Posted on May 30th, 2013

<p>ਪੰਜਾਬ ਦੇ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ<br></p>
ਜਲੰਧਰ-ਬੀਤੇ ਦਿਨੀਂ ਸਾਬਕਾ ਡੀ ਜੀ ਪੀ ਸ਼ਸ਼ੀਕਾਂਤ ਨੇ ਨਸ਼ਿਆਂ ਦੀ ਬਸਤੀ ਬਣੇ ਪੰਜਾਬ ਲਈ ਸੱਤਾਧਾਰੀਆਂ, ਪੁਲੀਸ ਅਫਸਰਸ਼ਾਹੀ ਅਤੇ ਖ਼ਾਸ ਕਰਕੇ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਨੂੰ ਜ਼ਿੰਮੇਵਾਰ ਠਹਿਰਾ ਕੇ ਪੰਜਾਬ ਸਰਕਾਰ ਲਈ ਕਸੂਤੀ ਸਥਿਤੀ ਪੈਦਾ ਕਰ ਦਿੱਤੀ ਹੈ। ਭਾਵੇਂ ਪੰਜਾਬ ਦੇ ਮੁੱਖ ਮੰਤਰੀ ਇਸ ਅਸਲੀਅਤ ਤੋਂ ਜਾਣ-ਬੁੱਝ ਕੇ ਅੱਖਾਂ ਮੀਟੀ ਫਿਰਦੇ ਹਨ ਤੇ ਸਾਬਕਾ ਡੀ.ਜੀ.ਪੀ. ਦੇ ਬਿਆਨ ਨੂੰ ਝੂਠਾ ਦੱਸ ਰਹੇ ਹਨ, ਪਰ ਆਮ ਪੰਜਾਬੀਆਂ ਵਿੱਚ ਇਹ ਧਾਰਨਾ ਬਣ ਚੁੱਕੀ ਹੈ ਕਿ ਪੰਜਾਬ ਵਿੱਚ ਭਾਰੀ ਨਸ਼ਿਆਂ ਦੀ ਸਮੱਗਲਿੰਗ ਦਾ ਜ਼ਿੰਮੇਵਾਰ ਪੁਲੀਸ ਅਫਸਰਸ਼ਾਹੀ ਤੇ ਹਾਕਮ ਜਮਾਤ ਨਾਲ ਜੁੜੇ ਰਾਜਨੀਤਕ ਲੋਕਾਂ ਦਾ ਗੱਠਜੋੜ ਹੈ, ਜੋ ਕਿ ਨਸ਼ਿਆਂ ਦੇ ਸਮੱਗਲਰਾਂ ਨੂੰ ਥਾਪੜਾ ਦੇ ਰਹੇ ਹਨ। ਸਾਬਕਾ ਡੀਜੀਪੀ ਸ਼ਸ਼ੀ ਕਾਂਤ ਨੇ ਇਸ ਸਭ ਕਾਸੇ ਦਾ ਪਰਦਾਫਾਸ਼ ਕਰਕੇ ਰੱਖ ਦਿੱਤਾ ਹੈ। ਉਸ ਦਾ ਮੰਨਣਾ ਹੈ ਕਿ ਸੂਬੇ ਵਿਚ ਵੇਚੇ ਜਾ ਰਹੇ ਨਸ਼ੇ ਪਿੱਛੇ ਪੁਲੀਸ ਦੇ ਇਕ ਤਬਕੇ ਦਾ ਵੀ ਹੱਥ ਹੈ। ਪੁਲੀਸ ਅਤੇ ਪ੍ਰਸ਼ਾਸਨ ਦੀ ਮਰਜ਼ੀ ਤੋਂ ਬਿਨਾਂ ਕਿਸੇ ਵੀ ਜਗ੍ਹਾ 'ਤੇ ਨਸ਼ੇ ਦੀ ਵਿਕਰੀ ਨਹੀਂ ਹੋ ਸਕਦੀ।
