Posted on June 24th, 2016

ਸਿਓਲ, 24 ਜੂਨ- ਪਰਮਾਣੂ ਸਪਲਾਇਰ ਗਰੁੱਪ (ਐਨਐਸਜੀ) ਦੀ ਮੈਂਬਰੀ ਹਾਸਲ ਕਰਨ ਦੀ ਭਾਰਤ ਦੀ ਮੁਹਿੰਮ ਅੱਜ ਚੀਨ ਦੇ ਜ਼ੋਰਦਾਰ ਵਿਰੋਧ ਕਾਰਨ ਨਾਕਾਮ ਹੋ ਗਈ। ਇਸ ਪਿੱਛੋਂ ਭਾਰਤ ਨੇ ਚੀਨ ਵੱਲੋਂ ਖੜ੍ਹੇ ਕੀਤੇ ਅੜਿੱਕੇ ਉਤੇ ਆਪਣੀ ਸਖ਼ਤ ਨਾਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਚੀਨ ਤੋਂ ਇਲਾਵਾ ਬਰਾਜ਼ੀਲ, ਸਵਿਟਜ਼ਰਲੈਂਡ, ਤੁਰਕੀ, ਆਸਟਰੀਆ, ਆਇਰਲੈਂਡ ਅਤੇ ਨਿਊਜ਼ੀਲੈਂਡ ਆਦਿ ਨੇ ਵੀ ਭਾਰਤ ਦਾ ਵਿਰੋਧ ਕੀਤਾ।
ਇਸ 48-ਮੁਲਕੀ ਗਰੁੱਪ ਦੀ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਹੋਈ ਦੋ-ਰੋਜ਼ਾ ਪਲੈਨਰੀ ਮੀਟਿੰਗ ਅੱਜ ਖ਼ਤਮ ਹੋ ਗਈ, ਜਿਸ ਦੌਰਾਨ ਭਾਰਤ ਨੂੰ ਮੈਂਬਰੀ ਨਾ ਦੇਣ ਦਾ ਫ਼ੈਸਲਾ ਕੀਤਾ ਗਿਆ। ਇਹ ਕਾਰਵਾਈ ਭਾਰਤ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੀਤੀਆਂ ਜ਼ੋਰਦਾਰ ਕੋਸ਼ਿਸ਼ਾਂ ਲਈ ਭਾਰੀ ਝਟਕਾ ਹੈ। ਗ਼ੌਰਤਲਬ ਹੈ ਕਿ ਬੀਤੇ ਦਿਨ ਸ੍ਰੀ ਮੋਦੀ ਨੇ ਖ਼ੁਦ ਤਾਸ਼ਕੰਦ ਵਿੱਚ ਚੀਨੀ ਸਦਰ ਸ਼ੀ ਜਿਨਪਿੰਗ ਨੂੰ ਮਿਲ ਕੇ ਮੈਂਬਰੀ ਲਈ ਹਮਾਇਤ ਦੀ ਮੰਗ ਕੀਤੀ ਸੀ।
ਦੂਜੇ ਪਾਸੇ ਚੀਨ ਨੇ ਬਿਨਾਂ ਕਿਸੇ ਲਾਗ-ਲਪੇਟ ਦੇ ਭਾਰਤ ਦੀ ਮੈਂਬਰੀ ਖ਼ਿਲਾਫ਼ ਸਪਸ਼ਟ ਸਟੈਂਡ ਲਿਆ ਹੋਇਆ ਸੀ ਅਤੇ ਇਸ ਨੇ ਗਰੁੱਪ ਦੇ ਬਹੁਗਿਣਤੀ ਮੈਂਬਰਾਂ ਦੀ ਹਮਾਇਤ ਦੇ ਬਾਵਜੂਦ ਭਾਰਤ ਦਾ ਰਾਹ ਰੋਕ ਦਿੱਤਾ। ਭਾਰਤੀ ਅਧਿਕਾਰੀਆਂ ਮੁਤਾਬਕ ਗਰੁੱਪ ਵਿਚਲੇ 38 ਮੁਲਕਾਂ ਨੇ ਇਸ ਮੁੱਦੇ ਉਤੇ ਭਾਰਤ ਦੀ ਹਮਾਇਤ ਕੀਤੀ।
ਸਿਓਲ ਵਿੱਚ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਨਿਰਾਸ਼ ਭਾਰਤ ਨੇ ਚੀਨ ਵੱਲ ਸਿੱਧਾ ਇਸ਼ਾਰਾ ਕਰਦਿਆਂ ਆਪਣੀ ਮੁਹਿੰਮ ਦੀ ਨਾਕਾਮੀ ਲਈ ‘ਇਕ ਮੁਲਕ’ ਵੱਲੋਂ ਡਾਹੇ ਅੜਿੱਕਿਆਂ ਨੂੰ ਜ਼ਿੰਮੇਵਾਰ ਕਰਾਰ ਦਿੱਤਾ। ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਪਰੂਪ ਨੇ ਕਿਹਾ, ‘‘ਅਸੀਂ ਸਮਝਦੇ ਹਾਂ ਕਿ ਇਕ ਮੁਲਕ ਵਿੱਲੋਂ ਲਗਾਤਾਰ ਅਮਲੀ ਅੜਿੱਕੇ ਡਾਹੇ ਜਾਣ ਦੇ ਬਾਵਜੂਦ ਬੀਤੀ ਰਾਤ ਪੂਰੇ ਤਿੰਨ ਘੰਟੇ ਐਨਐਸਜੀ ਵਿੱਚ ਭਵਿੱਖੀ ਸ਼ਮੂਲੀਅਤ ਦੇ ਮੁੱਦੇ ਉਤੇ ਗੱਲਬਾਤ ਹੋਈ।’’ ਉਨ੍ਹਾਂ ਦੱਸਿਆ, ‘‘ਸਿਓਲ ਵਿੱਚ ਐਨਐਸਜੀ ਪਲੈਨਰੀ ਨੇ ਭਾਰਤ ਨੂੰ ਫ਼ੌਰੀ ਤੌਰ ’ਤੇ ਗਰੁੱਪ ਦੀ ਮੈਂਬਰੀ ਨਾ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਅਜਿਹੇ ਮੈਂਬਰਾਂ, ਜਿਨ੍ਹਾਂ ਨੇ ਪਰਮਾਣੂ ਅਪਸਾਰ ਸੰਧੀ (ਐਨਪੀਟੀ) ਉਤੇ ਸਹੀ ਨਹੀਂ ਪਾਈ, ਨੂੰ ਗਰੁੱਪ ਵਿੱਚ ਸ਼ਾਮਲ ਕਰਨ ਲਈ ਵਿਚਾਰ-ਚਰਚਾ ਜਾਰੀ ਰੱਖੇਗਾ।’’ ਉਨ੍ਹਾਂ ਕਿਹਾ, ‘‘ਗਰੁੱਪ ਦੇ ਵੱਡੀ ਗਿਣਤੀ ਮੈਂਬਰਾਂ ਨੇ ਭਾਰਤ ਦੀ ਮੈਂਬਰੀ ਦੀ ਹਮਾਇਤ ਕੀਤੀ ਅਤੇ ਭਾਰਤ ਦੀ ਅਰਜ਼ੀ ਉਤੇ ਹਾਂ-ਪੱਖੀ ਹੁੰਗਾਰਾ ਭਰਿਆ। ਅਸੀਂ ਅਜਿਹੇ ਮੁਲਕਾਂ ਦੇ ਧੰਨਵਾਦੀ ਹਾਂ। ਅਸੀਂ ਇਹ ਵੀ ਸਮਝਦੇ ਹਾਂ ਕਿ ਮੀਟਿੰਗ ਵਿੱਚ ਆਮ ਰਾਇ ਮਾਮਲੇ ਨੂੰ ਅੱਗੇ ਲਿਜਾਣ ਦੀ ਸੀ।’’
ਐਨਐਸਜੀ ਨੇ ਆਪਣੀ ਮੀਟਿੰਗ ਦੀ ਸਮਾਪਤੀ ਉਤੇ ਇਕ ਬਿਆਨ ਰਾਹੀਂ ਐਨਪੀਟੀ ਨੂੰ ‘ਮੁਕੰਮਲ ਤੇ ਅਸਰਦਾਰ ਢੰਗ ਨਾਲ ਲਾਗੂ ਕੀਤੇ ਜਾਣ ਲਈ ਆਪਣੀ ਜ਼ੋਰਦਾਰ ਹਮਾਇਤ’ ਦਾ ਐਲਾਨ ਕੀਤਾ। ਉਂਜ ਇਸ ਨੇ ਨਾਲ ਹੀ ਕਿਹਾ ਕਿ ਗਰੁੱਪ ਵੱਲੋਂ ਗ਼ੈਰ-ਐਨਪੀਟੀ ਮੈਂਬਰਾਂ ਦੀ ਸ਼ਮੂਲੀਅਤ ’ਤੇ ‘ਤਕਨੀਕੀ, ਕਾਨੂੰਨੀ ਤੇ ਸਿਆਸੀ ਪਹਿਲੂਆਂ’ ਉਤੇ ਵੀ ਵਿਚਾਰ ਕੀਤੀ ਗਈ ਹੈ। ਬਿਆਨ ਵਿੱਚ ਭਾਰਤ ਦੀ ਮੈਂਬਰੀ ਸਬੰਧੀ ਅਰਜ਼ੀ ਵਿਚਾਰੇ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਭਾਰਤ ਦੀ ਐਨਐਸਜੀ ਵਿੱਚ ਸ਼ਮੂਲੀਅਤ ਦੇ ਆਪਣੇ ਵਿਰੋਧ ਨੂੰ ਸਹੀ ਠਹਿਰਾਉਂਦਿਆਂ ਚੀਨ ਨੇ ਅੱਜ ਕਿਹਾ ਕਿ ਉਸ ਦਾ ਵਿਰੋਧ ਗਰੁੱਪ ਦੇ ਨਿਯਮਾਂ ਮੁਤਾਬਕ ਹੈ। ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੁਆ ਚੁਨਯਿੰਗ ਨੇ ਕਿਹਾ ਕਿ ਚੀਨ ਕਿਸੇ ਖ਼ਾਸ ਮੁਲਕ ਦੇ ਖ਼ਿਲਾਫ਼ ਨਹੀਂ ਹੈ ਪਰ ਗ਼ੈਰ ਐਨਪੀਟੀ ਮੁਲਕਾਂ ਨੂੰ ਮੈਂਬਰੀ ਨਾ ਦੇਣ ਦੇ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ।
-ਪੀਟੀਆਈ

Posted on June 26th, 2026

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026