Posted on September 30th, 2016

ਚੰਡੀਗੜ੍ਹ- ਗਰਾਊਂਡ ਜ਼ੀਰੋ ਤੋਂ ਅੰਮ੍ਰਿਤਸਰ ਤੋਂ ਰਿਪੋਰਟ ਮੁਤਾਬਿਕ ਸਰਹੱਦੀ ਇਲਾਕੇ 'ਚ ਨਾ ਟੈਂਕ, ਨਾ ਤੋਪ, ਨਾ ਫੌਜ ਦੀ ਮੂਵਮੈਂਟ ਦੇਖੀ ਜਾ ਰਹੀ ਹੈ ਅਤੇ ਨਾ ਹੀ ਡਿਫੈਂਸ ਲੇਨ ਤੇ ਡਰੇਨ 'ਚ ਪਾਣੀ ਛੱਡਿਆ ਗਿਆ ਹੈ। ਮੋਰਚਿਆਂ ਦੀ ਲਿਪਾ-ਪੋਚੀ ਵੀ ਨਹੀਂ ਕੀਤੀ ਗਈ ਅਤੇ ਨਾ ਕਿਸੇ ਨੇ ਮੋਰਚਿਆਂ ਵੱਲ ਮੂੰਹ ਕੀਤਾ ਹੈ। ਸਰਹੱਦ 'ਤੇ ਵਪਾਰ ਚੱਲ ਰਿਹਾ, ਸਰਹੱਦ ਪਾਰ ਟਰੱਕ ਆ-ਜਾ ਰਹੇ ਹਨ। ਵਪਾਰੀ ਲੋਕ ਜ਼ੀਰਾ ਤੇ ਹੋਰ ਸਮਾਨ ਸਰਹੱਦ ਪਾਰ ਵੇਚ ਕੇ ਨੋਟ ਗਿਣ ਰਹੇ ਹਨ ਜਦਕਿ ਪਿੰਡਾਂ ਵਾਲਿਆਂ ਨੂੰ ਮਾਰੋ-ਮਾਰ ਪਈ ਹੋਈ ਹੈ। ਕੁਝ ਲਾਲਚੀ ਲੋਕ ਰਾਸ਼ਨ ਅਤੇ ਪੈਟਰੋਲ-ਡੀਜ਼ਲ ਦੁੱਗਣੇ ਮੁੱਲ ਵੇਚ ਰਹੇ ਹਨ। ਕਈ ਲੋਕ ਮਹਿਸੂਸ ਕਰ ਰਹੇ ਹਨ ਕਿ ਇਹ ਸਭ ਸਿਆਸੀ ਚਾਲ ਜਾਪਦੀ ਹੈ ਤਾਂ ਕਿ ਪੰਜਾਬ 'ਚ ਜੰਗ ਵਾਲਾ ਤਣਾਅਪੂਰਨ ਮਾਹੌਲ ਸਿਰਜ ਕੇ ਲੋਕਾਂ ਦਾ ਧਿਆਨ ਸਰਕਾਰ ਪ੍ਰਤੀ ਪੈਦਾ ਹੋਈ ਨਾਰਾਜ਼ਗੀ ਤੋਂ ਦੂਰ ਕੀਤਾ ਜਾ ਸਕੇ। ਵਰਨਾ ਜੇਕਰ ਜੰਗ ਲੱਗਣੀ ਹੁੰਦੀ ਤਾਂ ਹੁਣ ਤੱਕ ਮਾਝੇ 'ਚ ਫੌਜ ਦੀ ਤਾਇਨਾਤੀ ਹੋ ਜਾਣੀ ਸੀ
ਭਾਰਤ-ਪਾਕਿਸਤਾਨ ਸਰਹੱਦ 'ਤੇ ਤਣਾਅ ਵਾਲੇ ਹਾਲਾਤ ਬਣਨ ਤੋਂ ਬਾਅਦ ਹਿਜਰਤ ਕਰਨ ਵਾਲਿਆਂ ਨੂੰ ਆਪਣੀ ਜਾਨ ਨਾਲੋਂ ਵੱਧ ਪਸ਼ੂਆਂ, ਫ਼ਸਲਾਂ ਦੀ ਚਿੰਤਾ ਸਤਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸਥਾਪਤ ਕੀਤੇ ਗਏ ਕੰਟਰੋਲ ਰੂਮ 'ਤੇ ਆਈਆਂ ਕਾਲਾਂ 'ਚ ਹਰ ਵਿਅਕਤੀ ਵੱਲੋਂ ਇਹੀ ਸਵਾਲ ਕੀਤਾ ਜਾ ਰਿਹਾ ਹੈ, 'ਜੰਗ ਕਦੋਂ ਲੱਗੇਗੀ,.. ਸਾਡੇ ਡੰਗਰਾਂ ਦਾ ਕੀ ਬਣੇਗਾ'? ਕਈਆਂ ਨੇ ਖਾਣ ਪੀਣ ਅਤੇ ਸਰਕਾਰ ਵੱਲੋਂ ਰੁਜ਼ਗਾਰ ਉਪਲਬਧ ਕਰਾਉਣ ਲਈ ਵੀ ਫ਼ੋਨ ਕੀਤਾ ਹੈ।