ਸਾਬਕਾ ਡੀਜੀਪੀ (ਜੇਲ੍ਹ) ਸ਼ਸ਼ੀਕਾਂਤ ਦਾ ਕਹਿਣਾ ਹੈ ਕਿ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਰਾਜ ਦੀਆਂ ਜੇਲ੍ਹਾਂ 'ਚ ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ ਦੀ ਸੁਰੱਖਿਆ ਕਰ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਦੀ ਜਾਣਕਾਰੀ ਮੁੱਖ ਮੰਤਰੀ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਹੈ। ਬਾਵਜੂਦ ਇਸ ਦੇ ਰਾਜਨੀਤਕ ਕਾਰਨਾਂ ਨਾਲ ਉਹ ਜੇਲ੍ਹ ਮੰਤਰੀ 'ਤੇ ਕਾਰਵਾਈ ਕਰਨ ਤੋਂ ਕਤਰਾ ਰਹੇ ਹਨ। ਸ਼ਸ਼ੀਕਾਂਤ ਨੇ ਕਿਹਾ ਕਿ ਪੁਲੀਸ ਅਧਿਕਾਰੀ ਜੇਲ੍ਹਾਂ 'ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਜੇਲ੍ਹ ਮੰਤਰੀ ਉਨ੍ਹਾਂ ਦੀਆਂ ਕੋਸ਼ਿਸ਼ਾਂ 'ਤੇ ਪਾਣੀ ਫੇਰ ਰਹੇ ਹਨ।
ਸਾਬਕਾ ਡੀਜੀਪੀ (ਜੇਲ੍ਹ) ਸ਼ਸ਼ੀਕਾਂਤ ਪਿਛਲੇ ਸਾਲ ਜੂਨ 'ਚ ਰਿਟਾਇਰ ਹੋਏ ਸਨ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਰਾਜ ਦੀਆਂ ਵੱਖ-ਵੱਖ ਜੇਲ੍ਹਾਂ 'ਚ ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ ਦੇ ਨੈੱਟਵਰਕ ਦੇ ਖ਼ਿਲਾਫ਼ ਮੁਹਿੰਮ ਛੇੜੀ ਸੀ। ਉਨ੍ਹਾਂ ਨੇ ਜੇਲ੍ਹ 'ਚ ਬੰਦ ਅਜਿਹੇ ਸਮੱਗਲਰ ਜੋ ਮੋਬਾਈਲ ਜਰਾਹੀਂ ਪਾਕਿਸਤਾਨ ਸਣੇ ਦੂਜੇ ਦੇਸਾਂ ਤੋਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦਾ ਗੋਰਖਧੰਦਾ ਸੰਚਾਲਿਤ ਕਰ ਰਹੇ ਸਨ, ਉਸ ਨੂੰ ਇੱਕ ਜੇਲ੍ਹ ਤੋਂ ਦੂਜੀ ਜੇਲ੍ਹ ਟਰਾਂਸਫਰ ਕਰਨਾ ਸ਼ੁਰੂ ਕੀਤਾ ਸੀ। ਅਜਿਹੇ ਹੀ ਸਮੱਗਲਰਾਂ 'ਚੋਂ ਇੱਕ ਜੱਗਾ ਸਿੰਘ ਨੂੰ ਫਿਰੋਜ਼ਪੁਰ ਜੇਲ੍ਹ ਤੋਂ ਨਾਭਾ ਹਾਈ ਸਕਿਓਰਟੀ ਜੇਲ੍ਹ 'ਚ ਬਦਲਿਆ ਗਿਆ ਸੀ। ਇਸ ਤੋਂ ਬਾਅਦ ਜੱਗਾ ਨੂੰ ਫਿਰ ਫਿਰੋਜ਼ਪੁਰ ਜੇਲ੍ਹ ਭੇਜਣ ਲਈ ਉਨ੍ਹਾਂ 'ਤੇ ਦਬਾਅ ਪੈਣਾ ਸ਼ੁਰੂ ਹੋ ਗਿਆ ਹੈ।
ਸ਼ਸ਼ੀਕਾਂਤ ਨੇ ਪਹਿਲਾਂ ਤੋਂ ਅਜਿਹੇ ਕਿਸੇ ਦਬਾਅ 'ਤੇ ਧਿਆਨ ਨਹੀਂ ਦਿੱਤਾ, ਪਰ ਬਾਅਦ 'ਚ ਖ਼ੁਦ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਨੇ ਉਨ੍ਹਾਂ ਨੂੰ ਲਿਖਤੀ ਰੂਪ 'ਚ ਜੱਗਾ ਸਿੰਘ ਨੂੰ ਨਾਭਾ ਹਾਈ ਸਕਿਓਰਟੀ ਜੇਲ੍ਹ ਤੋਂ ਵਾਪਸ ਫਿਰੋਜ਼ਪੁਰ ਜੇਲ੍ਹ ਭੇਜਣ ਦਾ ਹੁਕਮ ਦਿੱਤਾ। ਸ਼ਸ਼ੀਕਾਂਤ ਨੇ ਦੱਸਿਆ ਕਿ ਜੇਲ੍ਹ ਮੰਤਰੀ ਵਲੋਂ ਲਿਖਿਆ ਗਿਆ ਉਹ ਪੱਤਰ ਅਜੇ ਵੀ ਦਫ਼ਤਰ ਦੇ ਰਿਕਾਰਡ 'ਚ ਹੈ। ਸਾਲ 2007 'ਚ ਸ਼ਸ਼ੀਕਾਂਤ ਇੰਟੈਲੀਜੈਂਸ ਚੀਫ ਦੇ ਅਹੁਦੇ 'ਤੇ ਤਾਇਨਾਤ ਸਨ। ਉਦੋਂ ਉਨ੍ਹਾਂ ਨੇ ਰਾਜਨੇਤਾਵਾਂ ਦੇ ਸਮੱਗਲਰਾਂ ਨਾਲ ਸੰਬੰਧਾਂ ਅਤੇ ਸਮੱਗਲਰੀ ਦੇ ਕਾਰੋਬਾਰ 'ਚ ਸ਼ਾਮਲ ਹੋਣ ਦੀ ਇੱਕ ਰਿਪੋਰਟ ਤਿਆਰ ਕੀਤੀ ਸੀ। ਸ਼ਸ਼ੀਕਾਂਤ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਸਫ਼ਿਆਂ ਦੀ ਰਿਪੋਰਟ ਤਿਆਰ ਕਰਕੇ ਗ੍ਰਹਿ ਵਿਭਾਗ ਤੇ ਗ੍ਰਹਿ ਮੰਤਰੀ ਨੂੰ ਸੌਂਪੀ ਸੀ। ਸ਼ਸ਼ੀਕਾਂਤ ਨੇ ਦੱਸਿਆ ਕਿ ਉਸ ਰਿਪੋਰਟ ਦਾ ਖੁਲਾਸਾ ਉਹ ਸਮਾਂ ਆਉਣ 'ਤੇ ਕਰਨਗੇ।
ਡੀ. ਜੀ. ਪੀ. ਜੇਲ ਦੇ ਅਹੁਦੇ ਤੋਂ ਰਿਟਾਇਰ ਹੋਣ ਤੋਂ ਪਹਿਲਾਂ ਸ਼ਸ਼ੀਕਾਂਤ ਨੇ ਜੇਲਾਂ ਵਿਚ ਨਸ਼ੇ ਬੰਦ ਕਰਾਉਣ ਲਈ ਇਕ ਮੁਹਿੰਮ ਛੇੜੀ ਸੀ, ਜਿਸ ਤਹਿਤ ਵੱਡੀ ਮਾਤਰਾ ਵਿਚ ਜੇਲਾਂ ਵਿਚੋਂ ਨਸ਼ੇ ਬਰਾਮਦ ਕੀਤੇ ਗਏ ਸਨ। ਸਾਬਕਾ ਡੀਜੀਪੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਡੀ.ਜੀ.