਲੜਕੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਮੁਹਿੰਮ ਛੇੜ ਦਿੱਤੀ ਹੈ।

ਕਮਿਸ਼ਨ ਨੇ ਆਪਣੇ ਕੋਲ ਆਏ ਪੀੜਤ ਲੜਕੀਆਂ ਦੇ ਕੇਸ ਵਿੱਚ ਕਾਰਵਾਈ ਕਰਦੇ ਹੋਏ ਵੱਖ-ਵੱਖ ਦੇਸ਼ਾਂ ਅਮਰੀਕਾ, ਕੈਨੇਡਾ, ਇੰਗਲੈਂਡ ਆਦਿ ‘ਚ ਰਹਿੰਦੇ 29 ਧੋਖੇਬਾਜ਼ ਵਿਦੇਸ਼ੀ ਲਾੜਿਆਂ ਦੇ ਪਾਸਪੋਰਟ ਜ਼ਬਤ ਕਰਕੇ ਕੇਸ ਦਰਜ ਕਰਨ ਦੀ ਕੇਂਦਰ ਸਰਕਾਰ ਦੇ ਵਿਦੇਸ਼ ਤੇ ਓਵਰਸੀਜ਼ ਮੰਤਰਾਲੇ ਨੂੰ ਸਿਫਾਰਸ਼ ਭੇਜੀ ਹੈ। ਇਨ੍ਹਾਂ ਲਾੜਿਆਂ ‘ਚ ਜਲੰਧਰ, ਮੋਗਾ, ਲੁਧਿਆਣਾ, ਜਗਰਾਓਂ, ਬਠਿੰਡਾ ਅਤੇ ਹੁਸ਼ਿਆਰਪੁਰ ਜ਼ਿਲਿਆਂ ਵਿੱਚੋਂ ਜ਼ਿਆਦਾ ਗਿਣਤੀ ਵਿੱਚ ਹਨ।

ਇਸ ਸਬੰਧੀ ਕਮਿਸ਼ਨ ਦੇ ਚੇਅਰਮੈਨ ਜਸਟਿਸ (ਰਿਟਾਇਰਡ) ਅਰਵਿੰਦ ਕੁਮਾਰ ਨੇ ਦੱਸਿਆ ਕਿ ਕਮਿਸ਼ਨ ਕੋਲ ਸਭ ਤੋਂ ਵੱਧ ਸ਼ਿਕਾਇਤਾਂ ਐਨ ਆਰ ਆਈ ਲਾੜਿਆਂ, ਇੰਮੀਗ੍ਰੇਸ਼ਨ ਅਤੇ ਐਨ ਆਰ ਆਈਜ਼ ਦੀਆਂ ਜਾਇਦਾਦਾਂ ‘ਤੇ ਨਾਜਾਇਜ਼ ਕਬਜ਼ਿਆਂ ਬਾਰੇ ਆਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਐਨ ਆਰ ਆਈਜ਼ ਲਾੜਿਆਂ ਦੇ ਵਿਆਹਾਂ ਬਾਰੇ ਮਾਮਲਿਆਂ ‘ਚ ਸਾਡੀ ਸਭ ਤੋਂ ਪਹਿਲੀ ਕੋਸ਼ਿਸ਼ ਹੁੰਦੀ ਹੈ ਕਿ ਦੋਵੇਂ ਧਿਰਾਂ ਵਿਚਕਾਰ ਸਮਝੌਤੇ ਰਾਹੀਂ ਮਾਮਲਾ ਹੱਲ ਕਰਵਾ ਲਿਆ ਜਾਵੇ, ਪਰ ਜੇ ਵਿਦੇਸ਼ਾਂ ‘ਚ ਰਹਿੰਦੇ ਐਨ ਆਰ ਆਈ ਲਾੜਿਆਂ ਵਲੋਂ ਕੋਈ ਪਹਿਲ ਕਦਮੀ ਜਾਂ ਰਾਜ਼ੀਨਾਮਾ ਨਹੀਂ ਕੀਤਾ ਜਾਂਦਾ ਤਾਂ ਫਿਰ ਕਮਿਸ਼ਨ ਪੀੜਤ ਲੜਕੀਆਂ ਨੂੰ ਇਨਸਾਫ ਦਿਵਾਉਣ ਲਈ ਅੱਗੇ ਕਾਰਵਾਈ ਕਰਦਾ ਹੈ।

ਇਕ ਸਵਾਲ ਦੇ ਜਵਾਬ ਵਿੱਚ ਜਸਟਿਸ ਅਰਵਿੰਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਜਾਂਚ ਤੋਂ ਬਾਅਦ ਧੋਖੇਬਾਜ਼ 29 ਐਨ ਆਰ ਆਈ ਲਾੜਿਆਂ ਨੂੰ ਡੀਪੋਰਟ ਕਰਨ ਲਈ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ, ਐਬੰਸੀਆਂ ਤੇ ਇੰਮੀਗ੍ਰੇਸ਼ਨ ਵਿਭਾਗ ਨੂੰ ਲਿਖੇ ਪੱਤਰਾਂ ਰਾਹੀਂ ਵਿਦੇਸ਼ ਤੇ ਓਵਰਸੀਜ਼ ਮੰਤਰਾਲੇ ਰਾਹੀਂ ਇਨ੍ਹਾਂ ਲਾੜਿਆਂ ਨੂੰ ਡੀਪੋਰਟ ਕਰਕੇ ਪੰਜਾਬ ਭੇਜਣ ਲਈ ਕਿਹਾ ਹੈ ਤਾਂ ਕਿ ਪੀੜਤ ਪਰਿਵਾਰਾਂ ਤੇ ਲੜਕੀਆਂ ਨੂੰ ਇਨਸਾਫ ਮਿਲ ਸਕੇ। ਜਸਟਿਸ ਕੁਮਾਰ ਨੇ ਦੱਸਿਆ ਕਿ ਉਹ ਐਨ ਆਰ ਆਈ ਕਮਿਸ਼ਨ ਪੰਜਾਬ ਵਲੋਂ ਜਲਦੀ ਹੀ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਆਸਟਰੇਲੀਆ ਆਦਿ, ਜਿਹੜੇ ਦੇਸ਼ਾਂ ਵਿੱਚ ਪੰਜਾਬੀ ਵੱਸਦੇ ਹਨ, ਦੇ ਦੌਰੇ ਉਤੇ ਜਾ ਰਹੇ ਹਨ। ਉਨ੍ਹਾਂ ਦੇ ਇਸ ਦੌਰੇ ਦਾ ਮਕਸਦ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦਾ ਹੱਲ ਕੱਢਣਾ ਹੋਵੇਗਾ।



Archive

RECENT STORIES