Posted on June 10th, 2016

<p>ਸੁਖਵੀਰ ਸਿੰਘ ਦਿਓ ਉਰਫ ਸੁੱਖ ਦਿਓ ਦੀ ਕੁਝ ਦਿਨ ਪੁਰਾਣੀ ਤਸਵੀਰ<br></p>
ਵੈਨਕੂਵਰ (ਗੁਰਪ੍ਰੀਤ ਸਿੰਘ ਸਹੋਤਾ)- ਵੈਨਕੂਵਰ ਦੇ ਸਾਬਕਾ ਗੈਂਗਸਟਰ ਸੁੱਖ ਦਿਓ ਨੂੰ ਟੋਰਾਂਟੋ ਵਿਖੇ ਮੰਗਲਵਾਰ ਦੁਪਹਿਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 'ਦਿਓ ਬ੍ਰਦਰਜ਼' 'ਚੋਂ ਇੱਕ 34 ਸਾਲਾ ਇਹ ਸਾਬਕਾ ਗੈਂਗਸਟਰ ਸੁਖਵੀਰ ਸਿੰਘ ਦਿਓ ਉਰਫ ਸੁੱਖ ਦਿਓ ਚਿੱਟੇ ਰੰਗ ਦੇ ਰੇਂਜ ਰੋਵਰ ਵਿੱਚ ਸਵਾਰ ਸੀ, ਜਦੋਂ ਦੋ ਵਿਅਕਤੀਆਂ ਨੇ ਉਸ ਉੱਤੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਸੁੱਖ ਦਿਓ ਦੇ ਟਰੱਕ ਦੀ ਡਰਾਈਵਰ ਸੀਟ ਵਾਲੇ ਪਾਸੇ ਗੋਲੀਆਂ ਦੇ 14 ਨਿਸ਼ਾਨ ਪਾਏ ਗਏ ਹਨ।
ਸੁੱਖ ਦਿਓ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਨਾਲ ਲੰਮੇ ਅਰਸੇ ਤੋਂ ਜੁੜੇ ਮੌਡਰੇਟ ਆਗੂ ਸੋਹਣ ਸਿੰਘ ਦਿਓ ਦਾ ਭਤੀਜਾ ਤੇ ਪਿੰਦੀ ਦਿਓ ਦਾ ਪੁੱਤਰ ਸੀ। ਦੱਸਿਆ ਜਾ ਰਿਹਾ ਹੈ ਕਿ ਉਹ 2013 'ਚ ਟਰਾਂਟੋ ਰਹਿਣ ਚਲਾ ਗਿਆ ਸੀ। ਪਿਤਾ ਪਰਮਿੰਦਰ ਸਿੰਘ ਉਰਫ ਪਿੰਦੀ ਦਿਓ ਦਾ ਨਾਂ ਭਾਰਤ ਸਰਕਾਰ ਵੱਲੋਂ ਨਸ਼ਿਆਂ ਦੀ ਤਸਕਰੀ ਸਬੰਧੀ ਇੰਟਰਪੋਲ ਦੀ ਸੂਚੀ 'ਚ ਦਰਜ ਕਰਵਾਇਆ ਗਿਆ ਸੀ ਤੇ ਪੰਜਾਬ ਦੇ ਮੀਡੀਏ ਨੇ ਪਿੰਦੀ ਦਾ ਨਾਂ ਇੱਕ ਸਿਰਕੱਢ ਅਕਾਲੀ ਆਗੂ ਨਾਲ ਵੀ ਜੋੜਿਆ ਸੀ। ਜਦਕਿ ਪਿੰਦੀ ਦਿਓ ਨੇ ਇਸ ਸਭ ਤੋਂ ਇਨਕਾਰ ਕੀਤਾ ਸੀ ਤੇ ਇਨ੍ਹਾਂ ਦੋਸ਼ਾਂ ਖਿਲਾਫ ਉਸਨੇ ਪੰਜਾਬ 'ਚ ਮੁਕੱਦਮਾ ਵੀ ਕੀਤਾ ਹੋਇਆ ਹੈ।
