Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਾਰੀਆਂ ਪੰਥਕ ਧਿਰਾਂ ਦਾ ਸਹਿਯੋਗ ਲਵਾਂਗੇ: ਬਡੂੰਗਰ

Posted on November 7th, 2016


ਪੰਥ ਦੀ ਮਾਣ ਮਰਿਆਦਾ ਮੁਤਾਬਿਕ ਫ਼ੈਸਲੇ ਲੈਣ ਦਾ ਵਾਅਦਾ

ਪਟਿਆਲਾ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵਨਿਯੁਕਤ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਿਰ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਪੂਰਾ ਹੱਥ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਜੋ ਵੀ ਫੈਸਲੇ ਲਏ ਜਾਣਗੇ ਉਹ ਸਾਰੇ ਖਾਲਸਾ ਪੰਥ ਦੀ ਮਾਣ ਮਰਿਆਦਾ ਮੁਤਾਬਕ ਹੋਣਗੇ। ਉਹ ਗੁਰਦੁਆਰਾ ਦੂਖ ਨਿਵਾਰਨ ਵਿੱਚ ਸ਼ੁਕਰਾਨੇ ਵਜੋਂ ਮੱਥਾ ਟੇਕਣ ਆਏ ਸਨ।

ਪ੍ਰਧਾਨ ਬਣਨ ਮਗਰੋਂ ਪਲੇਠੀ ਪ੍ਰੈੱਸ ਕਾਨਫਰੰਸ ਦੌਰਾਨ ਮੁਤਵਾਜ਼ੀ ਜਥੇਦਾਰਾਂ ਨੂੰ ਮਾਨਤਾ ਦੇਣ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ,' ਉਹ ਵੀ ਸਾਡੇ ਹੀ ਭਰਾ ਹਨ.' ਸ਼੍ਰੋਮਣੀ ਕਮੇਟੀ ਅਜਿਹੇ ਮੱਤਭੇਦ ਵਾਲੀਆਂ ਸਾਰੀਆਂ ਪੰਥਕ ਧਿਰਾਂ ਦਾ ਸਹਿਯੋਗ ਲਵੇਗੀ ਅਤੇ ਪੰਥ ਨੂੰ ਇਕਜੁੱਟ ਰੱਖਣ ਲਈ ਹਰ ਵਾਹ ਲਾਏਗੀ।  

ਉਨ੍ਹਾਂ ਇਹ ਵੀ ਕਿਹਾ ਕਿ ਬਤੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਉਨ੍ਹਾਂ ਅੱਗੇ ਕੁਝ ਚੁਣੌਤੀਆਂ ਵੀ ਹਨ, ਜਿਨ੍ਹਾਂ ਦੇ ਹੱਲ ਲਈ ਸਾਰੀਆਂ ਪੰਥਕ ਜਥੇਬੰਦੀਆਂ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਅਸਿੱਧੇ ਤੌਰ 'ਤੇ ਸਵੀਕਾਰ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਹਿਮ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਾਰੇ ਮਸਲੇ ਸੰਗਤ ਦੇ ਸਹਿਯੋਗ ਨਾਲ ਹੱਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਹਾਊਸ 'ਚ ਅਕਾਲੀ ਦਲ ਵੱਡੇ ਬਹੁਮੱਤ 'ਚ ਹੈ ਅਤੇ ਅਜਿਹੇ 'ਚ ਅਕਾਲੀ ਦਲ ਦਾ ਸਹਿਯੋਗ ਅਹਿਮ ਰਹੇਗਾ।

ਨਾਨਕਸ਼ਾਹੀ ਕੈਲੰਡਰ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਸਮੀਖਿਆ ਦੀ ਲੋੜ ਸਮਝੀ ਗਈ ਤਾਂ ਕੋਈ ਹਰਜ਼ ਵੀ ਨਹੀਂ ਹੈ। ਇਸ ਮੌਕੇ ਗੁਰਦੁਆਰੇ ਦੇ ਮੁੱਖ ਗ੍ਰੰਥੀ ਸਮੇਤ ਵੱਖ ਵੱਖ ਜਥੇਬੰਦੀਆਂ ਵੱਲੋਂ ਪ੍ਰੋ.ਬੰਡੂਗਰ ਦਾ ਸਨਮਾਨ ਕੀਤਾ ਗਿਆ।



Archive

RECENT STORIES