Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵੇਖਿਓ ਪੰਜਾਬੀਓ ਕਿਤੇ ਇਤਿਹਾਸਕ ਗਲਤੀ ਨਾ ਕਰ ਬੈਠਿਓ- ਪਰਗਟ ਸਿੰਘ

Posted on September 11th, 2016


ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਅਕਾਲੀ ਦਲ ਤਿਆਗ ਕੇ ਵਾਇਆ ਆਪ ਆਵਾਜ਼-ਏ-ਪੰਜਾਬ ਦੇ ਮੰਚ 'ਤੇ ਪੁੱਜੇ ਸਾਬਕਾ ਉਲੰਪੀਅਨ ਸ. ਪਰਗਟ ਸਿੰਘ ਨੇ ਦੁਨੀਆਂ ਭਰ 'ਚ ਵਸਦੇ ਪੰਜਾਬੀਆਂ ਅੱਗੇ ਗੁਹਾਰ ਲਾਈ ਹੈ ਕਿ ਕਿਤੇ ਇਤਿਹਾਸਕ ਗਲਤੀ ਨਾ ਕਰ ਬੈਠਿਓ। ਸਥਾਨਕ ਰਾਜਿਆਂ ਦੇ ਜ਼ੁਲਮ ਤੋਂ ਤੰਗ ਆੲਿਆਂ ਨੇ ਅਸੀਂ ਪਹਿਲਾਂ ਮੁਗਲਾਂ ਦਾ ਰਾਜ ਕਬੂਲਿਆ ਤੇ ਫੇਰ ਅੰਗਰੇਜ਼ਾਂ ਦੀ ਅਧੀਨਗੀ ਕਬੂਲੀ ਤੇ ਫੇਰ ਅੰਗਰੇਜ਼ਾਂ ਨੂੰ ਕੱਢਣ ਲਈ ਸ਼ਹੀਦੀਆਂ ਦਿੱਤੀਆਂ। ਉਹੀ ਕੁਝ ਅਸੀਂ ਫੇਰ ਦੁਹਰਾਉਣ ਦੇ ਰਾਹ ਹਾਂ। ਪਹਿਲਾਂ ਕਾਂਗਰਸ ਅਤੇ ਫਿਰ ਬਾਦਲਾਂ ਦੇ ਜ਼ੁਲਮ ਤੋਂ ਅੱਕੇ ਹੁਣ ਅਸੀਂ ਸੈਂਟਰਲ ਇੰਡੀਆ ਕੰਪਨੀ (ਆਪ) ਦੇ ਹੱਥ ਆਪਣੀ ਕਿਸਮਤ ਫੜਾਉਣ ਲਈ ਤਰਲੋ-ਮੱਛੀ ਹੋ ਰਹੇ ਹਾਂ, ਇਹ ਜਾਣੇ ਬਗੈਰ ਕਿ ਸਾਡਾ ਹਸ਼ਰ ਕੀ ਹੋਵੇਗਾ।

