Posted on June 2nd, 2013

ਚੰਡੀਗੜ੍ਹ- ਪੰਜਾਬ ਕਾਂਗਰਸ ਵੱਲੋਂ ‘ਕਿਤਾਬ ਘੁਟਾਲੇ’ ਵਿਰੁੱਧ ਚਲਾਈ ਮੁਹਿੰਮ ਤਹਿਤ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐਨਐਸਯੂਆਈ) ਦੇ ਸੱਦੇ ’ਤੇ ਰਾਜ ਭਰ ਵਿਚੋਂ ਪੁੱਜੇ ਵਿਦਿਆਰਥੀਆਂ ਨੇ ਪਿੰਡ ਕਾਂਸਲ ਸਥਿਤ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਘਰ ਤੱਕ ਰੋਸ ਮਾਰਚ ਕਰਕੇ ਪ੍ਰਦਰਸ਼ਨ ਕੀਤਾ। ਕਾਂਗਰਸ ਅੱਜ ਸਿੱਧੇ ਤੌਰ ’ਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ (ਡੀਜੀਐਸਈ) ਕੇ.ਐਸ. ਪੰਨੂ ਦੇ ਹੱਕ ਵਿਚ ਖੜ੍ਹ ਗਈ ਹੈ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਘੁਟਾਲੇ ਦੀ ਨਿਆਂਇਕ ਜਾਂਚ ਕਰਵਾਉਣ ਦੇ ਐਲਾਨ ਨੂੰ ਧੋਖਾ ਦੱਸਿਆ ਹੈ।
ਐਨਐਸਯੂ ਦੇ ਕਾਰਕੁੰਨ 1 ਵਜੇ ਤੋਂ ਬਾਅਦ ਆਪਣੇ ਵਾਹਨਾਂ ਰਾਹੀਂ ਪੰਜਾਬ ਕਾਂਗਰਸ ਭਵਨ ਤੋਂ ਚੱਲ ਕੇ ਪਿੰਡ ਕਾਂਸਲ ਪੁੱਜੇ ਅਤੇ ਸ੍ਰੀ ਮਲੂਕਾ ਦੀ ਕੋਠੀ ਵੱਲ ਰੋਸ ਮਾਰਚ ਕੀਤਾ। ਪੁਲੀਸ ਦੇ ਸ਼ੰਕਿਆਂ ਦੇ ਉਲਟ ਵਿਦਿਆਰਥੀ ਖੁਦ ਹੀ ਪੁਲੀਸ ਵਲੋਂ ਲਾਏ ਨਾਕੇ ਕੋਲ ਰੁਕ ਗਏ ਅਤੇ ਐਨਐਸਯੂ ਪੰਜਾਬ ਦੇ ਪ੍ਰਧਾਨ ਦਾਮਨ ਬਾਜਵਾ ਤੇ ਕੌਮੀ ਜਨਰਲ ਸਕੱਤਰ ਜਸਵਿੰਦਰ ਸਿੰਘ ਨੇ ਇਸ ਮੌਕੇ ਸ੍ਰੀ ਮਲੂਕਾ ਨੂੰ ਕੈਬਨਿਟ ਵਿਚੋਂ ਬਰਖਾਸਤ ਕਰਕੇ ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਲਈ ਸਪਲਾਈ ਕੀਤੀਆਂ ਅਸ਼ਲੀਲ ਪੁਸਤਕਾਂ ਇਕ ਸ਼ਰਮਨਾਕ ਮਾਮਲਾ ਹੈ ਅਤੇ ਇਨ੍ਹਾਂ ਵਿਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਪ੍ਰਤੀ ਵੀ ਅਪਸ਼ਬਦ ਵਰਤੇ ਗਏ ਹਨ। ਕੁਝ ਸਮਾਂ ਉਥੇ ਨਾਅਰੇਬਾਜ਼ੀ ਕਰਨ ਤੋਂ ਬਾਅਦ ਪ੍ਰਦਰਸ਼ਨਕਾਰੀ ਵਾਪਸ ਮੁੜ ਗਏ।
ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਖਹਿਰਾ ਨੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਾਂਗੜ ਤੇ ਆਰ.ਆਰ. ਭਾਰਦਵਾਜ ਸਮੇਤ ਕਾਂਗਰਸ ਭਵਨ ਵਿਖੇ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਮੁੱਖ ਮੰਤਰੀ ਵਲੋਂ ਇਸ ਮਾਮਲੇ ਦੀ ਨਿਆਂਇਕ ਜਾਂਚ ਕਰਵਾਉਣ ਦਾ ਕੀਤਾ ਐਲਾਨ ਮਜ਼ਾਕ ਹੈ ਕਿਉਂਕਿ ਕਮਿਸ਼ਨ ਆਫ ਇਨਕੁਆਇਰੀ ਐਕਟ-1952 ਤਹਿਤ ਹੀ ਕਾਨੂੰਨੀ ਤੌਰ ’ਤੇ ਨਿਆਂਇਕ ਜਾਂਚ ਕਰਵਾਉਣੀ ਸੰਭਵ ਹੈ ਕਿਉਂਕਿ ਨਿਆਂਇਕ ਜਾਂਚ ਕਰਵਾਉਣ ਲਈ ਪਹਿਲਾਂ ਕੈਬਨਿਟ ਦੀ ਮੈਮੋਰੰਡਮ ਬਣਾ ਕੇ ਪ੍ਰਵਾਨਗੀ ਲੈਣੀ ਜ਼ਰੂਰੀ ਹੈ ਅਤੇ ਉਸ ਤੋਂ ਬਾਅਦ ਇਸ ਦੀ ਨੋਟੀਫਿਕੇਸ਼ਨ ਰਾਜਪਾਲ ਵੱਲੋਂ ਕਰਨੀ ਬਣਦੀ ਹੈ। ਸ੍ਰੀ ਖਹਿਰਾ ਨੇ ਡੀਜੀਐਸਈ ਸ੍ਰੀ ਪੰਨੂ ਦੇ ਪੱਖ ਵਿਚ ਖੜ੍ਹੇ ਹੁੰਦਿਆਂ ਕਿਹਾ ਕਿ ਉਹ ਇਕ ਇਮਾਨਦਾਰ ਅਫਸਰ ਹਨ ਅਤੇ ਹੁਣ ਸ੍ਰੀ ਮਲੂਕਾ ਉਸ ਉਪਰ ਜ਼ਿੰਮੇਵਾਰੀ ਸੁੱਟ ਕੇ ਖੁਦ ਬਚਣਾ ਚਾਹੁੰਦੇ ਹਨ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਫਤਿਹਜੰਗ ਸਿੰਘ ਬਾਜਵਾ ਨੇ ਵੀ ਕਿਹਾ ਕਿ ਸਿੱਖਿਆ ਮੰਤਰੀ ਆਪਣੀ ਗਲਤੀ ਛੁਪਾਉਣ ਲਈ ਸ੍ਰੀ ਪੰਨੂ ਉਪਰ ਦੋਸ਼ ਮੜ ਕੇ ਆਪਣੀ ਨੂੰਹ ਅਤੇ ਅਡੀਸ਼ਨਲ ਸਟੇਟ ਪ੍ਰੋਜੈਕਟ ਡਾਇਰੈਕਟਰ ਪਰਮਪਾਲ ਕੌਰ ਨੂੰ ਬਚਾਉਣਾ ਚਾਹੁੰਦੇ ਹਨ।

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026