Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦਿੱਲੀ ਯੂਨੀਵਰਸਿਟੀ ਨੇ ਆਪਣੇ ਸਿਲੇਬਸ ਵਿਚ ਲਾਈ ਕੈਨੇਡਾ ਵਸਦੇ ਪੰਜਾਬੀ ਲੇਖਕ ਵੱਲੋਂ 'ਫ਼ਿਲਮਸਾਜ਼ੀ' ਬਾਰੇ ਲਿਖੀ ਪੰਜਾਬੀ ਕਿਤਾਬ

Posted on October 11th, 2016

<p>ਦਿੱਲੀ ਯੂਨੀਵਰਸਿਟੀ ਵਲੋਂ ਆਪਣੇ ਸਿਲੇਬਸ ਵਿਚ ਲਾਈ ਕਿਤਾਬ 'ਫ਼ਿਲਮਸਾਜ਼ੀ'ਦਾ ਸਰਵਰਕ<br></p>


ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡਾ ਵਸਦੇ ਪੰਜਾਬੀ ਲੇਖਕ ਅਤੇ ਨਾਮਵਰ ਪੱਤਰਕਾਰ ਬਖ਼ਸ਼ਿੰਦਰ ਵੱਲੋਂ ਲਿਖੀ ਹੋਈ ਕਿਤਾਬ 'ਫ਼ਿਲਮਸਾਜ਼ੀ', ਦਿੱਲੀ ਯੂਨੀਵਰਸਿਟੀ ਦੇ ਅਗਲੇ ਸਮੈਸਟਰ 'ਚ ਪੜ੍ਹਾਈ ਜਾਵੇਗੀ। ਇਸ ਪੁਸਤਕ ਵਿੱਚ ਫ਼ਿਲਮਸਾਜ਼ੀ ਨਾਲ ਸਬੰਧਤ ਤਕਨੀਕਾਂ ਅਤੇ ਢੰਗਾਂ ਦਾ ਖੁਲਾਸਾ ਕੀਤਾ ਹੋਇਆ ਹੈ। ਪੰਜਾਬੀ 'ਚ ਛਪੀ ਇਹ ਕਿਤਾਬ ਯੂਨੀਵਰਸਿਟੀ ਦੀ ਅੰਡਰ-ਗਰੈਜੂਏਸ਼ਨ ਦੇ ਇੱਕ ਕੋਰਸ ਵਿੱਚ ਬਕਾਇਦਾ ਪਾਠ ਪੁਸਤਕ ਵਜੋਂ ਲਗਾਈ ਗਈ ਹੈ। 

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਜਿੱਥੇ ਇਹ ਬਹੁਤ ਮਾਣ ਵਾਲੀ ਗੱਲ ਹੈ, ਉੱਥੇ ਇਸ ਗੱਲ ਦਾ ਦੁੱਖ ਵੀ ਹੈ ਕਿ ਪੰਜਾਬ ਦੀ ਕਿਸੇ ਵੀ ਯੂਨੀਵਰਸਿਟੀ ਨੇ ਇਸ ਕਿਤਾਬ ਦਾ ਮੁੱਲ ਨਹੀਂ ਪਾਇਆ ਕਿਉਂ ਕਿ ਇਹ ਕਿਤਾਬ ਪੰਜਾਬੀ 'ਚ ਲਿਖੀ ਹੋਈ ਹੈ। 2010 ਵਿਚ 'ਕਲਮਿਸਤਾਨ' ਵੱਲੋਂ ਪ੍ਰਕਾਸ਼ਤ ਇਹ ਇੱਕੋ-ਇੱਕ ਅਜਿਹੀ ਕਿਤਾਬ ਹੈ, ਜੋ ਫ਼ਿਲਮਾਂ ਬਣਾਉਣ ਦਾ ਗਿਆਨ ਮਾਂ ਬੋਲੀ ਪੰਜਾਬੀ ਵਿਚ ਦਿੰਦੀ ਹੈ ਅਤੇ ਇਸ ਕਿਤਾਬ ਨੂੰ, ਭਾਰਤ ਵਿਚ ਸਿਨੇਮਾ ਬਾਰੇ ਛਪੀਆਂ ਹੋਈਆਂ ਕਿਤਾਬਾਂ ਦੇ ਸਬੰਧ ਵਿਚ ਛਾਪੇ ਗਏ ਅਤੇ ਜੈਪੁਰ ਵਿਚ ਹੋਏ ਕੌਮਾਂਤਰੀ ਪੁਸਤਕ ਮੇਲੇ ਵਿਚ, ਸਿਨੇਮਾ ਦੇ ਸੌ ਸਾਲ ਪੂਰੇ ਹੋਣ ਦੇ ਸਬੰਧ ਵਿਚ ਜਾਰੀ ਕੀਤੇ ਗਏ 'ਕੈਟਾਲਾਗ' ਵਿਚ ਬਣਦਾ ਸਥਾਨ ਦਿੱਤਾ ਗਿਆ ਸੀ। 