ਜਲੰਧਰ ਤੋਂ ਸਵੇਰ ਦੀ ਸੈਰ ਦੌਰਾਨ ਫੋਨ 'ਤੇ ਇਸ ਪੱਤਰਕਾਰ ਨਾਲ ਉਚੇਚੇ ਤੌਰ 'ਤੇ ਗੱਲ ਕਰਦਿਆਂ ਪਰਗਟ ਸਿੰਘ ਨੇ ਆਖਿਆ ਕਿ ਅਕਾਲੀਆਂ ਤੋਂ ਅੱਕਲ-ਕਾਣ ਹੋ ਕੇ ਮੈਂ ਆਪ ਦੇ ਦਰ 'ਤੇ ਗਿਆ ਸਾੀ ਪਰ ਦੇਖ ਕੇ ਹੈਰਾਨੀ ਹੋਈ ਕਿ ਪਾਰਟੀ 'ਚ ਪੰਜਾਬ ਹਿਤੈਸ਼ੀਆਂ ਦੀ ਤਾਂ ਕੋਈ ਵੁੱਕਤ ਹੀ ਨਹੀਂ ਅਤੇ ਨਾ ਹੀ ਲੀਡਰਾਂ 'ਚ ਆਪਸੀ ਇਤਫਾਕ। ਆਪਣੇ ਹੀ ਬੰਦਿਆਂ 'ਤੇ ਸ਼ੱਕ, ਉਨ੍ਹਾਂ ਦੀਆਂ ਰਿਕਾਰਡਿੰਗਾਂ, ਸਟਿੰਗ ਬਣਾੳੁਣੇ ਇਹ ਸਭ ਦੇਖ ਕੇ ਮੇਰਾ ਉੱਥੇ ਰਹਿਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਮੈਂ ਦੇਖਿਆ ਕਿ ਰਵਾਇਤੀ ਪਾਰਟੀਆਂ ਨੇ ਗਰੀਬਾਂ ਅਤੇ ਅਨਪੜ੍ਹਾਂ ਨੂੰ ਆਪਣੇ ਮਗਰ ਲਾ ਕੇ ਰਾਜ ਕੀਤਾ ਅਤੇ ਕੇਜਰੀਵਾਲ ਨੇ ਬਹੁਤ ਹੀ ਸ਼ਾਤਰ ਸੋਚ ਨਾਲ ਪੜ੍ਹੇ-ਲਿਖੇ ਪਰ ਜਜ਼ਬਾਤੀ ਲੋਕਾਂ ਨੂੰ ਮਗਰ ਲਾ ਲਿਆ। ਤੇ ਮੈਨੀਫੈਸਟੋ 'ਤੇ ਤਾੜੀਆਂ ਮਾਰ ਕੇ ਖੁਸ਼ ਹੋਣ ਵਾਲੇ ਪੜ੍ਹੇ ਲਿਖੇ ਲੋਕ ਇਹ ਵੀ ਨਹੀਂ ਸੋਚ ਰਹੇ ਕਿ 52,000 ਕਰੋੜ ਦੇ ਐਲਾਨੇ ਖਰਚੇ ਨੂੰ ਸੰਭਾਵੀ ਆਪ ਸਰਕਾਰ 26,000 ਕਰੋੜ ਨਾਲ ਕਿਵੇਂ ਪੂਰਾ ਕਰੇਗੀ, ਬਚਦਾ 26,000 ਕਰੋੜ ਕਿੱਥੋਂ ਪੈਦਾ ਕਰੇਗੀ? ਉਸ ਲਈ ਕੀ ਨੀਤੀ ਹੈ?

ਇਹ ਪੁੱਛਣ 'ਤੇ ਕਿ ਕੀ ਤੁਸੀਂ ਇਹ ਖੇਡ ਬਾਦਲਾਂ ਦੇ ਆਖੇ ਤਾਂ ਨਹੀਂ ਖੇਡ ਰਹੇ ਤਾਂ ਪਰਗਟ ਸਿੰਘ ਨੇ ਜਵਾਬ ਦਿੱਤਾ ਕਿ ਮੈਂ ਹਮੇਸ਼ਾ ਏ ਟੀਮ 'ਚ ਖੇਡਿਆ ਹਾਂ, ਕਦੇ ਬੀ ਟੀਮ 'ਚ ਨਹੀਂ। ਜੇ ਬਾਦਲਾਂ ਦੀ ਸੱਤਾ 'ਚ ਖੁਸ਼ ਹੁੰਦਾ ਤਾਂ ਫੇਰ ਉੱਥੇ ਹੀ ਰਹਿ ਲੈਂਦਾ ਪਰ ਪੰਜਾਬ ਦਾ ਦਰਦ ਬੈਠਣ ਨਹੀਂ ਸੀ ਦਿੰਦਾ। ਪੰਜਾਬ 'ਚ ਹੁਣ ਹੋਰ ਝੱਲਣ ਦੀ ਸਮਰੱਥਾ ਹੈ ਨਹੀਂ, ਨਾ ਕੋਲ ਪੈਸਾ ਹੈ, ਨਾ ਪਾਣੀ ਤੇ ਜਵਾਨੀ ਬਾਰੇ ਮੈਨੂੰ ਕੁਝ ਦੱਸਣ ਦੀ ਲੋੜ ਹੀ ਨਹੀਂ। 2017 ਪੰਜਾਬ ਲਈ ਟਰਨਿੰਗ ਪੁਆਇੰਟ ਹੋ ਸਕਦਾ, ਜੇ ਪੰਜਾਬੀ ਸੂਝ-ਬੂਝ ਨਾਲ ਕੰਮ ਲੈਣ ਵਰਨਾ ਮੁੜ ਸਮਾਂ ਹੱਥ ਨਹੀ ਆੳੁਣਾ। ਰਾਜ ਬਦਲ ਸਕਦੇ ਹਨ ਪਰ ਕੁਦਰਤੀ ਨਿਆਮਤਾਂ ਦੀ ਲੁੱਟ ਅਤੇ ਕਰਜ਼ੇ ਦਾ ਭਾਰ ਮੁੜ ਉੱਠਣ ਜੋਗੇ ਨਹੀਂ ਛੱਡੇਗਾ। ਜਿਸ ਪਾਰਟੀ (ਆਪ) 'ਤੇ ਪੰਜਾਬੀ ਦਿਆਲ ਹੋਏ ਹਨ, ਉਸ ਕੋਲ ਇਨ੍ਹਾਂ ਮੁੱਢਲੀਆਂ ਸਮੱਸਿਆਵਾਂ ਦਾ ਕੋਈ ਹੱਲ ਜਾਂ ਨੀਤੀ ਨਹੀਂ ਹੈ।

ਨਵਜੋਤ ਸਿੱਧੂ ਨੂੰ ਆਰ. ਐਸ. ਐਸ. ਦਾ ਏਜੰਟ ਆਖੇ ਜਾਣ ਦੇ ਜਵਾਬ 'ਚ ਪਰਗਟ ਨੇ ਕਿਹਾ ਕਿ ਆਪ ਹਾਈ ਕਮਾਂਡ ਇੱਕ ਸਾਲ ਤੋਂ ਸਿੱਧੂ ਦੇ ਸੰਪਰਕ 'ਚ ਹੈ, ਕੀ ਉਦੋਂ ਉਹ ਆਰ. ਐਸ. ਐਸ. ਦਾ ਬੰਦਾ ਨਹੀਂ ਸੀ? ਹੁਣ ਅਚਾਨਕ ਉਹ ਕਿਵੇਂ ਮਾੜਾ ਹੋ ਗਿਆ, ਨਾਲ ਰਲ ਜਾਂਦਾ ਤਾਂ ਦੁੱਧ ਧੋਤਾ ਹੋ ਜਾਣਾ ਸੀ। ਉਲਟਾ ਸਵਾਲ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਧੂ ਆਰ. ਐਸ. ਐਸ. ਦਾ ਬੰਦਾ ਹੈ ਤਾਂ ਕੁਮਾਰ ਵਿਸ਼ਵਾਸ ਕੀ ਹੈ?

ਵਿਧਾਨ ਸਭਾ 'ਚ ਬੈਂਸ ਭਰਾਵਾਂ ਦੀ ਖਿੱਚ ਧੂਹ ਮੌਕੇ ਪਰਗਟ ਸਿੰਘ ਅਤੇ ਬੀਬੀ ਨਵਜੋਤ ਸਿੰਘ ਸਿੱਧੂ ਵਲੋਂ ਨਾਲ ਨਾ ਖੜਨ ਸਭੰਧੀ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਉਹ ਉਸ ਦਿਨ ਵਿਧਾਨ ਸਭਾ 'ਚ ਹੀ ਨਹੀਂ ਸਨ, ਸਗੋਂ ਫਰੰਟ ਦੀ ਰੂਪ ਰੇਖ਼ਾ ਬਣਾਊਣ ਅਤੇ ਮੀਟਿੰਗਾਂ 'ਚ ਰੁੱਝੇ ਹੋਏ ਸਨ।