ਸੋਹਣ ਸਿੰਘ ਦਿਓ ਨੇ ਦੱਸਿਆ ਕਿ ਪਰਿਵਾਰ ਇਸ ਸਮੇਂ ਕਾਫੀ ਸਦਮੇ ਵਿੱਚ ਹੈ। ਉਨ੍ਹਾਂ ਦੱਸਿਆ ਕਿ ਸੁੱਖ ਦਾ ਵਿਆਹ ਹੋ ਗਿਆ ਸੀ ਤੇ ਉਸ ਦੇ ਬੱਚੇ ਵੀ ਹਨ। ਕੁੱਝ ਸਾਲ ਪਹਿਲਾਂ ਉਹ ਟੋਰਾਂਟੋ ਮੂਵ ਹੋ ਗਿਆ ਸੀ ਤੇ ਉੱਥੇ ਹੀ ਆਪਣੇ ਇੱਕ ਦੋਸਤ ਨਾਲ ਰਲ ਕੇ ਟਰੱਕਿੰਗ ਕੰਪਨੀ ਚਲਾ ਰਿਹਾ ਸੀ। ਉਨ੍ਹਾਂ ਆਖਿਆ ਕਿ ਸਮਝ ਨਹੀਂ ਆ ਰਹੀ ਕਿ ਉਨ੍ਹਾਂ ਦੇ ਭਤੀਜੇ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ। ਜ਼ਿਕਰਯੋਗ ਹੈ ਕਿ ਲੋਅਰ ਮੇਨਲੈਂਡ ਦੀ ਪੁਲਿਸ ਸੁੱਖ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਤੇ ਆਪਣੀ ਆਖਰੀ ਸਮੇਂ ਵਿੱਚ ਇੱਕ ਮਾਮਲੇ ਦੀ ਚੱਲ ਰਹੀ ਜਾਂਚ ਵਿੱਚ ਉਹ ਸ਼ਾਮਲ ਵੀ ਸੀ।
ਸੁੱਖ ਦਾ ਭਰਾ ਹਰਜੀਤ ਦਿਓ 2005 ਵਿੱਚ ਅਗਵਾ ਦੇ ਇੱਕ ਮਾਮਲੇ ਵਿੱਚ 'ਇੰਡੀਪੈਂਡੈਂਟ ਸੋਲਜਰਜ਼' ਗੈਂਗ ਦੇ ਕਈ ਹੋਰਨਾਂ ਮੈਂਬਰਾਂ ਨਾਲ ਦੋਸ਼ੀ ਪਾਇਆ ਗਿਆ ਸੀ। ਜਿਸ ਵਿਅਕਤੀ ਨੂੰ ਉਸ ਸਮੇਂ ਅਗਵਾ ਕੀਤਾ ਗਿਆ ਸੀ, ਉਸ ਨੂੰ ਦਿਓ ਪਰਿਵਾਰ ਦੇ ਨਿਊ ਵੈਸਟਮਿਨਸਟਰ ਸਥਿਤ ਘਰ ਦੇ ਗੈਰਾਜ ਵਿੱਚ ਹੀ ਰੱਖਿਆ ਗਿਆ ਸੀ। ਬਾਅਦ ਵਿੱਚ ਪੁਲਿਸ ਨੇ ਇੱਥੋਂ ਹੀ ਕਈ ਮਸ਼ਕੂਕਾਂ ਨੂੰ ਕਾਬੂ ਕੀਤਾ ਸੀ।
ਟੋਰਾਂਟੋ ਪੁਲਿਸ ਨੇ ਦੱਸਿਆ ਕਿ ਉਹ ਦਿਓ ਦੇ ਕਤਲ ਦੇ ਸਬੰਧ ਵਿੱਚ ਦੋ ਵਿਅਕਤੀਆਂ ਦੀ ਭਾਲ ਕਰ ਰਹੀ ਹੈ। ਇਨ੍ਹਾਂ ਦੋਵਾਂ ਨੂੰ ਕਤਲ ਕਰਨ ਮਗਰੋਂ ਕਾਲੇ ਰੰਗ ਦੀ ਕਾਰ ਵਿੱਚ ਬੈਠ ਕੇ ਫਰਾਰ ਹੁੰਦਿਆਂ ਵੇਖਿਆ ਗਿਆ। ਦੋਵਾਂ ਨੇ ਕੰਸਟ੍ਰਕਸ਼ਨ ਵੇਲੇ ਪਾਈਆਂ ਜਾਣ ਵਾਲੀਆਂ ਜੈਕਟਾਂ ਪਾਈਆਂ ਹੋਈਆਂ ਸਨ।