ਪੀ. ਹੁੰਦਿਆਂ 10 ਅਜਿਹੇ ਰਾਜਨੀਤਕ ਅਤੇ ਕਥਿਤ ਸਾਮਾਜਿਕ ਆਗੂਆਂ ਦੀ ਸੂਚੀ ਗ੍ਰਹਿ ਵਿਭਾਗ ਨੂੰ ਭੇਜੀ ਸੀ ਜਿਹੜੇ ਪੰਜਾਬ ਵਿੱਚ ਨਸ਼ਿਆਂ ਦਾ ਧੰਦਾ ਕਰ ਰਹੇ ਹਨ। ਸ਼ਸ਼ੀ ਕਾਂਤ ਨੇ 185 ਪੁਲੀਸ ਵਾਲਿਆਂ ਦੀ ਸੂਚੀ ਸਰਕਾਰ ਨੂੰ ਭੇਜੀ ਸੀ ਜੋ ਜੇਲ੍ਹਾਂ ਵਿੱਚ ਨਸ਼ਿਆਂ ਦੀ ਸਪਲਾਈ ਕਰਨ ਵਾਲਿਆਂ ਨਾਲ ਰਲੇ ਹੋਏ ਸਨ। ਸਰਕਾਰ ਨੇ ਇਹ ਸੂਚੀ ਦੱਬੀ ਹੋਈ ਹੈ। ਡੀ. ਜੀ. ਪੀ. ਰਹਿੰਦਿਆਂ ਸ਼ਸ਼ੀਕਾਂਤ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਅਜਿਹੇ 195 ਅਫਸਰਾਂ ਦੀ ਲਿਸਟ ਦਿੱਤੀ ਸੀ, ਜਿਨ੍ਹਾਂ 'ਤੇ ਸ਼ਸ਼ੀਕਾਂਤ ਨੇ ਨਸ਼ਾ ਵੇਚਣ ਅਤੇ ਤਸਕਰਾਂ ਦੀ ਮਦਦ ਕਰਨ ਦੇ ਦੋਸ਼ ਲਾਏ ਸਨ।
ਸਾਬਕਾ ਡੀ. ਜੀ. ਪੀ. ਨੂੰ ਮਿਲੀਆਂ ਧਮਕੀਆਂ
ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੇਵਾਮੁਕਤ ਸ਼ਸ਼ੀਕਾਂਤ ਵਲੋਂ ਪਿਛਲੇ ਕੁਝ ਦਿਨਾਂ ਤੋਂ ਡਰੱਗ ਮਾਫੀਆ ਦੀ ਪੁਲਸ ਅਧਿਕਾਰੀਆਂ ਅਤੇ ਸਿਆਸਤਦਾਨਾਂ ਨਾਲ ਮਿਲੀ ਭੁਗਤ ਨੂੰ ਲੈ ਕੇ ਖੋਲ੍ਹੇ ਗਏ ਮੋਰਚੇ ਦੇ ਬਾਅਦ ਹੁਣ ਉਨ੍ਹਾਂ ਨੂੰ ਗੁੰਮਨਾਮ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ।ਸ਼ਸ਼ੀਕਾਂਤ ਨੇ ਦੱਸਿਆ ਕਿ ਅਣਪਛਾਤੇ ਟੈਲੀਫੋਨ ਨੰਬਰਾਂ ਤੋਂ ਉਨ੍ਹਾਂ ਦੇ ਮੋਬਾਈਲ ਅਤੇ ਰਿਹਾਇਸ਼ੀ ਫੋਨ 'ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਉਹ ਡਰੱਗ ਮਾਫੀਆ ਅਤੇ ਸਿਆਸਤਦਾਨਾਂ ਦੇ ਵਿਰੁੱਧ ਚੁੱਪ ਕਰਕੇ ਬੈਠ ਜਾਣ। ਇਸ ਦੀ ਸੂਚਨਾ ਉਨ੍ਹਾਂ ਪੰਜਾਬ ਪੁਲਸ ਦੇ ਪ੍ਰਮੁਖ ਅਧਿਕਾਰੀਆਂ ਨੂੰ ਚੰਡੀਗੜ੍ਹ 'ਚ ਦਿੱਤੀ ਸੀ ਪਰ ਇਸ ਦੇ ਬਾਵਜੂਦ ਪੁਲਸ ਨੇ ਜਾਂਚ ਕਰਨ ਦੀ ਲੋੜ ਮਹਿਸੂਸ ਨਹੀਂ ਕੀਤੀ।