Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਸ਼ਮੀਰ ਵਿਚੋਂ ਫੌਜ ਹਟਾਈ ਜਾਵੇ ਅਤੇ ਕਸ਼ਮੀਰ ਸਮੱਸਿਆ ਦਾ ਹੱਲ ਸਥਾਨਕ ਲੋਕਾਂ ਦੀਆਂ ਰਾਜਨੀਤਿਕ ਇਛਾਵਾਂ ਅਨੁਸਾਰ ਕੀਤਾ ਜਾਵੇ: ਦਲ ਖ਼ਾਲਸਾ

Posted on July 26th, 2016

ਉਪ-ਮਹਾਂਦੀਪ ਵਿਚ ਸਥਾਈ ਸ਼ਾਂਤੀ ਲਈ ਸੰਘਰਸ਼ੀਲ ਕੌਮਾਂ ਨੂੰ ਸਵੈ-ਨਿਰਣੇ ਦਾ ਹੱਕ ਦਿਤਾ ਜਾਵੇ


ਜਲੰਧਰ- ਦਲ ਖ਼ਾਲਸਾ ਨੇ ਕਸ਼ਮੀਰ ਦੇ ਲੋਕਾਂ ਦੇ ਆਜ਼ਾਦੀ ਸੰਘਰਸ਼ ਨਾਲ ਸਹਿਮਤੀ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਕਸ਼ਮੀਰ ਵਿਚੋਂ ਫੌਰੀ ਤੌਰ 'ਤੇ ਫੌਜ ਨੂੰ ਹਟਾਇਆ ਜਾਵੇ ਤੇ ਕਸ਼ਮੀਰ ਸਮੱਸਿਆ ਦਾ ਹੱਲ ਉਥੋਂ ਦੇ ਲੋਕਾਂ ਦੀਆਂ ਰਾਜਨੀਤਿਕ ਇਛਾਵਾਂ ਅਨੁਸਾਰ ਕੀਤਾ ਜਾਵੇ। 
ਏਥੇ ਕਸ਼ਮੀਰ ਇਕਜੁੱਟਤਾ ਦਿਵਸ ਮਨਾਉਂਦਿਆਂ, ਦਲ ਖ਼ਾਲਸਾ ਨੇ ਭਾਰਤੀ ਸੁਰੱਖਿਆ ਬਲਾਂ ਵਲੋਂ ਕਸ਼ਮੀਰ ਵਿਚ ਕਤਲ ਕੀਤੇ ਜਾ ਰਹੇ ਨਿਹੱਥੇ ਕਸ਼ਮੀਰੀ ਵਿਖਾਵਾਕਾਰੀਆਂ, ਆਮ ਲੋਕਾਂ ਅਤੇ ਪੈਲੇਟ ਬੰਦੂਕਾਂ ਨਾਲ ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਤੇ ਜ਼ਖਮੀ ਹੋਏ ਨੌਜਵਾਨਾਂ ਤੇ ਬੱਚਿਆਂ ਲਈ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਭਾਵਸ਼ਾਲੀ ਰੋਸ ਮੁਜ਼ਾਹਰਾ ਕੀਤਾ। ਜਥੇਬੰਦੀ ਨੇ ਕਿਹਾ ਕਿ ਉਹ ਆਪਣੇ ਗੁਆਂਢ ਵਿੱਚ ਵਸੱਣ ਵਾਲੇ ਕਸ਼ਮੀਰੀਆਂ ਦੇ ਹਰ ਦੁੱਖ-ਸੁੱਖ ਵਿੱਚ ਸ਼ਾਮਿਲ ਹਨ ਅਤੇ ਉਹਨਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਅਤੇ ਜੁਲਮ ਵਿਰੁੱਧ ਹਾਅ ਦਾ ਨਾਹਰਾ ਮਾਰਦੇ ਰਹਿਣਗੇ। 
ਦਲ ਖ਼ਾਲਸਾ ਦੇ ਸੈਂਕੜੇ ਕਾਰਕੁੰਨ ਕਸ਼ਮੀਰੀਆਂ 'ਤੇ ਹੋ ਰਹੇ ਜੁਲਮਾਂ ਵਿਰੁੱਧ ਸੁਨੇਹਾ ਦਿੰਦੀਆਂ ਤਖਤੀਆਂ ਤੇ ਬੈਨਰ ਫੜਕੇ ਸ਼ਹਿਰ ਦੇ ਸਭ ਤੋਂ ਭੀੜ-ਭਾੜ ਵਾਲੇ ਨਕੋਦਰ ਚੌਂਕ ਵਿਚ ਖੜੇ ਹੋਏ। ਇੱਥੋਂ ਉਹ ਮਾਰਚ ਕਰਦੇ ਹੋਏ ਗੁਰਦੁਆਰਾ ਨਾਨਕ ਮਿਸ਼ਨ ਪਹੁੰਚੇ ਜਿਥੇ ਉਹਨਾਂ ਕਸ਼ਮੀਰੀਆਂ ਦੀ ਅਜ਼ਾਦੀ ਸੰਘਰਸ਼ ਦੇ ਖਾੜਕੂ ਕਮਾਂਡਰ ਬੁਹਰਾਨ ਵਾਨੀ ਦੀ ਮੌਤ ਤੋਂ ਬਾਅਦ ਭਾਰਤੀ ਸੁਰੱਖਿਆ ਬਲਾਂ ਦੀਆਂ ਗੋਲੀਆਂ ਦਾ ਸ਼ਿਕਾਰ ਕਸ਼ਮੀਰੀ ਪ੍ਰਦਰਸ਼ਕਾਰੀਆਂ ਦੀ ਯਾਦ ਵਿੱਚ ਅਰਦਾਸ ਕੀਤੀ। 
ਪ੍ਰਦਰਸ਼ਨ ਦੌਰਾਨ ਇਕ ਨੀਤੀਗਤ ਬਿਆਨ ਜਾਰੀ ਕਰਦਿਆਂ ਦਲ ਖ਼ਾਲਸਾ ਨੇ ਕਿਹਾ ਕਿ ਕਸ਼ਮੀਰੀ ਲੋਕਾਂ ਦੀਆਂ ਵਾਜਿਬ ਰੀਝਾਂ ਅਤੇ ਉਮੰਗਾਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਵਿਸ਼ਵ-ਪ੍ਰਵਾਨਿਤ ਸਵੈ-ਨਿਰਣੇ ਦੇ ਹੱਕ ਰਾਂਹੀ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਆਜ਼ਾਦ ਤੇ ਨਿਰਪੱਖ ਮੌਕਾ ਦੇਣਾ ਚਾਹੀਦਾ ਹੈ।
ਦਲ ਖ਼ਾਲਸਾ ਦੇ ਕਾਰਕੁੰਨਾਂ ਵਲੋਂ ਫੜੀਆਂ ਤਖਤਾਂ ਵਿਚੋਂ ਇਕ 'ਤੇ ਲਿਖਿਆ ਸੀ, "ਸਿੱਖ ਕੌਮ ਕਸ਼ਮੀਰੀ ਕੌਮ ਦੇ ਨਾਲ ਖੜੀ ਹੈ" ਅਤੇ "ਸਵੈ-ਨਿਰਣੇ ਦਾ ਹੱਕ ਸੱਭ ਦਾ ਬੁਨਿਆਦੀ ਹੱਕ ਹੈ"। ਇਸ ਤੋਂ ਇਲਾਵਾ ਇਕ ਹੋਰ ਤਖ਼ਤੀ 'ਤੇ ਸੁਨਹਾ ਲਿਖਿਆ ਸੀ ਕਿ, "ਕਸ਼ਮੀਰ, ਕਸ਼ਮੀਰੀਆਂ ਨੂੰ ਵਾਪਿਸ ਕਰੋ, ਫੌਜ ਹਟਾਓ, ਅਫਸਪਾ ਹਟਾਓ ਤੇ ਨਿਰਦੋਸ਼ ਲੋਕਾਂ ਨੂੰ ਮਾਰਨਾ ਬੰਦ ਕਰੋ"।
ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੋਈ ਵੀ ਲੋਕਤੰਤਰ ਦਹਿਸ਼ਤ ਅਤੇ ਜ਼ੋਰ-ਜਬਰਦਸਤੀ ਨਾਲ ਅੱਗੇ ਨਹੀਂ ਵੱਧ ਫੁੱਲ ਸਕਦਾ। ਉਨ੍ਹਾਂ ਕਿਹਾ ਕਿ ਕਸ਼ਮੀਰੀਆਂ ਵਿਰੁੱਧ ਹੋ ਰਹੀ ਹਿੰਸਾ, ਬਲਾਤਕਾਰ ਤੇ ਜ਼ਬਰ, ਭਾਰਤੀ ਲੋਕਤੰਤਰ 'ਤੇ ਵੱਡਾ ਧੱਬਾ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਅੱਤਵਾਦ ਜਰੀਏ ਕਸ਼ਮੀਰੀਆਂ ਦੀਆਂ ਵਾਜਿਬ ਰਾਜਨੀਤਿਕ ਰੀਝਾਂ ਨੂੰ ਨਹੀਂ ਦਬਾਇਆ ਜਾ ਸਕਦਾ।
ਉਨ੍ਹਾਂ ਕਸ਼ਮੀਰ, ਪੰਜਾਬ, ਨਾਗਾਲੈਂਡ ਅੰਦਰ ਲੋਕਾਂ ਦੀ ਰਾਏ ਜਾਨਣ ਲਈ ਰਾਏਸ਼ੁਮਾਰੀ ਕਰਵਾਏ ਜਾਣ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਇਸ ਉਪ-ਮਹਾਂਦੀਪ ਵਿਚ ਸਥਾਈ ਤੌਰ 'ਤੇ ਸ਼ਾਂਤੀ ਤਾਂ ਹੀ ਬਹਾਲ ਹੋ ਸਕੇਗੀ ਜੇਕਰ ਸਰਹੱਦੀ ਸੂਬਿਆਂ ਦੇ ਸੰਘਰਸ਼ਸ਼ੀਲ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦਿੱਤਾ ਜਾਵੇ। ਉਹਨਾਂ ਸੱਦਾ ਦਿੱਤਾ ਕਿ ਮਜਲੂਮ ਕੌਮਾਂ ਨੂੰ ਆਪਣੀ ਹੋਂਦ ਬਚਾਉਣ ਅਤੇ ਇਛਾਵਾਂ ਦੀ ਪੂਰਤੌ ਲਈ ਜ਼ਾਲਮ ਹਕੂਮਤ ਵਿਰੁੱਧ ਇੱਕਜੁੱਟ ਹੋਣਾ ਚਾਹੀਦਾ ਹੈ ਅਤੇ ਇਹ ਸਮੇ ਦੀ ਮੰਗ ਵੀ ਹੈ।  
ਪਾਰਟੀ ਦੇ ਸੀਨੀਅਰ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਕਸ਼ਮੀਰ ਵਿਚ ਸਿਵਲ ਪ੍ਰਸ਼ਾਸਨ ਲਗਭਗ ਨਾ-ਮਾਤਰ ਹੈ ਤੇ ਜੋ ਕੁਝ ਵੀ ਹੈ, ਉਹ ਭਾਰਤੀ ਸੁਰੱਖਿਆ ਬਲਾਂ ਦੇ ਅਧੀਨ ਹੈ। ਉਨ੍ਹਾਂ ਕਿਹਾ ਕਿ ਮਹਿਬੂਬਾ ਮੁਫਤੀ ਦੀ ਕਮਾਨ ਹੇਠ ਨਵੀਂ ਚੁਣੀ ਗਈ ਸਰਕਾਰ ਸਿਰਫ ਇਕ ਮਖੌਟਾ ਹੈ ਜੋ ਭਾਰਤੀ ਸੁਰੱਖਿਆ ਬਲਾਂ ਲਈ ਢਾਲ ਵਾਂਗ ਕੰਮ ਕਰਦੀ ਹੈ ਤੇ ਉਨ੍ਹਾਂ ਨੂੰ ਬਿਨਾਂ ਕਿਸੇ ਕਾਨੂੰਨ ਦੇ ਡਰ ਤੋਂ ਅਜ਼ਾਦਾਨਾ ਕਾਰਵਾਈਆਂ ਕਰਨ ਲਈ ਸਹੂਲਤ ਦਿੰਦੀ ਹੈ। 
