Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੱਟੇਬਾਜ਼ੀ ਵਿੱਚ ਸਿ਼ਵ ਸੈਨਾ ਨੇਤਾ ਤਾਂਗੜੀ ਸਮੇਤ ਤਿੰਨ ਜਣੇ ਗ੍ਰਿਫਤਾਰ

Posted on May 29th, 2013

ਲੁਧਿਆਣਾ- ਆਈ ਪੀ ਐਲ-6 ਵਿੱਚ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਦਰਮਿਆਨ ਫਾਈਨਲ ਮੁਕਾਬਲੇ ਵਿੱਚ ਸੱਟੇਬਾਜ਼ੀ ਕਰਨ ਦੇ ਦੋਸ਼ ਵਿੱਚ ਅਖਿਲ ਭਾਰਤੀ ਸ਼ਿਵਸੈਨਾ ਦੇ ਪ੍ਰਧਾਨ ਜਗਦੀਸ਼ ਤਾਂਗੜੀ ਦੇ ਭਤੀਜੇ ਅਰੁਣ ਤਾਂਗੜੀ ਉਰਫ ਪਿੰਕੂ ਸਮੇਤ ਤਿੰਨ ਜਣਿਆਂ ਨੂੰ ਸੀ ਆਈ ਏ ਸਟਾਫ-1 ਨੇ ਗ੍ਰਿਫਤਾਰ ਕੀਤਾ ਹੈ। ਇਸ ਗਿਰੋਹ ਦਾ ਸਰਗਨਾ ਮੌਕੇ ‘ਤੋਂ ਫਰਾਰ ਹੋ ਗਿਆ। ਗ੍ਰਿਫਤਾਰ ਦੋਸ਼ੀਆਂ ਵਿੱਚ ਹੋਟਲ ਦਾ ਮੈਨੇਜ਼ਰ ਵੀ ਸ਼ਾਮਲ ਹੈ। ਇੱਕ ਅਖਬਾਰ ਨੇ ਇਸ ਤਰ੍ਹਾਂ ਦੀ ਸੱਟੇਬਾਜ਼ੀ ਦਾ ਖੁਲਾਸਾ ਪਹਿਲਾਂ ਹੀ ਕਰ ਦਿੱਤਾ ਸੀ। ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ‘ਚੋਂ ਨੌਂ ਮੋਬਾਈਲ ਫੋਨ, ਟੀ ਵੀ ਸੈਟ, ਟੀ ਵੀ ਸੈਟ ਟਾਪ ਬਾਕਸ, ਇੱਕ ਜੰਕਸ਼ਨ ਬਾਕਸ, ਅੱਠ ਡਾਇਰੀਆਂ ਅਤੇ 11 ਹਜ਼ਾਰ ਰੁਪਏ ਬਰਾਮਦ ਕੀਤੇ ਹਨ।

ਏ ਸੀ ਪੀ ਕਰਾਈਮ ਧਰੂਮਨ ਨਿੰਬਲੇ ਨੇ ਦੱਸਿਆ ਕਿ ਸੀ ਆਈ ਏ-1 ਸਟਾਫ ਦੇ ਇੰਚਾਰਜ ਹਰਪਾਲ ਸਿੰਘ ਨੇ ਬੀਤੀ ਰਾਤ ਪੁਲਸ ਪਾਰਟੀ ਸਮੇਤ ਘੰਟਾਘਰ ਸਥਿਤ ਹੋਟਲ ਸੂਰਿਆ ਦੇ ਕਮਰਾ ਨੰਬਰ 307 ਵਿੱਚ ਛਾਪੇਮਾਰੀ ਕਰ ਕੇ ਅਰੁਣ ਤਾਂਗੜੀ ਸਮੇਤ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਿਰੋਹ ਦਾ ਸਰਗਨਾ ਹੈਬੋਵਾਲ ਵਾਸੀ ਵਿਪਨ ਸਚਦੇਵਾ ਉਰਫ ਗੋਲਡੀ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੂੰ ਦੋ ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਮਨੋਹਰ ਨਗਰ ਵਾਸੀ ਰਾਜਿੰਦਰ ਕੁਮਾਰ ਉਰਫ ਵਿੱਕੀ ਅਤੇ ਹੋਟਲ ਮੈਨੇਜਰ ਪਿੰਡ ਬਾਂਸੀ ਵਾਸੀ ਜਸਪਾਲ ਰਾਵਤ ਦੇ ਰੂਪ ਵਿੱਚ ਹੋਈ ਹੈ। ਏ ਸੀ ਪੀ ਨਿੰਬਲੇ ਮੁਤਾਬਕ ਦੋਸ਼ੀ ਆਈ ਪੀ ਐਲ-6 ਦੇ ਮੈਚਾਂ ਨੂੰ ਲੈ ਕੇ ਸੱਟੇਬਾਜ਼ੀ ਕਰਦੇ ਸਨ। ਹੋਟਲ ਮੈਨੇਜਰ ਰਾਵਤ ਨੇ ਮੈਚਾਂ ਦੇ ਦਿਨਾਂ ਵਿੱਚ 20 ਤੋਂ 22 ਵਾਰ ਰਾਜਿੰਦਰ ਦੇ ਨਾਮ ‘ਤੇ ਹੋਟਲ ਦਾ ਕਮਰਾ ਬੁੱਕ ਕੀਤਾ ਸੀ। ਤਾਂਗੜੀ, ਗੋਲਡੀ ਅਤੇ ਰਾਜਿੰਦਰ ਹੋਟਲ ਦੇ ਕਮਰੇ ਵਿੱਚ ਬੈਠ ਕੇ ਸੱਟੇਬਾਜ਼ੀ ਕਰਦੇ ਸਨ। ਇਸ ਦੌਰਾਨ ਸਾਰੇ ਦੋਸ਼ੀ ਨੌਂ ਮੋਬਾਈਲ ਫੋਨ ‘ਤੇ ਗ੍ਰਾਹਕਾਂ ਦੀਆਂ ਸ਼ਰਤਾਂ ਕਿਤਾਬਾਂ ਵਿੱਚ ਲਿਖਦੇ ਸਨ ਅਤੇ ਉਸ ਦੇ ਬਾਅਦ ਲੱਖਾਂ ਦਾ ਧੰਦਾ ਕਰਦੇ ਸਨ।



Archive

RECENT STORIES