ਸਾਬਕਾ ਡੀ. ਜੀ. ਪੀ. ਸ਼ਸ਼ੀਕਾਂਤ ਦੀ ਸਰਕਾਰ ਨੇ ਪੂਰੀ ਸੁਰੱਖਿਆ ਵਾਪਸ ਲੈ ਲਈ ਹੈ। ਇਸ ਵੇਲੇ ਸਾਬਕਾ ਡੀ. ਜੀ. ਪੀ. ਦੇ ਕੋਲ ਪੰਜਾਬ ਪੁਲਸ ਦਾ ਇਕ ਵੀ ਸੁਰੱਖਿਆ ਮੁਲਾਜ਼ਮ ਨਹੀਂ ਰਹਿ ਗਿਆ ਹੈ ਜਦਕਿ ਡੀ. ਜੀ. ਪੀ. ਹੁੰਦੇ ਹੋਏ ਉਨ੍ਹਾਂ ਨੂੰ ਬਲੈਕ ਕਮਾਂਡੋ ਦਿੱਤੇ ਹੋਏ ਸਨ। ਸ਼ਸ਼ੀਕਾਂਤ ਨੇ ਕਿਹਾ ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਇਸ ਲਈ ਜ਼ਿੰਮੇਵਾਰ ਸਰਕਾਰ ਹੋਵੇਗੀ।
ਸ਼ਸ਼ੀਕਾਂਤ ਸਮੱਗਲਰਾਂ ਦੀ ਸੂਚੀ ਸੌਂਪਣ ਮੈਂ ਕਾਰਵਾਈ ਕਰਾਂਗਾ : ਫਿਲੌਰ
ਚੰਡੀਗੜ੍ਹ- ਜੇਲ੍ਹਾਂ ਚ ਹੁੰਦੇ ਨਸ਼ਿਆਂ ਦੇ ਕਾਰੋਬਾਰ ਬਾਰੇ ਸਾਬਕਾ ਡੀ.ਜੀ.ਪੀ. ਜੇਲ੍ਹਾਂ ਸ਼ਸ਼ੀਕਾਂਤ ਵਲੋਂ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਤੇ ਦੋਸ਼ ਲਾਉਣ ਮਗਰੋਂ ਮਾਮਲਾ ਗਰਮਾ ਗਿਆ ਜਾਪਦਾ ਹੈ। ਫਿਲੌਰ ਨੇ ਸ਼ਸ਼ੀਕਾਂਤ ਤੇ ਇਸ ਮਾਮਲੇ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਜੇ ਸ਼ਸ਼ੀਕਾਂਤ ਇਸ ਬਾਰੇ ਸਬੂਤ ਪੇਸ਼ ਕਰ ਦੇਣ ਤਾਂ ਉਹ ਸਿਆਸਤ ਛੱਡ ਦੇਣਗੇ। ਉਨ੍ਹਾਂ ਸ਼ਸ਼ੀਕਾਂਤ ਵਲੋਂ 10 ਸਮਗਲਰਾਂ ਦੀ ਸੂਚੀ ਬਾਰੇ ਕੀਤੇ ਗਏ ਦਾਅਵੇ ਬਾਰੇ ਵੀ ਕਿਹਾ ਕਿ ਉਹ ਸਿਆਸੀ ਆਗੂਆਂ ਵਾਂਗ ਬਿਆਨਬਾਜ਼ੀ ਨਾ ਕਰਨ ਤੇ ਜੇ ਉਨ੍ਹਾਂ ਕੋਲ ਸਮਗਲਰਾਂ ਦੀ ਕੋਈ ਸੂਚੀ ਹੈ ਤਾਂ ਮੈਨੂੰ ਦੇਣ, ਮੈਂ ਉਨ੍ਹਾਂ ਖਿਲਾਫ ਕਾਰਵਾਈ ਕਰਾਂਗਾ। ਦੂਜੇ ਪਾਸੇ ਸ਼ਸ਼ੀਕਾਂਤ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ ਹੈ।
