Posted on March 20th, 2016

ਗੁਰਤੇਜ ਸਿੰਘ ਠੀਕਰੀਵਾਲਾ (ਡਾ.)
ਸਹਿਜਧਾਰੀਆਂ ਨੂੰ ਸਿੱਖ ਸੰਸਥਾਵਾਂ ਵਿੱਚ ਵੋਟ ਦਾ ਹੱਕ ਨਾ ਦੇਣ ਸਬੰਧੀ ਗੁਰਦੁਆਰਾ ਐਕਟ ਵਿੱਚ ਤਰਮੀਮ ਦਾ ਬਿਲ ਰਾਜ ਸਭਾ ਵਿੱਚ ਪਾਸ ਹੋਣ 'ਤੇ ਜਿੱਥੇ ਵੱਡੀ ਗਿਣਤੀ ਵਿੱਚ ਸਿੱਖ ਨੁਮਾਇੰਦਿਆਂ ਨੇ ਇਸ ਦੀ ਸ਼ਲਾਘਾ ਕੀਤੀ ਹੈ, ਉੱਥੇ ਕੁਝ ਆਗੂਆਂ ਨੇ ਇਸ ਦੀ ਨੁਕਤਚੀਨੀ ਵੀ ਕੀਤੀ ਹੈ। ਸਿੱਖ ਧਰਮ ਤੇ ਸਿੱਖ ਇਤਿਹਾਸ ਦੀ ਰੌਸ਼ਨੀ ਵਿੱਚ ਇਸ ਮੁੱਦੇ ਦੀ ਪੜਚੋਲ ਸਿੱਖ ਦੀ ਪਰਿਭਾਸ਼ਾ, ਪਛਾਣ, ਹੋਂਦ ਤੇ ਹੈਸੀਅਤ ਨਾਲ ਜੋੜ ਕੇ ਹੀ ਕੀਤੀ ਜਾ ਸਕਦੀ ਹੈ।
ਸਿੱਖ ਦਾਰਸ਼ਨਿਕ ਪ੍ਰਸੰਗ ਵਿੱਚ 'ਸਹਿਜ' ਪਦ ਉੱਤਮ 'ਆਤਮਿਕ ਅਵਸਥਾ' ਦਾ ਲਖਾਇਕ ਹੈ। ਇੱਥੇ 'ਸਹਿਜਧਾਰੀ' ਦੇ ਕੋਸ਼ਗਤ ਅਰਥ ਹਨ 'ਸੌਖੀ ਰੀਤ ਅੰਗੀਕਾਰ ਕਰਨ ਵਾਲਾ'। ਸਿੱਖਾਂ ਦਾ ਇੱਕ ਅੰਗ ਜੋ ਰਹਿਤ ਨਹੀਂ ਰੱਖਦਾ ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਧਰਮ ਗ੍ਰੰਥ ਨੂੰ ਨਹੀਂ ਮੰਨਦਾ, ਉਹ ਸਹਿਜਧਾਰੀ ਹੈ। ਅਜੋਕੇ ਦੌਰ ਵਿੱਚ ਸਹਿਜਧਾਰੀ ਹੋਣ ਦਾ ਦਾਅਵਾ ਕਰਨ ਵਾਲਿਆਂ ਨੇ 'ਸਿੱਖ ਗੁਰਦੁਆਰਾ ਐਕਟ' ਵਿੱਚ ਸਹਿਜਧਾਰੀ ਦੀ ਵਿਵਸਥਾ ਹੋਣ ਅਤੇ ਵੋਟ ਦਾ ਹੱਕ ਪ੍ਰਾਪਤ ਹੋਣ ਦਾ ਵੱਡਾ ਤਰਕ ਦਿੰਦਿਆਂ ਸ਼੍ਰੋਮਣੀ ਕਮੇਟੀ ਵਿੱਚ ਵੋਟ ਪਾਉਣ ਦਾ 2004 ਤਕ ਪ੍ਰਚੱਲਤ ਹੱਕ ਜਾਰੀ ਰੱਖਣ ਦੀ ਮੰਗ ਕੀਤੀ ਹੈ।
ਸਿੱਖ ਪੰਥ ਦੀ ਨੁਮਾਇੰਦਾ ਜਮਾਤ ਐੱਸ ਜੀ ਪੀ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਵਿੱਚ ਸਹਿਜਧਾਰੀਆਂ ਨੂੰ ਵੋਟ ਦੇ ਹੱਕ ਦੀ ਵਿਵਸਥਾ ਨਾ ਹੋਣ ਸੰਬੰਧੀ ਲਗਾਤਾਰ ਜੱਦੋਜਹਿਦ ਜਾਰੀ ਰੱਖੀ ਹੈ। ਅਕਾਲੀ ਲਹਿਰ ਦੇ ਲੰਮੇ ਸੰਘਰਸ਼ ਮਗਰੋਂ ਅੰਗਰੇਜ਼ ਸਰਕਾਰ ਦੁਆਰਾ 1 ਨਵੰਬਰ 1925 ਨੂੰ ਗੁਰਦੁਆਰਾ ਐਕਟ ਵਿੱਚ ਸਹਿਜਧਾਰੀਆਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਵੋਟ ਦਾ ਅਧਿਕਾਰ ਦਿੱਤਾ ਗਿਆ ਸੀ ਜਿਸ ਕਰਕੇ ਇਸ ਐਕਟ ਦਾ ਸਿੱਖਾਂ ਲਈ ਨਾ ਹੋਣ ਦਾ ਪ੍ਰਾਪੇਗੰਡਾ ਅਖ਼ੀਰ ਤਕ ਹੁੰਦਾ ਰਿਹਾ। ਇਸ ਦਾ ਮੁੱਖ ਮੰਤਵ ਸਿੱਖ ਧਰਮ ਸਥਾਨਾਂ ਦਾ ਵਧੇਰੇ ਚੰਗਾ ਪ੍ਰਬੰਧ ਕਰਨਾ, ਉਨ੍ਹਾਂ ਸਬੰਧੀ ਮਾਮਲਿਆਂ ਦੀ ਪੜਤਾਲ ਕਰਨਾ ਅਤੇ ਹੱਲ ਕਰਨ ਦਾ ਕਾਨੂੰਨੀ ਬਾਨਣੂੰ ਬੰਨਣਾ ਸੀ। ਉਕਤ ਪ੍ਰਬੰਧ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਨਿਯੰਤ੍ਰਿਤ ਕਰਨਾ ਸੀ। ਜਦੋਂ ਇਸ ਐਕਟ 'ਤੇ ਚਰਚਾ ਹੋਈ, ਉਦੋਂ ਤੋਂ ਹੀ ਇਸ ਵਿੱਚ ਦਿੱਤੀ ਸਿੱਖ ਦੀ ਪਰਿਭਾਸ਼ਾ ਨੂੰ ਵਧੇਰੇ ਸਪੱਸ਼ਟ ਕਰਨ ਹਿਤ ਇਸ ਵਿੱਚ ਸਿੱਖ ਦੇ 'ਪਤਿਤ' ਨਾ ਹੋਣ ਦੀ ਵਿਵਸਥਾ ਕਰਨ ਦੀ ਜ਼ੋਰਦਾਰ ਮੰਗ ਉੱਠੀ ਸੀ। ਉਸ ਤੋਂ ਬਾਅਦ ਸਹਿਜਧਾਰੀ ਸਿੱਖਾਂ ਦੀ ਗਿਣਤੀ ਘਟਣ ਕਾਰਨ ਅਤੇ ਇਸ ਐਕਟ ਵਿੱਚ ਹੋਈਆਂ ਤਰਮੀਮਾਂ ਨਾਲ ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਅਤੇ ਉਨ੍ਹਾਂ ਦੇ ਇਸ ਅਧਿਕਾਰ ਪ੍ਰਤਿ ਅਨਿਸ਼ਚਿਤਤਾ ਬਣੀ ਰਹੀ ਹੈ।
ਸਹਿਜਧਾਰੀਆਂ ਅਤੇ ਪਤਿਤਾਂ ਸਬੰਧੀ ਤਰਮੀਮ ਕਰਨ ਦੀ ਮੰਗ ਨਵੀਂ ਨਹੀਂ ਹੈ। ਮਈ 1925 ਵਿੱਚ ਜਦੋਂ ਹਾਲੇ ਗੁਰਦੁਆਰਾ ਐਕਟ ਦਾ ਖਰੜਾ ਹੀ ਤਿਆਰ ਹੋਇਆ ਸੀ, ਤਾਂ ਉੱਘੇ ਵਕੀਲ ਸ. ਮਾਨ ਸਿੰਘ ਹਾਈਕੋਰਟ ਲਾਹੌਰ ਨੇ ਸਿੱਖ ਗੁਰਦੁਆਰਾ ਐਕਟ ਵਿੱਚ ਸਿੱਖ ਦੀ ਸਪੱਸ਼ਟ ਪਰਿਭਾਸ਼ਾ ਨਾ ਹੋਣ 'ਤੇ ਮੰਗ ਕੀਤੀ ਸੀ ਕਿ ਇਸ ਵਿੱਚ ਇਹ ਵਿਵਸਥਾ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹ ਪਤਿਤ ਨਾ ਹੋਵੇ। ਕਿਉਂਕਿ 'ਪਤਿਤ' ਨੂੰ ਗੁਰਦੁਆਰਿਆਂ ਦੇ ਪ੍ਰਬੰਧਕੀ ਬੋਰਡ ਦੀ ਚੋਣ ਵਿੱਚ ਰਾਇ ਦੇਣ ਦਾ ਅਧਿਕਾਰ ਤਾਂ ਕਿਤੇ ਰਿਹਾ, ਉਸ ਦੀ ਅਰਦਾਸ ਵੀ ਗੁਰਦੁਆਰਿਆਂ ਵਿੱਚ ਨਹੀਂ ਹੁੰਦੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 'ਪਤਿਤ' ਸਿੱਖ ਵੋਟਰ ਨਹੀਂ ਹੋਣਾ ਚਾਹੀਦਾ ਅਤੇ ਪਤਿਤ ਨੂੰ ਕਿਸੇ ਤਰ੍ਹਾਂ ਵੀ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਰਾਇ ਦੇਣ ਦਾ ਹੱਕ ਦੇਣਾ ਸਿੱਖ ਮਤ ਦੇ ਅਸੂਲਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਨੇ ਐਕਟ ਦੀ ਦਫ਼ਾ 132 ਉਪ ਅੰਕ 1 (ੲ) ਦੇ ਨਿਯਮ ਕਿ ਕੇਵਲ ਸਹਿਜਧਾਰੀ ਹੋਣ ਕਾਰਨ ਕਿਸੇ 'ਤੇ ਕੋਈ ਮੈਂਬਰ ਜਾਂ ਉਮੀਦਵਾਰ ਹੋਣ ਲਈ ਅਯੋਗਤਾ ਦੀ ਸ਼ਰਤ ਨਹੀਂ ਲਾਈ ਜਾਵੇਗੀ; ਨੂੰ ਖਤਮ ਕਰਨ ਦੀ ਮੰਗ ਕਰਦਿਆਂ ਇਸ ਨੂੰ ਸਿੱਖ ਪੰਥ ਲਈ ਨੁਕਸਾਨਦੇਹ ਦੱਸਿਆ ਕਿਉਂਕਿ ਇਸ ਨਾਲ ਕਿਸੇ ਦਾ ਵੀ ਸਹਿਜਧਾਰੀ ਅਖਵਾਉਣ ਦਾ ਖਦਸ਼ਾ ਬਣ ਸਕਦਾ ਹੈ।
ਦੂਸਰਾ ਨੁਕਤਾ ਇਹ ਹੈ ਕਿ ਗੁਰਦੁਆਰਾ ਐਕਟ ਤੋਂ ਪਹਿਲਾਂ ਚੀਫ਼ ਖਾਲਸਾ ਦੀਵਾਨ ਵੱਲੋਂ ਤਿਆਰ ਕੀਤੀ 'ਸਿੱਖ ਸੰਸਕਾਰ ਵਿਧੀ' ਵਿੱਚ ਸਿਰਫ਼ 'ਇਹ ਵਿਧੀ ਸਭ ਸਿੱਖਾਂ (ਸਹਿਜਧਾਰੀ ਤੇ ਅੰਮ੍ਰਿਤਧਾਰੀ) ਵਾਸਤੇ ਹੈ' ਦੇ ਸ਼ਬਦ ਹੀ ਅੰਕਿਤ ਹਨ। ਲੇਕਿਨ ਸਿੱਖ ਪੰਥ ਦੇ ਪ੍ਰੌਢ ਵਿਦਵਾਨਾਂ ਅਤੇ ਪੰਥਕ ਜਥਿਆਂ ਦੀ ਘਾਲਣਾ ਨਾਲ ਸੋਧ ਕੇ ਤਿਆਰ ਕੀਤੀ 'ਸਿੱਖ ਰਹਿਤ ਮਰਯਾਦਾ' ਵਿੱਚ ਸਹਿਜਧਾਰੀ ਸਿੱਖ ਦੀ ਕੋਈ ਵਿਵਸਥਾ ਨਹੀਂ ; ਕੇਵਲ ਸਿੱਖ ਦੀ ਪ੍ਰੀਭਾਸ਼ਾ ਇਹ ਦਿੱਤੀ 'ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਸਿੱਖ ਹੈ।'
