Posted on September 30th, 2016

ਨਵੀਂ ਦਿੱਲੀ- ਭਾਰਤ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਅਸਲ ਕੰਟਰੋਲ ਲਕੀਰ (ਐਲ. ਓ. ਸੀ.) ਉਤੇ ਮਕਬੂਜ਼ਾ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਦੇ ਸੱਤ ਟਿਕਾਣਿਆਂ (ਲਾਂਚ ਪੈਡਜ਼) ਉਤੇ ਸੀਮਤ (ਸਰਜੀਕਲ) ਫ਼ੌਜੀ ਕਾਰਵਾਈ ਕਰ ਕੇ ਭਾਰਤ ਵਿੱਚ ਘੁਸਪੈਠ ਦੀ ਤਿਆਰੀ ਕਰ ਰਹੇ ਦਹਿਸ਼ਤਗਰਦਾਂ ਨੂੰ 'ਭਾਰੀ ਜਾਨੀ ਨੁਕਸਾਨ' ਪਹੁੰਚਾਇਆ। ਦੂਜੇ ਪਾਸੇ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਤੱਤਾਪਾਣੀ ਵਿੱਚ ਜਿੱਥੇ ਭਾਰਤ ਨੇ ਗੋਲੀਬਾਰੀ ਕੀਤੀ, ਉਥੇ ਜਵਾਬੀ ਕਾਰਵਾਈ ਵਿੱਚ 14 ਭਾਰਤੀ ਫ਼ੌਜੀ ਮਾਰੇ ਗਏ ਹਨ ਤੇ ਇਕ ਨੂੰ ਫੜ ਲਿਆ ਗਿਆ ਹੈ।
ਭਾਰਤੀ ਰੱਖਿਆ ਸੂਤਰਾਂ ਨੇ ਦੱਸਿਆ ਕਿ ਭਾਰਤੀ ਫੌਜ ਦੇ ਵਿਸ਼ੇਸ਼ ਦਸਤਿਆਂ ਨੇ 28 ਤੇ 29 ਸਤੰਬਰ ਦੀ ਵਿਚਕਾਰਲੀ ਰਾਤ ਨੂੰ ਐਲ. ਓ. ਸੀ. 'ਤੇ ਇਹ ਵੱਡੀ ਕਾਰਵਾਈ ਕਰਦਿਆਂ ਦਹਿਸ਼ਤਗਰਦਾਂ ਦੇ ਸੱਤ ਲਾਂਚ ਪੈਡਜ਼ ਨੂੰ ਤਬਾਹ ਕਰ ਦਿੱਤਾ। ਇਹ ਅਪਰੇਸ਼ਨ ਕਰੀਬ ਪੰਜ ਘੰਟੇ ਚੱਲਿਆ, ਜਿਸ ਵਿੱਚ ਹੈਲੀਕਾਪਟਰ ਆਧਾਰਤ ਤੇ ਜ਼ਮੀਨੀ ਫ਼ੌਜਾਂ ਨੇ ਹਿੱਸਾ ਲਿਆ। ਇਨ੍ਹਾਂ ਲਾਂਚ ਪੈਡਜ਼ ਦੀ ਵਰਤੋਂ ਦਹਿਸ਼ਤਗਰਦਾਂ ਵੱਲੋਂ ਮਕਬੂਜ਼ਾ ਕਸ਼ਮੀਰ ਤੋਂ ਭਾਰਤ ਵਾਲੇ ਪਾਸੇ ਘੁਸਪੈਠ ਤੇ ਹਮਲੇ ਕਰਨ ਲਈ ਕੀਤੀ ਜਾਂਦੀ ਸੀ, ਜੋ ਐਲ. ਓ. ਸੀ. ਦੇ ਦੋ ਤੋਂ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਸਨ। ਇਨ੍ਹਾਂ ਉਤੇ ਭਾਰਤ ਵੱਲੋਂ ਇਕ ਹਫ਼ਤੇ ਤੋਂ ਨਜ਼ਰ ਰੱਖੀ ਜਾ ਰਹੀ ਸੀ। ਇਸ ਕਾਰਵਾਈ 'ਚ 38 ਦਹਿਸ਼ਤਗਰਦ ਮਾਰੇ ਦੱਸੇ ਗਏ ਹਨ।
