Posted on September 18th, 2016

ਉੜੀ (ਜੰਮੂ ਕਸ਼ਮੀਰ)- ਕਸ਼ਮੀਰ ਦੇ ਉੜੀ 'ਚ 10 ਡੋਗਰਾ ਰੈਜੀਮੈਂਟ ਦੇ ਪ੍ਰਸ਼ਾਸਕੀ ਕੈਂਪ 'ਤੇ ਤੜਕੇ ਹੋਏ ਭਿਆਨਕ ਫਿਦਾਈਨ ਹਮਲੇ 'ਚ 17 ਫ਼ੌਜੀ ਹਲਾਕ ਹੋ ਗਏ ਜਦਕਿ 30 ਹੋਰ ਜਵਾਨ ਜ਼ਖ਼ਮੀ ਹੋ ਗਏ ਜਿਨ੍ਹਾਂ 'ਚੋਂ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫ਼ੌਜੀ ਬ੍ਰਿਗੇਡ ਦੇ ਹੈੱਡਕੁਆਰਟਰ ਤੋਂ ਕੁਝ ਮੀਟਰਾਂ ਦੀ ਦੂਰੀ 'ਤੇ ਹੋਏ ਹਮਲੇ ਤੋਂ ਬਾਅਦ ਕਰੀਬ ਤਿੰਨ ਘੰਟੇ ਤੱਕ ਚੱਲੇ ਗਹਿਗੱਚ ਮੁਕਾਬਲੇ 'ਚ ਚਾਰ ਫਿਦਾਈਨਾਂ ਨੂੰ ਮਾਰ ਮੁਕਾਇਆ ਗਿਆ। ਫ਼ੌਜ ਮੁਤਾਬਕ ਮਾਰੇ ਗਏ ਫਿਦਾਈਨਾਂ ਕੋਲੋਂ ਚਾਰ ਏ ਕੇ-47 ਰਾਈਫਲਾਂ ਅਤੇ ਚਾਰ ਅੰਡਰ ਬੈਰਲ ਗਰਨੇਡ ਲਾਂਚਰ ਬਰਾਮਦ ਹੋਏ ਹਨ। ਪਿਛਲੇ ਕਈ ਸਾਲਾਂ ਤੋਂ ਫ਼ੌਜ 'ਤੇ ਹੋਏ ਸਭ ਤੋਂ ਵੱਡੇ ਹਮਲੇ ਲਈ ਪਾਕਿਸਤਾਨ ਆਧਾਰਿਤ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।
ਸ੍ਰੀਨਗਰ ਤੋਂ 70 ਕੁ ਕਿਲੋਮੀਟਰ ਦੂਰ ਅਤੇ ਕੰਟਰੋਲ ਰੇਖਾ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਸੈਨਾ ਦੇ ਬੇਸ ਕੈਂਪ ਨੂੰ ਸਵੇਰੇ ਸਾਢੇ 5 ਵਜੇ ਦੇ ਕਰੀਬ ਚਾਰ ਫਿਦਾਈਨਾਂ ਨੇ ਨਿਸ਼ਾਨਾ ਬਣਾਇਆ। ਹਮਲੇ ਦੌਰਾਨ ਇਕ ਤੰਬੂ 'ਚ ਅੱਗ ਲੱਗ ਗਈ, ਜਿਥੇ ਜਵਾਨ ਸੁੱਤੇ ਪਏ ਸਨ। ਅੱਗ ਬਾਅਦ 'ਚ ਨੇੜਲੀਆਂ ਬੈਰਕਾਂ ਤਕ ਫੈਲ ਗਈ।
ਸੈਨਾ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਪ੍ਰਸ਼ਾਸਕੀ ਬੇਸ ਕੈਂਪ 'ਚ ਵੱਡੀ ਗਿਣਤੀ 'ਚ ਜਵਾਨ ਸਨ, ਜਿਥੇ ਉਹ ਆਪਣੀ ਡਿਊਟੀ ਤੋਂ ਬਾਅਦ ਆਰਾਮ ਕਰ ਰਹੇ ਸਨ। ਥਲ ਸੈਨਾ ਮੁਖੀ ਨੇ ਇਥੇ ਪਹੁੰਚ ਕੇ ਸੀਨੀਅਰ ਫ਼ੌਜੀ ਅਧਿਕਾਰੀਆਂ ਤੋਂ ਹਮਲੇ ਦੀ ਜਾਣਕਾਰੀ ਲਈ। ਜਨਰਲ ਸੁਹਾਗ ਨੇ ਹਮਲੇ ਵਾਲੀ ਥਾਂ ਦਾ ਵੀ ਦੌਰਾ ਕੀਤਾ। ਬਾਅਦ 'ਚ ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਬਦਾਮੀ ਬਾਗ਼ ਛਾਉਣੀ ਦੇ 92 ਬੇਸ ਹਸਪਤਾਲ ਦਾ ਦੌਰਾ ਕਰ ਕੇ ਜ਼ਖ਼ਮੀ ਹੋਏ ਸੈਨਿਕਾਂ ਨਾਲ ਗੱਲਬਾਤ ਕੀਤੀ।
ਜੇਤਲੀ ਵੱਲੋਂ ਹਮਲੇ ਦੀ ਨਿਖੇਧੀ:
ਵਿੱਤ ਮੰਤਰੀ ਅਰੁਣ ਜੇਤਲੀ ਨੇ ਦਹਿਸ਼ਤੀ ਹਮਲੇ ਨੂੰ ਕਾਇਰਾਨਾ ਹਰਕਤ ਕਰਾਰ ਦਿੰਦਿਆਂ ਕਿਹਾ ਕਿ ਸਾਜ਼ਿਸ਼ਘਾੜਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਟਵੀਟ ਕੀਤੇ ਸੁਨੇਹਿਆਂ 'ਚ ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਪਾਕਿਸਤਾਨ ਨੂੰ ਅਲੱਗ ਥਲੱਗ ਦੇ ਯਤਨ ਤੇਜ਼ ਕੀਤੇ ਜਾਣਗੇ।
ਸੁਰੱਖਿਆ 'ਚ ਵੱਡੀ ਖ਼ਾਮੀ ਫਿਰ ਉਜਾਗਰ: ਐਂਟਨੀ
ਸਾਬਕਾ ਰੱਖਿਆ ਮੰਤਰੀ ਏ ਕੇ ਐਂਟਨੀ ਨੇ ਕਿਹਾ ਕਿ ਦਹਿਸ਼ਤੀ ਹਮਲੇ 'ਚ ਸੁਰੱਖਿਆ 'ਚ ਵੱਡੀ ਖਾਮੀ ਇਕ ਵਾਰ ਫਿਰ ਉਜਾਗਰ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਪਠਾਨਕੋਟ 'ਚ ਹੋਏ ਹਮਲੇ ਤੋਂ ਕੋਈ ਸਬਕ ਨਹੀਂ ਲਿਆ। ਕਾਂਗਰਸ ਆਗੂ ਨੇ ਸੁਝਾਅ ਦਿੱਤਾ ਕਿ ਫ਼ੌਜ ਨੂੰ ਰਣਨੀਤਕ ਕਾਰਵਾਈ ਲਈ ਖੁੱਲ੍ਹ ਦੇਣੀ ਚਾਹੀਦੀ ਹੈ।
'ਆਪ' ਵੱਲੋਂ ਹਮਲਾ ਕੂਟਨੀਤਕ ਨਾਕਾਮੀ ਕਰਾਰ
ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਫ਼ੌਜ ਅਜਿਹੇ ਹਮਲਿਆਂ ਨਾਲ ਨਜਿੱਠਣਾ ਜਾਣਦੀ ਹੈ ਪਰ ਕੂਟਨੀਤੀ ਦੇ ਪੱਧਰ 'ਤੇ ਇਹ ਵੱਡੀ ਨਾਕਾਮੀ ਸਾਹਮਣੇ ਆਈ ਹੈ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਹਮਲੇ ਨੂੰ ਰੋਕਣ 'ਚ ਨਾਕਾਮ ਰਹਿਣ ਲਈ ਕਿਸੇ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ।
