Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਿੰਡਰਾਂਵਾਲਿਆਂ ਦਾ ਨਾਮ ਮਿਟਾਉਣ ਆਏ ਸ਼ਿਵ ਸੈਨਿਕ 10 ਮਿੰਟਾਂ 'ਚ ਦੌੜ ਗਏ

Posted on May 31st, 2013

ਅੰਮ੍ਰਿਤਸਰ- ਜੂਨ ਦੀ ਅੱਗ ਵਰ੍ਹਾਉਂਦੀ ਗਰਮੀ ਵਿਚ ਭਾਰਤੀ ਫ਼ੌਜ ਦੇ ਹਮਲੇ ਦੌਰਾਨ ਸ਼ਹੀਦ ਹੋਣ ਵਾਲਿਆਂ ਦੀ ਯਾਦ ਵਿਚ  ਦਰਬਾਰ ਸਾਹਿਬ ਕੰਪਲੈਕਸ ਵਿਚ ਉਸਾਰੀ ਸ਼ਹੀਦੀ ਯਾਦਗਾਰ ਦਾ ਵਿਰੋਧ ਕਰਨ ਵਾਲੇ ਸ਼ਿਵ ਸੈਨਿਕ 10 ਮਿੰਟ ਗਰਮੀ ਨਾ ਸਹਾਰ ਸਕੇ। ਯਾਦਗਾਰ ਤੇ ਉਕਰੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਹੋਰਨਾਂ ਸ਼ਹੀਦਾਂ ਦੇ ਨਾਵਾਂ ਦਾ ਵਿਰੋਧ ਕਰਨ ਵਾਲੇ 10 ਮਿੰਟ ਵਿਚ ਹੀ ਪਸੀਨੋ ਪਸੀਨੀ ਤੇ ਹਫਦੇ ਹੋਏ ਘਰਾਂ ਨੂੰ ਦੌੜ ਗਏ। 

ਜ਼ਿਕਰਯੋਗ ਹੈ ਕਿ ਰਾਸ਼ਟਰਵਾਦੀ ਸ਼ਿਵ ਸੈਨਾ ਵਲੋਂ ਅੱਜ ਸ਼ਹੀਦੀ ਯਾਦਗਾਰ 'ਤੇ ਲਿਖੇ ਹੋਏ ਨਾਵਾਂ ਦਾ ਵਿਰੋਧ ਕਰਨ ਵਾਸਤੇ ਦਰਬਾਰ ਸਾਹਿਬ ਦੇ ਨੇੜੇ ਜਾ ਕੇ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਜਥੇਬੰਦੀ ਦੇ ਉਪ ਚੇਅਰਮੈਨ ਸਚਿਨ ਬਹਿਲ ਅਤੇ ਪੰਜਾਬ ਪ੍ਰਧਾਨ ਅਜੇ ਟੰਡਨ ਦੀ ਅਗਵਾਈ ਵਿਚ 90 ਕੁ ਦੇ ਲੱਗਭਗ ਵਿਅਕਤੀਆਂ ਨੇ ਭੰਡਾਰੀ ਪੁਲ ਤੋਂ ਦਰਬਾਰ ਸਾਹਿਬ ਵਲ ਨੂੰ ਮਾਰਚ ਸ਼ੁਰੂ ਕੀਤਾ। ਇਹ ਮਾਰਚ ਅਜੇ ਹਾਲ ਗੇਟ 'ਤੇ ਪਹੁੰਚਿਆ ਹੀ ਸੀ ਕਿ ਥਾਣਾ ਕੋਤਵਾਲੀ ਦੇ ਐਸ ਐਚ ਓ ਸੁਖਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਪੁਲਿਸ ਨੇ ਮੁਸ਼ਤੈਦੀ ਵਿਖਾਉਂਦਿਆਂ ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ। ਰਾਸ਼ਟਰਵਾਦੀ ਸ਼ਿਵ ਸੈਨਿਕ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਪ੍ਰਦਰਸ਼ਨ ਕਰਨ ਲਈ ਬਜ਼ਿਦ ਸਨ। ਉਨ੍ਹਾਂ ਦੀ ਜ਼ਿੱਦ ਨੂੰ ਵੇਖਦਿਆਂ ਐਸ ਐਚ ਓ ਸੁਖਵਿੰਦਰ ਸਿੰਘ ਰੰਧਾਵਾ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਕਿ ਜੇ ਉਹ ਗਰਮੀ ਨਾਲ ਤਪੀ ਹੋਈ ਸੜਕ 'ਤੇ 10 ਮਿੰਟ ਬੈਠ ਜਾਣ ਤਾਂ ਉਹ ਆਪ ਉਨ੍ਹਾਂ ਨੂੰ ਧਰਨੇ ਵਾਲੀ ਜਗ੍ਹਾ 'ਤੇ ਲੈ ਜਾਣਗੇ। ਸਥਿਤੀ ਉਸ ਵੇਲੇ ਹਾਸੋਹੀਣੀ ਬਣ ਗਈ ਜਦ ਪ੍ਰਦਰਸ਼ਨਕਾਰੀ 10 ਮਿੰਟ ਵੀ ਨਾ ਟਿਕ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਸੁਭਾਸ਼ ਭਗਤ, ਸੈਕਟਰੀ ਵਿਨੋਦ ਸ਼ਰਮਾ, ਜ਼ਿਲ੍ਹਾ ਪ੍ਰਧਾਨ ਰਤਨ ਚੰਦ ਭੱਲਾ, ਜ਼ਿਲ੍ਹਾ ਮੀਤ ਪ੍ਰਧਾਨ ਰਾਜੇਸ਼ ਗੋਲਡੀ ਸਮੇਤ ਹੋਰ ਸ਼ਿਵ ਸੈਨਿਕ ਮੌਜੂਦ ਸਨ।



Archive

RECENT STORIES