ਭਾਰਤੀ ਥਲ ਸੈਨਾ ਦੀ ਇਸ ਅਚਨਚੇਤੀ ਕਾਰਵਾਈ ਦਾ ਐਲਾਨ ਮਿਲਟਰੀ ਅਪਰੇਸ਼ਨਜ਼ ਦੇ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਜਨਰਲ ਰਣਬੀਰ ਸਿਘ ਨੇ ਕੀਤਾ। ਜਨਰਲ ਰਣਬੀਰ ਸਿੰਘ ਨੇ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ''ਸਾਨੂੰ ਬੜੀ ਭਰੋਸੇਯੋਗ ਤੇ ਵਿਸ਼ੇਸ਼ ਸੂਚਨਾ ਮਿਲੀ ਸੀ ਕਿ ਦਹਿਸ਼ਤਗਰਦਾਂ ਦੀਆਂ ਕੁਝ ਟੀਮਾਂ ਲਾਂਚ ਪੈਡਾਂ ਉਤੇ ਇਕੱਠੀਆਂ ਹੋਈਆਂ ਸਨ, ਤਾਂ ਕਿ ਉਹ ਦੇਸ਼ ਵਿੱਚ ਘੁਸਪੈਠ ਕਰ ਕੇ ਜੰਮੂ-ਕਸ਼ਮੀਰ ਤੇ ਹੋਰ ਵੱਡੇ ਸ਼ਹਿਰਾਂ ਉਤੇ ਹਮਲੇ ਕਰ ਸਕਣ। ਇਸ ਦੇ ਆਧਾਰ ਉਤੇ ਭਾਰਤੀ ਥਲ ਸੈਨਾ ਨੇ ਇਹ ਸਰਜੀਕਲ ਕਾਰਵਾਈ ਕੀਤੀ।''
ਪ੍ਰੈਸ ਕਾਨਫਰੰਸ ਵਿੱਚ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਵਰੂਪ ਵੀ ਹਾਜ਼ਰ ਸਨ। ਡੀ. ਜੀ. ਐਮ. ਓ. ਨੇ ਦੱਸਿਆ ਕਿ ਉਨ੍ਹਾਂ ਪਾਕਿਸਤਾਨੀ ਡੀ. ਜੀ. ਐਮ. ਓ. ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਇਸ ਕਾਰਵਾਈ ਅਤੇ ਭਾਰਤੀ ਸਰੋਕਾਰਾਂ ਬਾਰੇ ਜਾਣੂ ਕਰਵਾਇਆ। ਮੋਦੀ ਨੇ ਸਰਜੀਕਲ ਕਾਰਵਾਈ ਬਾਰੇ ਰਾਸ਼ਟਰਪਤੀ ਪ੍ਰਣਬ ਮੁਖਰਜੀ, ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਹੋਰਨਾਂ ਨੂੰ ਜਾਣੂ ਕਰਵਾਇਆ। ਡੀ. ਜੀ. ਐਮ. ਓ. ਨੇ ਕਿਹਾ ਕਿ ਇਸ ਕਾਰਵਾਈ ਦਾ ਮੁੱਖ ਮਕਸਦ ਬੁਨਿਆਦੀ ਤੌਰ 'ਤੇ ਇਹੋ ਸੀ ਕਿ ਦਹਿਸ਼ਤਗਰਦ ਆਪਣੇ ਘੁਸਪੈਠ ਦੇ ਮਨਸੂਬਿਆਂ ਵਿੱਚ ਕਾਮਯਾਬ ਨਾ ਹੋ ਸਕਣ ਤੇ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਨਾ ਪਾ ਸਕਣ।