ਪਾਕਿ ਫ਼ੌਜ ਨੇ ਠੋਸ ਸਬੂਤ ਮੰਗੇ
ਇਸਲਾਮਾਬਾਦ- ਭਾਰਤ ਵੱਲੋਂ ਉੜੀ 'ਚ ਹੋਏ ਦਹਿਸ਼ਤੀ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਏ ਜਾਣ 'ਤੇ ਪਾਕਿਸਤਾਨ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਭਾਰਤ ਜਾਂਚ ਤੋਂ ਬਾਅਦ ਹਮਲੇ ਦੇ ਠੋਸ ਸਬੂਤ ਸੌਂਪੇ। ਪਾਕਿਸਤਾਨੀ ਫ਼ੌਜ ਦੇ ਤਰਜਮਾਨ ਲੈਫ਼ਟੀਨੈਂਟ ਜਨਰਲ ਅਸੀਮ ਬਾਜਵਾ ਨੇ ਕਿਹਾ ਕਿ ਦੋਵੇਂ ਮੁਲਕਾਂ ਦੇ ਫ਼ੌਜੀ ਆਪਰੇਸ਼ਨ ਬਾਰੇ ਡਾਇਰੈਕਟਰ ਜਨਰਲਾਂ ਨੇ ਇਸ ਬਾਬਤ ਹਾਟਲਾਈਨ ਰਾਹੀਂ ਵਿਚਾਰ ਵਟਾਂਦਰਾ ਕੀਤਾ ਹੈ। ਜਨਰਲ ਬਾਜਵਾ ਨੇ ਕਿਹਾ ਕਿ ਪਾਕਿਸਤਾਨ ਦੀ ਧਰਤੀ ਤੋਂ ਘੁਸਪੈਠ ਸੰਭਵ ਨਹੀਂ ਹੈ ਕਿਉਂਕਿ ਕੰਟਰੋਲ ਰੇਖਾ 'ਤੇ ਦੋਵੇਂ ਪਾਸੇ ਕਾਫ਼ੀ ਪਹਿਰਾ ਹੈ।
ਹਮਲੇ ਦਾ ਮਕਸਦ 'ਯੁੱਧ ਜਹੇ' ਹਾਲਾਤ ਪੈਦਾ ਕਰਨਾ: ਮਹਿਬੂਬਾ
ਸ੍ਰੀਨਗਰ- ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅਤਿਵਾਦੀ ਹਮਲੇ ਦੀ ਤਿੱਖੀ ਨਿੰਦਾ ਕਰਦਿਆਂ ਕਿਹਾ ਕਿ ਇਸ ਦਾ ਮਕਸਦ ਸੂਬੇ ਵਿਚ ਨਵੇਂ ਸਿਰੇ ਤੋਂ ਹਿੰਸਾ ਫੈਲਾਉਣਾ ਅਤੇ ਖੇਤਰ ਵਿਚ 'ਯੁੱਧ ਜਹੇ ਹਾਲਾਤ ਪੈਦਾ ਕਰਨਾ ਹੈ। ਮਹਿਬੂਬਾ ਨੇ ਇਕ ਬਿਆਨ ਵਿਚ ਕਿਹਾ, ''ਮੈਂ ਹਮਲੇ ਦੀ ਤਿੱਖੀ ਨਿੰਦਾ ਕਰਦੀ ਹਾਂ ਅਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਸ ਦਾ ਮਕਸਦ ਨਵੇਂ ਸਿਰੇ ਤੋਂ ਹਿੰਸਾ ਭੜਕਾਉਣਾ ਅਤੇ ਖੇਤਰ ਵਿਚ ਯੁੱਧ ਜਹੇ ਹਾਲਾਤ ਪੈਦਾ ਕਰਨਾ ਹੈ।''
ਉਨ੍ਹਾਂ ਕਿਹਾ ਕਿ ਹਮਲੇ ਕਾਰਨ ਵਧੇ ਤਣਾਅ ਨਾਲ ਜੰਮੂ ਕਸ਼ਮੀਰ ਅਤੇ ਆਸਪਾਸ ਦੇ ਮਾਹੌਲ ਦੇ ਹੋਰ ਪ੍ਰਭਾਵਤ ਹੋਣ ਦਾ ਖ਼ਦਸ਼ਾ ਹੈ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026