ਨਵੇਂ ਬਣਾਏ ਫਰੰਟ ਦੀ ਨੀਤੀ ਅਤੇ ਭਵਿੱਖ ਬਾਰੇ ਪੁੱਛੇ ਸਵਾਲਾਂ ਦੇ ਜਵਾਬ 'ਚ ਪਰਗਟ ਸਿੰਘ ਨੇ ਕਿਹਾ ਕਿ ਮੇਰਾ ਮਨਸ਼ਾ ਪੰਜਾਬ ਦੀਆਂ ਸਭ ਪੰਜਾਬ-ਹਿਤੂ ਧਿਰਾਂ ਨੂੰ ਇੱਕ ਮੰਚ 'ਤੇ ਇੱਕਠੇ ਕਰਨਾ, ਵਿਚਾਰ ਕਰਨੀ ਅਤੇ ਫੇਰ ਉਨ੍ਹਾਂ ਤੋਂ ਸੇਧ ਲੈ ਕੇ ਤੁਰਨਾ ਹੈ। ਇਸੇ ਲਈ ਉਹ ਡਾ. ਧਰਮਵੀਰ ਗਾਂਧੀ, ਡਾ. ਦਲਜੀਤ ਸਿੰਘ, ਹਰਸ਼ਿੰਦਰ ਕੌਰ, ਸਰਦਾਰਾ ਸਿੰਘ ਜੌਹਲ ਅਤੇ ਹੋਰ ਬਹੁਤ ਪੰਜਾਬ ਪ੍ਰੇਮੀਆਂ, ਬੁੱਧੀਜੀਵੀਆਂ, ਚਿੰਤਕਾਂ, ਲੇਖਕਾਂ ਨਾਲ ਮਿਲ ਰਹੇ ਹਨ ਅਤੇ ਇਹ ਕੰਮ ਅਗਲੇ 7-8 ਦਿਨ 'ਚ ਪੂਰਾ ਕਰ ਲਿਆ ਜਾਵੇਗਾ।

ਅਸੀਂ ਸਾਰੇ ਪੰਜਾਬ ਹਿਤੂ ਸਿਰ ਜੋੜ ਕੇ ਸੋਚਾਂਗੇ ਕਿ ਪੰਜਾਬ ਕਿੱਦਾਂ ਬਚ ਸਕਦਾ ਅਤੇ ਫੇਰ ਜੋ ਨੀਤੀ ਬਣੀ ਉਸ ਹਿਸਾਬ ਚੱਲਾਂਗੇ। ਤੁਰਨ ਨੂੰ ਕਹਿਣਗੇ ਤਾਂ ਤੁਰਾਂਗੇ, ਬਹਿਣ ਨੂੰ ਕਹਿਣਗੇ ਤਾਂ ਬੈਠ ਜਾਵਾਂਗੇ ਪਰ ਮਨ 'ਚ ਇਹ ਗੱਲ ਨਾ ਰਹੇਗੀ ਕਿ ਅਸੀਂ ਜ਼ੋਰ ਨੀ ਮਾਰਿਆ।

ਉਨ੍ਹਾਂ ਕਿਹਾ ਕਿ ਜੋ ਸੋਚ ਡਾ. ਗਾਂਧੀ ਦੀ ਹੈ ਕਿ ਪੰਜਾਬ ਦਾ ਵਿਕਾਸ ਸੰਘੀ ਢਾਂਚੇ ਤਹਿਤ ਹੀ ਹੋ ਸਕਦਾ ਹੈ, ਸੂਬਿਆਂ ਨੂੰ ਵੱਧ ਅਧਿਕਾਰ ਦਵਾ ਕੇ ਹੀ ਹੋ ਸਕਦਾ ਹੈ, ਓਹੋ ਸੋਚ ਮੇਰੀ ਹੈ। ਜਿੱਥੋਂ ਦੇ ਲੋਕ ਹੋਣ, ਉਹੀ ਫੈਸਲਾ ਕਰਨ, ਨਾ ਕਿ ਕੋਈ ਬਾਹਰੋਂ ਆਣ ਕੇ ਸਾਡੇ 'ਤੇ ਆਪਣੇ ਫੈਸਲੇ ਥੋਪੇ।