ਦੂਜੇ ਪਾਸੇ ਭਾਰਤ ਵੱਲੋਂ ਕਾਰਵਾਈ ਦੇ ਇਸ ਦਾਅਵੇ ਨੂੰ ਪਾਕਿਸਤਾਨ ਨੇ 'ਮਨਘੜਤ ਤੇ ਬੇਬੁਨਿਆਦ' ਕਰਾਰ ਦਿੱਤਾ ਹੈ। ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤ ਮਹਿਜ਼ ਮੀਡੀਆ ਵਿੱਚ ਵਾਹ-ਵਾਹੀ ਖੱਟਣ ਲਈ ਸਰਹੱਦ-ਪਾਰਲੀ ਗੋਲਾਬਾਰੀ ਨੂੰ ਹੀ ਸੀਮਤ ਕਾਰਵਾਈ ਦੱਸ ਰਿਹਾ ਹੈ। ਪਾਕਿਸਤਾਨੀ ਫ਼ੌਜ ਨੇ ਇਕ ਬਿਆਨ ਵਿੱਚ ਕਿਹਾ, ''ਭਾਰਤ ਵੱਲੋਂ ਕੋਈ ਵੀ ਸਰਜੀਕਲ ਕਾਰਵਾਈ ਨਹੀਂ ਕੀਤੀ ਗਈ, ਸਗੋਂ ਇਸ ਦੀ ਥਾਂ ਭਾਰਤ ਵੱਲੋਂ ਸਰਹੱਦ-ਪਾਰੋਂ ਗੋਲਾਬਾਰੀ ਕੀਤੀ ਗਈ ਜੋ ਆਮ ਹੀ ਕੀਤੀ ਜਾਂਦੀ ਹੈ।''
ਉਂਜ ਇਸ ਦੇ ਨਾਲ ਹੀ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਰੀਫ਼ ਨੇ ਭਾਰਤ ਵੱਲੋਂ ਕੀਤੀ ਕਾਰਵਾਈ ਨੂੰ ਪਾਕਿਸਤਾਨ ਉਤੇ 'ਬਿਨਾਂ ਭੜਕਾਹਟ ਦੇ ਕੀਤਾ ਗਿਆ ਨੰਗਾ-ਚਿੱਟਾ' ਹਮਲਾ ਕਰਾਰ ਦਿੱਤਾ ਹੈ ਤੇ ਦਾਅਵਾ ਕੀਤਾ ਕਿ ਪਾਕਿਤਸਾਨੀ ਫ਼ੌਜ ਦੇਸ਼ ਦੀ ਇਲਾਕਾਈ ਏਕਤਾ ਦੀ ਰਾਖੀ ਦੇ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਅਮਨਪਸੰਦੀ ਨੂੰ ਇਸ ਦੀ ਕਮਜ਼ੋਰੀ ਨਾ ਸਮਝਿਆ ਜਾਵੇ ਤੇ ਇਹ ਆਪਣੀ ਪ੍ਰਭੂਤਾ ਦੀ ਹੇਠੀ ਕਰਨ ਵਾਲੀ ਕਿਸੇ ਵੀ 'ਸ਼ੈਤਾਨੀ ਕੋਸ਼ਿਸ਼' ਨੂੰ ਨਾਕਾਮ ਕਰ ਸਕਦਾ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਭਾਰਤੀ ਕਾਰਵਾਈ ਤੋਂ ਬਾਅਦ ਸ਼ਰੀਫ਼ ਨੇ ਪਾਕਿਸਤਾਨੀ ਫ਼ੌਜੀ ਮੁਖੀ ਜਨਰਲ ਰਹੀਲ ਸ਼ਰੀਫ਼ ਨਾਲ ਟੈਲੀਫੋਨ ਉਤੇ ਗੱਲਬਾਤ ਰਾਹੀਂ ਦੇਸ਼ ਦੀਆਂ ਰੱਖਿਆ ਤਿਆਰੀਆਂ ਦਾ ਜਾਇਜ਼ਾ ਲਿਆ।