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਚ ਵਸਦੇ ਬਖ਼ਸ਼ਿੰਦਰ ਦੀ ਇਹ ਕਿਤਾਬ, ਦਿੱਲੀ ਯੂਨੀਵਰਸਿਟੀ ਦੇ ਪਾਠਕ੍ਰਮ ਵਿਚ ਸ਼ਾਮਲ ਕਰਨ ਸਬੰਧੀ ਖ਼ਬਰ ਜਿਉਂ ਹੀ ਸੋਸ਼ਲ ਮੀਡੀਏ 'ਤੇ ਨਸ਼ਰ ਹੋਈ, ਲੇਖਕ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। 

ਇਸ ਪੱਤਰਕਾਰ ਨਾਲ ਗੱਲ ਕਰਦਿਆਂ ਬਖ਼ਸ਼ਿੰਦਰ ਨੇ ਕਿਹਾ, ''ਮੈਨੂੰ ਆਸ ਤਾਂ ਸੀ ਕਿ ਇੱਕ ਨਾ ਇੱਕ ਦਿਨ ਇਸ ਕਿਤਾਬ ਦਾ ਮੁੱਲ ਜ਼ਰੂਰ ਪਵੇਗਾ ਤੇ ਉਹ ਦਿਨ ਆ ਗਿਆ ਹੈ।'' ਉਨ੍ਹਾਂ ਨੇ ਦੱਸਿਆ ਕਿ ਨਵੰਬਰ ਮਹੀਨੇ ਇਸ ਸਿਲਸਿਲੇ 'ਚ ਉਹ ਦਿੱਲੀ ਜਾਣਗੇ ਅਤੇ ਲੋੜੀਂਦੀ ਕਾਰਵਾਈ ਪੂਰੀ ਕਰਨਗੇ। ਉਨ੍ਹਾਂ ਗਿਲਾ ਕੀਤਾ ਕਿ ਜਿਹੜਾ ਕੰਮ ਪੰਜਾਬ ਦੀ ਕਿਸੇ ਯੂਨੀਵਰਸਿਟੀ ਨੂੰ ਬਹੁਤ ਪਹਿਲਾਂ ਕਰ ਦੇਣਾ ਚਾਹੀਦਾ ਸੀ, ਉਹ ਛੇ ਸਾਲ ਬਾਅਦ ਦਿੱਲੀ ਯੂਨੀਵਰਸਿਟੀ ਨੇ ਕਰ ਕੇ ਦੱਸ ਦਿੱਤਾ ਹੈ ਕਿ ਅਸੀਂ ਪੰਜਾਬ ਵਾਲ਼ੇ ਆਪਣੀ  ਭਾਸ਼ਾ ਬਾਰੇ ਅਤੇ ਉਸ ਵਿਚ ਲਿਖੀਆਂ ਕਿਤਾਬਾਂ ਬਾਰੇ ਕਿੰਨੇ ਕੁ ਗੰਭੀਰ ਹਾਂ।




Archive

RECENT STORIES