ਕੁਝ ਲੋਕ ਇਸਨੂੰ ਬੀਤੇ ਹਫਤੇ ਹੋਏ ਅਮਰ ਸੰਧੂ ਦੇ ਕਤਲ ਨਾਲ ਜੋੜ ਕੇ ਦੇਖ ਰਹੇ ਹਨ ਪਰ ਪੁਲਿਸ ਹਾਲ ਦੀ ਘੜੀ ਇਸ ਬਾਰੇ ਕੁਝ ਨਹੀਂ ਕਹਿ ਰਹੀ। ਵੈਸੇ ਪੁਲਿਸ ਅਤੇ ਐਂਟੀ ਗੈਂਗ ਫੋਰਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਸੁੱਖ ਦਿਓ 'ਵੌਲਫ ਪੈਕ ਗੈਂਗ ਅਲਾਇੰਸ' ਦਾ ਹਿੱਸਾ ਸੀ, ਜਿਸ ਅਧੀਨ ਹੈੱਲਜ਼ ਏਂਜਲਜ਼, ਰੈਡ ਸਕੌਰਪੀਅਨ ਤੇ ਇੰਡੀਪੈਂਡੈਂਟ ਸੋਲਜਰਜ਼ ਗੈਂਗਾਂ ਰਲ ਕੇ ਕੰਮ ਕਰ ਰਹੀਆਂ ਸਨ। ਸੁੱਖ ਦਿਓ ਨੂੰ ਹੈੱਲਜ਼ ਏਂਜਲਜ਼ ਦੇ ਲੈਰੀ ਅਮੀਰੋ ਤੇ ਇੰਡੀਪੈਂਡੈਂਟ ਸੋਲਰਜ਼ ਦੇ ਜੇਮਜ਼ ਰਿਆਕ ਨਾਲ ਦੇਖਿਆ ਗਿਆ ਸੀ, ਜਿਨ੍ਹਾਂ 'ਤੇ ਕਿਲੋਨਾ, ਬੀ. ਸੀ. ਵਿੱਚ ਰੈੱਡ ਸਕੌਰਪੀਅਨ ਗੈਂਗ ਦੇ ਮੁਖੀ ਜੌਨਾਥਨ ਬੇਕਨ ਸਮੇਤ ਗੋਲੀ ਚੱਲੀ ਸੀ। ਬੇਕਨ ਇਸ ਹਮਲੇ 'ਚ ਮਾਰਿਆ ਗਿਆ ਸੀ, ਜਦਕਿ ਲੈਰੀ ਤੇ ਜੇਮਜ਼ ਜ਼ਖਮੀ ਹੋਏ ਸਨ।
ਇਸ 'ਵੌਲਫ ਪੈਕ' ਦੀ ਪੰਜਾਬੀ ਮੁੰਡਿਆਂ ਦੇ ਇੱਕ ਹੋਰ ਗੈਂਗ ਨਾਲ ਕਾਫੀ ਖੜਕਦੀ ਸੀ, ਜਿਸ ਨੂੰ ਢੱਕ -ਦੂਹੜੇ ਗੈਂਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵੌਲਫ ਪੈਕ ਤੇ ਢੱਕ-ਦੂਹੜੇ ਗੈਂਗਾਂ ਦੀ ਆਪਸੀ ਹਿੰਸਾ 'ਚ ਢੱਕ-ਦੂਹੜੇ ਗੈਂਗ ਦੇ ਕਈ ਮੋਹਰੀ ਮਾਰੇ ਗਏ ਸਨ। ਸੁੱਖ ਦਿਓ ਦੇ ਕਤਲ ਪਿੱਛੋਂ ਹੁਣ ਇਹ ਮੱਠੀ ਪਈ ਅੱਗ ਦੁਬਾਰਾ ਭੜਕ ਸਕਦੀ ਹੈ।
ਅਕਸਰ ਅਜਿਹੇ ਕਤਲਾਂ ਤੋਂ ਬਾਅਦ ਗੈਂਗਾਂ ਵਿਚਕਾਰ ਆਪਸੀ ਹਿੰਸਾ ਵਧ ਜਾਂਦੀ ਹੈ, ਜਿਸ ਕਾਰਨ ਸਥਾਨਕ ਭਾਈਚਾਰੇ ਵਿੱਚ ਵੀ ਚਿੰਤਾ ਵਾਲਾ ਮਾਹੌਲ ਬਣਿਆ ਹੋਇਆ ਹੈ ਅਤੇ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਸੁੱਖ ਦਿਓ ਦੇ ਕਤਲ ਦਾ ਬਦਲਾ ਲਏ ਜਾਣ ਦੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026