ਪਾਕਿਸਤਾਨੀ ਮੀਡੀਆ ਵਿੱਚ ਕਈ ਪਾਕਿਸਤਾਨੀ ਫੌਜੀ ਅਧਿਕਾਰੀਆਂ ਨੇ ਭਾਰਤ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੀ ਗੱਲ ਆਖੀ ਹੈ ਤੇ ਕਿਹਾ ਹੈ ਕਿ ਇਸ ਜਵਾਬੀ ਕਾਰਵਾਈ 'ਚ 14 ਭਾਰਤੀ ਫੌਜੀ ਮਾਰੇ ਗਏ ਹਨ ਜਦਕਿ ਇੱਕ ਭਾਰਤੀ ਫੌਜੀ ਨੂੰ ਉਨ੍ਹਾਂ ਗ੍ਰਿਫਤਾਰ ਕਰ ਲਿਆ ਹੈ। ਭਾਰਤ ਨੇ ਗ੍ਰਿਫਤਾਰ ਕੀਤੇ ਗਏ ਫੌਜੀ ਦੀ ਗੱਲ ਮੰਨੀ ਹੈ ਤੇ ਕਿਹਾ ਹੈ ਕਿ 37ਵੀਂ ਰਾਸ਼ਟਰੀ ਰਾਈਫਲ ਦਾ ਇਹ ਫੌਜੀ ਭੁਲੇਖੇ ਨਾਲ ਸਰਹੱਦ ਟੱਪ ਗਿਆ ਸੀ।
ਭਾਰਤ ਦਾ ਕੰਟਰੋਲ ਰੇਖਾ ਦੇ ਪਾਰ ਸਰਜੀਕਲ ਹਮਲਾ ਉੜੀ ਅਤਿਵਾਦੀ ਹਮਲੇ ਤੋਂ ਬਾਅਦ ਪੈਦਾ ਹੋਏ ਲੋਕਾਂ ਦੇ ਗ਼ੁੱਸੇ ਨੂੰ ਸ਼ਾਂਤ ਕਰਨ ਲਈ ਕੀਤਾ ਗਿਆ ਇੱਕ ਨਾਟਕ ਸੀ। ਪਾਕਿਸਤਾਨ ਦੇ ਅਖ਼ਬਾਰਾਂ ਨੇ 'ਕੰਟਰੋਲ ਰੇਖਾ 'ਤੇ ਆਮ ਗੋਲਾਬਾਰੀ ਘਟਨਾ' ਦੀ ਖ਼ਬਰ ਨੂੰ ਪਹਿਲੇ ਪੰਨੇ 'ਤੇ ਪ੍ਰਕਾਸ਼ਿਤ ਕੀਤਾ ਅਤੇ ਇਹ ਚਿਤਾਵਨੀ ਵੀ ਦਿੱਤੀ ਕਿ ਹਾਲਾਤ ਨੂੰ ਵਿਗਾੜਨਾ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਚੰਗਾ ਨਹੀਂ ਹੋਵੇਗਾ।
ਅਖ਼ਬਾਰ 'ਡਾਨ' ਨੇ ਖ਼ਬਰ ਛਾਪੀ ਹੈ ਕਿ ਕਸ਼ਮੀਰ ਸਬੰਧੀ ਪਾਕਿਸਤਾਨ-ਭਾਰਤ ਸੰਕਟ ਉਦੋਂ ਖ਼ਤਰਨਾਕ ਪੱਧਰ 'ਤੇ ਵੱਧ ਗਿਆ ਜਦ 'ਭਾਰਤੀ ਸੁਰੱਖਿਆ ਬਲਾਂ' ਨੇ ਕੰਟਰੋਲ ਰੇਖਾ ਤੋਂ ਪਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਗੋਲਾਬਾਰੀ ਕੀਤੀ ਅਤੇ ਪਾਕਿਸਤਾਨੀ ਫ਼ੌਜ ਦੇ ਘੱਟੋ-ਘੱਟ ਦੋ ਫ਼ੌਜੀਆਂ ਨੂੰ ਮਾਰ ਦਿੱਤਾ ਅਤੇ ਇਸ ਨੂੰ ਅਤਿਵਾਦੀ ਟਿਕਾਣਿਆਂ ਵਿਰੁੱਧ 'ਸਰਜੀਕਲ ਹਮਲਾ' ਕਰਾਰ ਦਿੱਤਾ।