ਕਸ਼ਮੀਰ ਵਿਚ ਭਾਰਤੀ ਜ਼ੁਲਮਾਂ 'ਤੇ ਵਿਸ਼ਵ ਦੀ ਵੱਡੀਆਂ ਤਾਕਤਾਂ ਵਲੋਂ ਧਾਰੀ ਚੁੱਪ ਬਾਰੇ ਸਖਤ ਟਿੱਪਣੀ ਕਰਦਿਆਂ ਦਲ ਖ਼ਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਵਿਸ਼ਵ ਦੀਆਂ ਵੱਡੀਆਂ ਕਥਿਤ ਲੋਕਤੰਤਰਿਕ ਤਾਕਤਾਂ ਨੇ ਆਪਣੇ ਆਰਥਿਕ ਮੁਫਾਦਾਂ ਲਈ ਭਾਰਤ ਵਲੋਂ ਵੱਡੇ ਪੱਧਰ 'ਤੇ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਵੱਲ ਅੱਖਾਂ ਬੰਦ ਕੀਤਆਂ ਹੋਈਆਂ ਹਨ। ਕਸ਼ਮੀਰ ਵਿਚ ਹੋ ਰਹੇ ਜ਼ੁਲਮਾਂ 'ਤੇ ਚੁੱਪ ਧਾਰੀ ਬੈਠੀਆਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ 'ਤੇ ਸੱਟ ਮਾਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ 'ਆਪ' ਅਤੇ 'ਅਕਾਲੀ ਦਲ' ਦੱਸਣ ਕਿ ਉਹ ਜ਼ਾਬਰ ਨਾਲ ਹਨ ਜਾ ਮਜ਼ਲੂਮ ਨਾਲ।
ਇਸ ਰੋਸ ਪ੍ਰਦਰਸ਼ਨ ਵਿਚ ਸਿੱਖ ਯੂਥ ਆਫ ਪੰਜਾਬ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਾਰਕੁੰਨਾਂ ਵਲੋਂ ਵੀ ਭਾਗ ਲਿਆ ਗਿਆ।
ਅੱਜ ਦੇ ਰੋਸ ਮੁਜ਼ਾਹਰੇ ਵਿੱਚ ਹੋਰਨਾਂ ਤੋਂ ਇਲਾਵਾ ਆਰ.ਪੀ.ਸਿੰਘ, ਭਾਈ ਮਨਧੀਰ ਸਿੰਘ, ਅਮਰੀਕ ਸਿੰਘ ਈਸੜੂ, ਜਸਬੀਰ ਸਿੰਗ ਖੰਡੂਰ, ਸੁਖਜੀਤ ਸਿੰਘ ਖੋਸਾ, ਰਣਬੀਰ ਸਿੰਘ, ਨੋਬਲਜੀਤ ਸਿੰਘ, ਹਰਮਿੰਦਰ ਸਿੰਘ ਹਰਮੋਏ, ਗੁਰਜੰਟ ਸਿੰਘ, ਦਮਨਦੀਪ ਸਿੰਘ, ਗੁਰਦੀਪ ਸਿੰਘ ਕਾਲਕੱਟ, ਅਵਤਾਰ ਸਿੰਘ ਜਲਾਲਾਬਾਦ, ਜਗਜੀਤ ਸਿੰਘ ਖੋਸਾ, ਸੁਰਜੀਤ ਸਿੰਘ ਖਾਲਸਤਾਨੀ, ਰਾਜਿੰਦਰ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ, ਜਨਰਲ ਸਕਤਰ ਗੁਰਮੀਤ ਸਿੰਘ, ਬੁਲਾਰੇ ਪਰਮਜੀਤ ਸਿੰਘ ਮੰਡ ਤੇ ਸੁਖਵਿੰਦਰ ਸਿੰਘ, ਆਦਿ ਸ਼ਾਮਿਲ ਸਨ। 


Archive

RECENT STORIES