ਪੰਜਾਬ ਸੈਕਟਰੀਏਟ ਵਿਖੇ ਆਪਣੇ ਦਫਤਰ 'ਚ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਫਿਲੌਰ ਨੇ ਕਿਹਾ ਕਿ ਸ਼ਸ਼ੀਕਾਂਤ, ਜੋ ਸਮਗਲਰਾਂ ਦੀ ਸੂਚੀ ਬਾਰੇ ਪੱਤਰ ਸਰਕਾਰ ਨੂੰ ਦੇਣ ਦੀ ਗੱਲ ਕਰ ਰਹੇ ਹਨ, ਉਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਫਿਲੌਰ ਨੇ ਕਿਹਾ ਕਿ ਮੈਂ ਪੁਲਿਸ ਤੇ ਇੰਟੈਲੀਜੈਂਸ ਨੂੰ ਆਪਣੇ ਪੱਧਰ ਤੇ ਪੁੱਛ ਚੁੱਕਾ ਹਾਂ ਤੇ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਸੂਚੀ ਨਹੀਂ ਹੈ। ਫਿਲੌਰ ਨੇ ਕਿਹਾ ਕਿ ਉਨ੍ਹਾਂ ਦੇ ਮੰਤਰੀ ਬਣਦਿਆਂ ਸ਼ਸ਼ੀਕਾਂਤ ਪੰਜ ਕੁ ਮਹੀਨੇ ਹੀ ਸੇਵਾ ਚ ਰਹੇ ਤੇ ਉਸ ਦੌਰਾਨ ਉਨ੍ਹਾਂ ਨੇ ਮੈਨੂੰ ਕੋਈ ਸੂਚੀ ਨਹੀਂ ਸੌਂਪੀ ਤੇ ਉਸ ਵੇਲੇ ਉਹ ਬਿਲਕੁਲ ਚੁੱਪ ਸਨ। ਉਨ੍ਹਾਂ ਕਿਹਾ ਕਿ ਜੇਕਰ ਸ਼ਸ਼ੀਕਾਂਤ ਦੇ ਦਾਅਵਿਆਂ ਚ ਸੱਚਾਈ ਹੈ ਤਾਂ ਉਹ ਉਨ੍ਹਾਂ ਨੁੰ ਇਨ੍ਹਾ ਸਮਗਲਰਾਂ ਦੀ ਸੂਚੀ ਸੌਂਪਣ ਤੇ ਮੈਂ ਉਨ੍ਹਾਂ ਖਿਲਾਫ ਕਾਰਵਾਈ ਕਰਾਂਗਾ ਪਰ ਜਿਸ ਤਰ੍ਹਾਂ ਸ਼ਸ਼ੀਕਾਂਤ ਨੇ ਮੇਰੇ ਤੇ ਸਮਗਲਰਾਂ ਨਾਲ ਮਿਲੀਭੁਗਤ ਦੇ ਦੋਸ਼ ਲਾਏ ਹਨ ਉਹ ਨਾਕਾਬਿਲੇ ਬਰਦਾਸ਼ਤ ਹਨ। ਉਨ੍ਹਾਂ ਕਿਹਾ ਕਿ ਜੇ ਸ਼ਸ਼ੀਕਾਂਤ ਮੇਰੇ ਤੇ ਸਮਗਲਰਾਂ ਚ ਕਿਸੇ ਤਰ੍ਹਾਂ ਦੇ ਸਬੰਧ ਸਾਬਤ ਕਰ ਦੇਣ ਤਾਂ ਮੈਂ ਸਿਆਸਤ ਛੱਡ ਦਿਆਂਗਾ।
ਫਿਲੌਰ ਨੇ ਕਿਹਾ ਕਿ ਸ਼ਸ਼ੀਕਾਂਤ ਇਕ ਘਾਗ ਸਿਆਸਤਦਾਨ ਵਾਂਗ ਉਨ੍ਹਾਂ ਤੇ ਦੋਸ਼ ਲਾ ਰਹੇ ਹਨ ਤੇ ਲਗਦਾ ਇਹ ਹੈ ਕਿ ਉਨ੍ਹਾਂ ਦਾ ਕਿਸੇ ਪਾਰਟੀ ਚ ਸ਼ਾਮਲ ਹੋਣ ਦਾ ਇਰਾਦਾ ਹੈ। ਫਿਲੌਰ ਨੇ ਕਿਹਾ ਕਿ ਆਪਣੀ ਸੇਵਾ ਦੌਰਾਨ ਸ਼ਸ਼ੀਕਾਂਤ ਜਿਥੇ ਵੀ ਰਹੇ ਵਿਵਾਦਾਂ ਚ ਘਿਰੇ ਰਹੇ ਤੇ ਹੁਣ ਇਹ ਮੇਰੇ 'ਤੇ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸ਼ਸ਼ੀਕਾਂਤ ਡੀ.ਜੀ.