ਕੰਟਰੋਲ ਰੂਮ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਰਹੱਦੀ ਖੇਤਰ ਤੋਂ ਉੱਜੜਨ ਵਾਲਿਆਂ ਨੂੰ ਪਸ਼ੂਆਂ ਅਤੇ ਫ਼ਸਲਾਂ ਦੀ ਸੰਭਾਲ ਨਾ ਹੋਣ ਦੀ ਚਿੰਤਾ ਵੱਢ-ਵੱਢ ਖਾ ਰਹੀ ਹੈ। ਭਾਵੇਂ ਸਰਹੱਦ 'ਤੇ ਪੂਰੀ ਤਰ੍ਹਾਂ ਚੌਕਸੀ ਵਰਤੀ ਜਾ ਰਹੀ ਹੈ ਅਤੇ ਦਸ ਕਿੱਲੋਮੀਟਰ ਦੇ ਘੇਰੇ 'ਚ ਆਉਂਦੇ ਪਿੰਡਾਂ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ ਪਰ ਬਹੁਤੇ ਲੋਕਾਂ ਨੇ ਸਰਕਾਰ ਵੱਲੋਂ ਬਣਾਏ ਗਏ ਕੈਂਪਾਂ ਵਿੱਚ ਰਹਿਣ-ਸਹਿਣ ਤੇ ਖਾਣ-ਪੀਣ ਦੀਆਂ ਮੁਸ਼ਕਲਾਂ ਤੋਂ ਵੀ ਜਾਣੂ ਕਰਵਾਇਆ ਹੈ।
ਬਹੁਤੇ ਲੋਕਾਂ ਨੇ ਇਹੋ ਸਵਾਲ ਕੀਤਾ ਹੈ ਕਿ ਉਨ੍ਹਾਂ ਦੀਆਂ ਫ਼ਸਲਾਂ ਦੀ ਬਰਬਾਦੀ ਅਤੇ ਪਸ਼ੂਆਂ ਦੀ ਸਾਂਭ ਸੰਭਾਲ ਲਈ ਸਰਕਾਰ ਨੇ ਕੀ ਪ੍ਰਬੰਧ ਕੀਤੇ ਹਨ? ਕਈ ਲੋਕਾਂ ਨੇ ਇਹ ਵੀ ਪੁੱਛਿਆ ਹੈ ਕਿ ਕਿਹੜੀਆਂ ਥਾਵਾਂ 'ਤੇ ਲੋਕਾਂ ਦੇ ਰਹਿਣ-ਸਹਿਣ ਦਾ ਪ੍ਰਬੰਧ ਕੀਤਾ ਗਿਆ ਹੈ? ਕੰਟਰੋਲ ਰੂਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪੰਜਾਬ ਤੋਂ ਬਾਹਰਲੇ ਲੋਕ ਵੀ ਇਹ ਪੁੱਛ ਰਹੇ ਹਨ ਕਿ ਪਾਕਿਸਤਾਨ ਨਾਲ ਲੜਾਈ ਕਦੋਂ ਲੱਗ ਸਕਦੀ ਹੈ? ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਲੋਕਾਂ ਅਤੇ ਉਨ੍ਹਾਂ ਦੇ ਦੇਸ਼ ਵਿਦੇਸ਼ ਵਿਚ ਰਹਿੰਦੇ ਸਬੰਧੀਆਂ ਨੂੰ ਇਸ ਗੱਲ ਦਾ ਡਰ ਹੈ ਕਿ ਪਾਕਿਸਤਾਨ ਨਾਲ ਲੜਾਈ ਲੱਗ ਜਾਣ ਦੀ ਹਾਲਤ ਵਿਚ ਸਰਹੱਦੀ ਇਲਾਕਿਆਂ ਦੀ ਤਬਾਹੀ ਹੋ ਜਾਵੇਗੀ।
ਜੰਗ ਵਾਲੇ ਹਾਲਾਤ ਕਾਰਨ ਸਰਹੱਦੀ ਪਿੰਡਾਂ ਅੰਦਰ ਦਹਿਸ਼ਤ ਅਤੇ ਡਰ ਦਾ ਮਾਹੌਲ ਹੈ। ਲੋਕ ਆਪੋ-ਅਪਣਾ ਸਮਾਨ ਟਰੈਕਟਰਾਂ-ਟਰਾਲੀਆਂ 'ਤੇ ਲੱਦ ਕੇ ਸੁਰੱਖਿਅਤ ਥਾਵਾਂ ਵਲ ਤੇਜ਼ੀ ਨਾਲ ਜਾ ਰਹੇ ਹਨ। ਪੈਟਰੋਲ ਪੰਪਾਂ 'ਤੇ ਤੇਲ ਪਵਾਉਣ ਵਾਲਿਆਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਵੇਖੀਆਂ ਜਾ ਸਕਦੀਆਂ ਹਨ। ਏ. ਟੀ. ਐਮ. ਮਸ਼ੀਨਾਂ 'ਤੇ ਵੀ ਲੋਕਾਂ ਦੀ ਭੀੜ ਹੈ। ਸਰਹੱਦੀ ਪਿੰਡਾਂ ਨੂੰ ਖ਼ਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ। ਕਈ ਲੋਕ ਆਪਣੇ ਘਰਾਂ ਨੂੰ ਛੱਡਣ ਲਈ ਤਿਆਰ ਨਹੀਂ ਹਨ ਪਰ ਅੰਦਰੋਂ ਅੰਦਰੀਂ ਸਭ ਲੋਕਾਂ ਦੇ ਮਨਾਂ ਵਿਚ ਡਰ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026