ਕਰਾਚੀ ਦੇ ਅਖ਼ਬਾਰ 'ਦ ਐਕਸਪ੍ਰੈੱਸ ਟ੍ਰਿਬਿਊਨ' ਨੇ ਕਿਹਾ, ''ਨਰਿੰਦਰ ਮੋਦੀ ਸਰਕਾਰ ਨੇ ਉੜੀ ਹਮਲੇ ਤੋਂ ਬਾਅਦ ਮੀਡੀਆ ਵੱਲੋਂ ਬਣਾਏ ਗਏ ਮਾਹੌਲ ਨੂੰ ਸ਼ਾਂਤ ਕਰਨ ਲਈ ਵੀਰਵਾਰ ਨੂੰ ਇੱਕ ਨਾਟਕ ਕੀਤਾ।'' ਅਖ਼ਬਾਰ ਵਿਚ ਇਹ ਵੀ ਕਿਹਾ ਕਿ ਭਾਰਤੀ ਫ਼ੌਜ ਨੇ ਦਾਅਵਾ ਕੀਤਾ ਕਿ ਉਸ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਕਥਿਤ ਅਤਿਵਾਦੀ ਟਿਕਾਣਿਆਂ ਵਿਰੁੱਧ 'ਸਰਜੀਕਲ ਹਮਲਾ' ਕੀਤਾ ਹੈ।
'ਦ ਨਿਊਜ਼ ਇੰਟਰਨੈਸ਼ਨਲ' ਦੀ ਖ਼ਬਰ ਅਨੁਸਾਰ ਕਲ ਸਵੇਰੇ ਭਾਰਤ ਨੇ ਪਾਕਿਸਤਾਨ ਵਿਚ ਸਰਜੀਕਲ ਹਮਲਾ ਕਰਨ ਦਾ ਦਾਅਵਾ ਕੀਤਾ ਹੈ ਜਿਸ ਨੂੰ ਪਾਕਿਸਤਾਨ ਵੱਲੋਂ ਕੰਟਰੋਲ ਰੇਖਾ ਤੋਂ ਪਾਰ ਸਿਰਫ਼ ਗੋਲਾਬਾਰੀ ਦੱਸ ਕੇ ਰੱਦ ਕਰ ਦਿੱਤਾ ਗਿਆ। 'ਦ ਨੇਸ਼ਨ' ਦੇ ਪਹਿਲੇ ਪੰਨੇ ਦੀ ਪ੍ਰਮੁੱਖ ਖ਼ਬਰ ਵਿਚ ਲਿਖਿਆ ਗਿਆ, ''ਪਾਕਿਸਤਾਨੀ ਫ਼ੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਸਰਜੀਕਲ ਹਮਲਾ ਕਰਨ ਦੇ ਭਾਰਤੀ ਫ਼ੌਜ ਦੇ ਦਾਅਵੇ ਨੂੰ ਰੱਦ ਕਰਦਿਆਂ ਸਪਸ਼ਟ ਕੀਤਾ ਕਿ ਉਹ ਕਿਸੇ ਵੀ ਕਾਰਵਾਈ ਦਾ ਸਖ਼ਤ ਜਵਾਬ ਦੇਵੇਗੀ।''
ਪਾਕਿਸਤਾਨ ਦੇ 'ਡਾਨ' ਅਖ਼ਬਾਰ ਮੁਤਾਬਿਕ, ਪਾਕਿਸਤਾਨੀ ਫ਼ੌਜ ਨੇ ਦਾਅਵਾ ਕੀਤਾ ਸੀ ਕਿ ਤੱਤਾ ਪਾਣੀ ਵਿਚ ਕੰਟਰੋਲ ਰੇਖਾ 'ਤੇ ਪਹਿਲੇ ਰੱਖਿਆ ਦਸਤੇ 'ਤੇ ਭਾਰਤ ਵੱਲੋਂ ਗੋਲਾਬਾਰੀ ਦੇ ਜਵਾਬ ਵਿਚ ਉਸ ਨੇ ਅੱਠ ਭਾਰਤੀ ਜਵਾਨਾਂ ਨੂੰ ਮਾਰ ਦਿੱਤਾ ਹੈ, ਜਦਕਿ ਇੱਕ ਨੂੰ ਫੜ ਲਿਆ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026