ਸਿੱਖ ਗ੍ਰੰਥਾਂ, ਰਹਿਤਨਾਮਿਆਂ ਅਤੇ ਇਤਿਹਾਸ ਵਿੱਚ ਸਹਿਜਧਾਰੀ ਸਿੱਖ ਦੇ ਸਹਿਜੇ-ਸਹਿਜੇ ਸਿੱਖ ਧਰਮ ਦੀ ਮਰਯਾਦਾ ਧਾਰਨ ਕਰਨ ਦਾ ਜ਼ਿਕਰ ਆਉਂਦਾ ਹੈ। ਸਾਬਤ-ਸੂਰਤ ਹੋਣਾ ਅਤੇ ਅੰਮ੍ਰਿਤ ਛਕਣਾ ਇਨ੍ਹਾਂ ਦੀ ਇੱਛਾ 'ਤੇ ਨਿਰਭਰ ਸੀ। ਉਹ ਗੁਰੂ ਗ੍ਰੰਥ ਸਾਹਿਬ ਵਿੱਚ ਪੂਰਨ ਸ਼ਰਧਾ ਅਤੇ ਆਪਣੇ ਸਾਰੇ ਸੰਸਕਾਰ ਗੁਰਮਤਿ ਅਨੁਸਾਰ ਕਰਦਾ ਸੀ। ਜਿਹੜੀ ਇਹ ਆਪਣੇ ਜੀਵਨ ਕਾਲ ਦੌਰਾਨ ਆਪਣੀ ਸੰਤਾਨ ਵੱਲੋਂ ਪੂਰੀ ਕਰਨ ਦੀ ਆਸ ਜ਼ਰੂਰ ਰੱਖਦੇ ਸਨ। ਜਿਨ੍ਹਾਂ ਨੇ ਖੰਡੇ ਦੀ ਪਾਹੁਲ ਪ੍ਰਾਪਤ ਕਰ ਲਈ ਸੀ, ਉਹ ਖ਼ਾਲਸਾ ਸਜ ਗਏ ਅਤੇ ਜਿਹੜੇ ਖੰਡੇ ਦੀ ਪਾਹੁਲ ਨਹੀਂ ਛਕ ਸਕੇ, ਉਹ ਸਹਿਜਧਾਰੀ ਸਿੱਖ ਅਖਵਾਏ ਅਰਥਾਤ ਇਹ ਸਿੱਖ ਕਿਸੇ ਸਮੇਂ ਫਿਰ ਖੰਡੇ ਦੀ ਪਾਹੁਲ ਲੈ ਕੇ ਖ਼ਾਲਸਾ ਸਜ ਜਾਣਗੇ।
'ਸਹਿਜਧਾਰੀ' ਪਦ ਪਹਿਲੇ ਨੌਂ ਗੁਰੂ ਸਾਹਿਬਾਨ ਵੇਲੇ ਕਿਤੇ ਨਹੀਂ ਮਿਲਦਾ, ਉਸ ਵੇਲੇ ਸਿੱਖ ਕੇਵਲ 'ਸਿੱਖ' ਹੀ ਸਦਵਾਉਂਦੇ ਸਨ। 'ਸਹਿਜਧਾਰੀ' ਪਦ ਦਸਮ ਪਾਤਸ਼ਾਹ ਜੀ ਦੇ ਵੇਲੇ ਹੋਂਦ ਵਿੱਚ ਆਇਆ। ਇੱਕ ਰਵਾਇਤ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਸਿੱਖਾਂ ਨੂੰ ਖੰਡੇ ਦੀ ਪਾਹੁਲ ਲੈ ਕੇ ਸਿੰਘ ਸਜ ਜਾਣ ਦੀ ਆਗਿਆ ਕੀਤੀ ਤਾਂ ਇਨ੍ਹਾਂ ਨੇ ਬੇਨਤੀ ਕੀਤੀ ਕਿ ਅਸੀਂ ਅਜੇ ਇਹ ਕਠਿਨ ਮਰਯਾਦਾ ਨਿਭਾਉਣ ਦੇ ਸਮਰੱਥ ਨਹੀਂ ਹਾਂ, ਪਰ ਸਹਿਜੇ-ਸਹਿਜੇ ਧਾਰਨ ਕਰ ਲਵਾਂਗੇ। ਉਹ ਉਸ ਵੇਲੇ 'ਸਹਿਜਧਾਰੀ' ਅਖਵਾਏ। ਇਸ ਦੇ ਦੋ ਕਾਰਨ ਹੋਰ ਦਰਸਾਏ ਜਾਂਦੇ ਹਨ। ਇੱਕ ਤਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਥਾਪਿਤ ਵਿਧੀ ਰਾਹੀਂ ਇੱਕੋ ਸਮੇਂ ਦੂਰ-ਦੁਰਾਡੇ ਸਾਰੇ ਦੇ ਸਾਰੇ ਸਿੱਖਾਂ ਨੂੰ ਖੰਡੇ ਦੀ ਪਾਹੁਲ ਛਕਾਉਣੀ ਸੰਭਵ ਨਹੀਂ ਸੀ। ਦੂਸਰਾ, ਪਿੱਛੋਂ ਛੇਤੀ ਹੀ ਸਿੱਖਾਂ ਅਤੇ ਸ਼ਾਸਕ ਜਮਾਤ ਵਿੱਚ ਝਗੜਾ ਉਤਪੰਨ ਹੋ ਗਿਆ ਸੀ ਅਤੇ ਖੰਡੇ ਦੀ ਪਾਹੁਲ ਤਿਆਰ ਕਰਨਾ ਅਤੇ ਪ੍ਰਾਪਤ ਕਰਨਾ ਮੌਤ ਨੂੰ ਸੱਦਾ ਦੇਣਾ ਸੀ। ਇਸ ਸਮੇਂ ਸਹਿਜਧਾਰੀ ਸਿੱਖਾਂ ਨੇ ਹੀ ਗੁਰਧਾਮਾਂ ਦੀ ਸੇਵਾ-ਸੰਭਾਲ ਦਾ ਕਾਰਜ ਤਨਦੇਹੀ ਨਾਲ ਸੰਭਾਲਿਆ ਸੀ। ਉਸ ਵੇਲੇ ਸਿਖ 'ਰਹਿਤਧਾਰੀ' ਜਾਂ 'ਸਹਿਜਧਾਰੀ' ਸਨ।
ਉਕਤ ਤੋਂ ਇਹ ਸਿੱਧ ਹੁੰਦਾ ਹੈ ਕਿ ਸਹਿਜਧਾਰੀ, ਸਿੱਖ ਜਾਂ ਸਿੱਖੀ ਤੇ ਸਿੱਖ ਧਰਮ ਦਾ ਸਥਾਈ ਅੰਗ ਨਹੀਂ। ਦੂਸਰਾ ਇਹ ਕਿ ਸਹਿਜਧਾਰੀ, ਸਿੱਖ ਧਰਮ ਅਤੇ ਮਰਯਾਦਾ ਵਿੱਚ ਸ਼ਰਧਾ ਰੱਖਣ ਵਾਲੇ ਗ਼ੈਰ-ਸਿੱਖਾਂ ਨੂੰ ਪ੍ਰਾਪਤ ਇੱਕ ਸਨਮਾਨਜਨਕ ਲਕਬ ਹੈ। ਇਨ੍ਹਾਂ ਦੀ ਗੁਰਮਤਿ ਵਿਚਾਰਧਾਰਾ ਪ੍ਰਤਿ ਵਚਨਬਧਤਾ ਕਿਸੇ ਪੱਖੋਂ ਊਣੀ ਨਹੀਂ ਸੀ। ਜਦੋਂ 1905 ਈ. ਵਿੱਚ ਸਰਬਰਾਹ ਸ੍ਰੀ ਦਰਬਾਰ ਸਾਹਿਬ ਦੇ ਸਹਿਯੋਗ ਨਾਲ ਇੱਥੋਂ ਠਾਕਰ-ਬੁੱਤ ਚੁਕਵਾਏ ਗਏ ਤਾਂ ਸਹਿਜਧਾਰੀ ਸਿੱਖਾਂ ਨੇ ਇਸ ਦਾ ਪੁਰਜ਼ੋਰ ਸਵਾਗਤ ਕਰਕੇ ਆਪਣੇ ਬੁਤ-ਪ੍ਰਸਤ ਨਾ ਹੋਣ ਦੇ ਵਿਚਾਰ ਨੂੰ ਮੁੜ ਦੁਹਰਾਇਆ ਸੀ। ਨਸ਼ੇਖੋਰੀ ਦਾ ਇਨ੍ਹਾਂ ਵਿੱਚ ਬਿਲਕੁਲ ਰੁਝਾਨ ਨਹੀਂ ਸੀ।
ਇੱਕ ਹੋਰ ਅਹਿਮ ਨੁਕਤਾ ਹੈ ਕਿ ਸਿੱਖ ਇਤਿਹਾਸ ਵਿੱਚ ਸਹਿਜਧਾਰੀ ਸਿੱਖਾਂ ਦੇ ਨਾਮ ਪਿੱਛੇ 'ਸਿੰਘ' ਜਾਂ 'ਕੌਰ' ਨਹੀਂ ਲੱਗਿਆ ਮਿਲਦਾ। ਕਹਿਣ ਦਾ ਭਾਵ ਸਹਿਜਧਾਰੀ ਸਿੱਖ, ਗ਼ੈਰ ਸਿੱਖ ਲੋਕ ਸਨ। ਮਿਸਾਲ ਦੇ ਤੌਰ 'ਤੇ ਸਹਿਜਧਾਰੀ ਸਿੱਖਾਂ ਵੱਲੋਂ ਆਯੋਜਿਤ ਕੀਤੀ ਜਾਂਦੀ 'ਸਰਬ ਹਿੰਦ ਸਹਿਜਧਾਰੀ ਕਾਨਫ਼ਰੰਸ' ਦੇ ਤਿੰਨ ਪ੍ਰਧਾਨਾਂ ਮਹੰਤ ਕਰਮ ਚੰਦ, ਭਾਈ ਸੰਤ ਰਾਮ ਅਤੇ ਭਾਈ ਰਾਮ ਲਾਲ ਰਾਹੀ ਨੂੰ ਲਿਆ ਜਾ ਸਕਦਾ ਹੈ, ਜੋ ਪਿੱਛੋਂ ਅੰਮ੍ਰਿਤ ਛਕ ਕੇ ਕ੍ਰਮਵਾਰ ਗੁਰਦਰਸ਼ਨ ਸਿੰਘ, ਸੰਤ ਰਾਮ ਸਿੰਘ ਅਤੇ ਰਾਮ ਲਾਲ ਸਿੰਘ ਰਾਹੀ ਬਣੇ। ਸਹਿਜਧਾਰੀ ਸਿੱਖਾਂ ਦਾ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਵਿੱਚ ਕਾਫ਼ੀ ਯੋਗਦਾਨ ਹੈ। ਸਿੰਘ ਸਭਾ ਲਹਿਰ ਤੋਂ ਬਾਅਦ ਸਹਿਜਧਾਰੀ ਸਿੱਖਾਂ ਦੀ ਗਿਣਤੀ ਲਗਾਤਾਰ ਘਟਦੀ ਗਈ। 1881 ਈ. ਜਨਗਣਨਾ ਅਨੁਸਾਰ ਪੰਜਾਬ ਵਿੱਚ ਸਹਿਜਧਾਰੀ ਸਿੱਖਾਂ ਦੀ ਗਿਣਤੀ 397,000 (ਕੁਲ ਸਿੱਖਾਂ ਦਾ 20%),1901 ਵਿੱਚ 2,97,000 (ਕੁਲ ਸਿੱਖਾਂ ਦਾ 13%),1911 ਵਿੱਚ 4,51,000 (ਕੁਲ ਸਿੱਖਾਂ ਦਾ 14.9%),1921 ਵਿੱਚ 229,000 (ਕੁਲ ਸਿੱਖਾਂ ਦਾ 7%),1931 ਵਿੱਚ 2,82,000 (ਕੁਲ ਸਿੱਖਾਂ ਦਾ 6.5%) ਸੀ। ਪੰਜਾਬ ਵਿੱਚ ਸਹਿਜਧਾਰੀ ਸਿੱਖਾਂ ਦੀ ਗਿਣਤੀ ਘਟਣ ਦਾ ਕਾਰਨ ਇਹ ਵੀ ਸੀ ਕਿ ਦੇਸ਼ ਦੀ ਵੰਡ ਤੋਂ ਬਾਅਦ ਇਹ ਜਿੱਥੇ ਸਾਰੇ ਦੇਸ਼ ਵਿਚ ਖਿੰਡ-ਪੁੰਡ ਗਏ, ਉੱਥੇ ਹਿੰਦੂ ਅਤੇ ਇਸਲਾਮ ਧਰਮ ਵਿਚਲੇ ਸਹਿਜਧਾਰੀਆਂ ਦੀ ਸੰਤਾਨ ਆਪਣੇ-ਆਪਣੇ ਧਰਮਾਂ ਵਲ ਪਰਿਵਰਤਿਤ ਹੋਣ ਲੱਗ ਗਈ।
ਅਜੋਕੇ ਸਮੇਂ ਵਿੱਚ ਇਹ ਮੁੱਦਾ ਗ਼ੈਰ-ਸਿੱਖ ਸਹਿਜਧਾਰੀਆਂ ਦਾ ਨਹੀਂ, ਬਲਕਿ ਸਿੱਖ ਧਰਮ ਅਤੇ ਸਿੱਖ ਪਰਿਵਾਰਾਂ ਵਿੱਚ ਪੈਦਾ ਹੋਏ ਉਨ੍ਹਾਂ ਲੋਕਾਂ ਦੁਆਰਾ ਉਠਾਇਆ ਗਿਆ ਹੈ ਜੋ ਪੂਰਨ ਰੂਪ ਵਿੱਚ ਸਾਬਤ-ਸੂਰਤ ਨਹੀਂ ਹਨ, ਪਰ ਇਨ੍ਹਾਂ ਦੀ ਸ਼ਰਧਾ-ਭਾਵਨਾ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਅਤੇ ਆਪਣੇ ਸਮੂਹਿਕ ਸੰਸਕਾਰ ਵੀ ਕੇਵਲ ਸਿੱਖ ਧਰਮ ਅਨੁਸਾਰ ਕਰਦੇ ਹਨ। ਇਹ ਨੁਕਤਾ ਸੰਵੇਦਨਸ਼ੀਲ ਵੀ ਹੈ, ਕਿਉਂਕਿ ਇਹ ਲੋਕ ਕਿਸੇ ਹੋਰ ਧਰਮ ਦੇ ਪੈਰੋਕਾਰ ਵੀ ਨਹੀਂ ਹਨ, ਪਰ ਸਿੱਖ ਰਹਿਤ ਮਰਯਾਦਾ ਅਨੁਸਾਰ 'ਸਿੱਖ' ਦੀ ਪਰਿਭਾਸ਼ਾ 'ਤੇ ਵੀ ਪੂਰੇ ਨਹੀਂ ਉੱਤਰਦੇ।
ਇਹ ਮਸਲਾ ਸਿਰਫ਼ ਸ਼੍ਰੋਮਣੀ ਕਮੇਟੀ ਚੋਣਾਂ ਤਕ ਹੀ ਸੀਮਿਤ ਨਹੀਂ ਰੱਖਣਾ ਚਾਹੀਦਾ। ਇਹ ਮਸਲਾ ਸਿੱਖ ਸਮਾਜ ਦੇ ਆਪਸੀ ਭਾਈਚਾਰੇ ਅਤੇ ਸਦਭਾਵਨਾ ਨਾਲ ਜੁੜਿਆ ਹੈ। ਫਿਰ ਵੀ ਇਨ੍ਹਾਂ ਦੁਆਰਾ ਆਪਣੇ ਆਪ ਨੂੰ ਸਹਿਜਧਾਰੀ ਅਖਵਾਉਣਾ ਸਿੱਖ ਇਤਿਹਾਸ ਦੀ ਦ੍ਰਿਸ਼ਟੀ ਤੋਂ ਨਾਵਾਜਿਬ ਹੀ ਨਹੀਂ ਬਲਕਿ ਸਿੱਖ ਰਹਿਤ ਮਰਯਾਦਾ ਅਤੇ ਅਰਦਾਸ ਦੀ ਵੀ ਉਲੰਘਣਾ ਹੈ। ਸਿੱਖ ਰਹਿਤ ਮਰਯਾਦਾ ਵਿੱਚ ਕੇਸਾਂ ਦੀ ਬੇਅਦਬੀ ਨੂੰ ਬੱਜਰ ਕੁਰਹਿਤ ਦਰਸਾਉਂਦਿਆਂ ਕੁਰਹਿਤੀਏ ਨੂੰ 'ਸਿਰਗੁੰਮ' ਅਥਵਾ 'ਪਤਿਤ' ਕਿਹਾ ਗਿਆ ਹੈ। ਅਰਦਾਸ ਵਿੱਚ 'ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ' ਯਾਦ ਕਰਵਾਉਂਦਿਆਂ 'ਕੇਸ ਦਾਨ' ਮੰਗਿਆ ਗਿਆ ਹੈ। ਜੇ ਸਿੱਖ ਪਰਿਵਾਰ ਹੀ ਸਹਿਜਧਾਰੀ ਹੋਣ ਦਾ ਦਾਅਵਾ ਕਰਨ ਤਾਂ 'ਪਤਿਤ' ਸਿੱਖ ਕਿਸ ਨੂੰ ਕਿਹਾ ਜਾਵੇਗਾ? ਅਤੇ ਪਤਿਤਪੁਣੇ ਤੋਂ ਜਾਗਰੂਕ ਕਰਨ ਲਈ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਦੀ ਪ੍ਰਥਾ ਦੁਸ਼-ਪ੍ਰਭਾਵਿਤ ਹੋਵੇਗੀ।