ਪੀ. ਸਨ ਤਾਂ ਉਨ੍ਹਾਂ ਉਸ ਵੇਲੇ ਇਨ੍ਹਾਂ ਸਮਗਲਰਾਂ ਦੇ ਨਾਂ ਕਿਉਂ ਨਹੀਂ ਨਸ਼ਰ ਕੀਤੇ। ਫਿਲੌਰ ਨੇ ਕਿਹਾ ਕਿ ਉਨ੍ਹਾਂ ਨੇ ਜੇਲ੍ਹਾਂ ਚ ਨਸ਼ਿਆਂ ਦੇ ਕਾਰੋਬਾਰ ਰੋਕਣ ਲਈ ਉਚੇਚੇ ਤੌਰ ਤੇ ਯਤਨ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜੇਲ੍ਹਾਂ ਚ ਬਾਹਰੋਂ ਪਰਿਵਾਰਕ ਮੈਂਬਰਾਂ ਦੇ ਕੋਈ ਵੀ ਸਮਾਨ ਲਿਆਉਣ ਤੇ ਪਬੰਦੀ ਲਗਾ ਦਿਤੀ ਗਈ ਹੈ ਤੇ ਜੇਲ੍ਹਾਂ ਚ ਹੀ ਸਟੋਰ ਸਥਾਪਤ ਕੀਤੇ ਗਏ ਹਨ, ਜਿਥੇ ਕੈਦੀਆਂ ਦੀ ਜ਼ਰੂਰਤ ਦਾ ਹਰ ਸਮਾਨ ਉਪਲਬਧ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਨੂੰ ਨਸ਼ਿਆਂ ਦੀ ਰੋਕਥਾਮ ਲਈ ਆਧੁਨਿਕ ਵੀ ਬਣਾਇਆ ਜਾ ਰਿਹਾ ਹੈ।
ਫਿਲੌਰ ਵਲੋਂ ਖੁੱਲ੍ਹੇ ਤੌਰ ਤੇ ਚੁਣੌਤੀ ਦੇਣ ਬਾਦ ਹੁਣ ਸ਼ਸ਼ੀਕਾਂਤ ਨੂੰ ਚਾਹੀਦਾ ਹੈ ਕਿ ਉਹ ਜਿਸ ਸੂਚੀ ਬਾਰੇ ਦਾਅਵਾ ਕਰ ਰਹੇ ਹਨ, ਉਹ ਫਿਲੌਰ ਦੇ ਨਾਲ ਨਾਲ ਮੀਡੀਆ ਨੂੰ ਵੀ ਸੌਂਪ ਦੇਣ। ਹਾਲ ਦੀ ਘੜੀ ਇਸ ਬਾਰੇ ਸੰਪਰਕ ਕਰਨ ਤੇ ਸ਼ਸ਼ੀਕਾਂਤ ਨੇ ਦੱਸਿਆ ਕਿ ਉਹ ਇਸ ਬਾਰੇ ਕੋਈ ਪ੍ਰਤੀਕਰਮ ਨਹੀਂ ਦੇਣਾ ਚਾਹੁੰਦੇ। ਸ਼ਸ਼ੀਕਾਂਤ ਨੇ ਕਿਹਾ ਕਿ ਉਨ੍ਹਾਂ ਦੀ ਮੁਹਿੰਮ ਲੋਕ ਪੱਖੀ ਹੈ ਤੇ ਉਹ ਇਸ ਨੂੰ ਕੋਈ ਸਿਆਸੀ ਰੰਗਤ ਨਹੀਂ ਦੇਣਾ ਲੋਚਦੇ।
Courtesy: www.deshpunjabonline.com and Babushahi.com

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026

Posted on July 14th, 2026

Posted on July 13th, 2026

Posted on July 10th, 2026

Posted on July 9th, 2026
Posted on July 9th, 2026