Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੁੱਟ-ਕੁੱਟ ਕੇ ਮਾਰ ਦਿੱਤੇ ਗਏ ਅਖ਼ਲਾਕ ਦੇ ਪਰਵਾਰ ਵਿਰੁੱਧ ਗਊ ਹੱਤਿਆ ਦਾ ਕੇਸ ਕਰਨ ਦਾ ਹੁਕਮ

Posted on July 15th, 2016


ਨੋਇਡਾ- ਦਾਦਰੀ ਵਿੱਚ ਭੀੜ ਵੱਲੋਂ ਕੁੱਟ-ਕੁੱਟ ਕੇ ਮਾਰ ਦਿੱਤੇ ਗਏ ਅਖ਼ਲਾਕ ਦੇ ਕੇਸ ਵਿੱਚ ਕੱਲ੍ਹ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਇੱਕ ਅਦਾਲਤ ਨੇ ਗਊ ਹੱਤਿਆ ਦੇ ਮਾਮਲੇ ਵਿੱਚ ਅਖ਼ਲਾਕ ਦੇ ਪਰਵਾਰ ਵਿਰੁੱਧ ਮਾਮਲਾ ਦਰਜ ਕਰਨ ਦਾ ਹੁਕਮ ਦੇ ਦਿੱਤਾ। ਸੀਨੀਅਰ ਵਕੀਲ ਡੀ ਐੱਸ ਆਰ ਤ੍ਰਿਪਾਠੀ ਨੇ ਕਿਹਾ ਕਿ ਜੁਡੀਸ਼ਲ ਮੈਜਿਸਟਰੇਟ ਨੇ ਅਖ਼ਲਾਕ ਦੇ ਪਰਵਾਰ ਵਿਰੁੱਧ ਗਊ ਹੱਤਿਆ ਦੇ ਕੇਸ ਦੀ ਜਾਂਚ ਕਰ ਕੇ ਐੱਫ ਆਈ ਆਰ ਦਰਜ ਕਰਨ ਲਈ ਹੁਕਮ ਦਿੱਤਾ ਹੈ। 

ਦਾਦਰੀ ਦੇ ਬਿਸਾਹੜਾ ਪਿੰਡ ਦੇ ਲੋਕਾਂ ਨੇ ਬੀਤੀ ਪੰਜ ਜੂਨ ਨੂੰ ਗੌਤਮ ਬੁੱਧ ਨਗਰ ਦੇ ਸੀਨੀਅਰ ਪੁਲਸ ਸੁਪਰਡੈਂਟ ਨਾਲ ਮੁਲਾਕਾਤ ਕਰ ਕੇ ਗਊ ਹੱਤਿਆ ਦੇ ਦੋਸ਼ ਵਿੱਚ ਮੁਹੰਮਦ ਅਖ਼ਲਾਕ ਦੇ ਪਰਵਾਰ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ, ਜਿਸ ਮਗਰੋਂ ਐੱਸ ਐੱਸ ਪੀ ਨੇ ਦੋਸ਼ਾਂ ਬਾਰੇ ਜਾਂਚ ਦਾ ਹੁਕਮ ਦਿੱਤਾ ਸੀ। ਐੱਸ ਐੱਸ ਪੀ ਧਰਮਿੰਦਰ ਯਾਦਵ ਨੇ ਕਿਹਾ ਸੀ ਕਿ ਪ੍ਰਵਾਰ ਵਿਰੁੱਧ ਤਦੇ ਕੇਸ ਦਰਜ ਕੀਤਾ ਜਾਵੇਗਾ, ਜੇ ਇਹ ਦੋਸ਼ ਸੱਚ ਸਾਬਤ ਹੋਵੇਗਾ ਕਿ ਅਖ਼ਲਾਕ ਦੇ ਘਰੋਂ ਜੋ ਮਾਸ ਮਿਲਿਆ ਹੈ, ਉਹ ਗਾਂ ਦਾ ਸੀ।


ਅਖ਼ਲਾਕ ਦੀ ਪਿਛਲੇ ਸਾਲੇ 29 ਸਤੰਬਰ ਨੂੰ ਭੀੜ ਨੇ ਇਸ ਸ਼ੱਕ ਵਿੱਚ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ ਸੀ ਕਿ ਉਸ ਦੇ ਪਰਵਾਰ ਨੇ ਆਪਣੇ ਘਰ ਵਿੱਚ ਗਾਂ ਦਾ ਮਾਸ ਰਖਿਆ ਅਤੇ ਖਾਧਾ ਹੈ। ਪਹਿਲਾਂ ਇਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਇਹ ਮਾਸ ਬੱਕਰੇ ਦਾ ਸੀ, ਪਰ ਬਾਅਦ ਵਿੱਚ ਇੱਕ ਹੋਰ ਜਾਂਚ ਰਿਪੋਰਟ ਵਿੱਚ ਇਸ ਨੂੰ ਗਾਂ ਦਾ ਮਾਸ ਦੱਸਿਆ ਗਿਆ। ਅਖ਼ਲਾਕ ਕਤਲ ਕੇਸ ਦੇ ਇੱਕ ਦੋਸ਼ੀ ਦੇ ਪਿਤਾ ਸੰਜੇ ਰਾਣਾ ਨੇ ਕਿਹਾ ਕਿ ਅਦਾਲਤ ਦਾ ਹੁਕਮ ਸਹੀ ਹੈ ਤੇ ਹੁਣ ਦੂਜੀ ਧਿਰ ਨੂੰ ਨਿਆਂ ਦਿੱਤਾ ਗਿਆ ਹੈ। ਅਖ਼ਲਾਕ ਦੇ ਭਰਾ ਜਾਨ ਮੁਹੰਮਦ ਨੇ ਕਿਹਾ ਕਿ ਜਾਂਚ ਨਿਰਪੱਖ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਰਵਾਰ ਵਿਰੁੱਧ ਮਾਮਲਾ ਦਰਜ ਹੋਣਾ ਉਨ੍ਹਾਂ ਲਈ ਝਟਕੇ ਵਾਲੀ ਗੱਲ ਹੈ।



Archive

RECENT STORIES