ਫਰੰਟ ਵਲੋਂ ਅਕਾਲੀਆਂ ਜਾਂ ਕਾਂਗਰਸੀਆਂ ਨਾਲ ਮੁੜ ਸਮਝੌਤੇ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਹ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਅਸੀਂ ਦੋਵਾਂ ਦਾ ਰਾਜ ਦੇਖ ਚੁੱਕੇ ਹਾਂ ਤੇ ਪੰਜਾਬ ਦੀ ਅੱਜ ਜੋ ਹਾਲਤ ਹੈ, ਉਹ ਇਨ੍ਹਾਂ ਦੋਵਾਂ ਦੀ ਹੀ ਦੇਣ ਹੈ ਪਰ ਅਸੀਂ ਹੁਣ ਇਨ੍ਹਾਂ ਦੋ ਖੂਹਾਂ 'ਚੋਂ ਨਿਕਲ ਕੇ ਖਾਤੇ 'ਚ ਨਾ ਡਿਗ ਜਾਈਏ।

ਪੰਜਾਬੀਆਂ ਨੂੰ ਸੁਨੇਹੇ ਦੇ ਰੂਪ 'ਚ ਉਨ੍ਹਾਂ ਕਿਹਾ ਕਿ ਆਪਣੇ ਪੈਰਾਂ ਸਿਰ ਹੋਈਏ, ਪੰਜਾਬ ਦੇ ਆਪਣੇ, ਪੰਜਾਬ ਦੇ ਹਿਤਾਂ ਦੀ ਗੱਲ ਕਰਨ ਵਾਲਿਆਂ ਨੂੰ ਅੱਗੇ ਲਾਈਏ। ਆਪ ਦੀ ਪੰਜਾਬ ਲੀਡਰਸ਼ਿਪ 'ਚ ਕੰਵਰ ਸੰਧੂ, ਸ. ਫੂਲਕਾ ਜਾਂ ਆਪ ਦੇ ਸੈਂਕੜੇ ਵਲੰਟੀਅਰਾਂ ਨੂੰ ਪਾਸੇ ਕਰਕੇ ਪੁੱਛ ਕੇ ਤਾਂ ਦੇਖੋ ਕਿ ਕੀ ਜੋ ਹੋ ਰਿਹਾ, ਉਸ ਨਾਲ ਉਹ ਖੁਸ਼ ਹਨ, ਅਰਾਮਦੇਹ ਹਨ?

ਜਿਸ ਦਿਨ ਮੈਨੂੰ ਲੱਗਿਆ ਕਿ ਮੈਂ ਕਿਸੇ ਚੰਗੇ ਰਾਜ-ਪ੍ਰਬੰਧ ਦੇ ਰਾਹ 'ਚ ਅੜਿੱਕਾ ਬਣ ਰਿਹਾਂ, ਮੈਂ ਖੁਦ ਪਾਸੇ ਹੋ ਜਾਵਾਂਗਾ। ਜਿਸ ਦਿਨ ਲੱਗਾ ਕਿ ਪੰਜਾਬ ਦਾ ਭਲਾ ਕਰ ਰਹੇ ਸਿਆਸੀ ਲੋਕਾਂ ਦਾ ਜਾਂ ਪੰਜਾਬ ਦਾ ਮੈਂ ਨੁਕਸਾਨ ਕਰ ਰਿਹਾਂ, ਮੈਂ ਘਰ ਬਹਿ ਜਾਊਂਗਾ ਪਰ ਪੰਜਾਬ ਦੇ ਹਿਤਾਂ ਨਾਲ ਦਗਾ ਹੁੰਦਿਆਂ ਨਾ ਦੇਖ ਸਕਦਾਂ, ਨਾ ਚੁੱਪ ਰਹਿ ਸਕਦਾਂ।

ਪਰਗਟ ਸਿੰਘ ਨੇ ਕਿਹਾ ਕਿ ਜਨਵਰੀ 2017 'ਚ ਹਾਲੇ ਬਹੁਤ ਸਮਾਂ ਹੈ, ਘਬਰਾਓ ਨਾ, ਪੰਜਾਬੀਆਂ ਵਾਲੀ ਦ੍ਰਿੜਤਾ ਦਿਖਾਓ ਤੇ ਪੰਜਾਬੀਓ ਆਪ ਖੜ੍ਹ ਜਾਓ, ਤੁਹਾਨੂੰ ਕਿਸੇ ਬਾਹਰਲੇ ਨੇ ਬਚਾਉਣ ਨਹੀਂ ਆਉਣਾ।



Archive

RECENT STORIES