ਕੁਝ ਸਾਲ ਪਹਿਲਾਂ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਦੀ ਇੱਕ ਸਿੱਖ ਵਿਦਿਆਰਥਣ ਦੀ ਆਪਣੇ ਆਪ ਨੂੰ ਸਹਿਜਧਾਰੀ ਸਿੱਖ ਪੇਸ਼ ਕਰਨ ਵਾਲੀ ਪਟੀਸ਼ਨ ਦੀ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਹਦਾਇਤ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 'ਸਿੱਖ' ਨੂੰ ਪੁਨਰ-ਪਰਿਭਾਸ਼ਿਤ ਕੀਤਾ ਸੀ ਕਿ ਪਟੀਸ਼ਨਰ ਦਾ ਦਾਅਵਾ ਸਿੱਖ ਇਤਿਹਾਸ ਅਤੇ ਮਰਯਾਦਾ ਦੇ ਨੁਕਤੇ ਤੋਂ ਗ਼ੈਰ-ਪ੍ਰਸੰਗਿਕ ਹੈ ਅਤੇ ਅਜੋਕੇ ਸਮੇਂ ਵਿੱਚ ਸਹਿਜਧਾਰੀ ਦੀ ਵਿਵਸਥਾ ਨਹੀਂ। ਅਦਾਲਤ ਨੇ ਇਸ ਕੇਸ ਵਿੱਚ ਸ਼੍ਰੋਮਣੀ ਕਮੇਟੀ ਦੀ ਇਸ ਮਨਸ਼ਾ ਅਨੁਸਾਰ ਹੀ ਫ਼ੈਸਲਾ ਸੁਣਾਇਆ ਅਤੇ ਪਟੀਸ਼ਨ ਖ਼ਾਰਿਜ ਹੋ ਗਈ ਸੀ। ਇਸ ਕੇਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਪਸ਼ਟ ਕਿਹਾ ਹੈ ਕਿ ਸਿੱਖ ਕੇਵਲ ਸਾਬਤ ਸੂਰਤ ਅਤੇ ਕੇਸਾਂ ਵਾਲਾ ਹੀ ਹੈ। ਅਜੋਕੇ ਦੌਰ ਵਿੱਚ ਸਿੱਖ ਦੀ ਇੱਕ ਪਰਿਭਾਸ਼ਾ ਹੋਣ ਅਤੇ 'ਸਹਿਜਧਾਰੀ ਸਿੱਖ' ਦੀ ਕੋਈ ਵਿਵਸਥਾ ਨਾ ਹੋਣ ਕਾਰਨ ਸਹਿਜਧਾਰੀਆਂ ਦਾ ਵੋਟ ਦਾ ਹੱਕ ਖ਼ਤਮ ਕਰਨ ਦੇ ਬਿਲ ਦਾ ਪਾਸ ਹੋਣਾ ਭਲੇ ਹੀ ਸਿੱਖ ਜਗਤ ਲਈ ਇੱਕ ਪ੍ਰਾਪਤੀ ਹੈ। ਸਿੱਖ ਦੀ ਸਿੱਖੀ ਪ੍ਰਤੀ ਵਚਨਬੱਧਤਾ ਸਿੱਖ ਸਿਧਾਂਤਾਂ ਅਤੇ ਮਰਯਾਦਾ ਦੇ ਅਨੁਸਰਣ ਨਾਲ ਹੀ ਬਣੀ ਰਹਿ ਸਕਦੀ ਹੈ। ਦੂਸਰੇ ਪਾਸੇ ਇਸ ਸੰਬੰਧੀ ਸਿੱਖ ਗੁਰਦੁਆਰਾ ਐਕਟ ਵਿੱਚ ਹੋਣ ਜਾ ਰਹੀ ਤਰਮੀਮ ਨੂੰ ਈਮਾਨਦਾਰੀ ਤੇ ਸ਼ੁੱਧ ਭਾਵਨਾ ਨਾਲ ਅਮਲ ਵਿਚ ਲਿਆ ਕੇ ਸਿੱਖ ਸੰਸਥਾਵਾਂ ਦੀ ਚੋਣ ਪ੍ਰਣਾਲੀ ਨੂੰ ਹੋਰ ਵਧੇਰੇ ਸੁਚਾਰੂ ਬਣਾਉਣ ਨਾਲ ਹੀ ਇਸ ਦੀ ਸਾਰਥਿਕਤਾ ਸੰਭਵ ਹੈ।
ਸੰਪਰਕ : 94638-61316

Posted on May 1st, 2026

Posted on April 30th, 2026

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026